You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਕੇਸ ਵਿਚ ਪੁਲਿਸ ਨੇ 4 ਸ਼ੂਟਰਾਂ ਦੀ ਪਛਾਣ ਦਾ ਕੀਤਾ ਦਾਅਵਾ, 8 ਗ੍ਰਿਫ਼ਤਾਰ ਮੁਲਜ਼ਮਾਂ ਦਾ ਇਹ ਰੋਲ ਦੱਸਿਆ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਘੱਟੋ-ਘੱਟ ਅੱਠ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਚਾਰ ਸ਼ੂਟਰਾਂ ਦੀ ਪਛਾਣ ਕਰਨ ਦਾ ਵੀ ਦਾਅਵਾ ਕੀਤਾ ਹੈ।
ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ।
29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਦੋ ਹੋਰ ਵਿਅਕਤੀਆਂ ਨਾਲ ਮਾਨਸਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਮੂਸਾ ਤੋਂ ਜਵਾਹਰਕੇ ਪਿੰਡ ਜਾ ਰਹੇ ਸੀ ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਉਸ ਵੇਲੇ ਉਨ੍ਹਾਂ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ। 26 ਮਈ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਦੀਆਂ 424 ਹਸਤੀਆਂ ਦੀ ਸੁਰੱਖਿਆ ਵਿੱਚ ਕਮੀ ਕੀਤੀ ਗਈ। ਇਨ੍ਹਾਂ ਹਸਤੀਆਂ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸਨ।
ਗ੍ਰਿਫ਼ਤਾਰ ਲੋਕਾਂ ਦੀ ਪਛਾਣ ਇਸ ਤਰ੍ਹਾਂ ਹੈ:
- ਸਿਰਸਾ ਵਾਸੀ ਸੰਦੀਪ ਸਿੰਘ ਉਰਫ਼ ਕੇਕੜਾ
- ਤਲਵੰਡੀ ਸਾਬੋ ਵਾਸੀ ਮਨਪ੍ਰੀਤ ਸਿੰਘ ਉਰਫ਼ ਮੰਨਾ
- ਫਰੀਦਕੋਟ ਦੇ ਢੈਪਈ ਤੋਂ ਮਨਪ੍ਰੀਤ ਭਾਊ
- ਅੰਮ੍ਰਿਤਰਸਰ ਦੇ ਡੋਡੇ ਕਲਸੀਆਂ ਤੋਂ ਸਰਾਜ ਮਿੰਟੂ
- ਹਰਿਆਣਾ ਦੇ ਤਖ਼ਤ ਮੱਲ ਤੋਂ ਪ੍ਰਦੀਪ ਸਿੰਘ ਸਿੱਧੂ ਉਰਫ਼ ਪੱਬੀ
- ਰਿਵਾੜੀ ਤੋਂ ਮੋਨੂ ਡੋਗਰ
- ਫਤਿਹਾਬਾਦ ਤੋਂ ਪਵਨ ਬਿਸ਼ਨੋਈ ਅਤੇ ਨਸੀਬ
ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।
ਕੇਕੜਾ ਬਣਿਆ ਸੀ ਭੇਤੀ - ਪੁਲਿਸ
ਗ੍ਰਿਫ਼ਤਾਰ ਲੋਕਾਂ ਦੀ ਭੂਮਿਕਾ ਬਾਰੇ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਮੰਗਲਵਾਰ ਨੂੰ ਦੱਸਿਆ, "ਸੰਦੀਪ ਸਿੰਘ ਕੇਕੜਾ ਨੇ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਕਹਿਣ 'ਤੇ ਗਾਇਕ ਦਾ ਫੈਨ ਬਣ ਕੇ ਉਨ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਿਗ੍ਹਾ ਰੱਖੀ ਸੀ।"
"ਕੇਕੜਾ ਨੇ ਕਤਲ ਤੋਂ ਕੁਝ ਦੇਰ ਪਹਿਲਾਂ ਜਦੋਂ ਗਾਇਕ ਆਪਣੇ ਘਰੋਂ ਨਿਕਲੇ ਸਨ ਤਾਂ ਉਨ੍ਹਾਂ ਨਾਲ ਇੱਕ ਸੈਲਫ਼ੀ ਵੀ ਲਈ ਸੀ।"
ਏਡੀਜੀਪੀ ਨੇ ਦੱਸਿਆ, ਕੇਕੜਾ ਨੇ ਸਾਰੀ ਜਾਣਕਾਰੀ ਜਿਵੇਂ ਗਾਇਕ ਦੇ ਨਾਲ ਸੁਰੱਖਿਆ ਕਰਮੀ ਨਹੀਂ ਸਨ, ਉਨ੍ਹਾਂ ਦੇ ਨਾਲ ਕਿੰਨੇ ਜਣੇ ਸਨ। ਗੱਡੀ ਦੀ ਜਾਣਕਾਰੀ ਅਤੇ ਇਹ ਵੀ ਕਿ ਉਹ ਗ਼ੈਰ-ਬੁਲਟ ਪਰੂਫ਼ ਗੱਡੀ ਮਹਿੰਦਰਾ ਥਾਰ ਵਿੱਚ ਹਨ ਸ਼ੂਟਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਹੈਂਡਲਰਾਂ ਨਾਲ ਸਾਂਝੀ ਕੀਤੀ।"
