ਸਿੱਧੂ ਮੂਸੇਵਾਲਾ ਕਤਲ ਕਾਂਡ: ਮਾਨਸਾ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਮਾਨਸਾ ਦੀ ਆਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਸੱਤ ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਹੈ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਸਵੇਰੇ ਤਿੰਨ ਵਜੇ ਦੇ ਕਰੀਬ ਦਿੱਲੀ ਤੋਂ ਮਾਨਸਾ ਲੈ ਕੇ ਆਈ ਤੇ ਅਦਾਲਤ ਵਿੱਚ ਪੇਸ਼ ਕੀਤਾ।
ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਗ੍ਰਿਫ਼ਤਾਰੀ ਦੀ ਇਜਾਜ਼ਤ ਦੇ ਦਿੱਤੀ ਹੈ।
ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਵਲੋਂ ਉਸਦਾ ਪੁਲਿਸ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਪਰ ਉਸ ਨੂੰ ਦਰਕਿਨਾਰ ਕਰਕੇ ਅਦਾਲਤ ਨੇ ਉਸਨੂੰ ਪੰਜਾਬ ਲਿਆਉਣ ਲਈ ਟਰਾਂਜ਼ਿਟ ਰਿਮਾਂਡ ਵੀ ਦੇ ਦਿੱਤਾ ਹੈ।
ਅਦਾਲਤ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੈਡੀਕਲ ਜਾਂਚ ਦਿੱਲੀ ਛੱਡਣ ਤੋਂ ਪਹਿਲਾਂ ਕਾਨੂੰਨ/ਨਿਯਮਾਂ ਅਨੁਸਾਰ ਕੀਤੀ ਜਾਵੇ।
ਉਸ ਨੂੰ ਸਬੰਧਤ ਸੀਜੇਐੱਮ ਅਦਾਲਤ, ਮਾਨਸਾ, ਪੰਜਾਬ ਵਿੱਚ 24 ਘੰਟਿਆਂ ਵਿਚ ਪੇਸ਼ ਕੀਤਾ ਜਾਵੇ ਅਤੇ ਉੱਥੇ ਵੀ ਨਿਯਮਾਂ ਮੁਤਾਬਕ ਮੈਡੀਕਲ ਕਰਵਾਇਆ ਜਾਵੇ।
29 ਮਈ ਨੂੰ ਮਾਨਸਾ ਦੇ ਜਵਾਹਰਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਨੂੰ ਕੁਝ ਵਿਅਕਤੀਆਂ ਨੇ ਘੇਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਵਿਚ ਉਸ ਦੀ ਮੌਤ ਹੋ ਗਈ ਸੀ।
ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ਼ ਬਿਸ਼ਨੋਈ ਗਿਰੋਹ ਦੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਲਈ ਸੀ। ਗੋਲਡੀ ਬਰਾੜ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਬਿਸ਼ਨੋਈ ਦਾ ਖਾਸ ਬੰਦਾ ਦੱਸਿਆ ਜਾਂਦਾ ਹੈ।
ਪੰਜਾਬ ਪੁਲਿਸ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ 8 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਪੁਲਿਸ ਦਾ ਦਾਅਵਾ ਹੈ ਕਿ ਮੂਸੇਵਾਲਾ ਦਾ ਕਤਲ ਬਿਸ਼ਨੋਈ ਗਿਰੋਹ ਨੇ ਹੀ ਕੀਤਾ ਹੈ।
ਇਸ ਲਈ ਲਾਰੈਂਸ਼ ਬਿਸ਼ਨੋਈ ਜੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ, ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਜਰੂਰੀ ਦੱਸੀ ਜਾ ਰਹੀ ਸੀ।
