ਜਹਾਂਗੀਰਪੁਰੀ ਹਿੰਸਾ: ਜਲੂਸ ਦੌਰਾਨ ਪੱਥਰਬਾਜ਼ੀ ਦੀਆਂ ਦੋ ਕਹਾਣੀਆਂ, ਦਰਦ ਅਤੇ ਗੁੱਸਾ - ਗਰਾਊਂਡ ਰਿਪੋਰਟ

ਤਸਵੀਰ ਸਰੋਤ, Reuters
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਹਿੰਦੂਆਂ ਦੇ ਨਵੇਂ ਸਾਲ, ਰਾਮ ਨੌਮੀ ਤੋਂ ਬਾਅਦ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਦੇ ਜਲੂਸ ਦੌਰਾਨ ਹਿੰਸਾ ਹੋਈ ਹੈ।
ਕਰੌਲੀ, ਖਰਗੋਨ ਵਰਗੀਆਂ ਥਾਵਾਂ ਤੋਂ ਬਾਅਦ ਫਿਰਕੂ ਤਣਾਅ ਦੀ ਅੱਗ ਦਾ ਸੇਕ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੱਕ ਪਹੁੰਚ ਗਿਆ ਹੈ।
2020 ਦੇ ਦੰਗਿਆਂ ਤੋਂ ਬਾਅਦ ਦਿੱਲੀ 'ਚ ਫਿਰਕੂ ਝੜਪ ਦਾ ਇਹ ਪਹਿਲਾ ਵੱਡਾ ਮਾਮਲਾ ਹੈ।
ਪੁਲਿਸ ਨੇ ਇਸ ਮਾਮਲੇ 'ਚ ਗ੍ਰਿਫਤਾਰੀਆਂ ਵੀ ਕੀਤੀਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਪਰ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਦੇ ਮਨਾਂ 'ਚ ਉਪਜਿਆ ਤਣਾਅ ਸਾਫ ਮਹਿਸੂਸ ਹੁੰਦਾ ਹੈ।
ਐਤਵਾਰ ਨੂੰ ਜਦੋਂ ਅਸੀਂ ਜਹਾਂਗੀਰਪੁਰੀ ਥਾਣੇ ਦੇ ਬਾਹਰ ਪਹੁੰਚੇ ਤਾਂ ਗ੍ਰਿਫਤਾਰ ਮਰਦਾਂ ਦੇ ਘਰਾਂ ਦੀਆਂ ਔਰਤਾਂ ਦਿਨ ਦੀ ਕੜਕਦੀ ਧੁੱਪ 'ਚ ਘੰਟਿਆਂ ਤੋਂ ਗੇਟ ਦੇ ਬਾਹਰ ਉਡੀਕ ਕਰ ਰਹੀਆਂ ਸਨ।

ਇੰਨ੍ਹਾਂ ਔਰਤਾਂ ਨੇ ਰੋਜ਼ਾ ਵੀ ਰੱਖਿਆ ਹੋਇਆ ਸੀ ਜਿਸ ਕਰਕੇ ਥਕਾਣ ਨਾਲ ਉਨ੍ਹਾਂ ਦਾ ਬੁਰਾ ਹਾਲ ਹੋ ਰਿਹਾ ਸੀ। ਉਹ ਬਹੁਤ ਹੀ ਗੁੱਸੇ 'ਚ ਸਨ।
ਅਖ਼ੀਰ ਪੁਲਿਸ ਨੇ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਜਾਣ ਦੇ ਹੁਕਮ ਦਿੱਤੇ ਅਤੇ ਮੁੱਖ ਗੇਟ ਹੀ ਬੰਦ ਕਰ ਦਿੱਤਾ।
ਇਸ 'ਤੇ ਇੱਕ ਔਰਤ ਨੇ ਕਿਹਾ, "ਜਿੰਨ੍ਹਾਂ ਵਿਚਾਲੇ ਲੜਾਈ ਹੋਈ ਉਨ੍ਹਾਂ ਨੂੰ ਤਾਂ ਹਿਰਾਸਤ 'ਚ ਲਿਆ ਨਹੀਂ, ਬੇਕਸੂਰਾਂ ਨੂੰ ਚੁੱਕ ਕੇ ਲੈ ਆਏ ਹਨ।"
ਇਹ ਵੀ ਪੜ੍ਹੋ-
ਦੂਜੀ ਔਰਤ ਨੇ ਕਿਹਾ, "ਮੇਰੇ ਦਿਓਰ ਨੂੰ ਅੱਤਵਾਦੀ ਕਹਿ ਰਹੇ ਹਨ। ਤੁਸੀਂ ਤਾਂ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਕਰ ਦਿੰਦੇ ਹੋ।"
ਇੱਕ ਹੋਰ ਔਰਤ ਨੇ ਕਿਹਾ, "ਅਸੀਂ ਮੁਸਲਿਮ ਕੀ ਕੋਈ ਜਾਨਵਰ ਹਾਂ? ਜੇਕਰ ਸਾਡੇ ਬੱਚਿਆਂ ਦਾ ਕੋਈ ਰਿਕਾਰਡ ਹੈ ਤਾਂ ਕੀ ਉਨ੍ਹਾਂ ਨੂੰ ਸੁਧਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ?"
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਇਲਾਕੇ 'ਚ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਹੈ, ਪਰ ਸ਼ਨੀਵਾਰ ਦੀ ਹਿੰਸਾ ਤੋਂ ਬਾਅਦ ਇੱਥੇ ਤਣਾਅ ਦੇ ਹਾਲਾਤ ਬਣ ਗਏ ਹਨ।
ਇਹ ਹਿੰਸਾ ਕਿਵੇਂ ਅਤੇ ਕਿਉਂ ਹੋਈ,ਪਹਿਲਾਂ ਵਾਂਗ ਹੀ ਜਹਾਂਗੀਰਪੁਰੀ 'ਚ ਇਸ ਸਵਾਲ ਦੇ ਵੱਖ-ਵੱਖ ਜਵਾਬ ਹਨ। ਹਰ ਕੋਈ ਮੋਬਾਈਲ 'ਤੇ ਹਿੰਸਾ ਦੇ ਵਾਈਰਲ ਵੀਡੀਓਜ਼ ਵੇਖਦਾ ਨਜ਼ਰ ਆ ਰਿਹਾ ਹੈ।
ਜਲੂਸ 'ਚ ਸ਼ਾਮਲ ਲੋਕਾਂ 'ਚ ਗੁੱਸਾ
ਸ਼ਨੀਵਾਰ ਨੂੰ ਨਿਕਲੇ ਜਲੂਸ 'ਚ ਗੌਰੀਸ਼ੰਕਰ ਗੁਪਤਾ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਯਾਤਰਾ ਜਹਾਂਗੀਰਪੁਰੀ ਦੇ ਸੀ ਬਲਾਕ ਦੀ ਮਸਜਿਦ ਦੇ ਸਾਹਮਣੇ ਤੋਂ ਨਿਕਲੀ ਤਾਂ ਜਲੂਸ 'ਤੇ ਪਥਰਾਅ ਸ਼ੁਰੂ ਹੋ ਗਿਆ ਸੀ।
ਗੌਰੀਸ਼ੰਕਰ ਮੁਤਾਬਕ ਮਸਜਿਦ ਦੀ ਛੱਤ ਤੋਂ ਵੀ ਪੱਥਰ ਸੁੱਟੇ ਜਾ ਰਹੇ ਸਨ। ਹਾਲਾਂਕਿ ਮਸਜਿਦ ਦੇ ਪ੍ਰਬੰਧਕ ਮੁਹੰਮਦ ਸਲਾਉਦੀਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਗੱਲ ਤੋਂ ਇਨਕਾਰ ਕੀਤਾ ਹੈ।
ਗੌਰਸ਼ਿੰਕਰ ਅਨੁਸਾਰ ਘਰਾਂ ਦੀਆਂ ਛੱਤਾਂ ਤੋਂ ਪਥਰਾਅ ਕਰਨ ਵਾਲਿਆਂ 'ਚ ਔਰਤਾਂ ਵੀ ਸ਼ਾਮਲ ਸਨ।
ਉਹ ਅੱਗੇ ਦੱਸਦੇ ਹਨ, "ਬਹੁਤ ਹੀ ਮੁਸ਼ਕਲ ਨਾਲ ਆਪਣੀ ਜਾਨ 'ਤੇ ਖੇਡਦਿਆਂ ਹਨੂੰਮਾਨ ਜੀ ਦੀ ਮੂਰਤੀ ਉੱਥੋਂ ਕੱਢਣ 'ਚ ਸਫਲ ਰਹੇ ਹਾਂ। ਪਥਰਾਅ ਪਿੱਛੇ ਪੂਰੀ ਯੋਜਨਾ ਸੀ। ਸਾਨੂੰ ਘੇਰ ਕੇ ਮਾਰਿਆ ਗਿਆ। ਪੱਥਰਾਂ, ਤਲਵਾਰਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ ਗਈ।"