ਇਹ ਵੀ ਪੜ੍ਹੋ-
ਜਨਵਰੀ ਤੋਂ ਹੀ ਤਿਆਰੀ ਸ਼ੁਰੂ ਹੋ ਗਈ ਸੀ - ਪੁਲਿਸ
ਉਨ੍ਹਾਂ ਨੇ ਦੱਸਿਆ, "ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਇੱਕ ਟੋਇਓਟਾ ਕਰੋਲਾ ਕਾਰ ਵੀ ਮੁਹੱਈਆ ਕਰਵਾਈ ਸੀ।"
"ਉਸ ਨੇ ਇਹ ਕਾਰ ਸਰਾਜ ਮਿੰਟੂ ਦੇ ਕਹਿਣ 'ਤੇ ਦੋ ਸ਼ੱਕੀ ਸ਼ੂਟਰਾਂ ਨੂੰ ਦਿੱਤੀ ਸੀ। ਸਰਾਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਥੱਪਨ ਦਾ ਨਜ਼ਦੀਕੀ ਸਾਥੀ ਹੈ।"
ਏਡੀਜੀਪੀ ਨੇ ਕਿਹਾ ਕਿ ਪੰਜਵੇਂ ਮੁਲਜ਼ਮ ਪ੍ਰਦੀਪ ਸਿੰਘ ਸਿੱਧੂ ਉਰਫ਼ 'ਪੱਬੀ' ਨੇ ਗੋਲਡੀ ਬਰਾੜ ਦੇ ਹਰਿਆਣਾ ਤੋਂ ਆਏ ਦੋਵਾਂ ਸਹਿਯੋਗੀਆਂ ਨੂੰ ਰਹਿਣ ਲਈ ਥਾਂ ਮੁਹੱਈਆ ਕਰਵਾਈ ਸੀ।
"ਇਹ ਲੋਕ ਜਨਵਰੀ 2022 ਵਿੱਚ ਹੀ ਆ ਗਏ ਸਨ ਅਤੇ ਪੱਬੀ ਨੇ ਇਨ੍ਹਾਂ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੇ ਘਰ ਅਤੇ ਗਲੀ-ਗੁਆਂਢ ਦੀ ਰੇਕੀ ਵੀ ਕੀਤੀ ਸੀ।"
"ਜਦਕਿ ਮੋਨੂ ਡਾਗਰ ਨੇ ਦੋਵਾਂ ਸ਼ੂਟਰਾਂ ਨੂੰ ਗੋਲਡੀ ਦੀਆਂ ਹਦਾਇਤਾਂ ਮੁਤਾਬਕ ਕਤਲ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਦੀ ਟੀਮ ਇਕੱਠੀ ਕਰਨ ਵਿੱਚ ਮਦਦ ਕੀਤੀ ਸੀ।"
ਏਡੀਜੀਪੀ ਨੇ ਦੱਸਿਆ ਕਿ ਪਵਨ ਬਿਸ਼ਨੋਈ ਅਤੇ ਨਸੀਬ ਨੇ ਸ਼ੂਟਰਾਂ ਨੂੰ ਬੋਲੈਰੋ ਗੱਡੀ ਅਤੇ ਲੁਕਣ ਦੀ ਥਾਂ ਮੁਹੱਈਆ ਕਰਵਾਈ।
ਐਡੀਜੀਪੀ ਬਾਨ ਨੇ ਦੱਸਿਆ ਸੀ ਐਸਆਈਟੀ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਛਾਣੇ ਜਾ ਚੁੱਕੇ ਸੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਸਿੱਧੂ ਮੂਸੇਵਾਲਾ ਨੂੰ ਮਿਲ ਰਹੀਆਂ ਸਨ ਧਮਕੀਆਂ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਕੁਝ ਗੈਂਗਜ਼ ਤੋਂ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਸਨ।
ਮੂਸੇਵਾਲਾ ਦੇ ਮਾਤਾ-ਪਿਤਾ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤੇ ਉਨ੍ਹਾਂ ਨੇ ਉਸ ਲਈ ਇਨਸਾਫ਼ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਕੇਂਦਰੀ ਏਜੰਸੀ ਤੋਂ ਉਨ੍ਹਾਂ ਦੇ ਕਤਲ ਦੀ ਜਾਂਚ ਕਰਵਾਈ ਜਾਵੇ।
ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਆਪਣੇ ਹੁਕਮਾਂ 'ਤੇ ਐਨਆਈਏ ਜਾਂ ਸੀਬੀਆਈ ਨੂੰ ਕਤਲ ਦੀ ਜਾਂਚ ਕਰਨ ਲਈ ਨਹੀਂ ਕਹਿ ਸਕਦੀ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਇਹ ਸਿਫ਼ਾਰਸ਼ ਕਰਨੀ ਪਵੇਗੀ।
ਇਸ ਤੋਂ ਪਹਿਲਾਂ, ਸੂਬਾ ਸਰਕਾਰ ਨੇ ਕਤਲ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਬੇਨਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਠੁਕਰਾ ਦਿੱਤਾ ਸੀ।
ਇਹ ਵੀ ਪੜ੍ਹੋ: