ਸੰਗਰੂਰ ਜ਼ਿਮਨੀ ਚੋਣ - ਕਿਹੜਾ ਉਮੀਦਵਾਰ ਕਿੰਨਾ ਪੜ੍ਹਿਆ ਤੇ ਕਿੰਨੀ ਜਾਇਦਾਦ ਦਾ ਮਾਲਕ

ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।

ਸੋਮਵਾਰ ਨੂੰ ਨਾਮਜ਼ਦੀਆਂ ਦਾ ਆਖ਼ਰੀ ਦਿਨ ਸੀ ਅਤੇ ਚੋਣ ਮੈਦਾਨ ਵਿਚ ਡਟਣ ਵਾਲੇ ਉਮੀਦਾਵਾਰਾਂ ਦਾ ਖਾਕਾ ਤੈਅ ਹੋ ਗਿਆ ਹੈ।

ਦੱਸ ਦਈਏ ਕਿ ਸੰਗਰੂਰ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਮੈਂਬਰ ਸਨ। ਉਨ੍ਹਾਂ ਦੀ ਵਿਧਾਨ ਸਭਾ ਲਈ ਹੋਈ ਚੋਣ ਤੋਂ ਬਾਅਦ ਹੀ ਇਹ ਲੋਕ ਸਭਾ ਸੀਟ ਖਾਲ੍ਹੀ ਹੋ ਗਈ ਸੀ।

23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸਿਆਸੀ ਮੈਦਾਨ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਨ।

ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਮ ਹਨ...

  • ਗੁਰਮੇਲ ਸਿੰਘ (ਆਮ ਆਦਮੀ ਪਾਰਟੀ)
  • ਕਮਲਦੀਪ ਕੌਰ ਰਾਜੋਆਣਾ (ਸ਼੍ਰੋਮਣੀ ਅਕਾਲੀ ਦਲ, ਬਾਦਲ, ਬੀਐੱਸਪੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੀ ਉਮੀਦਵਾਰ)
  • ਦਲਵੀਰ ਗੋਲਡੀ (ਕਾਂਗਰਸ)
  • ਕੇਵਲ ਸਿੰਘ ਢਿੱਲੋਂ (ਭਾਜਪਾ)
  • ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ)

ਆਓ ਇਨ੍ਹਾਂ ਉਮੀਦਵਾਰਾਂ ਬਾਰੇ ਜਾਣਦੇ ਹਾਂ...

ਗੁਰਮੇਲ ਸਿੰਘ (ਆਮ ਆਦਮੀ ਪਾਰਟੀ)

ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਗੁਰਮੇਲ ਸਿੰਘ ਨੇ ਸੰਗਰੂਰ ਦੇ ਹੀ ਸਰਕਾਰੀ ਰਣਬੀਰ ਕਾਲਜ ਤੋਂ ਬੀਏ ਕੀਤੀ ਹੈ।

ਉਨ੍ਹਾਂ ਦਾ ਸਬੰਧ ਪਿੰਡ ਘਰਾਚੋਂ ਨਾਲ ਹੈ ਅਤੇ ਉਹ ਇਸ ਪਿੰਡ ਦੇ ਸਰਪੰਚ ਹਨ।

ਉਨ੍ਹਾਂ 2013 ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਮੇਲ ਸਿੰਘ ਨੇ ਭਗਵੰਤ ਮਾਨ ਲਈ ਪ੍ਰਚਾਰ ਵੀ ਕੀਤਾ ਸੀ।

ਗੁਰਮੇਲ ਸਿੰਘ ਨੇ 2018 ਵਿੱਚ ਕਾਂਗਰਸ ਦੇ ਰਾਜ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਘਰਾਚੋਂ ਪਿੰਡ ਦੀ ਸਰਪੰਚੀ ਜਿੱਤੀ ਸੀ।