ਅਦਾਲਤ ਨੇ ਕਿਉਂ ਲਗਾਈਆਂ ਸ਼ਰਤਾਂ
ਲਾਰੈਂਸ ਬਿਸ਼ਨੋਈ ਦੇ ਵਕੀਲ ਵੱਲੋਂ ਪ੍ਰਗਟਾਏ ਖ਼ਦਸ਼ੇ ਦੇ ਮੱਦੇਨਜ਼ਰ ਟਰਾਂਜ਼ਿਟ ਰਿਮਾਂਡ ਦੇਣ ਸਮੇਂ ਅਦਾਲਤ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ।
ਦਰਅਸਲ, ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੌਪੜਾ ਨੇ ਟਰਾਂਜ਼ਿਟ ਰਿਮਾਂਡ ਲਈ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।
ਅਦਾਲਤ ਵੱਲੋਂ ਬਿਸ਼ਨੋਈ ਨੂੰ ਪੰਜਾਬ ਲੈ ਕੇ ਜਾਣ ਦੀ ਆਗਿਆ ਦੇਣ ਤੋਂ ਬਾਅਦ ਉਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਅਦਾਲਤ ਨੇ ਸ਼ਰਤਾਂ ਦੇ ਨਾਲ ਟਰਾਂਜ਼ਿਟ ਰਿਮਾਂਡ ਦਿੱਤਾ ਹੈ।
ਉਨ੍ਹਾਂ ਨੇ ਕਿਹਾ, "ਪੰਜਾਬ ਪੁਲਿਸ ਉਸ ਨੂੰ ਲੈ ਕੇ ਜਾਣ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਕਰਵਾਏਗੀ, ਸੁਰੱਖਿਆ ਦੇ ਸਾਰੇ ਉਪਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਉਸ ਨੂੰ ਹੱਥਕੜੀ ਅਤੇ ਬੇੜੀ ਪਾ ਕੇ ਬੁਲੇਟ ਪਰੂਫ ਵਾਹਨ ਵਿੱਚ ਲੈ ਕੇ ਜਾਣਗੇ।"
ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਸੂਬਾ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ "ਪੂਰੀ ਜ਼ਿੰਮੇਵਾਰੀ" ਲਵੇਗਾ।
ਉਨ੍ਹਾਂ ਨੇ ਕਿਹਾ, "ਪੰਜਾਬ ਪੁਲਿਸ ਦੇ 50 ਦੇ ਕਰੀਬ ਪੁਲਿਸ ਮੁਲਾਜ਼ਮ ਹਨ, ਦੋ ਬੁਲਟ ਪਰੂਫ਼ ਗੱਡੀਆਂ, 12 ਗੱਡੀਆਂ ਰਸਤੇ 'ਤੇ ਚੱਲਣਗੀਆਂ ਜੋ ਰੂਟ ਕਲੀਅਰ ਕਰਨਗੀਆਂ ਅਤੇ ਸਾਰੇ ਰੂਟਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।"
ਇਹ ਵੀ ਪੜ੍ਹੋ-
ਲਾਰੈਂਸ ਦੇ ਵਕੀਲ ਨੇ ਜੋ ਮੰਗ ਰੱਖੀ ਸੀ
- ਜਿੱਥੋਂ ਜਿੱਥੇ ਵੀ ਲੈ ਕੇ ਜਾਣਾ ਹੈ, ਬਿਸ਼ਨੋਈ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਲੈ ਕੇ ਜਾਣ
- ਹਰੇਕ 12 ਘੰਟੇ ਵਿੱਚ ਇਸ ਦਾ ਮੈਡੀਕਲ ਹੋਵੇ
- ਬੁਲੇਟ ਪਰੂਫ਼ ਗੱਡੀ ਵਿੱਚ ਲੈ ਕੇ ਜਾਣ
- ਬਿਸ਼ਨੋਈ ਦੀ ਪੂਰੀ ਸੁਰੱਖਿਆ ਕੀਤੀ ਜਾਵੇ
- ਸੀਨੀਅਰ ਪੁਲਿਸ ਅਫ਼ਤਰ ਇਸ ਪੂਰੇ ਆਪਰੇਸ਼ਨ ਦੀ ਨਿਗਰਾਨੀ ਕਰਨ
- 50 ਤੋਂ ਵੱਧ ਸੀਨੀਅਰ ਅਫ਼ਸਰਾਂ ਨੂੰ ਪੂਰੇ ਆਪਰੇਸ਼ਨ ਦੌਰਾਨ ਸੁਰੱਖਿਆ ਲਈ ਲਗਾਇਆ ਜਾਵੇ
- ਘੱਟੋ-ਘੱਟ 20 ਗੱਡੀਆਂ ਇਸ ਦੀ ਸੁਰੱਖਿਆ ਲਈ ਤੈਨਾਤ ਕੀਤੀਆਂ ਜਾਣ
