ਸਿੱਧੂ ਮੂਸੇਵਾਲਾ ਕਤਲ ਕੇਸ: ਪੁਲਿਸ ਨੇ ਕਿਹਾ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾਵੇਗਾ - ਪ੍ਰੈੱਸ ਰਿਵੀਊ

ਪੁਲਿਸ ਡਾਇਰੈਕਟਰ ਜਨਰਲ ਵੀਕੇ ਭੰਵਰਾ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਪੁਨਰਗਠਿਤ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਸੂਬੇ ਵਿੱਚ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਛੇ ਮੈਂਬਰੀ ਐੱਸਆਈਟੀ ਦੀ ਅਗਵਾਈ ਏਡੀਜੀਪੀ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ), ਪ੍ਰਮੋਦ ਬਾਨ ਕਰਨਗੇ।

ਇਸ ਦੇ ਨਵੇਂ ਚੇਅਰਮੈਨ, ਆਈਜੀਪੀ (ਪੰਜਾਬ ਆਰਮਡ ਪੁਲਿਸ) ਜਸਕਰਨ ਸਿੰਘ ਅਤੇ ਦੋ ਹੋਰ ਨਵੇਂ ਮੈਂਬਰ ਸਹਾਇਕ ਇੰਸਪੈਕਟਰ ਜਨਰਲ (ਏਜੀਟੀਐੱਫ) ਗੁਰਮੀਤ ਸਿੰਘ ਚੌਹਾਨ ਅਤੇ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਸ਼ਾਮਿਲ ਹੋਣਗੇ।

ਮਾਨਸਾ ਦੇ ਐੱਸਪੀ (ਇਨਵੈਸਟੀਗੇਸ਼ਨ) ਧਰਮਵੀਰ ਸਿੰਘ, ਬਠਿੰਡਾ ਦੇ ਡੀਐੱਸਪੀ (ਇਨਵੈਸਟੀਗੇਸ਼ਨ) ਵਿਸ਼ਵਜੀਤ ਸਿੰਘ ਅਤੇ ਮਾਨਸਾ ਸੀਆਈਏ ਇੰਚਾਰਜ ਪ੍ਰਿਥੀਪਾਲ ਸਿੰਘ ਇਸ ਦੇ ਮੌਜੂਦਾ ਮੈਂਬਰ ਹਨ।

ਮਾਨਸਾ ਦੇ ਐੱਸਐੱਸਪੀ ਨੇ ਦੱਸਿਆ, "ਅਸੀਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੂਬੇ ਵਿੱਚ ਲਿਆਉਣ ਤੋਂ ਬਾਅਦ ਪੁੱਛਗਿੱਛ ਕਰਾਂਗੇ।"

"ਫਿਲਹਾਲ ਬਿਸ਼ਨੋਈ ਦਿੱਲੀ ਪੁਲਿਸ ਦੀ ਹਿਰਾਸਤ 'ਚ ਹੈ। ਅਸੀਂ ਉਸ ਨੂੰ ਕਾਨੂੰਨ ਮੁਤਾਬਕ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕਰਾਂਗੇ।"

ਅਖ਼ਬਾਰ ਨੇ ਲਿਖਿਆ ਹੈ ਕਿ ਪੰਜਾਬ ਪੁਲਿਸ ਦੀ ਟੀਮ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਦਿੱਲੀ ਰਵਾਨਾ ਹੋ ਗਈ ਹੈ।

ਹਾਲਾਂਕਿ, ਬਿਸ਼ਨੋਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗੁਹਾਰ ਲਗਾ ਕੇ ਕਿਹਾ ਗਿਆ ਹੈ ਉਸ ਨੂੰ ਪੰਜਾਬ ਨਾ ਭੇਜਿਆ ਜਾਵੇ, ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦਾ ਫੇਕ ਐਨਕਾਊਂਟਰ ਹੋ ਸਕਦਾ ਹੈ।

