You’re viewing a text-only version of this website that uses less data. View the main version of the website including all images and videos.
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ : ਲੋਕਾਂ ਵਿਚ ਨਹੀਂ ਦਿਖਿਆ ਉਤਸ਼ਾਹ, ਸਿਰਫ਼ 36 ਫੀਸਦ ਵੋਟਿੰਗ
ਸੰਗਰੂਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਲ਼ਈ ਵੀਰਵਾਰ ਨੂੰ ਵੋਟ ਅਮਲ ਸਿਰੇ ਚੜ੍ਹ ਗਿਆ, ਪਰ ਲੋਕਾਂ ਵਿਚ ਇਸ ਵਾਰ ਵੋਟਾਂ ਲਈ ਉਤਸ਼ਾਹ ਦਿਖਾਈ ਨਹੀਂ ਦਿੱਤਾ।
ਸੰਗਰੂਰ ਸਣੇ ਭਾਰਤ ਵਿੱਚ ਯੂਪੀ ਦੀ ਆਜ਼ਮਗੜ੍ਹ ਤੇ ਰਾਮਪੁਰ ਸਣੇ ਕੁੱਲ ਤਿੰਨ ਲੋਕ ਸਭਾ ਸੀਟਾਂ ਉੱਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਹੈ।
ਦਿੱਲੀ ਦੀ ਰਜਿੰਦਰ ਨਗਰ ਸੀਟ ਸਣੇ ਕੁੱਲ 7 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ। ਨਤੀਜੇ 26 ਜੂਨ ਨੂੰ ਆਉਣਗੇ।
ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਪੰਜਾਬ ਵੱਲੋਂ ਰਾਜ ਸਭਾ ਵਿੱਚ ਚੋਣ ਹੋਣ ਮਗਰੋਂ ਅਸਤੀਫ਼ਾ ਦਿੱਤਾ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਛੱਡੀ ਸੀ। ਇਸ ਲਈ ਇਹ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਲਈ ਖ਼ਾਸ ਮਹੱਤਵ ਵਾਲੀਆਂ ਹੋਣਗੀਆਂ।
ਭਗਵੰਤ ਮਾਨ ਸੰਗਰੂਰ ਤੋਂ 2019 ਵਿੱਚ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ ਸਨ। 2022 ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਉਹ ਦੋ ਵਾਰ ਇਸ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਹਨ।
ਸੰਗਰੂਰ ਵਿਚ ਸਿਰਫ਼ 36 ਫੀਸਦ ਪੋਲਿੰਗ
ਲੋਕ ਸਭਾ ਹਲਕਾ ਸੰਗਰੂਰ ਵਿਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਤਾਂ ਅਮਨੋ-ਅਮਾਨ ਨਾਲ ਸਿਰੇ ਚੜ੍ਹ ਗਿਆ, ਪਰ ਇਸ ਵਾਰ ਵੋਟਿੰਗ ਦੀ ਦਰ ਸਿਰਫ਼ 36.40ਫੀਸਦ ਹੀ ਰਹੀ।
ਪੋਲਿੰਗ ਸਵੇਰੇ 8 ਵਜੇ ਸੁਰੂ ਹੋ ਗਈ ਸੀ ਅਤੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣ ਦਾ ਅਮਲ ਜਾਰੀ ਜਾਰੀ ਪਰ ਚੋਣ ਕਮਿਸ਼ਨ ਦੇ ਸ਼ਾਮੀ 5 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਸਿਰਫ਼ 36.40 ਫੀਸਦ ਵੋਟਰਾਂ ਨੇ ਹੀ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕੀਤਾ।
ਬੀਬੀਸੀ ਪੱਤਰਕਾਰ ਅਤਵਾਰ ਸਿੰਘ ਮੁਤਾਬਕ ਇਸ ਵਾਰ ਮੁਕਾਬਲਾ 5 ਕੌਣਾ ਦਿਖ ਰਿਹਾ ਹੈ, ਪਰ ਬਹੁਤ ਸਾਰੇ ਹਲਕਿਆਂ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਬੂਥਾਂ ਉੱਤੇ ਜਿਆਦਾ ਵਰਕਰਾਂ ਵਿਚ ਵੋਟਾਂ ਭੁਗਤਾਉਣ ਦਾ ਜੋਸ਼ ਦਿਖਾਈ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਵੋਟਿੰਗ ਦੇ ਸਮੇਂ ਵਿੱਚ ਇੱਕ ਘੰਟਾ ਵਾਧਾ ਕਰਨ ਦੀ ਅਪੀਲ ਕੀਤੀ ਸੀ ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਹੈ,'' ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜਨ ਦਾ ਹੈ ..ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ …ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਓਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ''
ਇੱਥੇ ਕਿੰਨੀ ਮਜ਼ਬੂਤ ਹੈ ਆਮ ਆਦਮੀ ਪਾਰਟੀ
ਸੰਗਰੂਰ ਲੋਕ ਸਭਾ ਹਲਕੇ ਵਿੱਚ ਤਕਰੀਬਨ 15.5 ਲੱਖ ਵੋਟਰ ਹਨ ਜਿਨ੍ਹਾਂ ਵਿੱਚੋਂ 8.3 ਲੱਖ ਮਰਦ ਅਤੇ 7.3 ਲੱਖ ਔਰਤਾਂ ਹਨ।
ਸੰਗਰੂਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ।
ਆਮ ਆਦਮੀ ਪਾਰਟੀ ਨੇ ਸੁਨਾਮ, ਦਿੜਬਾ, ਬਰਨਾਲਾ, ਮਹਿਲਕਲਾਂ ਅਤੇ ਭਦੌੜ ਤੋਂ ਵਿਧਾਨ ਸਭਾ ਹਲਕੇ ਜਿੱਤੇ ਸਨ।
2014 ਵਿੱਚ ਆਮ ਆਦਮੀ ਪਾਰਟੀ ਨੇ ਜਿੰਨੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਉਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੁਹਰਾਇਆ ਤੇ 9 ਵਿੱਚੋਂ ਪੰਜ ਸੀਟਾਂ ਜਿੱਤੀਆਂ।
ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ ਹੀ 9 ਸੀਟਾਂ ਉੱਤੇ ਹੁੰਝਾ ਫੇਰ ਜਿੱਤ ਹਾਸਲ ਕੀਤੀ ਸੀ।
ਇਨ੍ਹਾਂ ਵਿੱਚ ਸੰਗਰੂਰ, ਧੂਰੀ ਤੇ ਮਲੇਰਕੋਟਲਾ ਤੋਂ 2017 ਵਿੱਚ ਕਾਂਗਰਸ ਦੇ ਵਿਧਾਇਕ ਜਿੱਤੇ ਸਨ ਜਦਕਿ ਲਹਿਰਾਗਾਗਾ ਵਿੱਚ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਜਿੱਤੇ ਸਨ।
ਕੀ ਹਨ ਇਲਾਕੇ ਦੀਆਂ ਸਮੱਸਿਆਵਾਂ
ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਮੁਤਾਬਕ ਇੱਥੇ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਹਨ। ਧੂਰੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਗੰਨਾ ਉਤਪਾਦਕਾਂ ਦੀ ਅਦਾਇਗੀ ਹਮੇਸ਼ਾ ਲਟਕੀ ਰਹਿੰਦੀ ਹੈ।
ਮੂਣਕ ਅਤੇ ਲਹਿਰਾਗਾਗਾ ਇਲਾਕਿਆਂ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਟੁੱਟਣ ਦਾ ਖਤਰਾ ਹਰ ਸਾਲ ਬਣਿਆ ਰਹਿੰਦਾ ਹੈ ਜੋ ਕਿਸਨਾਂ ਦੀਆਂ ਫ਼ਸਲਾਂ ਮਾਰ ਸਕਦਾ ਹੈ।
ਇਸ ਦੇ ਨਾਲ ਹੀ ਨਾ ਤਾਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਕੋਈ ਵੱਡਾ ਸਰਕਾਰੀ ਹਸਪਤਾਲ ਨਹੀਂ ਹੈ ਅਤੇ ਨਾ ਹੀ ਮਨੁੱਖੀ ਜਾਨਾਂ ਲੈਣ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਕੋਈ ਪੱਕਾ ਹੱਲ ਹੋਇਆ ਹੈ।
ਹਰ ਸਾਲ ਦਲਿਤ ਭਾਈਚਾਰੇ ਵੱਲੋਂ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ਉਪਰ ਲੈਣ ਲਈ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ-
ਸੰਗਰੂਰ ਜ਼ਿਮਨੀ ਚੋਣਾਂ ਦੇ ਉਮੀਦਵਾਰ
ਜ਼ਿਮਨੀ ਚੋਣ ਲਈ ਸਿਆਸੀ ਮੈਦਾਨ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਨ।
- ਗੁਰਮੇਲ ਸਿੰਘ (ਆਮ ਆਦਮੀ ਪਾਰਟੀ)
- ਕਮਲਦੀਪ ਕੌਰ ਰਾਜੋਆਣਾ (ਸ਼੍ਰੋਮਣੀ ਅਕਾਲੀ ਦਲ, ਬਾਦਲ, ਬੀਐੱਸਪੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੀ ਉਮੀਦਵਾਰ)
- ਦਲਵੀਰ ਗੋਲਡੀ (ਕਾਂਗਰਸ)
- ਕੇਵਲ ਸਿੰਘ ਢਿੱਲੋਂ (ਭਾਜਪਾ)
- ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ)
ਸੰਗਰੂਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 6 ਵਾਰ, 5 ਵਾਰ ਅਕਾਲੀ ਦਲ, ਦੋ ਵਾਰ ਅਕਾਲੀ ਦਲ-ਮਾਨ, ਇੱਕ-ਇੱਕ ਵਾਰ ਸੀਪੀਆਈ, ਏਡੀਐੱਸ ਅਤੇ 2 ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
ਇਸ ਹਲਕੇ ਦੀ ਖਾਸ ਗੱਲ ਇਹ ਹੈ ਕਿ ਭਾਵੇਂ ਜਿੱਤ ਤਾਂ ਇੱਕ ਹੀ ਉਮੀਦਵਾਰ ਦੀ ਹੋਣੀ ਹੁੰਦੀ ਹੈ, ਪਰ ਇੱਥੋਂ ਬਹੁਜਨ ਸਮਾਜ ਪਾਰਟੀ, ਸੀਪੀਐੱਮ ਅਤੇ ਲੋਕ ਭਲਾਈ ਪਾਰਟੀ ਵੀ ਸਮੇਂ-ਸਮੇਂ ਲੱਖ ਤੋਂ ਵੱਧ ਵੋਟਾਂ ਹਾਸਲ ਕਰਦੇ ਰਹੇ ਹਨ।
ਇੱਥੇ ਰੌਚਕ ਗੱਲ ਇਹ ਵੀ ਹੈ ਕਿ ਜਿਸ ਹਲਕੇ ਨੇ 1962 ਦੀਆਂ ਚੋਣਾਂ ਤੋਂ ਬਾਅਦ ਕਿਸੇ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਾ ਮੌਕਾ ਨਹੀਂ ਦਿੱਤਾ, ਉੱਥੋਂ ਮਾਨ ਦੂਜੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚ ਗਏ ਸਨ।
ਇਹ ਵੀ ਪੜ੍ਹੋ: