ਸਾਧੂ ਸਿੰਘ ਧਰਮਸੋਤ ਦਾ ਪੁਲਿਸ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ, ਜਾਣੋ ਹੁਣ ਤੱਕ ਕੀ-ਕੀ ਹੋਇਆ

ਸਾਧੂ ਸਿੰਘ ਧਰਮਸੋਤ ਨੂੰ ਮੋਹਾਲੀ ਅਦਾਲਤ ਨੇ ਤਿੰਨ ਦਿਨਾਂ ਦੀ ਰਿਮਾਂਡ ਉੱਪਰ ਭੇਜ ਦਿੱਤਾ ਗਿਆ ਹੈ। ਹਾਲਾਂਕਿ ਸਾਧੂ ਸਿੰਘ ਧਰਮਸੋਤ ਨੇ ਆਪਣੇ ਉੱਪਰ ਲਗਾਏ ਗਏ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਸਾਧੂ ਸਿੰਘ ਧਰਮਸੋਤ ਨੂੰ ਵਿਜੀਂਲੈਂਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਮਾਜ ਭਲਾਈ ਅਤੇ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਸਨ।

ਸਰਕਾਰੀ ਵਕੀਲ ਐੱਚ ਐੱਸ ਧਨੋਆ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਮੁਢਲੀ ਬਹਿਸ ਤੋਂ ਬਾਅਦ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ''ਖੈਰ ਦੇ ਦਰਖ਼ਤਾਂ ਦੀ ਕਟਾਈ ਲਈ ਠੇਕੇ ਹਰ ਸਾਲ ਦਿੱਤੇ ਜਾਂਦੇ ਸਨ। ਠੇਕੇਦਾਰ ਦੀ ਡਾਇਰੀ ਵਿੱਚ ਨਾ ਮੰਤਰੀ ਦਾ ਨਾਮ ਹੈ ਨਾ ਸੰਪਰਕ ਨੰਬਰ ਹੈ। ਉਨ੍ਹਾਂ ਦੀ ਸਿੱਧੀ ਸ਼ਮੂਲੀਅਤ ਨਹੀਂ ਹੈ''।

ਉਨ੍ਹਾਂ ਨੇ ਦੱਸਿਆ ਕਿ ਸਾਧੂ ਸਿੰਘ ਧਰਮਸੋਤ ਕਹਿ ਰਹੇ ਹਨ ਕਿ ਉਹ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹਨ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਵਿਜੀਲੈਂਸ ਟੀਮ ਨੇ ਧਰਮਸੋਤ ਨੂੰ ਤੜਕੇ ਅਮਲੋਹ ਤੋਂ ਕਰੀਬ 3 ਵਜੇ ਗ੍ਰਿਫ਼ਤਾਰ ਕੀਤਾ ਗਿਆ । ਧਰਮਸੋਤ ਉੱਤੇ ਮੰਤਰੀ ਰਹਿੰਦਿਆਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ।

ਸਾਧੂ ਸਿੰਘ ਧਰਮਸੋਤ ਦੇ ਘਰ ਉੱਪਰ ਵਿਜੀਲੈਂਸ ਦੇ ਛਾਪੇ ਦੀ ਨਿਗਰਾਨੀ ਕਰ ਰਹੇ ਇੰਸਟੈਪਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਕੁਝ ''ਪਰਿਵਾਰ ਦੀ ਸਹਿਮਤੀ ਨਾਲ ਅਤੇ ਪੰਜ ਸੁਤੰਤਰ ਗਵਾਹਾਂ ਦੀ ਨਿਗਰਾਨੀ ਵਿੱਚ ਹੋਇਆ ਹੈ''।

ਲਗਭਗ ਹਰੇਕ ਚੀਜ਼ ਪੈਸੇ ਲੈਂਦੇ ਸਨ ਇਹ- ਚੀਫ਼ ਡਾਇਰੈਕਟਰ

ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਮਣੇ ਆਇਆ ਹੈ ਕਿ ਪੁਰਾਣੇ ਮੰਤਰੀ ਬੜੇ ਸੰਗਠਿਤ ਤਰੀਕੇ ਨਾਲ ਜੰਗਲਾਤ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਕਰਦੇ ਸਨ, ਪੈਸੇ ਲੈਂਦੇ ਸੀ।

ਉਨ੍ਹਾਂ ਨੇ ਕਿਹਾ, "ਉਹ 500 ਰੁਪਏ ਪ੍ਰਤੀ ਰੁੱਖ਼ ਦੀ ਕਟਾਈ ਲੈਂਦੇ ਸਨ। ਇਸ ਤੋਂ ਇਲਾਵਾ ਉਹ ਬਦਲੀਆਂ, ਪੋਸਟਿੰਗ, ਇਸ ਤੋਂ ਇਲਾਲਾ ਕੋਈ ਚੀਜ਼ ਖਰੀਦਣ, ਬਾੜ ਲਗਾਉਣ, ਲਗਭਗ ਹਰੇਕ ਚੀਜ਼ ਦਾ ਉਹ ਪੈਸਾ ਲੈਂਦੇ ਸੀ।"

"ਉਨ੍ਹਾਂ ਨੇ ਕੁਝ ਖ਼ਾਸ ਬੰਦੇ ਰੱਖੇ ਹੋਏ ਸਨ, ਜਿਨ੍ਹਾਂ ਕੋਲ ਇਹ ਪੈਸੇ ਜਾਂਦੇ ਸੀ। ਇਸੇ ਆਧਾਰ 'ਤੇ ਅਸੀਂ ਕੇਸ ਦਰਜ ਕਰ ਕੇ ਕੱਲ੍ਹ ਰਾਤ ਕਾਰਵਾਈ ਕੀਤੀ।"

ਵਰਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਸਾਧੂ ਸਿੰਘ ਧਰਮਸੋਤ ਦੇ ਨਾਲ ਕਮਲਜੀਤ ਸਿੰਘ ਅਤੇ ਚਮਕੌਰ ਸਿੰਘ ਨਾਮ ਦੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਮੁਤਾਬਕ, "ਸਾਹਮਣੇ ਆਇਆ ਸੀ ਕਿ ਇਨ੍ਹਾਂ ਰਾਹੀਂ ਪੈਸੇ ਲਏ ਜਾਂਦੇ ਸਨ।''

ਵਰਿੰਦਰ ਕੁਮਾਰ ਨੇ ਕਿਹਾ ਹੈ ਕਿ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਈ ਜਾਵੇਗੀ।

ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖ਼ੋਰੀ ਕਰਾਰ ਦਿੱਤਾ ਹੈ।

ਕੋਟਲੀ ਨੇ ਕਿਹਾ, ''ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਵੀ ਕਲੀਨ ਚਿੱਟ ਮਿਲੀ ਸੀ ਤੇ ਹੁਣ ਮਿਲ ਜਾਵੇਗੀ।''

ਐੱਫਆਈਆਰ ਵਿੱਚ ਸੰਗਤ ਗਿਲਜੀਆ ਦਾ ਨਾਮ ਵੀ ਦਰਜ

ਵਿਜੀਲੈਂਸ, ਵਲੋਂ ਦਰਜ ਕੀਤੀ ਗਈ ਐੱਫਆਈਆਰ ਵਿਚ ਅਮਿਤ ਚੌਹਾਨ, ਆਈਐੱਫਐੱਸ, ਗੁਰਅਮਨਪ੍ਰੀਤ ਸਿੰਘ ਵਣ ਮੰਡਲ ਅਫ਼ਸਰ ਮੋਹਾਲੀ ਅਤੇ ਦਿਲਪ੍ਰੀਤ ਸਿੰਘ ਵਣ ਗਾਰਡ ਵੀ ਮੁਲਜ਼ਮ ਦੱਸੇ ਗਏ ਹਨ।

ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਜੰਗਲਾਤ ਵਿਭਾਗ ਤੋਂ ਇਲਾਵਾ ਸੰਗਤ ਸਿੰਘ ਗਿਲਜੀਆ ਸਾਬਕਾ ਮੰਤਰੀ ਜੰਗਲਾਤ ਵਿਭਾਗ ਦਾ ਨਾਂ ਵੀ ਐੱਫ਼ਆਈਆਰ ਵਿਚ ਸ਼ਾਮਲ ਹੈ।

ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਦੇ ਓਐੱਸਡੀ ਚਮਕੌਰ ਸਿੰਘ, ਕਮਲਜੀਤ ਸਿੰਘ ਵਾਸੀ ਖੰਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਸੰਗਤ ਸਿੰਘ ਗਿਲਜੀਆ ਦੇ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ, ਸਚਿਨ ਕੁਮਾਰ ਦੇ ਨਾਮ ਮੁਲਜ਼ਮਾਂ ਵਿਚ ਸ਼ਾਮਲ ਕੀਤੇ ਗਏ ਹਨ।

ਵਿਜੀਲੈਂਸ ਟੀਮ ਨਹੀਂ ਦਿਖਾ ਰਹੀ ਸਰਚ ਵਾਰੰਟ- ਵਕੀਲ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਅਮਲੋਹ ਵਿਖੇ ਪਟਿਆਲਾ ਵਿਜੀਲੈਂਸ ਦੀ ਟੀਮ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ।

ਇਸ ਦੌਰਾਨ ਐਡਵੋਕੇਟ ਸ਼ੀਤਲ ਨੇ ਵਿਜੀਲੈਂਸ ਦੀ ਟੀਮ ਤੋਂ ਸਰਚ ਅਪਰੇਸ਼ਨ ਦੇ ਸਰਚ ਵਰੰਟ ਬਾਰੇ ਪੁੱਛਿਆ ਤਾਂ ਵਿਜੀਲੈਂਸ ਦੀ ਟੀਮ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਇਸ ਮੌਕੇ ਐਡਵੋਕੇਟ ਸ਼ੀਤਲ ਨੇ ਕਿਹਾ ਸੀ ਕਿ ਉਹ ਪਿਛਲੇ ਅੱਧੇ ਘੰਟੇ ਤੋਂ ਵਿਜੀਲੈਂਸ ਦੀ ਟੀਮ ਨੂੰ ਸਰਚ ਵਰੰਟ ਦਿਖਉਣ ਦੀ ਮੰਗ ਕਰ ਰਹੇ ਹਨ ਪਰ ਵਿਜੀਲੈਂਸ ਦੀ ਟੀਮ ਵਲੋ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ ਇਹ ਸਾਰਾ ਸਰ ਧੱਕਾ ਹੈ।

ਸਾਧੂ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਲਾਸ਼ੀ

ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਟਿਆਲਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ।

ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਤਲਾਸ਼ੀ ਦੌਰਾਨ ਕਿਸੇ ਵੀ ਰਿਸ਼ਤੇਦਾਰ ਅਤੇ ਸਮਰਥਕ ਨੂੰ ਘਰ ਦੇ ਅੰਦਰ ਨਹੀਂ ਆਉਣ ਦਿੱਤਾ।

ਧਰਮਸੋਤ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਪੂਰੇ ਘਰ ਨੂੰ ਘੇਰਾ ਪਾਇਆ ਅਤੇ ਤੜਕਸਾਰ ਮੰਤਰੀ ਰਹਿ ਚੁੱਕੇ ਆਗੂ ਦੀ ਗੈਂਗਸਟਰਾਂ ਵਾਂਗ ਗ੍ਰਿਫਤਾਰੀ ਕੀਤੀ।

ਗੁਰਮੀਤ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਫਰਜ਼ੀ ਇਲਜ਼ਮ ਹਨ, ਉਨ੍ਹਾਂ ਕਿਹਾ ਇੱਕ ਸਥਾਨਕ ਐੱਮਸੀ ਹੀ ਪੁਲਿਸ ਦੀ ਤਲਾਸ਼ੀ ਦੌਰਾਨ ਅੰਦਰ ਹੈ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।

ਸਾਬਕਾ ਮੰਤਰੀ ਦੀਆਂ ਰਿਸ਼ਤੇਦਾਰ 2 ਔਰਤਾਂ ਵਿਚ ਖ਼ਬਰ ਸੁਣ ਕੇ ਘਰ ਪਹੁੰਚੀਆਂ ਪਰ ਪੁਲਿਸ ਨੇ ਉਨ੍ਹਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ।

ਸਾਧੂ ਸਿੰਘ ਧਰਮਸੋਤ ਦੇ ਬੇਟੀ ਬੱਬੂ ਰਾਣੀ ਨੇ ਕਿਹਾ, "ਸਾਡੇ ਢਿੱਡ ਭੁੱਖੇ ਹਨ ਸਾਨੂੰ ਸਵੇਰ ਦੀ ਰੋਟੀ ਤਾਂ ਦੂਰ ਦੀ ਗੱਲ ਪਾਣੀ ਵੀ ਪੀਣ ਨਹੀਂ ਦਿੱਤਾ ਗਿਆ ਅਸੀਂ ਗਰੀਬ ਹਾਂ ਅਤੇ ਨੀਵੀਂ ਜਾਤੀ ਨਾਲ਼ ਸਬੰਧ ਰੱਖਦੇ ਹਾਂ ਜਿਸ ਕਾਰਨ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ।"

ਉਨ੍ਹਾਂ ਦੇ ਅੱਗੇ ਦੱਸਿਆ, "ਮੇਰੇ ਪਤੀ ਆਟੋ ਚਲਾਉਂਦੇ ਹਨ। ਪਹਿਲਾਂ ਸਾਡੀ ਫੈਕਟਰੀ ਸੀ। ਲੌਕਡਾਊਨ ਵਿੱਚ ਮਾੜਾ-ਮੋਟਾ ਕੰਮ ਹੋਇਆ ਤੇ ਥੋੜ੍ਹਾ-ਬਹੁਤ ਚੱਲਦਾ ਪਿਆ। ਹੁਣ ਆਟੋ ਚਲਾਉਂਦੇ ਹਨ।"

"ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਮੇਰੇ ਕੋਲ ਤਾਕਤ ਨਹੀਂ ਹੈ ਅਜੇ ਨਾ ਮੈਂ ਨੌਕਰੀ ਲਗਵਾ ਸਕਦਾ ਤੇ ਨਾ ਹੀ ਮੈਂ ਪੈਸਾ ਦੇ ਸਕਦਾ। ਇਹ ਤਾਂ ਗਰੀਬ ਨਾਲ ਧੱਕਾ ਕੀਤਾ ਜਾ ਰਿਹਾ। ਸਾਨੂੰ ਇਨਸਾਫ਼ ਚਾਹੀਦਾ, ਸਾਡੀ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਇਨਸਾਫ਼ ਦਿਓ।"

ਉਨ੍ਹਾਂ ਦਾ ਕਹਿਣਾ ਹੈ, "ਚੋਣ ਦੇ ਮੱਦੇਨਜ਼ਰ ਸਭ ਦੱਬਿਆ ਜਾ ਰਿਹਾ ਹੈ। ਕੱਲ੍ਹ ਸਿੱਧੂ ਮੂਸੇਵਾਲੇ ਦਾ ਭੋਗ ਹੈ, ਉਹ ਉਧਰ ਦਿਆਨ ਦੇਣ। ਉਸ ਨਾਲ ਇਨਸਾਫ਼ ਤਾਂ ਕਰਨ। ਉਸ ਦੇ ਮਾਪੇ ਰੋ ਰਹੇ ਹਨ।"

ਇਨ੍ਹਾਂ ਔਰਤਾਂ ਨੇ ਵੀ ਸਾਧੂ ਸਿੰਘ ਉੱਤੇ ਲਾਏ ਇਸਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ।

ਹਾਲਾਂਕਿ, ਜਦੋਂ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਤਾਂ ਧਰਮਸੋਤ ਨੂੰ ਵੀ ਮੰਤਰੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ।

ਸਾਬਕਾ ਮੰਤਰੀ ਧਰਮਸੋਤ ਦਾ ਐੱਸਸੀ, ਬੀਸੀ ਸਕਾਲਰਸ਼ਿਪ ਘੁਟਾਲੇ ਵਿੱਚ ਵੀ ਨਾਮ ਜੁੜਿਆ ਸੀ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਨੂੰ ਲੈ ਕੇ ਕਾਫ਼ੀ ਰੋਸ ਮੁਜ਼ਾਹਰੇ ਹੁੰਦੇ ਰਹੇ ਹਨ।

ਇਸ ਤੋਂ ਪਹਿਲਾਂ ਪੰਜਾਬ ਦੀ 'ਆਪ' ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤਾ ਹੈ।

ਮੁਹਾਲੀ ਦੇ ਡੀਐੱਫ਼ਓ ਦੇ ਖੁਲਾਸਿਆਂ ਤੋਂ ਬਾਅਦ ਗ੍ਰਿਫ਼ਤਾਰੀ

ਵਿਜੀਂਲੈਂਸ ਨੇ ਪਿਛਲੇ ਹਫ਼ਤੇ ਰਿਸ਼ਵਤਖੋਰੀ ਮਾਮਲੇ ਵਿਚ ਮੁਹਾਲੀ ਦੇ ਜਿਲ੍ਹਾਂ ਜੰਗਲਾਤ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਉਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਦੱਸਿਆ ਕਿ ਸਾਧੂ ਸਿੰਘ ਧਰਮਸੋਤ ਕਿਵੇਂ ਰੁੱਖ ਕੱਟਣ ਦੇ ਪੈਸੇ ਲੈਂਦੇ ਸੀ।

ਸਾਧੂ ਸਿੰਘ ਧਰਮਸੋਤ ਉੱਤੇ ਲਗਾਏ ਜਾ ਰਹੇ ਇਲਜ਼ਾਮਾਂ ਉੱਤੇ ਸਾਬਕਾ ਮੰਤਰੀ ਜਾਂ ਉਨ੍ਹਾਂ ਦੇ ਵਕੀਲ ਤੇ ਪਰਿਵਾਰ ਦਾ ਪ੍ਰਤੀਕਰਮ ਨਹੀਂ ਆਇਆ ਹੈ। ਜਿਵੇਂ ਹੀ ਉਨ੍ਹਾਂ ਦਾ ਪੱਖ ਆਏਗਾ, ਉਸ ਨੂੰ ਅਪਡੇਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਮੁੱਖ ਮੰਤਰੀ ਨੇ ਕੀਤਾ ਸੀ ਗ੍ਰਿਫ਼਼ਤਾਰੀ ਦਾ ਇਸ਼ਾਰਾ

ਬੀਤੇ 15 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੰਕੇਤ ਦਿੱਤੇ ਸਨ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜਲਦ ਹੀ ਜੇਲ੍ਹ ਵਿਚ ਹੋਣਗੇ।

ਸਾਧੂ ਸਿੰਘ ਧਰਮਸੋਤ ਨੂੰ ਭਾਵੇਂ ਵਿਜੀਲੈਂਸ ਨੇ ਰਿਸ਼ਵਤ ਲੈ ਕੇ ਰੁੱਖਾਂ ਦੀ ਕਟਾਈ ਕਰਵਾਉਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀ ਐੱਸਸੀ-ਬੀਸੀ ਵਜ਼ੀਫਾ ਘੁਟਾਲੇ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਦੀ ਗੱਲ ਕਰਦੇ ਰਹੇ ਹਨ।

ਆਮ ਆਦਮੀ ਪਾਰਟੀ ਸਣੇ ਵਿਰੋਧੀ ਧਿਰਾਂ ਲਗਾਤਾਰ ਸਾਧੂ ਸਿੰਘ ਧਰਮਸੋਤ ਖਿਲਾਫ਼ ਕਾਰਵਾਈ ਦੀ ਮੰਗ ਕਰਦੀਆਂ ਰਹੀਆਂ ਹਨ।

ਉਨ੍ਹਾਂ ਖਿਲਾਫ਼ ਬਹੁਤ ਸਾਰੇ ਰੋਸ ਮੁਜ਼ਾਹਰੇ ਹੁੰਦੇ ਹਨ, ਪਰ ਕੈਪਟਨ ਸਰਕਾਰ ਨੇ ਵਿਭਾਗੀ ਜਾਂਚ ਕਰਵਾ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਸੀ।

ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਉੱਤੋਂ ਹਟਾਇਆ ਗਿਆ ਤਾਂ ਚਰਨਜੀਤ ਸਿੰਘ ਚੰਨੀ ਨੇ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ।

ਸਾਧੂ ਸਿੰਘ ਧਰਮਸੋਤ ਦਾ ਪਿਛੋਕੜ

ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਵਿਚ ਕਾਂਗਰਸ ਦੇ ਦਲਿਤ ਸਮਾਜ ਨਾਲ ਸਬੰਧਤ ਆਗੂਆਂ ਵਿਚੋਂ ਮੋਹਰੀ ਆਗੂ ਸਮਝਿਆ ਜਾਂਦਾ ਹੈ।

ਉਨ੍ਹਾਂ ਦਾ ਜਨਮ 1960 ਵਿਚ ਮੌਜੂਦਾ ਫਤਹਿਗੜ੍ਹ ਸਾਹਿਬ ਦੇ ਕਸਬਾ ਅਮਲੋਹ ਵਿਚ ਹੋਇਆ।

ਜਿੱਥੋਂ ਉਨ੍ਹਾਂ ਨੇ ਆਪਣੇ ਸਿਆਸਤ ਸਫ਼ਰ ਦੀ ਸ਼ੁਰੂਆਤ ਕੀਤੀ। ਉਹ ਅਮਲੋਹ ਹਲਕੇ ਤੋਂ ਚਾਰ ਵਾਰ ਵਿਧਾਇਕ ਬਣੇ।

ਹਲਕਾਬੰਦੀ ਤੋਂ ਬਾਅਦ ਉਨ੍ਹਾਂ ਨੂੰ ਨਾਭਾ ਦਾ ਰਾਖਵਾਂ ਹਲਕਾ ਬਣਨ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਨਾਭਾ ਤੋਂ ਲੜਨੀਆਂ ਪਈਆਂ ਅਤੇ ਉਹ ਜਿੱਤ ਹਾਸਲ ਕਰਕੇ ਸਰਕਾਰ ਵਿਚ ਮੰਤਰੀ ਬਣੇ।

2005 ਵਿੱਚ ਪੀਡਬਲਯੂਡੀ ਗ੍ਰਹਿ ਅਤੇ ਕਾਨੂੰਨ ਤੇ ਨਿਆਂ ਦੇ ਸੰਸਦੀ ਸਕੱਤਰ ਵਜੋਂ ਵੀ ਤੈਨਾਤ ਰਹੇ ਹਨ।

ਸਾਲ 2017 ਵਿੱਚ ਕੈਬਨਿਟ ਮੰਤਰੀ ਜੰਗਲਾਤ ਛਪਾਈ ਅਤੇ ਸਟੇਸ਼ਨਰੀ ਅਤੇ ਐਸਸੀਬੀਸੀ ਭਲਾਈ ਮੰਤਰੀ ਵੀ ਰਹੇ ਹਨ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਧਰਮਸੋਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਰਕਾਰ ਵਿਚ ਸਾਧੂ ਸਿੰਘ ਧਰਮਸੋਤ ਨੂੰ ਸਮਾਜ ਭਲਾਈ ਅਤੇ ਜੰਗਲਾਤ ਮੰਤਰੀ ਬਣਾਇਆ ਗਿਆ ਸੀ।

ਮੰਤਰੀ ਰਹਿੰਦਿਆਂ ਉਨ੍ਹਾਂ ਖਿਲਾਫ਼ ਦਲਿਤ ਵਿਦਿਆਰਥੀਆਂ ਦੇ ਵਜੀਫੇ ਵਿਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ।

ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਨੇ ਸਾਧੂ ਸਿੰਘ ਖਿਲਾਫ਼ ਜਾਂਚ ਦੇ ਹੁਕਮ ਵੀ ਦਿੱਤੇ, ਪਰ ਕੈਪਟਨ ਸਰਕਾਰ ਨੇ ਤਿੰਨ ਆਈਏਐੱਸ ਅਫ਼ਸਰਾਂ ਦੀ ਜਾਂਚ ਕਮੇਟੀ ਬਣਾ ਕੇ ਸਾਧੂ ਸਿੰਘ ਨੂੰ ਕਲੀਨਚਿਟ ਦੇ ਦਿੱਤੀ ਸੀ।

ਵਿਰੋਧੀ ਧਿਰ ਦੇ ਲਗਾਤਾਰ ਵਿਰੋਧ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੰਤਰੀ ਸਾਧੂ ਸਿੰਘ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਧੂ ਸਿੰਘ ਧਰਮਸੋਤ ਆਮ ਆਦਮੀ ਪਾਰਟੀ ਦੇ ਗੁਰਦੇਵ ਸਿੰਘ ਮਾਨ ਤੋਂ ਚੋਣ ਹਾਰ ਗਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)