ਵਕੀਲ ਨੇ ਕਿਹਾ ਹੈ ਕਿ ਅਜਿਹਾ ਇਸ ਲਈ ਕਿ ਕੱਲ੍ਹ ਨੂੰ ਪੰਜਾਬ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਮੌਕਾ ਨਾ ਮਿਲੇ। ਇਸ ਲਈ ਮੰਗ ਹੈ ਕਿ ਉਸ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਰੱਖ ਕੇ ਲੈ ਕੇ ਜਾਣ।

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।
ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।
ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।
ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।

ਲਾਰੈਂਸ ਬਿਸ਼ਨੋਈ ਕੌਣ ਹੈ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ ਮੁਤਾਬਕ ਪੁਲਿਸ ਵੱਲੋਂ ਇੱਕ ਗੁਪਤ ਦਸਤਾਵੇਜ਼ ਤਿਆਰ ਕੀਤਾ ਗਿਆ ਜਿਸ ਦੀ ਇੱਕ ਕਾਪੀ ਬੀਬੀਸੀ ਪੰਜਾਬੀ ਕੋਲ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਦੇ ਅਬੋਹਰ ਨਾਲ ਸਬੰਧਤ ਹੈ।
ਉਹ ਲਾਅ ਗਰੈਜੂਏਟ ਹੈ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ। ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ 'ਤੇ ਕਥਿਤ ਤੌਰ ਦੇ ਗੋਲੀ ਚਲਾ ਦਿੱਤੀ ਸੀ।
"ਇਸ ਤੋਂ ਬਾਅਦ ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ। ਕੁਝ ਸਮਾਂ ਉਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ ਤੇ ਹੁਣ ਤਿਹਾੜ ਵਿਚ ਹੈ।"
ਅੱਗੇ ਲਿਖਿਆ ਗਿਆ ਹੈ ਕਿ ਉਹ 'ਏ' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ 'ਏ' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ 'ਤੇ ਸ਼ਾਮਲ ਹਨ।
ਲਾਰੈਂਸ ਬਿਸ਼ਨੋਈ ਜੇਲ੍ਹਾਂ ਵਿਚੋਂ ਚਲਾਉਂਦਾ ਹੈ ਧੰਦਾ
"ਉਹ ਜੇਲ੍ਹਾਂ 'ਚੋਂ ਕੰਮ ਕਰਦਾ ਰਿਹਾ ਹੈ। ਉਸ ਵੱਲੋਂ ਕੀਤੇ ਗਏ ਜੁਰਮ ਬਾਰੇ ਕਿਹਾ ਗਿਆ ਹੈ ਕਿ ਉਹ ਵਪਾਰੀਆਂ ਨੂੰ ਜਬਰੀ ਕਾਲਾਂ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।"
"ਉਹ ਉਨ੍ਹਾਂ ਗੈਂਗਸਟਰਾਂ ਵਿਚੋਂ ਹੈ, ਜੋ ਸੋਸ਼ਲ ਮੀਡੀਆ 'ਤੇ ਸਰਗਰਮ ਹਨ।"
ਇਸ ਵਿੱਚ ਅੱਗੇ ਕਿਹਾ ਗਿਆ ਹੈ, "ਉਹ ਆਪਣੇ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਜੋ ਜਬਰਨ ਵਸੂਲੀ, ਕੰਟਰੈਕਟ ਕਿਲਿੰਗ ਅਤੇ ਹੋਰ ਅਪਰਾਧਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਦਿਸ਼ਾ ਨਿਰਦੇਸ਼ ਦਿੰਦੇ ਹਨ।"
ਉਸ ਦੇ ਖ਼ਿਲਾਫ਼ ਜ਼ਿਆਦਾਤਰ ਮਾਮਲੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਦਰਜ ਹਨ।
ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਨਾਲ ਨਜਿੱਠਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਉਭਾਰ ਦੇ ਦੋ ਮੁੱਖ ਕਾਰਨ ਹਨ।
ਉਨ੍ਹਾਂ ਨੇ ਦੱਸਿਆ, "ਇੱਕ ਤਾਂ ਸੋਸ਼ਲ ਮੀਡੀਆ ਜਿਸ ਰਾਹੀਂ ਉਹ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਕੰਮ ਕਰ ਰਿਹਾ ਹੈ, ਅਤੇ ਦੂਜਾ, ਉਸ ਦੇ ਖ਼ਿਲਾਫ਼ ਨਾਕਾਫ਼ੀ ਕਾਨੂੰਨੀ ਕਾਰਵਾਈ ਹੈ।"
ਲਾਰੈਂਸ ਨੇ ਮੁੜ ਵਧਾਈ ਸਰਗਰਮੀ
"ਉਸ ਨੂੰ ਕੁਝ ਸਮੇਂ ਲਈ ਕਾਬੂ ਕੀਤਾ ਗਿਆ ਸੀ ਪਰ ਹੁਣ ਫਿਰ ਤੋਂ ਉਸ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ।"
ਇਸ ਸਾਲ 1 ਮਈ ਨੂੰ ਇਹ ਖ਼ਬਰ ਆਈ ਸੀ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਠਿੰਡਾ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਕਥਿਤ ਤੌਰ 'ਤੇ ਸੂਬੇ ਦੇ ਮਾਲਵਾ ਖੇਤਰ ਵਿੱਚ ਇੱਕ ਵਪਾਰੀ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਤਾਂ ਜੋ ਪੈਸੇ ਦੀ ਲੁੱਟ ਕੀਤੀ ਜਾ ਸਕੇ।
ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਤਿੰਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ 'ਤੇ ਐੱਨਸੀਆਰ ਤੋਂ ਫ਼ਰਾਰ ਗੈਂਗਸਟਰਾਂ ਨੂੰ ਛੁਪਣਗਾਹਾਂ ਪ੍ਰਦਾਨ ਕਰ ਰਹੇ ਸਨ।
ਮਾਰਚ 2021 ਵਿੱਚ ਫ਼ਰੀਦਕੋਟ ਦੀ ਇੱਕ ਅਦਾਲਤ ਨੇ ਫ਼ਰੀਦਕੋਟ ਵਿੱਚ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਪਹਿਲਵਾਨ ਦੀ ਹੱਤਿਆ ਵਿੱਚ ਬਰਾੜ ਨੂੰ ਮੁੱਖ ਸਾਜ਼ਿਸ਼ ਕਰਤਾ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਇੱਕ ਮਹੀਨੇ ਬਾਅਦ, ਉਸ ਦੇ ਖ਼ਿਲਾਫ਼ ਖੁੱਲ੍ਹੇਆਮ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।
29 ਮਈ ਨੂੰ ਪੰਜਾਬ ਦੇ ਡੀਜੀਪੀ ਵੀ ਕੇ ਭਵਰਾ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਸਬੰਧ ਅਕਾਲੀ ਆਗੂ ਵਿਕੀ ਮਿੱਡੂਖੇੜਾ ਦੇ ਕਤਲ ਨਾਲ ਹੈ।
ਗੋਲਡੀ ਬਰਾੜ ਦੁਆਰਾ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪੋਸਟ ਵਿੱਚ, ਇਹ ਕਿਹਾ ਗਿਆ ਸੀ ਕਿ ਮੂਸੇ ਵਾਲਾ ਦਾ ਕਤਲ ਇੱਕ ਬਦਲਾਖੋਰੀ ਸੀ ਜੋ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਬੰਬੀਹਾ ਗੈਂਗ ਨੇ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















