ਦਿੱਲੀ ਦੇ ਜਹਾਂਗੀਰਪੁਰੀ 'ਚ 'ਖੌਫ' ਦਾ ਮਾਹੌਲ ਜਿਸ ਦੇ ਕਾਰਨ ਇਲਾਕਾ ਛੱਡ ਰਹੇ ਹਨ ਮੁਸਲਮਾਨ - ਗਰਾਊਂਡ ਰਿਪੋਰਟ

- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਜਹਾਂਗੀਰਪੁਰੀ ਦਾ ਮਕਾਨ ਨੰਬਰ 458
ਇਸ ਮਕਾਨ ਨੂੰ ਲਗਭਗ ਪਿਛਲੇ ਇੱਕ ਮਹੀਨੇ ਤੋਂ ਤਾਲਾ ਲੱਗਿਆ ਹੈ। ਘਰ 'ਚ ਰਹਿਣ ਵਾਲੇ ਵਿਅਕਤੀ ਦਾ ਕੋਈ ਥੋਹ ਪਤਾ ਨਹੀਂ ਹੈ। ਉਹ ਕਿੱਥੇ ਗਿਆ ਅਤੇ ਕਦੋਂ ਵਾਪਸ ਪਰਤੇਗਾ, ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੈ।
ਜੇਕਰ ਕੁਝ ਪਤਾ ਹੈ ਤਾਂ ਉਹ ਹੈ ਉਸ ਦੀ ਕਹਾਣੀ।
ਉਸ ਦੇ ਗੁਆਂਢੀ ਦੱਸਦੇ ਹਨ ਕਿ "ਉਹ ਇੱਥੇ ਕਿਰਾਏ 'ਤੇ ਰਹਿੰਦਾ ਸੀ। ਚਿਕਨ ਸੂਪ ਦੀ ਰੇਹੜੀ ਲਗਾਉਂਦਾ ਸੀ, ਪਰ ਪੁਲਿਸ ਦੇ ਡਰ ਨਾਲ ਇੱਥੋਂ ਭੱਜ ਗਿਆ।"
ਹਾਲਾਂਕਿ ਬੀਬੀਸੀ ਨਾਲ ਗੱਲਬਾਤ ਦੌਰਾਨ ਦਿੱਲੀ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਸੁਮਨ ਨਲਵਾ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਕਿਹਾ, ''ਕੁਝ ਲੋਕਾਂ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਕਿ ਪੁਲਿਸ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਅਦਾਲਤ ਨੇ ਉਸ ਪਟੀਸ਼ਨ 'ਚ ਕੁਝ ਅਜਿਹਾ ਨਹੀਂ ਪਾਇਆ ਅਤੇ ਇਸ ਨੂੰ ਖਾਰਜ ਕਰ ਦਿੱਤਾ।
"ਇਸ ਦੇ ਨਾਲ ਹੀ ਕੁਝ ਸਰਕਾਰ ਤੇ ਪੁਲਿਸ ਵਿਰੋਧੀ ਲੋਕ ਗਲਤ ਪ੍ਰਚਾਰ ਕਰ ਰਹੇ ਹਨ। ਉਹ ਪਹਿਲਾਂ ਸਾਨੂੰ ਸਾਡਾ ਕੰਮ ਕਰਨ ਤੋਂ ਰੋਕਣਗੇ ਅਤੇ ਫਿਰ ਕਹਿਣਗੇ ਕਿ ਪੁਲਿਸ ਕੁਝ ਨਹੀਂ ਕਰ ਰਹੀ।"
'ਉਹ' ਪਿਛਲੇ ਕਈ ਸਾਲਾਂ ਤੋਂ ਜਹਾਂਗੀਰਪੁਰੀ 'ਚ ਸੂਪ ਦੀ ਰੇਹੜੀ ਲਗਾ ਰਿਹਾ ਸੀ ਪਰ ਹੁਣ ਕਈ ਦਿਨਾਂ ਤੋਂ ਇੱਕ ਲੋਹੇ ਦੀ ਸੰਗਲੀ ਨਾਲ ਰੇਹੜੀ ਬੰਨ੍ਹੀ ਹੋਈ ਹੈ ਅਤੇ ਉਸ ਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਹੈ।
ਇਹ ਕਹਾਣੀ ਉਸ ਡਰ ਦੀ ਹੈ, ਜੋ 16 ਅਪ੍ਰੈਲ ਨੂੰ ਜਹਾਂਗੀਰਪੁਰੀ 'ਚ ਵਾਪਰੀ ਹਿੰਸਾ ਤੋਂ ਬਾਅਦ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਇਸ ਡਰ ਨੇ ਇਸ ਇਲਾਕੇ 'ਚ ਰਹਿਣ ਵਾਲੇ ਕਈ ਮੁਲਸਮਾਨਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਹੈ।
ਬੀਬੀਸੀ ਨੂੰ ਪਤਾ ਲੱਗਾ ਸੀ ਕਿ ਜਹਾਂਗੀਰਪੁਰੀ ਹਿੰਸਾ ਤੋਂ ਬਾਅਦ ਇੱਥੇ ਰਹਿਣ ਵਾਲੇ ਬਹੁਤ ਸਾਰੇ ਮੁਸਲਮਾਨ ਆਪਣੇ ਘਰ ਅਤੇ ਕੰਮ-ਕਾਜ ਛੱਡ ਕੇ ਜਾ ਰਹੇ ਹਨ। ਇਸ ਦਾ ਅਸਲ ਕਾਰਨ ਕੀ ਹੈ ਇਹ ਜਾਣਨ ਲਈ ਅਸੀਂ ਜਹਾਂਗੀਰਪੁਰੀ ਦੇ ਉਸੇ ਇਲਾਕੇ ਵਿੱਚ ਪਹੁੰਚੇ ਜਿੱਥੇ ਅਪ੍ਰੈਲ ਵਿਚ ਫਿਰਕੂ ਹਿੰਸਾ ਹੋਈ ਸੀ।
ਇਹ ਵੀ ਪੜ੍ਹੋ:

ਜਹਾਂਗੀਰਪੁਰੀ 'ਚ ਦਾਖਲ ਹੋਣ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ 'ਤੇ ਇੱਕ ਮੁੱਖ ਚੌਰਾਹਾ ਹੈ। ਚੌਰਾਹੇ ਤੋਂ ਖੱਬੇ ਪਾਸੇ ਵੱਲ ਮੁੜਨ 'ਤੇ 200 ਮੀਟਰ ਦੀ ਦੂਰੀ 'ਤੇ ਇੱਕ ਮਸਜਿਦ ਸਥਿਤ ਹੈ ਅਤੇ ਉੱਥੋਂ ਕੁਝ ਦੁਕਾਨਾਂ ਛੱਡ ਕੇ ਇੱਕ ਮੰਦਿਰ ਹੈ।
ਇਸੇ ਸੜਕ 'ਤੇ ਹੀ 16 ਅਪ੍ਰੈਲ ਨੂੰ ਹਨੂਮਾਨ ਜਯੰਤੀ ਮੌਕੇ ਫਿਰਕੂ ਹਿੰਸਾ ਹੋਈ ਸੀ ਅਤੇ ਉਸ ਤੋਂ ਦੋ ਦਿਨ ਬਾਅਦ ਹੀ ਨਗਰ ਨਿਗਮ (ਐਮਸੀਡੀ) ਨੇ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਕਾਰਵਾਈ ਨੂੰ ਅੰਜਾਮ ਦਿੱਤਾ ਸੀ।
ਘਟਨਾ ਤੋਂ ਬਾਅਦ ਕਰੀਬ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਦੁਕਾਨਾਂ ਅਤੇ ਘਰਾਂ ਦੇ ਸਾਹਮਣੇ ਫਰਸ਼ ਟੁੱਟੇ ਪਏ ਹਨ। ਲੋਕਾਂ ਨੇ ਮੁੜ ਤੋਂ ਆਪਣੀਆਂ ਛੋਟੀਆਂ-ਛੋਟੀਆਂ ਦੁਕਾਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੁਲਿਸ ਨੇ ਬੇਸ਼ੱਕ ਸੜਕ ਤੋਂ ਬੈਰੀਗੇਟ ਤਾਂ ਹਟਾ ਦਿੱਤੇ ਹਨ ਪਰ ਆਮ ਦਿਨਾਂ ਦੇ ਮੁਕਾਬਲੇ ਉਨ੍ਹਾਂ ਦੀ ਗਸ਼ਤ ਕਾਫ਼ੀ ਵੱਧ ਗਈ ਹੈ। ਸਾਨੂੰ ਕਈ ਪੁਲਿਸ ਦੀਆਂ ਗੱਡੀਆਂ ਇਲਾਕੇ 'ਚ ਗਸ਼ਤ ਕਰਦੀਆਂ ਵਿਖਾਈ ਦਿੱਤੀਆਂ।
ਮੁੱਖ ਚੌਰਾਹੇ ਤੋਂ ਸਿੱਧਾ ਜਾਣ 'ਤੇ ਖੱਬੇ ਪਾਸੇ 'ਸੀ' ਬਲਾਕ ਪੈਂਦਾ ਹੈ ਅਤੇ ਉਸ ਦੇ ਪਿੱਛੇ ਝੁੱਗੀਆਂ ਸ਼ੁਰੂ ਹੋ ਜਾਂਦੀਆਂ ਹਨ। ਤੰਗ ਗਲੀਆਂ 'ਚੋਂ ਹੁੰਦੇ ਹੋਏ ਅਸੀਂ ਝੁੱਗੀਆਂ ਦੇ ਅੰਦਰ ਪਹੁੰਚੇ।
ਇੱਥੇ ਰਹਿਣ ਵਾਲੇ ਲੋਕ ਬਾਹਰੋਂ ਆਏ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਕੱਪੜਿਆਂ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਵਿਅਕਤੀ ਦੀਆਂ ਜੁੱਤੀਆਂ 'ਤੇ ਵੀ ਸਥਾਨਕ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਸਾਦੀ ਵਰਦੀ 'ਚ ਆਉਂਦੇ ਹਨ ਪਰ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਜੁੱਤੀ ਤੋਂ ਪਛਾਣ ਲੈਂਦੇ ਹਾਂ।
ਇਲਾਕੇ ਦੇ ਕੁਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕਰਨ ਲਈ ਰਜ਼ਾਮੰਦੀ ਵਿਖਾਈ। ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਉਨ੍ਹਾਂ ਨੂੰ ਵੀ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦੇਵੇਗੀ।
ਜਹਾਂਗੀਰਪੁਰੀ ਦੇ ਵਸਨੀਕ ਫ਼ਾਰੂਖ਼ ਦਾ ਕਹਿਣਾ ਹੈ, "ਪੁਲਿਸ ਪੁੱਛ-ਗਿੱਛ ਦੇ ਨਾਂ 'ਤੇ ਕਈ ਲੋਕਾਂ ਨੂੰ ਚੁੱਕ ਕੇ ਲੈ ਗਈ ਹੈ। ਪੁਲਿਸ ਦੀ ਇਸ ਕਾਰਵਾਈ ਦੇ ਕਾਰਨ ਹੀ ਇਲਾਕੇ 'ਚ ਰਹਿਣ ਵਾਲੇ ਕਈ ਮੁਸਲਿਮ ਪਰਿਵਾਰ ਆਪਣਾ ਘਰ-ਬਾਰ ਛੱਡ ਕੇ ਜਾ ਰਹੇ ਹਨ। ਕਈ ਘਰ ਤਾਂ ਇੱਕ ਮਹੀਨੇ ਤੋਂ ਬੰਦ ਪਏ ਹਨ।"
ਸਾਫੀਆ ਬੀਵੀ ਦੀ ਕਹਾਣੀ
