ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜਾਂਚ ਬਾਰੇ 7 ਅਹਿਮ ਸਵਾਲਾਂ ਦੇ ਜਵਾਬ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Sidhu muse wala/fb

ਤਸਵੀਰ ਕੈਪਸ਼ਨ, 29 ਮਈ ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

29 ਮਈ ਨੂੰ ਕਤਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਅਜੇ ਵੀ ਪੰਜਾਬ ਪੁਲਿਸ ਦੇ ਹੱਥ ਖ਼ਾਲੀ ਹਨ। ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਪਰ ਮੁਲਜ਼ਮ ਹੈ ਕਿੱਥੇ ਇਸ ਦਾ ਖ਼ੁਲਾਸਾ ਅਜੇ ਤੱਕ ਪੰਜਾਬ ਪੁਲਿਸ ਨੇ ਨਹੀਂ ਕੀਤਾ।

ਸਿੱਧੂ ਮੂਸੇਵਾਲਾ ਕਤਲ ਨਾਲ ਸਬੰਧਿਤ ਕਈ ਸਵਾਲ ਹਨ ਜਿੰਨਾ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ, ਇਹ ਸਵਾਲ ਹਨ...

Banner

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।

ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

Banner

ਜਾਂਚ ਹੁਣ ਤੱਕ ਕਿੱਥੇ ਤੱਕ ਪਹੁੰਚੀ ਹੈ?

ਫ਼ਿਲਹਾਲ ਪੁਲਿਸ ਦੇ ਹੱਥ ਇਸ ਮਾਮਲੇ ਵਿਚ ਕੁਝ ਖ਼ਾਸ ਹੱਥ ਨਹੀਂ ਲੱਗਾ ਹੈ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇ ਮਾਰੇ ਕੀਤੀ ਜਾ ਰਹੀ ਹੈ ਪਰ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ।

ਪੰਜਾਬ ਸਰਕਾਰ ਨੇ ਇਸ ਕਤਲ ਕਾਂਡ ਦੀ ਜਾਂਚ ਨਿਆਂਇਕ ਕਮਿਸ਼ਨ ਵੱਲੋਂ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਦੀ ਅਗਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਵੱਲੋਂ ਕੀਤੀ ਜਾਵੇਗੀ।

ਪੰਜਾਬ ਪੁਲਿਸ ਪਹਿਲਾਂ ਹੀ ਇਸ ਕਤਲ ਦੇ ਮਾਮਲੇ ਵਿੱਚ ਐਸਆਈਟੀ ਬਣਾ ਚੁੱਕੀ ਹੈ। ਫ਼ਿਲਹਾਲ ਐਸਆਈਟੀ ਇਸ ਕਤਲ ਦੇ ਵਿੱਚ ਕੋਈ ਵੱਡਾ ਖ਼ੁਲਾਸਾ ਨਹੀਂ ਕਰ ਸਕੀ ਹੈ।

ਜਾਂਚ ਟੀਮ ਦਾ ਘੇਰਾ ਜ਼ਰੂਰ ਸੂਬੇ ਦੇ ਡੀਜੀਪੀ ਵੀਕੇ ਭਾਵਰਾ ਨੇ ਵੱਡਾ ਕਰ ਦਿੱਤਾ ਹੈ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ: ਪੰਜਾਬ ਸਰਕਾਰ ਤੋਂ ਕਿੱਥੇ ਹੋਈ ਵੱਡੀ ਗਲਤੀ?

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀਕੇ ਭਵਰਾ ਨੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੂੰ ਪੁਨਰਗਠਿਤ ਕੀਤਾ ਹੈ।

ਹੁਣ, ਛੇ ਮੈਂਬਰੀ ਐਸਆਈਟੀ ਵਿੱਚ ਨਵੇਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪੀਏਪੀ ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ ਮਾਨਸਾ ਗੌਰਵ ਤੂਰਾ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ:

ਜਦਕਿ ਐੱਸਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀਐੱਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।

ਆਪਣੇ ਤਾਜ਼ਾ ਹੁਕਮਾਂ ਵਿੱਚ ਡੀਜੀਪੀ ਨੇ ਕਿਹਾ ਕਿ ਐਸਆਈਟੀ ਰੋਜ਼ਾਨਾ ਆਧਾਰ 'ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਜਾਂਚ ਪੂਰੀ ਹੋਣ 'ਤੇ, ਸੀ.ਆਰ.ਪੀ.ਸੀ. ਦੀ ਧਾਰਾ 173 ਦੇ ਤਹਿਤ ਪੁਲਿਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।

ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹਨ?

ਪੁਲਿਸ ਨੇ ਫ਼ਿਲਹਾਲ ਇੱਕ ਨੌਜਵਾਨ ਮਨਪ੍ਰੀਤ ਸਿੰਘ ਨੂੰ ਆਧਰਿਕਤ ਤੌਰ ਉੱਤੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪਰ ਸੂਤਰਾਂ ਮੁਤਾਬਕ ਕੁਝ ਹੋਰ ਲੋਕਾਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

ਪੰਜਾਬ ਪੁਲਿਸ

ਤਸਵੀਰ ਸਰੋਤ, Punjab police

ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਮੁਤਾਬਕ 2 ਹੋਰ ਵਿਅਕਤੀਆਂ ਨੂੰ ਫ਼ਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਗਿਆ ਹੈ। ਤੂਰਾ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਹੱਥ ਕਾਫ਼ੀ ਸਬੂਤ ਲੱਗ ਚੁੱਕੇ ਹਨ ਅਤੇ ਛੇਤੀ ਹੀ ਇਸ ਬਾਰੇ ਖ਼ੁਲਾਸਾ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਬਾਹਰੀ ਸੂਬਿਆਂ ਤੋਂ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਕਤਲ ਦੌਰਾਨ ਵਰਤੀਆਂ ਗਈਆਂ ਗੱਡੀਆਂ ਵੀ ਪੁਲਿਸ ਨੇ ਬਰਾਮਦ ਕਰ ਲਈਆਂ ਹਨ। ਪੁਲਿਸ ਮੁਤਾਬਕ ਇਹ ਗੱਡੀਆਂ ਚੋਰੀ ਦੀਆਂ ਹਨ ਅਤੇ ਇਹਨਾਂ ਉੱਤੇ ਜੋ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ ਉਹ ਜਾਅਲੀ ਹਨ।

ਹੁਣ ਤੱਕ ਦੀ ਕਾਰਵਾਈ ਤੋਂ ਪਰਿਵਾਰ ਕਿੰਨਾ ਸੰਤੁਸ਼ਟ?

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਮੁਤਾਬਕ ਪਰਿਵਾਰ ਨੇ ਇਸ ਕਤਲ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।

ਕੇਂਦਰੀ ਮੰਤਰੀ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।

ਉੱਧਰ ਦੂਜੇ ਪਾਸੇ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਕਤਲ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਨਹੀਂ ਬਖ਼ਸ਼ਿਆ ਜਾਵੇਗਾ।

ਵੱਖ ਵੱਖ ਹਸਤੀਆਂ ਅਤੇ ਕਥਿਤ ਗੈਂਗਸਟਰ ਵੱਲੋਂ ਸੁਰੱਖਿਆ ਮੰਗਣ ਬਾਰੇ ਪੰਜਾਬ ਸਰਕਾਰ ਕੀ ਕਰ ਰਹੀ ਹੈ

ਪੰਜਾਬ ਸਰਕਾਰ ਨੇ ਫ਼ਿਲਹਾਲ 424 ਤੋਂ ਜ਼ਿਆਦਾ ਪ੍ਰਮੁੱਖ ਹਸਤੀਆਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ।

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਅਪਰੇਸ਼ਨ ਬਲੂ ਸਟਾਰ ਕਰ ਕੇ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ ਇਸ ਕਰ ਕੇ 7 ਜੂਨ ਤੋਂ ਬਾਅਦ ਸਾਰੀ ਸੁਰੱਖਿਆ ਵਾਪਸ ਕਰ ਦਿੱਤੀ ਜਾਵੇਗੀ।

ਲਾਰੈਂਸ ਬਿਸ਼ਨੋਈ ਬਾਰੇ ਪੁਲਿਸ ਦੀ ਕੀ ਹੈ ਦਲੀਲ?

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, HINDUSTAN TIMES VIA GETTY IMAGES

ਤਸਵੀਰ ਕੈਪਸ਼ਨ, ਪੁਲਿਸ ਕਾਨੂੰਨੀ ਮਾਹਰਾਂ ਦੀ ਰਾਇ ਲੈ ਰਹੀ ਹੈ ਕਿ ਆਖਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਕਿਵੇਂ ਲਿਆਂਦਾ ਜਾ ਸਕਦਾ ਹੈ

ਪੰਜਾਬ ਦੇ ਡੀਜੀਪੀ ਵੀਕੇ ਭਵਰਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਇਸ ਕਤਲ ਦੇ ਪਿੱਛੇ ਲਾਰੈਂਸ ਬਿਸ਼ਨੋਈ ਦਾ ਹੱਥ ਹੈ।

ਯਾਦ ਰਹੇ ਕਿ ਇਸ ਕਤਲ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ਪੁਲਿਸ ਦੇ ਮੁਤਾਬਕ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਉਹ ਹੀ ਇਸ ਗਰੁੱਪ ਨੂੰ ਚਲਾਉਂਦਾ ਹੈ।

ਫ਼ਿਲਹਾਲ ਗੋਲਡੀ ਕੈਨੇਡਾ ਵਿੱਚ ਹੈ ਅਤੇ ਲਾਰੈਂਸ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।

ਪੰਜਾਬ ਪੁਲਿਸ ਫ਼ਿਲਹਾਲ ਇਸ ਕਤਲ ਦੇ ਸਬੰਧ ਵਿੱਚ ਲਾਰੈਂਸ ਤੋਂ ਪੁੱਛਗਿੱਛ ਕਰਨ ਦੇ ਲਈ ਕਾਨੂੰਨੀ ਕਾਰਵਾਈ ਦੇ ਵਿੱਚ ਉਲਝੀ ਹੈ।

ਲਾਰੈਂਸ ਪਹਿਲਾਂ ਹੀ ਵੱਖ-ਵੱਖ ਅਦਾਲਤਾਂ ਵਿੱਚ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕਰਨ ਦਾ ਅਪੀਲ ਕਰ ਚੁੱਕਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਲਾਰੈਂਸ ਨੂੰ ਫ਼ਿਲਹਾਲ ਅਦਾਲਤ ਤੋਂ ਰਾਹਤ ਨਹੀਂ ਮਿਲੀ।

ਲਾਰੈਂਸ ਦਾ ਖ਼ਦਸ਼ਾ ਹੈ ਕਿ ਪੰਜਾਬ ਪੁਲਿਸ ਉਸ ਦਾ ਝੂਠਾ ਮੁਕਾਬਲਾ ਕਰ ਸਕਦੀ ਹੈ।

ਸਚਿਨ ਬਿਸ਼ਨੋਈ ਦੇ ਦਾਅਵਿਆਂ ਬਾਰੇ ਪੁਲਿਸ ਦਾ ਕੀ ਕਹਿਣਾ ਹੈ

ਸਚਿਨ ਬਿਸ਼ਨੋਈ ਦੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਕੀਤੇ ਗਏ ਦਾਅਵੇ ਦੀ ਪੰਜਾਬ ਪੁਲਿਸ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ।

ਇੱਕ ਨਿੱਜੀ ਚੈਨਲ ਦੀ ਰਿਪੋਟਰ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨਾਲ ਸਚਿਨ ਬਿਸ਼ਨੋਈ ਨਾਮਕ ਇੱਕ ਨੌਜਵਾਨ ਨੇ ਗੱਲ ਕੀਤੀ ਹੈ ਜੋ ਕਿ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਾ ਹੈ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦਾ ਪਿਛੋਕੜ ਜਾਣੋ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ

ਨਿੱਜੀ ਚੈਨਲ ਮੁਤਾਬਕ, ਚੈਨਲ ਨੂੰ ਦਿੱਤੀ ਆਪਣੀ ਆਡਿਓ ਇੰਟਰਵਿਊ ਦੇ ਵਿੱਚ ਸਚਿਨ ਬਿਸ਼ਨੋਈ ਨਾਮਕ ਨੌਜਵਾਨ ਦਾਅਵਾ ਕਰਦਾ ਹੈ ਕਿ ਉਸ ਨੇ ਮੂਸੇਵਾਲ ਦਾ ਕਤਲ ਕੀਤਾ ਹੈ।

ਹਾਲਾਂਕਿ ਸਚਿਨ ਬਿਸ਼ਨੋਈ ਕੌਣ ਹੈ ਉਸ ਨੇ ਕਿਸ ਥਾਂ ਤੋਂ ਚੈਨਲ ਨਾਲ ਗੱਲ ਕੀਤੀ ਇਸ ਬਾਰੇ ਨਾ ਤਾਂ ਚੈਨਲ ਨੇ ਅਤੇ ਨਾਂ ਹੀ ਪੰਜਾਬ ਪੁਲਿਸ ਨੇ ਫ਼ਿਲਹਾਲ ਕੋਈ ਟਿੱਪਣੀ ਕੀਤੀ ਹੈ।

ਇਸ ਦੇ ਬਾਵਜੂਦ ਇਹ ਆਡਿਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸਿੱਧੂ ਮੂਸੇਵਾਲਾ ਉੱਪਰ ਚੱਲ ਰਹੇ ਆਰਮਜ਼ ਐਕਟ ਦੇ ਕੇਸਾਂ ਦਾ ਹੁਣ ਕੀ ਬਣੇਗਾ?

ਕਾਨੂੰਨੀ ਮਾਹਿਰਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਉੱਤੇ ਕੇਸ ਚੱਲਦਾ ਹੋਵੇ ਅਤੇ ਉਸ ਦੀ ਇਸ ਦੌਰਾਨ ਮੌਤ ਹੋ ਜਾਵੇ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਖ਼ਤਮ ਕਰ ਦਿੱਤੀ ਜਾਂਦੀ ਹੈ।

ਹਾਂ ਜੇ ਉਸੀ ਮਾਮਲੇ ਦੇ ਵਿੱਚ ਕੋਈ ਹੋਰ ਅਪਰਾਧੀ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਚੱਲਦੀ ਰਹਿੰਦੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)