"ਉੱਥੇ ਇੱਕ ਰਾਸ਼ਨ ਦੀ ਗੱਡੀ ਲੱਗੀ ਸੀ, ਉਸ ਦੇ ਵੀ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਸਾਰਾ ਰਾਸ਼ਨ ਲੁੱਟ ਲਿਆ ਗਿਆ। ਗੱਡੀਆਂ ਨੂੰ ਪਲਟਿਆ ਗਿਆ। ਕੁਝ ਦੂਰੀ 'ਤੇ ਇੱਕ ਕਰਿਆਨੇ ਦੀ ਦੁਕਾਨ ਹੈ, ਉਸ ਦਾ ਗੱਲਾ ਲੁੱਟ ਲਿਆ ਅਤੇ ਇੱਕ ਬਾਈਕ ਨੂੰ ਅੱਗ ਵੀ ਲਗਾ ਦਿੱਤੀ ਗਈ।"
ਗੌਰੀਸ਼ੰਕਰ ਦਾ ਦਾਅਵਾ ਹੈ ਕਿ ਜਲੂਸ ਦੌਰਾਨ ਕੋਈ ਵੀ ਵਿਵਾਦਿਤ ਨਾਅਰੇ ਨਹੀਂ ਲਗਾਏ ਗਏ ਸਨ ਅਤੇ ਜਦੋਂ ਉਨ੍ਹਾਂ 'ਤੇ ਹਮਲਾ ਹੋਇਆ ਤਾਂ ਉਸ ਸਮੇਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ।
ਉਹ ਦੱਸਦੇ ਹਨ, "ਉਨ੍ਹਾਂ ਵੱਲੋਂ ਪੱਥਰ, ਤਲਵਾਰ, ਚਾਕੂ ਸਭ ਕੁਝ ਹਮਲੇ ਲਈ ਵਰਤਿਆ ਗਿਆ ਹੈ। ਇੱਥੋਂ ਤੱਕ ਕਿ ਪੈਟਰੋਲ ਬੰਬ ਵੀ ਚਲਾਏ ਗਏ ਹਨ ਅਤੇ ਗੋਲੀਆਂ ਵੀ ਚੱਲੀਆਂ ਹਨ। ਚਾਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।"
ਜਹਾਂਗੀਰਪੁਰੀ ਦੀਆਂ ਤੰਗ ਗਲੀਆਂ 'ਚੋਂ ਹੁੰਦੇ ਹੋਏ ਅਸੀਂ ਜਲੂਸ ਦੇ ਕਨਵੀਨਰ ਸੁਖੇਨ ਸਰਕਾਰ ਦੇ ਕੋਲ ਪਹੁੰਚੇ। ਉਨ੍ਹਾਂ ਦੇ ਆਸ-ਪਾਸ ਸਾਰਾ ਮਾਹੌਲ ਬਹੁਤ ਹੀ ਤਣਾਅਪੂਰਨ ਸੀ। ਲੋਕ ਗੁੱਸੇ 'ਚ ਸਨ।
ਹਨੂੰਮਾਨ ਮੰਦਰ ਦੇ ਸਾਹਮਣੇ ਜ਼ਮੀਨ 'ਤੇ ਇੱਕ ਦਰੀ 'ਤੇ ਬੈਠੇ ਸੁਖੇਨ ਸਰਕਾਰ ਦੇ ਅਨੁਸਾਰ ਜਲੂਸ 'ਤੇ ਸੈਂਕੜੇ ਹੀ ਲੋਕਾਂ ਨੇ ਪਥਰਾਅ ਕੀਤਾ ਹੈ।

ਉਹ ਕਹਿੰਦੇ ਹਨ, "ਲੋਕ ਤਾਂ ਸਾਡੇ ਵੀ ਸਨ, ਪਰ ਅਸੀਂ ਲੜਾਈ ਕਰਨ ਦੇ ਮੂਡ 'ਚ ਨਹੀਂ ਸੀ। ਅਸੀਂ ਤਾਂ ਸ਼ੋਭਾਯਾਤਰਾ ਕੱਢ ਕੇ ਭਗਵਾ ਝੰਡਾ ਲੈ ਕੇ ਆ ਰਹੇ ਸੀ। ਅਸੀਂ ਤਾਂ ਨਿਹੱਥੇ ਸੀ। ਪਰ ਉੱਪਰ ਤੋਂ ਤਾਂ ਜਿਵੇਂ ਪੱਥਰਾਂ ਅਤੇ ਕੱਚ ਦਾ ਮੀਂਹ ਪੈ ਰਿਹਾ ਸੀ।"
ਸੁਖੇਨ ਨੇ ਆਪਣੇ ਕੱਪੜੇ ਉਤਾਰ ਕੇ ਸਾਨੂੰ ਵਿਖਾਇਆ ਕਿ ਉਨ੍ਹਾਂ ਨੂੰ ਪੱਥਰਾਂ ਨਾਲ ਸੱਟਾਂ ਕਿੱਥੇ-ਕਿੱਥੇ ਲੱਗੀਆਂ ਹਨ।
ਪਰ ਇਹ ਪੱਥਰਬਾਜ਼ੀ ਹੋਈ ਕਿਉਂ? ਇਸ ਦੇ ਜਵਾਬ 'ਚ ਸੁਖੇਨ ਸਰਕਾਰ ਦਾ ਕਹਿਣਾ ਹੈ, "ਕੀ ਪਤਾ ਉਨ੍ਹਾਂ ਨੂੰ ਜੈ ਸ਼੍ਰੀ ਰਾਮ ਨਾਲ ਨਫ਼ਰਤ ਹੈ? ਜਾਂ ਫਿਰ ਭਗਵੇ ਰੰਗ ਨਾਲ ਉਨ੍ਹਾਂ ਨੂੰ ਨਫ਼ਰਤ ਹੈ?"
ਸੁਖੇਨ ਦੇ ਨਜ਼ਦੀਕ ਇੱਕ ਕੂਲਰ ਦੇ ਸਾਹਮਣੇ ਬੈਠੇ ਯੋਗੀ ਓਮਨਾਥ ਨੇ ਦੱਸਿਆ, "ਮੇਰੀ ਛਾਤੀ 'ਤੇ ਪੱਥਰ ਲੱਗਿਆ। ਮੇਰੇ ਪੈਰ 'ਤੇ ਵੀ ਪੱਥਰ ਲੱਗਿਆ ਹੈ। ਵੇਖੋ ਮੇਰਾ ਪੈਰ ਸੁੱਜਿਆ ਵੀ ਹੋਇਆ ਹੈ।"
ਇੰਨ੍ਹਾਂ ਕਹਿ ਕੇ ਉਨ੍ਹਾਂ ਨੇ ਆਪਣਾ ਪੈਰ ਸਾਨੂੰ ਵਖਾਇਆ।

ਉਨ੍ਹਾਂ ਦਾ ਕਹਿਣਾ ਹੈ, "ਦੁਕਾਨਾਂ ਲੁੱਟੀਆਂ ਗਈਆਂ। ਮੇਰੇ ਕੋਲ ਇਸ ਸਭ ਦਾ ਸਬੂਤ ਹੈ। ਬਾਈਕਾਂ ਨੂੰ ਅੱਗ ਲਗਾਈ ਗਈ। ਮਸਜਿਦ ਦੀ ਛੱਤ 'ਤੇ ਇੱਟਾਂ ਰੱਖੀਆਂ ਗਈਆਂ ਸਨ।"
"ਮੇਰੇ ਕੋਲ ਇਸ ਦਾ ਵੀ ਸਬੂਤ ਹੈ ਕਿਉਂਕਿ ਮੈਂ ਅਖੀਰ ਤੱਕ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦਾ ਰਿਹਾ।"
ਗੱਲਬਾਤ ਕਰਨ ਤੋਂ ਬਾਅਦ ਉੱਥੋਂ ਵਾਪਸ ਮੁੜਨ ਸਮੇਂ ਅਜਿਹਾ ਲੱਗਿਆ ਕਿ ਪ੍ਰਸ਼ਾਸਨ ਸਾਹਮਣੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਜਿੱਠਣ ਦੀ ਵੱਡੀ ਚੁਣੌਤੀ ਹੈ।
ਮਸਜਿਦ ਕੋਲ ਲੋਕਾਂ ਦੀ ਵੱਖੋ-ਵੱਖ ਕਹਾਣੀ
ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਹੈ ਜਹਾਂਗੀਰਪੁਰੀ ਦਾ ਸੀ-ਬਲਾਕ ਦਾ ਭੀੜ-ਭਾੜ ਵਾਲਾ ਇਲਾਕਾ।
ਇੱਥੇ ਵੱਡੀ ਗਿਣਤੀ 'ਚ ਬੰਗਾਲੀ ਬੋਲਣ ਵਾਲੇ ਮੁਸਲਮਾਨ ਲੋਕ ਰਹਿੰਦੇ ਹਨ। ਇੱਥੇ ਹਿੰਸਾ ਕਿਵੇਂ ਸ਼ੁਰੂ ਹੋਈ ਇਸ ਬਾਰੇ ਵੱਖਰੀ ਹੀ ਕਹਾਣੀ ਸੁਣਨ ਨੂੰ ਮਿਲਦੀ ਹੈ।
ਇੱਕ ਕਮਰੇ 'ਚ ਬੈਠੇ ਮਸਜਿਦ ਦੇ ਪ੍ਰਬੰਧਕ ਸਲਾਊਦੀਨ ਦਾ ਕਹਿਣਾ ਹੈ, "ਸਾਡੇ ਬੱਚੇ ਅੰਤ ਤੱਕ ਚੁੱਪ ਰਹੇ, ਪਰ ਜਦੋਂ ਉਨ੍ਹਾਂ ਵੇਖਿਆ ਕਿ ਮਸਜਿਦ 'ਤੇ ਕੋਈ ਹਮਲਾ ਹੋ ਰਿਹਾ ਹੈ ਜਾਂ ਮਸਜਿਦ 'ਤੇ ਪੱਥਰਬਾਜ਼ੀ ਹੋ ਰਹੀ ਹੈ ਤਾਂ ਅਸੀਂ ਬਰਦਾਸ਼ਤ ਤਾਂ ਨਹੀਂ ਕਰ ਸਕਦੇ ਹਾਂ।"

ਉਨ੍ਹਾਂ ਅਨੁਸਾਰ ਮਸਜਿਦ ਦੇ ਅੰਦਰੋਂ ਕੋਈ ਪਥਰਾਅ ਨਹੀਂ ਹੋਇਆ ਹੈ ਅਤੇ ਜੋ ਕੁਝ ਵੀ ਹੋਇਆ ਉਹ ਸੜਕ 'ਤੇ ਹੀ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਮਸਜਿਦ 1976 'ਚ ਬਣੀ ਸੀ ਅਤੇ ਉਹ ਕਈ ਸਾਲਾਂ ਤੋਂ ਇਸ ਦੀ ਦੇਖਭਾਲ ਕਰ ਰਹੇ ਹਨ।
ਉੱਥੇ ਹੀ ਨੇੜੇ ਬੈਠੇ ਇਨਾਮੁਲ ਹੱਕ ਨੇ ਦੱਸਿਆ ਕਿ ਸੀ ਬਲਾਕ 'ਚ ਰਹਿਣ ਵਾਲੇ ਜ਼ਿਆਦਾਤਰ ਮੁਸਲਿਮ ਗਰੀਬ ਤਬਕੇ ਨਾਲ ਸਬੰਧਤ ਹਨ, ਜੋ ਕਿ ਛੋਟਾ-ਮੋਟਾ ਕੰਮਕਾਜ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।
ਮੁਹੰਮਦ ਸਲਾਊਦੀਨ ਦਾ ਦਾਅਵਾ ਹੈ ਕਿ "ਸਭ ਤੋਂ ਪਹਿਲਾਂ ਪੱਥਰਾਅ ਜਲੂਸ 'ਚ ਸ਼ਾਮਲ ਲੋਕਾਂ ਵੱਲੋਂ ਕੀਤਾ ਗਿਆ ਅਤੇ ਇਸ ਦੀ ਜਵਾਬੀ ਕਾਰਵਾਈ 'ਚ ਹੀ ਪੱਥਰਬਾਜ਼ੀ ਹੋਈ।"
ਸੀ-ਬਲਾਕ ਦੀ ਭੀੜ 'ਚ ਮੇਰੀ ਮੁਲਾਕਾਤ ਸ਼ਹਾਦਤ ਅਲੀ ਨਾਲ ਹੋਈ। ਸ਼ਨੀਵਾਰ ਨੂੰ ਜਦੋਂ ਜਲੂਸ ਉੱਥੋਂ ਨਿਕਲਿਆ ਸੀ ਤਾਂ ਉਹ ਉਸ ਸਮੇਂ ਉੱਥੇ ਹੀ ਸੀ।
ਸ਼ਹਾਦਤ ਅਲੀ ਅਨੁਸਾਰ ਸ਼ੁਰੂ 'ਚ ਯਾਤਰਾਵਾਂ ਸ਼ਾਂਤਮਈ ਢੰਗ ਨਾਲ ਨਿਕਲੀਆਂ ਪਰ ਬਾਅਦ 'ਚ ਹਾਲਾਤ ਬਦਲ ਗਏ।
ਉਨ੍ਹਾਂ ਨੇ ਆਪਣੇ ਮੋਬਾਈਲ 'ਚ ਇੱਕ ਵੀਡੀਓ ਵਿਖਾਇਆ। ਉਸ ਅਨੁਸਾਰ ਇਹ ਜਲੂਸ ਦਾ ਵੀਡੀਓ ਹੈ, ਜਿਸ 'ਚ ਲੋਕ ਤਲਵਾਰਾਂ ਹੱਥ 'ਚ ਲੈ ਕੇ ਨਜ਼ਰ ਆ ਰਹੇ ਸਨ।

