ਮੰਕੀਪੌਕਸ: ਪ੍ਰਭਾਵਿਤ ਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਦੀ 21 ਦਿਨਾਂ ਲਈ ਹੋਵੇਗੀ ਨਿਗਰਾਨੀ - ਪ੍ਰੈੱਸ ਰਿਵੀਊ

ਮੰਕੀਪੌਕਸ ਵਾਇਰਸ ਦੇ ਮਾਮਲੇ ਯੂਰਪ ਸਮੇਤ ਕਈ ਦੇਸ਼ਾਂ ਵਿੱਚ ਸਾਹਮਣੇ ਆ ਰਹੇ ਹਨ ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਸੁਰੱਖਿਆ ਉਪਾਅ ਵਜੋਂ ਹਿਦਾਇਤਾਂ ਜਾਰੀ ਕੀਤੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਮੰਗਲਵਾਰ ਨੂੰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਨ੍ਹਾਂ ਦੇਸ਼ਾਂ ਵਿੱਚ ਵਾਇਰਸ ਦੀ ਲਾਗ ਦੇ ਮਾਮਲੇ ਮਿਲੇ ਹਨ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 21 ਦਿਨਾਂ ਤੱਕ ਨਿਗਰਾਨੀ ਵਿੱਚ ਰੱਖਿਆ ਜਾਵੇ।

ਇਨ੍ਹਾਂ ਵਿੱਚ ਉਹ ਲੋਕ ਮੁੱਖ ਤੌਰ 'ਤੇ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਲੱਛਣ ਨਹੀਂ ਹਨ ਜਾਂ ਜੋ ਏਸਿੰਪਟੋਮੈਟਿਕ ਹਨ।

ਮੰਕੀਪੌਕਸ ਦੇ ਲੱਛਣ 6 ਤੋਂ 21 ਦਿਨਾਂ ਦੇ ਵਿਚਕਾਰ ਸਾਹਮਣੇ ਆਉਂਦੇ ਹਨ। ਬਿਨਾਂ ਲੱਛਣਾਂ ਵਾਲੇ ਜਾਂ ਏਸਿੰਪਟੋਮੈਟਿਕ ਵਿਕਅਤੀਆਂ ਨੂੰ ਨਿਗਰਾਨੀ ਵਿੱਚ ਰੱਖਣ ਨਾਲ ਬਿਮਾਰੀ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਇਸ ਦੇ ਨਾਲ ਹੀ ਹਿਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਂਪਲ, ਉਨ੍ਹਾਂ ਦੇ ਦੇਸ਼ 'ਚ ਆਉਣ ਵੇਲੇ ਹੀ ਲਏ ਜਾਣਗੇ ਅਤੇ ਜਾਂਚ ਲਈ ਪੁਣੇ ਦੀ ਆਈਸੀਐੱਮਆਰ- ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ ਵਿੱਚ ਭੇਜੇ ਜਾਣਗੇ।

ਇਹ ਵੀ ਪੜ੍ਹੋ:

ਕਸ਼ਮੀਰ: ਅਧਿਆਪਿਕਾ ਦਾ ਵਿਦਿਆਰਥੀਆਂ ਦੇ ਸਾਹਮਣੇ ਹੀ ਗੋਲੀ ਮਾਰ ਕੇ ਕਤਲ

ਘਾਟੀ ਵਿੱਚ ਪਿਛਲੇ ਕੁਝ ਸਮੇਂ ਤੋਂ ਆਮ ਨਾਗਰਿਕਾਂ ਨੂੰ ਕਤਲ ਕੀਤੇ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਲੰਘੇ ਮੰਗਲਵਾਰ ਦੀ ਸਵੇਰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ੱਕੀ ਅੱਤਵਾਦੀਆਂ ਦੁਆਰਾ ਇੱਕ ਅਧਿਆਪਿਕਾ ਨੂੰ ਗੋਲੀ ਮਾਰ ਕੇ ਕਤਲ ਕਰ ਗਿਆ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਜਨੀ ਬਾਲਾ ਨਾਮ ਦੇ 36 ਸਾਲਾ ਅਧਿਆਪਿਕਾ ਇੱਕ ਸਰਕਾਰੀ ਸਕੂਲ ਵਿੱਚ ਨੌਕਰੀ ਕਰਦੇ ਸਨ ਅਤੇ ਸਵੇਰੇ ਆਪਣੇ ਸਕੂਲ ਵਿੱਚ ਦਾਖ਼ਲ ਹੋ ਰਹੇ ਸਨ। ਉਸੇ ਸਮੇਂ ਉਨ੍ਹਾਂ 'ਤੇ ਗੋਲੀ ਚਲਾਈ ਗਈ। ਉਸ ਵੇਲੇ ਸਕੂਲ ਦੇ ਵਿਦਿਆਰਥੀ ਵੀ ਉੱਥੇ ਹੀ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਰਜਨੀ ਦੇ ਪਤੀ ਵੀ ਇੱਕ ਸਰਕਾਰੀ ਅਧਿਆਪਕ ਹਨ ਅਤੇ ਉਨ੍ਹਾਂ ਦੀ ਇੱਕ 13 ਸਾਲ ਦੀ ਧੀ ਵੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨੌਕਰੀ ਦੇ ਕਾਰਨ ਦੋਵੇਂ ਪਤੀ-ਪਤਨੀ ਨੇ ਜੰਮੂ ਨਾ ਜਾ ਕੇ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ ਸੀ।

ਮਈ ਮਹੀਨੇ ਵਿੱਚ ਘਾਟੀ ਵਿੱਚ ਇਸ ਤਰ੍ਹਾਂ ਦੀ ਇਹ ਚੌਥੀ ਵਾਰਦਾਤ ਹੈ। ਰਜਨੀ ਤੋਂ ਪਹਿਲਾਂ ਇੱਕ ਸਰਕਾਰੀ ਕਰਮਚਾਰੀ ਜੋ ਕਿ ਇੱਕ ਕਸ਼ਮੀਰੀ ਪੰਡਿਤ ਸਨ, ਇੱਕ ਟੀਵੀ ਕਲਾਕਾਰ ਅਤੇ ਸ਼ਰਾਬ ਦੀ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਵੀ ਕਤਲ ਕੀਤੀ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜ੍ਹ ਲੈਣਗੇ ਅਤੇ ਖਤਮ ਕਰ ਦੇਣਗੇ।

ਆਪਰੇਸ਼ਨ ਬਲੂ ਸਟਾਰ ਦੀ ਬਰਸੀ 'ਤੇ ਦਲ ਖਾਲਸਾ ਨੇ ਦਿੱਤਾ ਅੰਮ੍ਰਿਤਸਰ ਬੰਦ ਦਾ ਸੱਦਾ

6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੌਕੇ, ਵੱਖ-ਵੱਖ ਪੰਥਕ ਜੱਥੇਬੰਦੀਆਂ ਨੇ ਅੰਮ੍ਰਿਤਸਰ ਵਿਖੇ ਆਪਣੇ ਪ੍ਰੋਗਰਾਮਾਂ ਬਾਰੇ ਐਲਾਨ ਕੀਤੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਕੱਟੜਪੰਥੀ ਜੱਥੇਬੰਦੀ ਦਲ ਖਾਲਸਾ ਨੇ ਇਸ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 5 ਜੂਨ ਨੂੰ ਸ਼ਹਿਰ ਵਿੱਚ "ਆਜ਼ਾਦੀ ਮਾਰਚ" ਕੱਢਣ ਦੀ ਗੱਲ ਵੀ ਕਹੀ ਹੈ।

ਸੰਸਥਾ ਦੇ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੇਤ ਹੋਰ ਜੱਥੇਬੰਦੀਆਂ ਨਾਲ ਮਿਲ ਕੇ ਗੁਰੂਦੁਆਰਾ ਭਾਈ ਵੀਰ ਸਿੰਘ ਤੋਂ ਅਕਾਲ ਤਖ਼ਤ ਤੱਕ ਇੱਕ ਮਾਰਚ ਕੱਢਣਗੇ।

ਉਨ੍ਹਾਂ ਨੇ ਇਸ ਦੌਰਾਨ ਦੁਕਾਨਦਾਰਾਂ, ਵਪਾਰੀਆਂ ਅਤੇ ਸਿੱਖਿਆ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ।

ਬਰਸੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ''ਪੁਲਿਸ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤ ਪੈਦਾ ਕਰ ਰਹੀ ਹੈ''।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)