ਸਿੱਧੂ ਮੂਸੇਵਾਲਾ: ਸਸਕਾਰ ਮੌਕੇ ਆਏ ਲੋਕਾਂ ਦੀਆਂ ਗੱਲਾਂ ਵਿਚੋਂ ਖੁੱਲ੍ਹੇ ਜ਼ਿੰਦਗੀ ਦੇ ਇਹ 3 ਪੰਨੇ

ਤਸਵੀਰ ਸਰੋਤ, Getty Images
ਬੀਤੇ ਐਤਵਾਰ ਨੂੰ ਘੇਰ ਕੇ ਗੋਲੀਆਂ ਦੀ ਬੌਛਾੜ ਨਾਲ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਪਿੰਡ ਮੂਸਾ ਵਿਚ ਧਾਰਮਿਕ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ।
ਸਿੱਧੂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਲਈ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਵਿਚ ਕਲਾ, ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਸਨ।
ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿਚ ਕੀਤਾ ਗਿਆ, ਜਿੱਥੇ ਬਾਅਦ ਵਿਚ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।
ਜਦੋਂ 5911 ਟਰੈਕਟ ਉੱਤੇ ਉਨ੍ਹਾਂ ਦੀ ਅੰਤਿਮ ਯਾਤਰਾ ਸਸਕਾਰ ਵਾਲੀ ਉਤੇ ਪਹੁੰਚੀ ਤਾਂ ਇੰਨਾ ਵੱਡਾ ਇਕੱਠ ਅਤੇ ਪੁੱਤ ਲ਼ਈ ਲੋਕਾਂ ਦਾ ਅਥਾਹ ਪਿਆਰ ਦੇਖ ਕਿ ਉਨ੍ਹਾਂ ਦੇ ਪਿਤਾ ਦੇ ਸਬਰ ਦਾ ਬੰਨ੍ਹ ਟੁੱਟ ਗਿਆ।
ਉਨ੍ਹਾਂ ਰੋਂਦੇ ਹੋਏ ਪੱਗ ਸਿਰ ਤੋਂ ਉਤਾਰ ਕਿ ਲੋਕਾਂ ਅੱਗੇ ਝੁਕਾਈ ਅਤੇ ਇਸ ਸੰਤਾਪ ਦੀ ਘੜੀ ਵਿਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।
ਇਨ੍ਹਾਂ ਤਸਵੀਰਾਂ ਵਾਲਾ ਪਲ਼ ਬਹੁਤ ਹੀ ਭਾਵੁਕ ਕਰਨ ਵਾਲਾ ਸੀ, ਇਸ ਉਵੇਂ ਸੀ ਜਿਵੇਂ ਸਿੱਧੂ ਦੇ ਪਿਤਾ ਆਏ ਲੋਕਾਂ ਦੇ ਪੈਰਾਂ ਵਿਚ ਆਪਣੀ ਪੱਗ ਰੱਖ ਰਹੇ ਹੋਣ।
ਪੰਜਾਬ ਹਰਿਆਣਾ ਅਤੇ ਰਾਜਸਥਾਨ ਸਣੇ ਹੋਰ ਕਈ ਸੂਬਿਆਂ ਤੋਂ ਉਨ੍ਹਾਂ ਦੇ ਫੈਨ ਪਹੁੰਚੇ ਹੋਏ ਸਨ ਅਤੇ ਸਿੱਧੂ ਮੂਸੇਵਾਲਾ 'ਅਮਰ ਰਹੇ; ਦੇ ਨਾਅਰੇ ਲਗਾ ਰਹੇ ਹਨ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨਦਿਹਾੜੇ ਕਤਲ ਹੋ ਜਾਣ ਤੋਂ ਬਾਅਦ ਮੀਡੀਆ, ਸਿਆਸੀ ਗਲਿਆਰਿਆਂ ਤੇ ਆਮ ਲੋਕਾਂ ਵਿੱਚ ਵੀ ਇਹ ਵਾਰਦਾਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉੱਤੇ ਐਤਵਾਰ ਸ਼ਾਮੀ ਚੱਲੀਆਂ ਗੋਲੀਆਂ ਦੀ ਵਾਰਦਾਤ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ ਅਤੇ ਅਗਲੇ ਹੀ ਦਿਨ ਉਨ੍ਹਾਂ ਦਾ ਕਤਲ ਹੋ ਗਿਆ।