ਘਰਾਚੋਂ ਪਿੰਡ ਦੀ ਸਰਪੰਚੀ ਦੌਰਾਨ ਉਨ੍ਹਾਂ ਨੂੰ ਮੁਅੱਤਲੀ ਦਾ ਵੀ ਸਾਹਮਣਾ ਕਰਨ ਪਿਆ ਸੀ।

2021 ਵਿੱਚ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਥੋੜ੍ਹੇ ਹੀ ਸਮੇਂ ਵਿੱਚ ਦੋ ਜ਼ਿਲ੍ਹਾ ਪ੍ਰਧਾਨ ਬਦਲ ਚੁੱਕੀ ਸੀ।

ਹਲਫ਼ਨਾਮੇ ਮੁਤਾਬਕ ਗੁਰਮੇਲ ਸਿੰਘ ਕੋਲ 9 ਲੱਖ ਚੱਲ ਜਾਇਦਾਦ ਅਤੇ 1 ਕਰੋੜ 22 ਲੱਖ ਤੋਂ ਵੱਧ ਅਚੱਲ ਜਾਇਦਾਦ ਹੈ। ਉਨ੍ਹਾਂ ਸਿਰ ਪੰਜ ਲੱਖ ਤੋਂ ਵੱਧ ਦਾ ਕਰਜ਼ਾ ਹੈ।

ਕਮਲਦੀਪ ਕੌਰ (ਸ਼੍ਰੋਮਣੀ ਅਕਾਲੀ ਦਲ, ਬਾਦਲ)

ਸ਼੍ਰੋਮਣੀ ਅਕਾਲੀ ਦਲ, ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਮਮੂਹ ਪੰਥਕ ਜਥੇਬੰਦੀਆਂ ਵੱਲੋਂ ਸਾਂਝਾ ਉਮੀਦਵਾਰ ਐਲਾਨਿਆ ਹੈ।

ਕਮਲਦੀਪ ਕੌਰ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਭੁਗਤ ਰਹੇ ਹਨ।

ਕਮਲਦੀਪ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਰਾਜਨੀਤਿਕ ਇੱਛਾ ਨਹੀਂ ਹੈ। ਉਨ੍ਹਾਂ ਮੁਤਾਬਕ ਸਾਰੇ ਖਾਲਸਾ ਪੰਥ ਦੀਆਂ ਸੰਸਥਾਵਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ ਲੜ ਰਹੀਆਂ ਹਨ ਉਨ੍ਹਾਂ ਦੀ ਲੜਾਈ ਵੀ ਬੰਦੀ ਸਿੰਘਾਂ ਦੇ ਲਈ ਹੈ।

ਕਮਲਦੀਪ ਕੌਰ ਵੱਲੋਂ ਦਾਖਲ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਨ੍ਹਾਂ ਨੇ ਬੀਏ ਤੱਕ ਪੜ੍ਹਾਈ ਕੀਤੀ ਹੈ।

ਉਨ੍ਹਾਂ ਦੀ ਅਤੇ ਪਤੀ ਦੀ ਕੁੱਲ ਚੱਲ ਜਾਇਦਾਦ ਸਾਢੇ 4 ਲੱਖ ਰੁਪਏ ਤੋਂ ਉੱਤੇ ਹੈ। ਉਨ੍ਹਾਂ ਦੀ ਅਚੱਲ ਜਾਇਦਾਦ 50 ਲੱਖ ਰੁਪਏ ਤੋਂ ਉੱਤੇ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿਰ 27 ਹਜ਼ਾਰ ਰੁਪਏ ਦਾ ਕਰਜ਼ਾ ਹੈ।

ਦਲਵੀਰ ਗੋਲਡੀ (ਕਾਂਗਰਸ)

ਕਾਂਗਰਸ ਵੱਲੋਂ ਇਸ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਦਲਵੀਰ ਸਿੰਘ ਉਰਫ਼ ਗੋਲਡੀ ਖੰਗੂੜਾ ਹਨ। ਇਨ੍ਹਾਂ ਨੂੰ ਦਲਵੀਰ ਗੋਲਡੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਦਲਵੀਰ ਧੂਰੀ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਗੋਲਡੀ ਇੱਕ ਇੰਟਰਵੀਊ ਵਿੱਚ ਦੱਸਦੇ ਹਨ ਕਿ ਗ੍ਰੇਜੂਏਸ਼ਨ ਦੀ ਤੀਜੇ ਸਾਲ ਵਿੱਚ ਜਾ ਕੇ ਸਿਆਸਤ ਵਿੱਚ ਦਿਲਚਸਪੀ ਬਣੀ। ਐਸ ਡੀ ਕਾਲਜ, ਚੰਡੀਗੜ੍ਹ ਵਿੱਚ ਪ੍ਰਧਾਨਗੀ ਦੀ ਚੋਣ ਤੋਂ ਸਿਆਸਤ ਵਿੱਚ ਐਂਟਰੀ ਦੀ ਸ਼ੁਰੂਆਤ ਹੋਈ।

ਇਸ ਤੋਂ ਬਾਅਦ ਗੋਲਡੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਚੋਣ ਲੜੀ ਅਤੇ ਹਾਰ ਗਏ। 2008 ਵਿੱਚ NSUI ਦੇ ਇੱਕ ਟੈਲੇਂਟ ਹੰਟ ਰਾਹੀਂ ਕਾਂਗਰਸ ਨਾਲ ਜੁੜ ਗਏ।

2017 ਵਿੱਚ ਉਨ੍ਹਾਂ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤੇ।

ਐਫੀਡੇਵਿਟ ਦੇ ਮੁਤਾਬਕ, ਗੋਲਡੀ ਨੇ ਆਪਣੀ ਅਤੇ ਆਪਣੀ ਪਤਨੀ ਦੀ ਕੁੱਲ ਚੱਲ ਜਾਇਦਾਦ 33 ਲੱਖ ਤੋਂ ਵੱਧ ਦੱਸੀ ਹੈ। ਇਸ ਤੋਂ ਇਲਾਵਾ ਅਚੱਲ ਜਾਇਦਾਦ ਆਪਣੀ ਅਤੇ ਆਪਣੀ ਪਤਨੀ ਸਣੇ ਕਰੀਬ 50 ਲੱਖ ਦੱਸੀ ਹੈ।

ਉਨ੍ਹਾਂ ਸਿਰ ਕੁੱਲ ਕਰ਼ਜਾ 50 ਲੱਖ ਤੋਂ ਵੱਧ ਹੈ।

ਉਨ੍ਹਾਂ ਖ਼ਿਲਾਫ਼ 2015 ਵਿੱਚ ਧੂਰੀ ਦੇ ਸਦਰ ਅਤੇ ਸਿਟੀ ਥਾਣੇ ਵਿੱਚ ਲੱਡਾ ਟੋਲ ਪਲਾਜ਼ਾ ਖ਼ਿਲਾਫ਼ ਮੁਜ਼ਾਹਰੇ ਦੇਣ ਕਾਰਨ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।

ਕੇਵਲ ਸਿੰਘ ਢਿੱਲੋਂ (ਭਾਜਪਾ)

ਭਾਜਪਾ ਵੱਲੋਂ ਸੰਗਰੂਰ ਜ਼ਿਮਨੀ ਚੋਣ ਉਮੀਦਵਾਰ ਐਲਾਨੇ ਗਏ ਕੇਵਲ ਸਿੰਘ ਢਿੱਲੋਂ ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਹੁੰਦੇ ਸਨ।

2019 ਦੀਆਂ ਆਮ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

12ਵੀਂ ਪਾਸ ਕੇਵਲ ਸਿੰਘ ਢਿੱਲ਼ੋਂ ਦਾ ਸਬੰਧ ਬਰਨਾਲਾ ਸ਼ਹਿਰ ਨਾਲ ਹੈ ਅਤੇ ਉਹ ਇਸੇ ਵਿਧਾਨ ਸਭਾ ਤੋਂ 2012 ਵਿੱਚ ਜੇਤੂ ਰਹੇ ਸਨ।

