ਗੁਰਮੇਲ ਸਿੰਘ: ਸੰਗਰੂਰ ਜ਼ਿਮਨੀ ਚੋਣ ਲਈ ਆਪ ਦੇ ਉਮੀਦਵਾਰ ਬਾਰੇ 9 ਗੱਲਾਂ ਜਾਣੋ

ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ।

ਸੰਗਰੂਰ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਂਸਦ ਸਨ। ਉਨ੍ਹਾਂ ਦੀ ਵਿਧਾਨ ਸਭਾ ਲਈ ਚੋਣ ਤੋਂ ਬਾਅਦ ਲੋਕ ਸਭਾ ਸੀਟ ਖਾਲੀ ਹੋ ਗਈ ਸੀ।

ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਹਲਕੇ ਵਿੱਚ ਉਨ੍ਹਾਂ ਦੇ ਕਈ ਪੋਸਟਰ ਵੀ ਲੱਗੇ ਸਨ ਪਰ ਫਿਲਹਾਲ ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਬੀਬੀਸੀ ਪੱਤਰਕਾਰ ਅਵਤਾਰ ਸਿੰਘ ਤੇ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਦੇ ਹਵਾਲੇ ਨਾਲ ਆਓ ਜਾਣਦੇ ਹਾਂ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਗੁਰਮੇਲ ਸਿੰਘ ਬਾਰੇ ਕੁਝ ਦਿਲਚਸਪ ਗੱਲਾਂ-

  • ਗੁਰਮੇਲ ਸਿੰਘ ਘਰਾਚੋਂ ਦੀ ਉਮਰ 36 ਸਾਲ ਹੈ ਤੇ ਉਨ੍ਹਾਂ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀਏ ਕੀਤੀ ਹੈ।
  • ਗੁਰਮੇਲ ਸਿੰਘ ਨੇ 2013 ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।
  • ਇਸ ਦੌਰਾਨ 2014 ਦੀਆਂ ਲੋਕ ਸਭਾ ਵਿੱਚ ਉਨ੍ਹਾਂ ਨੇ ਭਗਵੰਤ ਮਾਨ ਲਈ ਪ੍ਰਚਾਰ ਵੀ ਕੀਤਾ ਸੀ।
  • ਗੁਰਮੇਲ ਸਿੰਘ ਜ਼ਿਲ੍ਹੇ ਵਿੱਚ ਸੀਐੱਮ ਮਾਨ ਦੀ ਗ਼ੈਰ-ਮੌਜੂਦਗੀ ਵਿੱਚ, ਉਨ੍ਹਾਂ ਦੀ ਕੋਠੀ ਵਿੱਚ ਹਾਜ਼ਰ ਰਹਿਣ ਵਾਲੇ ਵਿਅਕਤੀਆਂ ’ਚੋਂ ਹਨ। ਮੁੱਖ ਮੰਤਰੀ ਦੇ ਧੂਰੀ ਵਾਲੇ ਦਫਤਰ ਵਿੱਚ ਗੁਰਮੇਲ ਸਿੰਘ ਹੀ ਹੁੰਦੇ ਹਨ।
  • ਗੁਰਮੇਲ ਸਿੰਘ ਨੇ 2018 ਵਿੱਚ ਕਾਂਗਰਸ ਦੇ ਰਾਜ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਘਰਾਚੋਂ ਪਿੰਡ ਦੀ ਸਰਪੰਚੀ ਜਿੱਤੀ ਸੀ।
  • ਘਰਾਚੋਂ ਪਿੰਡ ਦੀ ਸਰਪੰਚੀ ਦੌਰਾਨ ਉਨ੍ਹਾਂ ਨੂੰ ਮੁਅੱਤਲੀ ਦਾ ਵੀ ਸਾਹਮਣਾ ਕਰਨ ਪਿਆ ਸੀ।
  • ਉਸ ਸਮੇਂ ਦੇ ਤਤਕਾਲੀ ਕੈਬਨਿਟ ਮੰਤਰੀ ਅਤੇ ਸੰਗਰੂਰ ਦੇ ਸਾਬਕਾ ਵਿਧਾਇਕ ਵਿਜੇ ਇੰਦਰ ਸਿੰਗਲਾ ਵੱਲੋਂ ਘਰਾਚੋਂ ਦੀ ਜ਼ਮੀਨ ਉੱਪਰ ਮੈਡੀਕਲ ਕਾਲਜ ਬਣਾਏ ਜਾਣ ਦੇ ਮੁੱਦੇ ਉੱਤੇ ਗੁਰਮੇਲ ਸਿੰਘ ਤੇ ਸਿੰਗਲਾ ਵਿਚਾਲੇ ਟਕਰਾਅ ਰਿਹਾ।
  • ਗੁਰਮੇਲ ਸਿੰਘ ਦਾ ਇਲਜ਼ਾਮ ਸੀ ਕਿ ਸਿੰਗਲਾ, ਪੰਚਾਇਤੀ ਜ਼ਮੀਨ ਨਿੱਜੀ ਕਾਲਜ ਲਈ ਦੇਣਾ ਚਾਹੁੰਦੇ ਹਨ। ਹਾਲਾਂਕਿ ਵਿਜੇ ਇੰਦਰ ਸਿੰਗਲਾ ਦਾ ਕਹਿਣਾ ਸੀ ਕਿ ਉਹ ਸਰਕਾਰੀ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਸਨ।
  • 2021 ਵਿੱਚ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਥੋੜ੍ਹੇ ਹੀ ਸਮੇਂ ਵਿੱਚ ਦੋ ਜ਼ਿਲ੍ਹਾ ਪ੍ਰਧਾਨ ਬਦਲ ਚੁੱਕੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)