ਸਿੱਧੂ ਦੇ ਕਤਲ ਤੋਂ ਬਾਅਦ ਕਾੰਗਰਸ ਤੇ ਭਾਜਪਾ ਵੱਲੋਂ ਪੰਜਾਬ, ਹਰਿਆਣਾ , ਚੰਡੀਗੜ੍ਹ ਅਤੇ ਦਿੱਲੀ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਦੌਰਾਨ ਪੁਲਿਸ ਨੇ ਦੇਹਰਾਦੂਨ ਤੋਂ 6 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।
ਸੋਮਵਾਰ ਨੂੰ ਪੰਜਾਬ ਸਰਕਾਰ ਵਲੋਂ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜੁਡੀਸ਼ੀਅਲ ਕਮਿਸ਼ਨ ਤੋਂ ਕਰਵਾਉਣ ਦੇ ਐਲਾਨ ਤੋਂ ਬਾਅਦ ਪਰਿਵਾਰ ਨੇ ਪੋਸਟ ਮਾਰਟਮ ਦੀ ਆਗਿਆ ਦਿੱਤੀ।
ਵੱਡੀ ਗਿਣਤੀ ਵਿੱਚ ਲੋਕ ਮੂਸਾ ਪਿੰਡ ਵਿੱਚ ਪਹੁੰਚੇ ਹੋਏ ਹਨ ਅਤੇ ਸਿੱਧੂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਸਿੱਧੂ ਨੂੰ ਜਾਣਨ ਵਾਲਿਆਂ ਨੇ ਮੀਡੀਆ ਦੇ ਕੈਮਰਿਆਂ ਅੱਗੇ ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ ਅਤੇ ਕਿੱਸੇ ਸਾਂਝੇ ਕੀਤੇ ਹਨ।
ਹਥਲੀਆਂ ਤਿੰਨ ਗੱਲਾਂ ਅਜਿਹੀਆਂ ਹਨ ਜੋ ਸਿੱਧੂ ਦੇ ਗਰਾਊਂਡ ਤੋਂ ਉੱਠ ਕੇ ਅਰਸ਼ ਤੱਕ ਉਨ੍ਹਾਂ ਦੀ ਅਸਲ ਜ਼ਿੰਦਗੀ ਨੂੰ ਬਿਆਨ ਕਰਦੀਆਂ ਹਨ।
ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਦੇ ਤਿੰਨ ਪੰਨੇ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨਸਾ ਵਿਚ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਮੋਮਬੱਤੀ ਮਾਰਚ ਦੀ ਅਗਵਾਈ ਕੀਤੀ।
ਜਿਸ ਦੌਰਾਨ ਉਨ੍ਹਾਂ ਕਿਹਾ, ''ਮੈਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਹੈ, ਕਿ ਇੱਕ ਵਾਰ ਸਿੱਧੂ ਬਿਮਾਰ ਪੈ ਗਿਆ। ਤਾਂ ਉਨ੍ਹਾਂ ਨੇ ਆਪਣਾ ਸਾਇਕਲ ਵੇਚ ਦਿੱਤਾ ਅਤੇ 40 ਰੁਪਏ ਦਿਹਾੜੀ ਕਰਕੇ ਪੁੱਤ ਦਾ ਇਲਾਜ ਕਰਵਾਇਆ ਸੀ।''
ਸਸਕਾਰ ਮੌਕੇ ਮੂਸਾ ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਸਿੱਧੂ ਛੋਟਾ ਹੁੰਦਾ ਪਿੰਡ ਵਿਚ ਟੋਬੇ ਵਿਚ ਡੁੱਬ ਗਿਆ ਸੀ। ਪਰ ਉਸ ਨੂੰ ਉਦੋਂ ਬਚਾਅ ਲਿਆ ਗਿਆ ਸੀ।
ਇਸ ਵਿਅਕਤੀ ਮੁਤਾਬਕ ਸਿੱਧੂ ਦੀ ਮਾਂ ਹੁਣ ਵੈਣ ਪਾ ਰਹੀ ਹੈ ਕਿ ਪੁੱਤ ਜੇ ਤੂੰ ਉਦੋਂ ਹੀ ਚਲਾ ਜਾਂਦਾ ਤਾਂ ਮੈਂ ਸਬਰ ਕਰ ਲੈਂਦੀ ਪਰ ਹੁਣ ਤੂੰ ਜਵਾਨੀ ਵਿਚ ਤੁਰ ਗਿਐ.. ਹੁਣ ਅਸੀਂ ਕੀ ਕਰੀਏ।
ਇਸ ਵਿਅਕਤੀ ਨੇ ਅੱਗੇ ਦੱਸਿਆ, ਸਿੱਧੂ ਦੀ ਮਾਂ ਦੇ ਅਜਿਹੇ ਵੈਣ ਸਾਥੋਂ ਸੁਣੇ ਨਹੀਂ ਜਾ ਰਹੇ।

ਸਸਕਾਰ ਮੌਕੇ ਹੀ ਆਏ ਇੱਕ ਕੁਝ ਨੌਜਵਾਨਾਂ ਨੇ ਦੱਸਿਆ ਕਿ ਉਹ ਆਮ ਤੌਰ ਉੱਤੇ ਸਿੱਧੂ ਨੂੰ ਮਿਲਦੇ ਸਨ, ਉਹ ਬਹੁਤ ਹੀ ਅਪਣੱਤ ਨਾਲ ਮਿਲਦਾ ਅਤੇ ਕਿਸੇ ਵੀ ਮਿਲਣ ਆਏ ਦੀ ਸੈਲਫੀ ਆਪ ਫੋਨ ਫੜਕੇ ਖਿੱਚਦਾ ਸੀ।
ਇੱਕ ਵਾਰ ਕਿਸੇ ਫੈਨ ਦਾ ਸਿੱਧੂ ਮੂਸੇਵਾਲਾ ਨੂੰ ਮਿਲਣ ਆਉਣ ਸਮੇਂ ਮੋਟਰ ਸਾਇਕਲ ਗੁੰਮ ਹੋ ਗਿਆ।
ਉਸ ਦੇ ਸਾਥੀਆਂ ਨੇ ਨੌਜਵਾਨ ਨੂੰ ਕਿਹਾ ਕਿ ਉਹ ਥਾਣੇ ਮੋਟਰਸਾਇਕਲ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾ ਦੇਵੇ।
ਪਰ ਜਦੋਂ ਸਿੱਧੂ ਮੂਸੇਵਾਲਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਨੌਜਵਾਨ ਦੇ ਘਰ ਮੋਟਰਸਾਇਕਲ ਲੈਣ ਲਈ ਪੈਸੇ ਭੇਜ ਦਿੱਤੇ।
ਇਹ ਵੀ ਪੜ੍ਹੋ-
‘ਸਿੱਧੂ ਮੂਸੇਵਾਲਾ ਨੂੰ 24 ਗੋਲੀਆਂ ਲੱਗੀਆਂ’
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਅਨੁਸਾਰ 29 ਮਈ ਨੂੰ ਕਤਲ ਕੀਤੇ ਗਏ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਮੂਸੇਵਾਲਾ ਦੇ ਸਰੀਰ ਉੱਪਰ 24 ਗੋਲੀਆਂ ਲੱਗੀਆਂ।
ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ, ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਸਿਰ, ਪੇਟ, ਛਾਤੀ ਅਤੇ ਪੈਰ ਵਿੱਚ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਛਾਤੀ ਵਿੱਚ ਲੱਗੀਆਂ ਗੋਲੀਆਂ ਸਿੱਧੂ ਮੂਸੇਵਾਲੇ ਦੇ ਫੇਫੜਿਆਂ ਅਤੇ ਜਿਗਰ ਵਿੱਚ ਵੀ ਲੱਗੀਆਂ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਹਾਲਤ ਵਿੱਚ ਸਿੱਧੂ ਮੂਸੇਵਾਲੇ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

ਤਸਵੀਰ ਸਰੋਤ, Ani
ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ 5 ਮਾਹਰ ਡਾਕਟਰਾਂ ਦੀ ਟੀਮ ਨੇ ਕੀਤਾ ਜਿਸ ਵਿਚ ਇਕ-ਇਕ ਡਾਕਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ 3 ਡਾਕਟਰ ਮਾਨਸਾ ਸਿਵਲ ਹਸਪਤਾਲ ਨਾਲ ਸਬੰਧਤ ਹਨ।
ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਨੇ ਉਸ ਵੇਲੇ ਮ੍ਰਿਤਕ ਕਰਾਰ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਜਾ ਚੁੱਕਾ ਸੀ।
ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਸਰੀਰ ਵਿੱਚੋਂ ਘਾਤਕ ਗੋਲੀਆਂ ਦੇ ਹਮਲੇ ਕਾਰਨ ਜ਼ਿਆਦਾ ਖ਼ੂਨ ਵਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ।
ਅਜੇ ਹਥਿਆਰਾਂ ਬਾਰੇ ਪੁਸ਼ਟੀ ਹੋਣਾ ਬਾਕੀ
ਸਿੱਧੂ ਮੂਸੇਵਾਲੇ ਦੇ ਪੋਸਟਮਾਰਟਮ ਤੋਂ ਬਾਅਦ ਇਹ ਜਾਣਕਾਰੀ ਸਿਰਫ਼ ਮੁੱਢਲੀ ਹੈ। ਸਿਹਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਸਰੀਰ ਉੱਤੇ ਨਜ਼ਰ ਨਿਸ਼ਾਨਾਂ ਸੰਬੰਧੀ ਮੈਡੀਕਲ ਬੋਰਡ ਬਕਾਇਦਾ ਤੌਰ 'ਤੇ ਜਾਂਚ ਕਰੇਗਾ। ਉਸ ਤੋਂ ਬਾਅਦ ਹੀ ਫਾਈਨਲ ਰਿਪੋਰਟ ਸਾਹਮਣੇ ਆਵੇਗੀ ਜਿਸ ਵਿੱਚ ਸਮੁੱਚੀ ਸਥਿਤੀ ਦਾ ਖੁਲਾਸਾ ਹੋਵੇਗਾ।
ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਸਰੀਰ ਵਿੱਚ ਲੱਗੀਆਂ ਗੋਲੀਆਂ ਅਤੇ ਉਸ ਨਾਲ ਹੋਏ ਜ਼ਖ਼ਮਾਂ ਦੀ ਮੁਕੰਮਲ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਦੀਆਂ ਫੋਰੈਂਸਿਕ ਟੀਮਾਂ ਇਸ ਗੱਲ ਦੀ ਜਾਂਚ ਕਰਨਗੀਆਂ ਕਿ ਆਖਿਰਕਾਰ ਸਿੱਧੂ ਮੂਸੇਵਾਲ ਨੂੰ ਕਤਲ ਕਰਨ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ।
ਫਰੀਦਕੋਟ ਰੇਂਜ ਦੇ ਆਈਜੀ ਪੀ ਕੇ ਯਾਦਵ ਮੁਤਾਬਕ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਹਰ ਪਹਿਲੂ ਦੀ ਜਾਂਚ ਕਰ ਰਹੀਆਂ ਹਨ ਅਤੇ ਪੋਸਟਮਾਰਟਮ ਰਿਪੋਰਟ ਸਬੰਧੀ ਵੀ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ।

ਤਸਵੀਰ ਸਰੋਤ, Gulshan/BBC
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ ਕੀ-ਕੀ ਹੋਇਆ
- ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਸਿੱਧੂ ਦੇ ਪੋਸਟਮਾਰਟਮ ਲਈ 5 ਮੈਂਬਰੀ ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਸੀ ਅਤੇ ਪੋਸਟ ਮਾਰਟਮ ਹੋਇਆ।
- ਡੀਜੀਪੀ ਵੀਕੇ ਭਵਰਾ ਵਲੋਂ ਸਿੱਧੂ ਨੂੰ ਗੈਂਗਸਟਰਾਂ ਨਾਲ ਜੋੜਨ ਦੇ ਇਲਜਾਮਾਂ ਉੱਤੇ ਦਿੱਤੇ ਸਪੱਸ਼ਟੀਕਰਨ ਤੋਂ ਬਅਦ ਪਰਿਵਾਰ ਨੇ ਪੋਸਟਮਾਰਟਮ ਲਈ ਸਹਿਮਤੀ ਦਿੱਤੀ ਸੀ।
- ਪੰਜਾਬ ਸਰਕਾਰ ਨੇ ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀ ਜਲਦ ਹੀ ਜੇਲ੍ਹਾਂ ਵਿੱਚ ਹੋਣਗੇ।
- ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਅਤੇ ਉਤਰਾਖੰਡ ਦੀ ਸਪੈਸ਼ਲ ਟਾਸਕ ਫੋਰਸ ਦੇ ਸਾਂਝੇ ਆਪਰੇਸ਼ਨ ਦੌਰਾਨ 6 ਸ਼ੱਕੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
- 29 ਸਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਦੀ ਪਟਿਆਲਾ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਪੁਲਿਸ ਵਲੋਂ ਉਸਦਾ ਝੂਠਾ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਤਿਹਾੜ ਜੇਲ੍ਹ ਵਿਚ ਬੰਦ ਲਾਰੈਂਸ ਉੱਤੇ ਮਕੋਕਾ ਦੀ ਧਾਰਾ 3 ਅਤੇ 4 ਤਹਿਤ ਕਈ ਮਾਮਲੇ ਚੱਲ ਰਹੇ ਹਨ।
- ਪੁਲਿਸ ਡੀਜੀਪੀ ਵੀਕੇ ਭਵਰਾ ਮੁਤਾਬਕ, ਇਸ ਕੇਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ, ਜਿਸ ਦੀ ਲੱਕੀ ਨੇ ਜ਼ਿਮੇਵਾਰੀ ਲਈ ਹੈ। ਸੋਸ਼ਲ ਮੀਡੀਆ ਉੱਤੇ ਬਿਸ਼ਨੋਈ ਗਰੁੱਪ ਵੱਲੋਂ ਜ਼ਿੰਮੇਵਾਰੀ ਲੈਣ ਦੀ ਪੋਸਟ ਵਾਇਰਲ ਹੋ ਰਹੀ ਹੈ।
- ਐੱਸਐੱਸਪੀ ਨੇ ਦਾਅਵਾ ਕੀਤਾ ਸੀ ਕਿ ਇਹ ਗੈਂਗਵਾਰ ਦੀ ਆਪਸੀ ਲੜਾਈ ਦਾ ਨਤੀਜਾ ਹੋ ਸਕਦਾ ਹੈ, ਕਿਉਂਕਿ ਮੂਸੇਵਾਲਾ ਦਾ ਮੈਨੇਜਰ ਮਿੱਠੂਖੇੜਾ ਮਾਮਲੇ ਵਿਚ ਗਵਾਹ ਸੀ। ਮੈਨੇਜਰ ਸ਼ਗਨਪ੍ਰੀਤ ਦਾ ਨਾਮ ਮਿੱਠੂਖੇੜਾ ਕਤਲ ਕੇਸ ਵਿਚ ਆਇਆ ਸੀ, ਉਹ ਇਸ ਸਮੇਂ ਦੇਸ਼ ਤੋਂ ਬਾਹਰ ਚਲਾ ਗਿਆ ਹੈ।
- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਸੀ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਗੈਂਗਵਾਰ ਨਾਲ ਜੋੜ ਕੇ ਪੇਸ਼ ਕੀਤਾ ਗਿਆ, ਜਿਸ 'ਤੇ ਉਨ੍ਹਾਂ ਨੂੰ ਇਤਰਾਜ਼ ਸੀ।
- ਡੀਜੀਪੀ ਭਵਰਾ ਨੇ ਆਪਣੀ ਪ੍ਰੈਸ ਕਾਨਫਰੰਸ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਮੂਸੇਵਾਲਾ ਨੂੰ ਗੈਂਗਸਟਰ ਨਹੀਂ ਕਿਹਾ ਜਾਂ ਉਨ੍ਹਾਂ ਦਾ ਸਬੰਧ ਗੈਂਗਸਟਰਾਂ ਨਾਲ ਨਹੀਂ ਜੋੜਿਆ।
- ਉਨ੍ਹਾਂ ਮੁਤਾਬਕ ਉਨ੍ਹਾਂ ਦੇ ਬਿਆਨ ਦਾ ਮੀਡੀਆ ਦੇ ਇੱਕ ਸੈਕਸ਼ਨ ਦੁਆਰਾ ਗ਼ਲਤ ਅਰਥ ਕੱਢਿਆ ਗਿਆ ਹੈ ਅਤੇ ਉਹ ਸਰਦਾਰ ਮੂਸੇਵਾਲਾ ਦਾ ਪੂਰਾ ਸਨਮਾਨ ਕਰਦੇ ਹਨ।
- ਐਤਵਾਰ ਸ਼ਾਮੀ ਕਰੀਬ ਸਾਢੇ 5:30 ਵਜੇ ਸਿੱਧੂ ਮੂਸੇਵਾਲਾ ਉੱਤੇ ਦਰਜਨਾਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