ਝੁੱਗੀ 'ਚ ਥੋੜ੍ਹਾ ਹੋਰ ਅੰਦਰ ਜਾਣ ਤੋਂ ਬਾਅਦ ਇੱਕ ਤੰਗ ਗਲੀ 'ਚ ਸਾਫ਼ੀਆ ਬੀਵੀ ਦਾ ਘਰ ਹੈ। ਉਨ੍ਹਾਂ ਦੀ ਕਹਾਣੀ ਵੀ ਪੁਲਿਸ ਕਾਰਵਾਈ ਦੇ ਆਲੇ-ਦੁਆਲੇ ਘੁੰਮਦੀ ਹੈ।
ਸਾਫ਼ੀਆ ਦਾ ਮੁੰਡਾ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਘਰ ਛੱਡ ਚੁੱਕਾ ਹੈ। ਉਸ ਦੇ ਕਮਰੇ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ ਅਤੇ ਉਸ ਦਾ ਸਕੂਟਰ ਘਰ ਦੇ ਬਾਹਰ ਹੀ ਖੜ੍ਹਾ ਹੈ, ਜਿਸ 'ਤੇ ਧੂੜ ਮਿੱਟੀ ਜੰਮੀ ਹੋਈ ਹੈ।
ਸਾਫ਼ੀਆ ਦਾ ਮੁੰਡਾ ਬਚਪਨ ਤੋਂ ਹੀ ਜਹਾਂਗੀਰਪੁਰੀ 'ਚ ਰਿਹਾ ਸੀ। ਲਗਭਗ 20 ਦਿਨ ਪਹਿਲਾਂ ਹੀ ਉਸ ਨੇ ਆਪਣੇ ਪਰਿਵਾਰ ਸਮੇਤ ਇਸ ਇਲਾਕੇ ਨੂੰ ਛੱਡ ਦਿੱਤਾ। ਉਸ ਦੀ ਮਾਂ ਸਾਫ਼ੀਆ ਅਜੇ ਵੀ ਇੱਥੇ ਹੀ ਰਹਿ ਰਹੀ ਹੈ।

ਉਸ ਦਾ ਕਹਿਣਾ ਹੈ, "ਪੁਲਿਸ ਮੇਰੇ ਬੇਟੇ ਦੀ ਭਾਲ ਕਰ ਰਹੀ ਹੈ। 1 ਜੂਨ ਨੂੰ ਹੀ ਚਾਰ ਲੋਕ ਮੇਰੇ ਬੇਟੇ ਦੀ ਭਾਲ 'ਚ ਘਰ ਆਏ ਸਨ। ਉਹ ਸਾਦੀ ਵਰਦੀ 'ਚ ਸਨ ਅਤੇ ਆਪਣੇ ਆਪ ਨੂੰ ਦਿੱਲੀ ਪੁਲਿਸ ਦੇ ਮੁਲਾਜ਼ਮ ਦੱਸ ਰਹੇ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਆਪਣੇ ਬੇਟੇ ਬਾਰੇ ਕੁਝ ਨਹੀਂ ਜਾਣਦੀ।"
ਸਾਫ਼ੀਆ ਦਾ ਦੂਜਾ ਮੁੰਡਾ ਵੀ ਜਹਾਂਗੀਰਪੁਰੀ 'ਚ ਹੀ ਰਹਿੰਦਾ ਹੈ। ਉਨ੍ਹਾਂ ਦਾ ਪਰਿਵਾਰ ਵੀ ਡਰਿਆ ਹੋਇਆ ਹੈ।
ਉਸ ਦੀ ਪਤਨੀ ਦੱਸਦੀ ਹੈ, "ਪੁਲਿਸ ਹਫ਼ਤੇ 'ਚ ਦੋ-ਤਿੰਨ ਵਾਰ ਤਾਂ ਤਲਾਸ਼ੀ ਲਈ ਆਉਂਦੀ ਹੀ ਰਹਿੰਦੀ ਹੈ। ਜਦੋਂ ਇਸ ਵਾਰ ਆਏ ਸੀ ਤਾਂ ਰਾਸ਼ਨ ਕਾਰਡ ਮੰਗ ਰਹੇ ਸਨ, ਅਸੀਂ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ।''
ਮਾਂ ਨੂੰ ਵੀ ਨਹੀਂ ਪਤਾ ਕਿ ਉਸ ਦਾ ਪੁੱਤਰ ਕਦੋਂ ਵਾਪਸ ਪਰਤੇਗਾ।

ਸਾਫ਼ੀਆ ਤੋਂ ਬਾਅਦ ਸਾਡੀ ਮੁਲਾਕਾਤ ਮੁਸਤਕੀਮ ਨਾਲ ਹੋਈ।