ਕਾਂਗਰਸ ਦੇ ਆਪਣੇ ਕਾਰਜ ਕਾਲ ਦੌਰਾਨ ਉਹ ਕਈ ਅਹੁਦਿਆਂ ਉੱਤੇ ਰਹੇ ਹਨ।

ਹਲਫ਼ਨਾਮੇ ਵਿੱਚ ਕੇਵਲ ਢਿੱਲੋਂ ਨੇ ਆਪਣੀ ਅਤੇ ਪਤਨੀ ਸਣੇ ਚੱਲ ਜਾਇਦਦ 43 ਕਰੋੜ ਤੋਂ ਵੱਧ ਦੱਸੀ ਹੈ ਅਤੇ ਅਚੱਲ ਜਾਇਦਾਦ 88 ਕਰੋੜ ਤੋਂ ਵੱਧ।

ਕੇਵਲ ਸਿੰਘ ਢਿੱਲੋਂ ਸਿਰ 7 ਕਰੋੜ ਤੋਂ ਵੱਧ ਦਾ ਕਰਜ਼ਾ ਹੈ।

ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ)

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣ ਲਈ ਆਪਣੀ ਪਾਰਟੀ ਵੱਲੋਂ ਉਮੀਦਵਾਰ ਹਨ।

76 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ।

2019 ਦੇ ਹਲਫ਼ਨਾਮੇ ਮੁਤਾਬਕ ਸਿਮਰਨਜੀਤ ਮਾਨ ਨੇ 1966 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਬੀ ਏ ਆਨਰਜ਼ ਤੱਕ ਪੜ੍ਹਾਈ ਕੀਤੀ ਹੈ।

ਉਹ ਦੋ ਵਾਰ ਐਮ ਪੀ ਰਹਿ ਚੁੱਕੇ ਹਨ, 1989 ਵਿੱਚ ਤਰਨ ਤਾਰਨ ਤੋਂ ਅਤੇ 1999 ਵਿੱਚ ਸੰਗਰੂਰ ਤੋਂ।

ਸ਼ਿਮਲਾ ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ ਆਈਪੀਐੱਸ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਖ਼ਿਲਾਫ਼ ਮੁਜ਼ਾਹਰੇ ਦੇ ਪ੍ਰਤੀਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

2019 ਵਿੱਚ ਆਮ ਚੋਣਾਂ ਦੌਰਾਨ ਉਹ ਚੋਣ ਮੈਦਾਨ ਵਿੱਚ ਸਨ ਅਤੇ ਹਾਰ ਗਏ ਸਨ। ਇਸ ਚੋਣ ਵਿੱਚ ਭਗਵੰਤ ਮਾਨ ਜੇਤੂ ਰਹੇ ਸਨ।

ਇਸ ਤੋਂ ਇਲਾਵਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਸਿਮਰਨਜੀਤ ਸਿੰਘ ਮੈਦਾਨ ਅਮਰਗੜ੍ਹ ਹਲਕੇ ਤੋਂ ਚੋਣ ਮੈਦਾਨ ਵਿੱਚ ਸਨ ਅਤੇ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਹਾਰ ਗਏ ਸਨ।

ਐਫ਼ੀਡੇਵਿਟ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਚੱਲ ਜਾਇਦਾਦ ਕਰੀਬ 60 ਲੱਖ ਅਤੇ ਅਚੱਲ ਜਾਇਦਾਦ 4 ਕਰੋੜ 30 ਲੱਖ ਤੋਂ ਵੱਧ ਹੈ ਅਤੇ 18 ਲੱਖ ਤੋਂ ਵੱਧ ਦਾ ਕਰਜ਼ਾ ਹੈ।

ਉਨ੍ਹਾਂ ਖ਼ਿਲਾਫ਼ ਫਰੀਦਕੋਟ ਦੇ ਬਾਜਾਖਾਨਾ ਵਿਖੇ 2021 ਵਿੱਚ ਬਰਗਾੜੀ ਪਿੰਡ ਵਿਖੇ ਧਰਨਾ ਦੇਣ ਕਰਕੇ ਮਾਮਲਾ ਦਰਜ ਹੈ।

(ਉਮੀਦਵਾਰਾਂ ਦੀ ਇਹ ਜਾਣਕਾਰੀ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਵੱਲੋਂ ਮੁਹੱਈਆ ਕਰਵਾਏ ਗਏ ਹਲਫ਼ਨਾਮਿਆਂ ਵਿੱਚ ਦਾਖਲ ਹੈ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)