ਸ਼ਹਾਦਤ ਅਲੀ ਅਨੁਸਾਰ ਇਫ਼ਤਾਰੀ ਵੇਲੇ ਉਹ ਆਪਣੇ ਘਰ 'ਚ ਭੋਜਨ ਦਾ ਪ੍ਰਬੰਧ ਕਰ ਰਹੇ ਸਨ ਕਿ ਅਚਾਨਕ ਹੀ ਜਲੂਸ 'ਚ ਸ਼ਾਮਲ ਲੋਕ ਪੱਥਰਬਾਜ਼ੀ ਕਰਨ ਲੱਗ ਪਏ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਕਥਿਤ ਤੌਰ 'ਤੇ ਮਸਜਿਦ ਦੇ ਅੰਦਰ ਦਾਖਲ ਹੋ ਗਏ।
ਸ਼ਹਾਦਤ ਦਾ ਇਲਜ਼ਾਮ ਹੈ ਕਿ ਲੋਕ ਮਸਜਿਦ 'ਚ ਕਥਿਤ ਤੌਰ 'ਤੇ ਭਗਵਾ ਝੰਡਾ ਲਗਾਉਣ ਦਾ ਯਤਨ ਕਰ ਰਹੇ ਸਨ।
ਉਹ ਅੱਗੇ ਦੱਸਦੇ ਹਨ , "ਸਾਡੇ ਬਜ਼ੁਰਗਾਂ ਅਤੇ ਮੁਹਤਬਰ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ 'ਚੋਂ ਕੋਈ ਨਾ ਸਮਝਿਆ।"
ਨਜ਼ਦੀਕ ਹੀ ਖੜ੍ਹੀ ਰੋਸ਼ਨ, ਜੋ ਕਿ ਖੁਦ ਨੂੰ ਭਾਜਪਾ ਨਾਲ ਜੁੜੀ ਦੱਸਦੀ ਹੈ, ਉਨ੍ਹਾਂ ਅਨੁਸਾਰ ਜੋ ਕੁਝ ਵੀ ਜਹਾਂਗੀਰਪੁਰੀ 'ਚ ਵਾਪਰਿਆ, ਉਹ ਕਰਵਾਇਆ ਗਿਆ ਸੀ।
ਉਹ ਕਹਿੰਦੀ ਹੈ, "ਇਸ 'ਚ ਕਿਸੇ ਦਾ ਤੱਗੜਾ ਹੱਥ ਹੈ। ਸਾਡੇ ਜਹਾਂਗੀਰਪੁਰੀ 'ਚ ਅਜਿਹਾ ਕਦੇ ਨਹੀਂ ਹੋਇਆ ਹੈ, ਇਸ ਵਾਰ ਇਹ ਕਰਵਾਇਆ ਗਿਆ ਹੈ।"
ਜਹਾਂਗੀਰਪੁਰੀ ਥਾਣੇ ਦੇ ਬਾਹਰ ਗ੍ਰਿਫਤਾਰ ਕੀਤੇ ਗਏ ਇੱਕ ਮੁਲਜ਼ਮ ਦੀ ਰਿਸ਼ਤੇਦਾਰ ਨੇ ਕਿਹਾ, "ਉਨ੍ਹਾਂ ( ਜਲੂਸ 'ਚ ਸ਼ਾਮਲ ਲੋਕਾਂ) ਦੇ ਹੱਥਾਂ 'ਚ ਤਲਵਾਰਾਂ, ਪਿਸਤੌਲ , ਹੋਰ ਪਤਾ ਨਹੀਂ ਕੀ-ਕੀ ਸੀ। ਉਹ ਨਾਅਰੇ ਲਗਾ ਰਹੇ ਸਨ ਕਿ ਹਿੰਦੁਸਤਾਨ 'ਚ ਰਹਿਣਾ ਹੋਗਾ ਤੋਂ ਜੈ ਸ੍ਰੀ ਰਾਮ ਕਹਿਣਾ ਹੋਗਾ। ਕੀ ਇਹ ਕਿਤੇ ਲਿਖਿਆ ਹੋਇਆ ਹੈ?"
ਮੀਡੀਆ 'ਚ ਪ੍ਰਕਾਸ਼ਿਤ ਇੰਨ੍ਹਾਂ ਇਲਜ਼ਾਮਾਂ 'ਤੇ ਕਿ 'ਸੀ-ਬਲਾਕ' 'ਚ ਕਥਿਤ ਤੌਰ 'ਤੇ ਬੰਗਲਾਦੇਸ਼ੀ ਰਹਿੰਦੇ ਹਨ, ਇਸ 'ਤੇ ਇੱਕ ਔਰਤ ਸਾਜ਼ਦਾ ਨੇ ਕਿਹਾ, "ਇਹ ਸਾਰੇ ਲੋਕ ਕਲਕੱਤੇ ਤੋਂ ਹਨ। ਸਬੂਤ ਵੇਖ ਸਕਦੇ ਹੋ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਮੁਸਲਮਾਨਾਂ ਦੀ ਜ਼ੁਬਾਨ 'ਤੇ ਤਾਂ ਯਕੀਨ ਹੁੰਦਾ ਨਹੀਂ ਹੈ। ਮੀਡੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਮੁਸਲਮਾਨਾਂ ਨੂੰ ਬਦਨਾਮ ਕਰ ਰੱਖਿਆ ਹੈ। ਬੰਗਲਾਦੇਸ਼ੀ ਅਤੇ ਕਲਕੱਤੇ ਦੇ ਲੋਕਾਂ ਦੀ ਭਾਸ਼ਾ ਵੱਖਰੀ ਹੈ।"
ਮੌਕੇ 'ਤੇ ਪਹੁੰਚੇ ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ, ਕਾਨੂੰਨ ਅਤੇ ਵਿਵਸਥਾ, ਦੀਪੇਂਦਰ ਪਾਠਕ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਸਾਰੇ ਪਹਿਲੂਆਂ 'ਤੇ ਕੰਮ ਕਰ ਰਹੀ ਹੈ ਅਤੇ "ਜੋ ਕੋਈ ਵੀ ਇਸ ਦੰਗੇ ਦੀ ਅਣਸੁਖਾਂਵੀ ਘਟਨਾ 'ਚ ਸ਼ਾਮਲ ਮਿਲਿਆ ਤਾਂ , ਉਨ੍ਹਾਂ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"
ਮੁਹੰਮਦ ਅੰਸਾਰ ਦੀ ਗ੍ਰਿਫਤਾਰੀ
ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਮੁਹੰਮਦ ਅੰਸਾਰ ਵੀ ਸ਼ਾਮਲ ਹੈ। ਜਦੋਂ ਅਸੀਂ ਉਸ ਦੇ ਘਰ ਦੇ ਬਾਹਰ ਪਹੁੰਚੇ ਤਾਂ ਉੱਥੇ ਭੀੜ ਇੱਕਠੀ ਹੋਈ ਪਈ ਸੀ।
ਉਸ ਦੀ ਬੇਗ਼ਮ ਸਕੀਨਾ ਬੀਬੀ ਮੁਤਾਬਕ ਉਹ ਤਾਂ ਘਟਨਾ ਵਾਲੀ ਥਾਂ 'ਤੇ ਲੋਕਾਂ ਨੂੰ ਬਚਾਉਣ ਲਈ ਗਏ ਸਨ।
ਉਨ੍ਹਾਂ ਦੀ ਗੁਆਂਢਣ ਕਮਲੇਸ਼ ਗੁਪਤਾ ਨੇ ਵੀ ਕੁਝ ਅਜਿਹਾ ਹੀ ਦੱਸਿਆ।
ਦੂਜੇ ਪਾਸੇ ਵਿਸ਼ੇਸ਼ ਪੁਲਿਸ ਕਮਿਸ਼ਨਰ ਪਾਠਕ ਅਨੁਸਾਰ ਅੰਸਾਰ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪੁਲਿਸ ਦੀ ਨਿਗਰਾਨੀ ਹੇਠ ਸੀ।

ਤਸਵੀਰ ਸਰੋਤ, ANI
ਰਿਪੋਰਟਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਸ਼ਾਂਤੀ ਕਾਇਮ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ, ਸੜਕਾਂ 'ਤੇ ਸੁਰੱਖਿਆ ਬਲ ਤੈਨਾਤ ਹਨ, ਪਰ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਦਾ ਹੈ ਕਿ ਇੱਕ-ਦੂਜੇ ਪ੍ਰਤੀ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ, ਦੂਰੀਆਂ ਵੱਧ ਰਹੀਆਂ ਹਨ।
ਪੁਲਿਸ ਦੀ ਭੂਮਿਕਾ 'ਤੇ ਸਵਾਲ
ਜਹਾਂਗੀਰਪੁਰੀ ਹਿੰਸਾ ਮਾਮਲੇ 'ਚ ਪੁਲਿਸ ਹੁਣ ਤੱਕ 23 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਜਿਸ 'ਚ ਦੋ ਨਾਬਾਲਗ ਵੀ ਸ਼ਾਮਲ ਹਨ। ਗ੍ਰਿਫਤਾਰ ਕੀਤੇ ਗਏ 14 ਲੋਕਾਂ ਨੂੰ ਐਤਵਾਰ ਨੂੰ ਰੋਹਿਣੀ ਅਦਾਲਤ 'ਚ ਪੇਸ਼ ਕੀਤਾ ਗਿਆ।

ਤਸਵੀਰ ਸਰੋਤ, EPA
ਅਦਾਲਤ ਨੇ ਅੰਸਾਰ ਅਤੇ ਅਸਲਮ ਨਾਮ ਦੇ ਦੋ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਨਿਉਜ਼ ਏਜੰਸੀ ਏਐਨਆਈ ਦੇ ਅਨੁਸਾਰ ਬਾਕੀ ਦੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਦਿੱਲੀ ਜਹਾਂਗੀਰਪੁਰੀ ਇਲਾਕੇ 'ਚ ਹਨੂੰਮਾਨ ਜਯੰਤੀ ਮੌਕੇ ਨਿਕਲੇ ਜਲੂਸ 'ਚ ਵਾਪਰੀ ਹਿੰਸਾ ਦਾ ਖੁਦ ਨੋਟਿਸ ਲੈਣ ਲਈ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਮਾਣਯੋਗ ਅਦਾਲਤ 'ਚ ਦਾਇਰ ਪਟੀਸ਼ਨ 'ਚ ਇਸ ਘਟਨਾ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਗਈ ਹੈ।
ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਇੱਕ ਪਾਸੜ ਅਤੇ ਫਿਰਕੂ ਹੋਣ ਤੋਂ ਇਲਾਵਾ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