ਮੁਸਤਕੀਮ ਦਾ ਕਹਿਣਾ ਹੈ ਕਿ "ਮੈਂ 17 ਅਪ੍ਰੈਲ ਭਾਵ ਫਿਰਕੂ ਹਿੰਸਾ ਤੋਂ ਅਗਲੇ ਦਿਨ ਹੀ ਇੱਥੋਂ ਭੱਜ ਗਿਆ ਸੀ। ਮੈਂ ਦੋ ਦਿਨ ਪਹਿਲਾਂ ਹੀ ਵਾਪਸ ਪਰਤਿਆ ਹਾਂ। ਮੈਂ ਆਪਣੇ ਦੋਸਤ ਦੇ ਘਰ ਲੁਕਿਆ ਹੋਇਆ ਸੀ। ਪੁਲਿਸ ਵਾਲੇ ਸਾਰਿਆਂ 'ਤੇ ਹੀ ਤਸ਼ੱਦਦ ਕਰ ਰਹੇ ਹਨ। ਪੁਲਿਸ ਘਰੋਂ ਹੀ ਲੋਕਾਂ ਨੂੰ ਚੁੱਕ ਰਹੀ ਹੈ। ਮੇਰੇ ਕੁਝ ਦੋਸਤਾਂ ਨੂੰ ਵੀ ਪੁਲਿਸ ਨੇ ਹਿਰਾਸਤ 'ਚ ਲਿਆ ਹੈ ਅਤੇ ਕਈਆਂ ਨੂੰ ਤਾਂ ਤੰਗ-ਪ੍ਰੇਸ਼ਾਨ ਵੀ ਕਰ ਰਹੀ ਹੈ।"
ਮੁਸਤਕੀਮ ਝੁੱਗੀ 'ਚ ਵਾਪਸ ਪਰਤੇ ਤਾਂ ਜ਼ਰੂਰ ਹਨ ਪਰ ਉਹ ਕਿੰਨੇ ਦਿਨ ਇੱਥੇ ਰਹਿਣਗੇ ਇਸ ਦਾ ਜਵਾਬ ਉਨ੍ਹਾਂ ਕੋਲ ਵੀ ਨਹੀਂ ਸੀ।
ਮੁਸਤਕੀਮ ਤੋਂ ਬਾਅਦ ਸਾਡੀ ਮੁਲਾਕਾਤ ਸਰੀਫ਼ਾ ਬੀਵੀ ਨਾਲ ਹੋਈ। 10 ਦਿਨ ਪਹਿਲਾਂ ਹੀ ਪੁਲਿਸ ਸਰੀਫ਼ਾ ਬੀਵੀ ਦੇ 19 ਸਾਲਾ ਪੁੱਤਰ ਨੂੰ ਚੁੱਕ ਕੇ ਲੈ ਗਈ ਸੀ।
ਸਰੀਫ਼ਾ ਦੱਸਦੀ ਹੈ, "ਮੇਰਾ ਬੇਟਾ ਉਸ ਸਮੇਂ ਰੋਟੀ ਖਾ ਰਿਹਾ ਸੀ। 6 ਪੁਲਿਸ ਵਾਲੇ ਸਾਦੀ ਵਰਦੀ 'ਚ ਆਏ ਅਤੇ ਬੇਟੇ ਨੂੰ ਆਪਣੇ ਨਾਲ ਲੈ ਗਏ। ਦੋ ਦਿਨਾਂ ਤੱਕ ਉਨ੍ਹਾਂ ਨੇ ਮੇਰੇ ਬੇਟੇ ਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਛੱਡ ਦਿੱਤਾ।"
ਸਰੀਫ਼ਾ ਦਾ ਬੇਟਾ ਕਬਾੜੀ ਹੈ ਅਤੇ ਉਸ ਦੇ ਤਿੰਨ ਵੱਡੇ ਪੁੱਤਰ ਪੱਛਮੀ ਬੰਗਾਲ 'ਚ ਰਹਿੰਦੇ ਹਨ।

ਸਰੀਫਾ ਦੱਸਦੀ ਹੈ, "ਪੁਲਿਸ 1 ਜੂਨ ਨੂੰ ਫਿਰ ਆਈ ਸੀ ਅਤੇ ਕਹਿ ਰਹੀ ਸੀ ਕਿ ਆਪਣੇ ਵੱਡੇ ਬੇਟੇ ਨੂੰ ਪੇਸ਼ ਕਰੋ, ਨਹੀਂ ਤਾਂ ਘਰ ਕੁਰਕ ਕਰ ਦੇਣਗੇ। ਮੇਰਾ ਵੱਡਾ ਮੁੰਡਾ ਪਿਛਲੇ ਅੱਠ ਮਹੀਨਿਆਂ ਤੋਂ ਪੱਛਮੀ ਬੰਗਾਲ 'ਚ ਹੈ। ਜਿਸ ਦਿਨ ਇਹ ਫਿਰਕੂ ਹਿੰਸਾ ਵਾਪਰੀ ਉਸ ਦਿਨ ਤਾਂ ਉਹ ਇੱਥੇ ਹੈ ਵੀ ਨਹੀਂ ਸੀ। ਮੇਰੀ ਇੱਕ ਜਵਾਨ ਧੀ ਹੈ ਅਤੇ ਪੁਲਿਸ ਵਾਲੇ ਕਦੇ ਵੀ ਆ ਜਾਂਦੇ ਹਨ। ਡਰਾ ਧਮਕਾ ਕੇ ਜਾਂਦੇ ਹਨ ਕਿ ਉਹ ਸਾਰਿਆਂ ਨੂੰ ਚੁੱਕ ਕੇ ਲੈ ਜਾਣਗੇ। ਅਸੀਂ ਤਾਂ ਬਹੁਤ ਪ੍ਰੇਸ਼ਾਨ ਹਾਂ।"
ਇਹ ਕਹਾਣੀ ਸਾਫ਼ੀਆ, ਸਰੀਫ਼ਾ ਵਰਗੇ ਕਈ ਪਰਿਵਾਰਾਂ ਦੀ ਹੈ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਜਹਾਂਗੀਰਪੁਰੀ 'ਚ ਰਹਿ ਰਹੇ ਹਨ। ਇੰਨ੍ਹਾਂ ਪਰਿਵਾਰਾਂ ਦੇ ਮਰਦ ਜਾਂ ਮੁੰਡੇ ਘਰ ਛੱਡ ਕੇ ਜਾ ਰਹੇ ਹਨ।
ਜਹਾਂਗੀਰਪੁਰੀ ਛੱਡ ਕੇ ਕਿੱਥੇ ਜਾ ਰਹੇ ਹਨ ਲੋਕ
ਜਹਾਂਗੀਰਪੁਰੀ 'ਚ ਬਹੁਤੇ ਮੁਸਲਿਮ ਪਰਿਵਾਰ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ 'ਚ ਹਲਦਿਆ ਅਤੇ ਉਸ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਹਨ। ਕਈ ਦਹਾਕੇ ਪਹਿਲਾਂ ਇਹ ਪਰਿਵਾਰ ਕੰਮ ਦੀ ਭਾਲ 'ਚ ਦਿੱਲੀ ਆ ਕੇ ਵੱਸ ਗਏ ਸਨ ਅਤੇ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਜਹਾਂਗੀਰਪੁਰੀ 'ਚ ਆਪਣੀ ਰਿਹਾਇਸ਼ ਬਣਾ ਲਈ ਸੀ।
ਇੱਥੇ ਰਹਿਣ ਵਾਲੇ ਪਰਿਵਾਰ ਜ਼ਿਆਦਾਤਰ ਸਕਰੈਪ ਚੁੱਕਣ ਦਾ ਕੰਮ ਕਰਦੇ ਹਨ। ਝੁੱਗੀ-ਝੌਂਪੜੀਆਂ 'ਚ ਰਹਿਣ ਵਾਲੇ ਜ਼ਿਆਦਾਤਰ ਮੁਸਲਿਮ ਪਰਿਵਾਰ ਬੰਗਾਲੀ ਭਾਸ਼ਾ ਬੋਲਦੇ ਹਨ। ਹਿੰਦੀ ਦੀ ਥਾਂ ਉਹ ਬੰਗਾਲੀ ਭਾਸ਼ਾ ਵਧੇਰੇ ਚੰਗੀ ਤਰ੍ਹਾਂ ਨਾਲ ਬੋਲਦੇ ਹਨ।

ਤਸਵੀਰ ਸਰੋਤ, ANI
ਜਹਾਂਗੀਰਪੁਰੀ 'ਚ ਮੋਬਾਇਲ ਦੀ ਦੁਕਾਨ ਚਲਾਉਣ ਵਾਲੇ ਅਕਬਰ ਦਾ ਕਹਿਣਾ ਹੈ, "ਪੁਲਿਸ ਦੇ ਡਰ ਕਾਰਨ ਲੋਕ ਵਾਪਸ ਪੱਛਮੀ ਬੰਗਾਲ ਜਾ ਰਹੇ ਹਨ। ਮੰਗਲਵਾਰ ਨੂੰ ਚੌਰਾਹੇ 'ਤੇ ਆਟੋ ਹੀ ਆਟੋ ਵਿਖਾਈ ਦਿੰਦੇ ਹਨ ਕਿਉਂਕਿ ਉਸ ਦਿਨ ਆਨੰਦ ਵਿਹਾਰ ਤੋਂ ਹਲਦਿਆ ਲਈ ਰੇਲ ਗੱਡੀ ਚੱਲਦੀ ਹੈ। ਪਿਛਲੇ ਕਈ ਹਫ਼ਤਿਆਂ ਤੋਂ ਲੋਕ ਅਜਿਹਾ ਹੀ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਨਾ ਭੱਜੇ ਤਾਂ ਪੁਲਿਸ ਉਨ੍ਹਾਂ ਨੂੰ ਫੜ੍ਹ ਲਵੇਗੀ।"
ਆਖ਼ਰਕਾਰ ਪੁਲਿਸ ਕਿਸ ਨੂੰ ਲੱਭ ਰਹੀ ਹੈ?