ਇਹ ਵੀ ਪੜ੍ਹੋ:-

ਹੁਣ ਵਟਸਐੱਪ 'ਤੇ ਤੁਸੀਂ ਭੇਜਿਆ ਹੋਇਆ ਸੰਦੇਸ਼ ਵੀ ਸੋਧ ਸਕੋਗੇ

ਜੇਕਰ ਇੱਕ ਵਾਰ ਵਟਸਐੱਪ ਮੈਸੇਜ ਭੇਜ ਦਿੱਤਾ ਤਾਂ ਉਸ ਨੂੰ ਸੋਧਣਾ ਅਸੰਭਵ ਸੀ ਪਰ ਵਟਸਐੱਪ, ਇੱਕ ਨਵੇਂ ਐਡਿਟ ਫੀਚਰ ਨਾਲ ਇਸ ਦੇ ਹੱਲ 'ਤੇ ਕੰਮ ਕਰ ਰਿਹਾ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਇਹ ਵਿਸ਼ੇਸ਼ਤਾ ਤੁਹਾਨੂੰ ਸੰਦੇਸ਼ਾਂ ਦੇ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਐਡੀਟਿੰਗ ਯਾਨਿ ਸੰਪਾਦਿਤ ਜਾਂ ਸੋਧਣ ਦਾ ਬਦਲ ਦੇਵੇਗੀ।

WABetaInfo ਦੀ ਇੱਕ ਨਵੀਂ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਐਡਿਟ ਮੈਸੇਜ ਫੀਚਰ ਜਲਦੀ ਹੀ ਐਪ ਦੇ ਬੀਟਾ ਸੰਸਕਰਣਾਂ ਵਿੱਚ ਆ ਸਕਦਾ ਹੈ।

ਇਹ ਵਿਸ਼ੇਸ਼ਤਾ ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐੱਪ ਨੂੰ ਟੈਲੀਗ੍ਰਾਮ ਦੇ ਮੁਕਾਬਲੇ 'ਤੇ ਲੈ ਆਵੇਗੀ , ਜੋ ਪਹਿਲਾਂ ਹੀ ਉਪਭੋਗਤਾਵਾਂ ਨੂੰ ਇੱਕ ਵਾਰ ਭੇਜੇ ਜਾਣ 'ਤੇ ਸੰਦੇਸ਼ਾਂ ਨੂੰ ਸੰਪਾਦਿਤ ਕਰਨ ਦੀ ਯੋਗਤਾ ਦਿੰਦਾ ਹੈ।

ਏਸ਼ੀਆ ਕੱਪ ਹਾਕੀ 2022: ਭਾਰਤ ਨੇ ਜਾਪਾਨ ਨੂੰ ਹਰਾ ਜਿੱਤਿਆ ਕਾਂਸੀ ਤਮਗਾ

ਭਾਰਤ ਨੇ ਏਸ਼ੀਆ ਕੱਪ ਵਿੱਚ ਜਾਪਾਨ ਨੂੰ 1-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਰਾਜਕੁਮਾਰ ਪਾਲ ਨੇ ਪਹਿਲੇ ਕੁਆਰਟਰ ਵਿੱਚ ਭਾਰਤ ਨੂੰ ਅੱਗੇ ਪਹੁੰਚਾਇਆ, ਜਿਸ ਤੋਂ ਬਾਅਦ ਉਹ ਬੜ੍ਹਤ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ।

ਜਾਪਾਨ ਕੋਲ ਸੱਤ ਪੈਨਲਟੀ ਕਾਰਨਰ ਸਨ ਜਦਕਿ ਭਾਰਤ ਕੋਲ ਸਿਰਫ਼ ਦੋ ਸਨ ਪਰ ਭਾਰਤ ਸਰਕਲ ਪੈਨਲਟੀ ਕਾਰਨਰ ਦੇ ਮਾਮਲੇ 'ਚ 11-10 ਨਾਲ ਅੱਗੇ ਸੀ।

ਇਸੇ ਦੌਰਾਨ ਦੱਖਣੀ ਕੋਰੀਆ ਨੇ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)