ਜਹਾਂਗੀਰਪੁਰੀ ਹਿੰਸਾ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਵੱਲੋਂ 16 ਅਪ੍ਰੈਲ ਦੀ ਫਿਰਕੂ ਹਿੰਸਾ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਵਾਲੇ ਸ਼ੱਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਜਹਾਂਗੀਰਪੁਰੀ 'ਚ ਰਹਿਣ ਵਾਲੇ ਮੁਸਲਿਮ ਪਰਿਵਾਰਾਂ ਦਾ ਕਹਿਣਾ ਹੈ ਕਿ ਪੁਲਿਸ ਜਾਣਬੁੱਝ ਕੇ ਨਿਰਦੋਸ਼, ਬੇਕਸੂਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਪੁਲਿਸ ਨੂੰ ਜਿੰਨ੍ਹਾਂ ਲੋਕਾਂ ਦੀ ਤਲਾਸ਼ ਹੈ, ਉਨ੍ਹਾਂ 'ਚੋਂ ਇੱਕ ਸਾਜਦਾ ਵੀ ਹੈ। ਸਾਜਦਾ ਜਹਾਂਗੀਰਪੁਰੀ ਦੇ ਬਲਾਕ ਸੀ 'ਚ ਰਹਿੰਦੀ ਹੈ। ਜਿਸ ਦਿਨ ਫਿਰਕੂ ਹਿੰਸਾ ਹੋਈ ਸੀ ਉਸ ਦਿਨ ਸਾਜਦਾ ਵੀ ਉੱਥੇ ਹੀ ਮੌਜੂਦ ਸੀ।
ਸਾਜਦਾ ਦੱਸਦੀ ਹੈ, "ਮੈਂ ਤਰਬੂਜ ਲੈਣ ਗਈ ਸੀ ਕਿ ਉਸ ਸਮੇਂ ਹੀ ਹਿੰਸਾ ਸ਼ੁਰੂ ਹੋ ਗਈ। ਮੈਂ ਤਾਂ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਵੀਡੀਓ 'ਚ ਮੇਰਾ ਵੀ ਚਿਹਰਾ ਵਿਖਾਈ ਦੇ ਰਿਹਾ ਹੈ। ਮੈਂ ਚਾਰ ਵਾਰ ਪੁਲਿਸ ਥਾਣੇ ਗਈ ਹਾਂ। ਮੈਂ ਕਿਤੇ ਨਹੀਂ ਭੱਜ ਰਹੀ ਪਰ ਪੁਲਿਸ ਵਾਲੇ ਵਾਰ-ਵਾਰ ਗਲੀ 'ਚ ਆ ਕੇ ਪ੍ਰੇਸ਼ਾਨ ਕਰ ਰਹੇ ਹਨ।"
ਸਾਜਦਾ ਦੀਆਂ ਮੁਸ਼ਕਲਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ। ਉਸ ਦਾ ਇੱਕ ਬੇਟਾ ਪ੍ਰਾਈਵੇਟ ਨੌਕਰੀ ਕਰਦਾ ਹੈ।
ਸਾਜਦਾ ਦਾ ਕਹਿਣਾ ਹੈ, "ਹਿੰਸਾ ਤੋਂ ਬਾਅਦ ਮੇਰੇ ਬੇਟੇ ਦਾ ਕੰਮ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਮੇਰੇ ਬੇਟੇ ਨੂੰ ਬਾਹਰ ਖੜ੍ਹਾ ਕਰਕੇ ਰੱਖਦੇ ਹਨ। ਉਸ ਨੂੰ ਇਹੀ ਤਾਅਨਾ ਵਾਰ-ਵਾਰ ਮਿਲਦਾ ਹੈ ਕਿ ਉਹ ਜਹਾਂਗੀਰਪੁਰੀ ਦਾ ਮੁਸਲਮਾਨ ਹੈ, ਜਿਸ ਕਰਕੇ ਉਸ ਦਾ ਕੰਮ ਕਰਨਾ ਬਹੁਤ ਔਖਾ ਹੋ ਗਿਆ ਹੈ।"
ਦੂਜੇ ਪਾਸੇ ਜਹਾਂਗੀਰਪੁਰੀ ਦੇ ਜੀਐੱਚ ਬਲਾਕ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਮਣੀ ਤਿਵਾੜੀ ਦੀ ਰਾਏ ਇਸ ਤੋਂ ਵੱਖ ਹੈ। ਉਹ ਤਾਂ ਪੁਲਿਸ ਦੀ ਕਾਰਵਾਈ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਹਨ।
ਇੰਦਰਮਣੀ ਦਾ ਕਹਿਣਾ ਹੈ, "ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ। ਕੋਈ ਵੀ ਘਰ ਛੱਡ ਕੇ ਨਹੀਂ ਜਾ ਰਿਹਾ। ਸਿਰਫ ਉਹ ਲੋਕ ਹੀ ਜਾ ਰਹੇ ਹਨ ਜੋ ਕਿ ਇਸ ਫਿਰਕੂ ਹਿੰਸਾ 'ਚ ਸ਼ਾਮਲ ਸਨ। ਉਨ੍ਹਾਂ ਨੂੰ ਹੀ ਡਰ ਲੱਗ ਰਿਹਾ ਹੈ।"
ਇਸ ਮਾਮਲੇ 'ਚ ਬੀਬੀਸੀ ਨੇ ਉੱਤਰ-ਪੱਛਮੀ ਦਿੱਲੀ ਦੀ ਡੀਸੀਪੀ ਊਸ਼ਾ ਰੰਗਨਾਨੀ ਨਾਲ ਨਿੱਜੀ ਤੌਰ 'ਤੇ ਮਿਲਣ, ਫੋਨ, ਈਮੇਲ ਅਤੇ ਮੈਸੇਜ ਰਾਹੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਆਇਆ।

ਤਸਵੀਰ ਸਰੋਤ, Getty Images
ਪੁਲਿਸ ਜਿੰਨ੍ਹਾਂ ਮੁਸਲਿਮ ਪਰਿਵਾਰਾਂ 'ਤੇ ਕਾਰਵਾਈ ਕਰ ਰਹੀ ਹੈ, ਉਨ੍ਹਾਂ ਦੀ ਮਦਦ ਕਰਨ ਵਾਲਿਆਂ 'ਚ ਇੱਕ ਨਾਮ ਫ਼ਾਰੁਖ਼ ਦਾ ਵੀ ਹੈ। ਉਹ ਜਹਾਂਗੀਰਪੁਰੀ 'ਚ ਸਕਰੈਪ ਦਾ ਕੰਮ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਪੁਲਿਸ ਨੇ ਹੁਣ ਤੱਕ ਮੁਸਲਿਮ ਸਮਾਜ ਦੇ 35 ਤੋਂ ਵੀ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਸੀਂ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"
ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਸਿਵਲ ਰਾਈਟਸ ਜਹਾਂਗੀਰਪੁਰੀ ਹਿੰਸਾ ਮਾਮਲੇ ਦੇ ਕਰੀਬ 12 ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਜਥੇਬੰਦੀ ਦੇ ਕੌਮੀ ਸਕੱਤਰ ਨਦੀਮ ਖਾਨ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕਰਨ ਦਾ ਫਾਇਦਾ ਚੁੱਕਦੀ ਹੈ। ਇਸ ਰਾਹੀਂ ਅਜਿਹੇ ਲੋਕਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਦੀਮ ਖਾਨ ਅਨੁਸਾਰ ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਇੱਕ ਨਾਬਾਲਗ ਬੱਚੇ ਨੂੰ ਮਾਸਟਰਮਾਈਂਡ ਕਹਿ ਕੇ ਚੁੱਕਿਆ ਸੀ।
ਨਦੀਮ ਨੇ ਕਿਹਾ, ''ਪੁਲਿਸ ਨੇ ਅਦਾਲਤ ਤੋਂ ਉਸ ਦੀ ਕਸਟੱਡੀ ਵੀ ਲੈ ਲਈ ਸੀ। ਉਸ ਸਮੇਂ ਅਦਾਲਤ ਨੇ ਉਸ ਦੀ ਉਮਰ ਦੀ ਜਾਂਚ ਨਹੀਂ ਕੀਤੀ ਸੀ। ਫਿਰ ਅਸੀਂ ਇਸ ਮਾਮਲੇ ਨੂੰ ਹਾਈ ਕੋਰਟ 'ਚ ਲੈ ਗਏ। ਮਾਣਯੋਗ ਅਦਾਲਤ ਨੇ ਪੁਲਿਸ ਨੂੰ ਬਹੁਤ ਫਟਕਾਰ ਮਾਰੀ ਅਤੇ ਚਾਰ ਘੰਟਿਆਂ ਦੇ ਅੰਦਰ ਜੁਵੇਨਾਈਲ ਸੈਂਟਰ 'ਚ ਭੇਜਣ ਦੇ ਹੁਕਮ ਜਾਰੀ ਕੀਤੇ।''
ਜਹਾਂਗੀਰਪੁਰੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਜੋ ਕਿ ਰੋਜ਼ੀ-ਰੋਟੀ ਕਮਾਉਣ ਲਈ ਸੈਂਕੜੇ ਮੀਲ ਦੂਰ ਆਏ ਸਨ, ਹੁਣ ਹਿੰਸਾ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ। ਕਈ ਪਰਿਵਾਰ ਪੱਛਮੀ ਬੰਗਾਲ 'ਚ ਆਪਣੇ ਜੱਦੀ ਪਿੰਡਾਂ ਨੂੰ ਪਰਤਣਾ ਚਾਹੁੰਦੇ ਹਨ।
ਬਹੁਤ ਸਾਰੇ ਅਜਿਹੇ ਵੀ ਹਨ ਜੋ ਅਜੇ ਵੀ ਇਸ ਉਮੀਦ 'ਚ ਹਨ ਕਿ ਜੇ ਇਹ ਮਾਮਲਾ ਸ਼ਾਂਤ ਹੋ ਜਾਵੇ ਤਾਂ ਜ਼ਿੰਦਗੀ ਮੁੜ ਲੀਹ 'ਤੇ ਪਰਤ ਆਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













