ਸਿੱਧੂ ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਬਾਰੇ ਪੁਲਿਸ ਕੋਲ ਕੀ ਰਿਪੋਰਟ ਹੈ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਅਕਤੂਬਰ 2020 ਵਿੱਚ ਚੰਡੀਗੜ੍ਹ ਦੇ ਇੱਕ ਡਿਸਕੋ ਦੇ ਬਾਹਰ ਇੱਕ ਦੇਰ ਰਾਤ, ਇੱਕ ਵਿਅਕਤੀ ਗੁਰਲਾਲ ਬਰਾੜ ਆਪਣੀ ਗੱਡੀ ਵਿੱਚ ਬੈਠਾ ਆਪਣੇ ਦੋਸਤਾਂ ਦੀ ਉਡੀਕ ਕਰ ਰਿਹਾ ਸੀ।
ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ 'ਤੇ ਗੋਲੀ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਉਹ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਆਗੂ ਸੀ ਅਤੇ ਪੁਲਿਸ ਨੇ ਉਸ ਵੇਲੇ ਦੱਸਿਆ ਕਿ ਉਹ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜਾਣਕਾਰ ਵੀ ਸੀ।
ਬਾਅਦ ਵਿੱਚ ਪੁਲਿਸ ਸੂਤਰਾਂ ਨੇ ਉਸ ਦੀ ਪਛਾਣ ਗੋਲਡੀ ਬਰਾੜ ਦੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਵਜੋਂ ਵੀ ਕੀਤੀ।
ਕੁਝ ਮਹੀਨੇ ਮਗਰੋਂ ਫ਼ਰੀਦਕੋਟ ਵਿੱਚ ਗੁਰਲਾਲ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਇਹ ਦਾਅਵਾ ਕੀਤਾ ਕਿ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ 'ਤੇ ਗੁਰਲਾਲ ਪਹਿਲਵਾਨ ਨੂੰ ਮਾਰ ਕੇ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਸੀ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।


ਤਸਵੀਰ ਸਰੋਤ, Punjab Police
ਫਿਰ ਪੁਲਿਸ ਸੂਤਰਾਂ ਮੁਤਾਬਕ ਗੋਲਡੀ ਬਰਾੜ 2021 ਵਿੱਚ ਕੈਨੇਡਾ ਭੱਜ ਗਿਆ।
ਗੋਲਡੀ ਕੈਨੇਡਾ ਵਿੱਚ ਤੇ ਬਿਸ਼ਨੋਈ ਜੇਲ੍ਹ ਵਿਚ
29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ, ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।
ਸੋਸ਼ਲ ਮੀਡੀਆ 'ਤੇ ਇੱਕ ਕਥਿਤ ਫੇਸਬੁੱਕ ਪੋਸਟ ਗੋਲਡੀ ਬਰਾੜ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕਰਦਾ ਹੈ। ਹਾਲਾਂਕਿ, ਇਸ ਦੇ ਸਹੀ ਹੋਣ ਦੀ ਪੁਸ਼ਟੀ ਬੀਬੀਸੀ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ-
ਇਤਫ਼ਾਕਨ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੋਵੇਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਹੋਏ ਹਨ।
ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਯਾਦ ਹੈ ਕਿ ਲਾਰੈਂਸ ਬਿਸ਼ਨੋਈ ਦੀ ਚੰਡੀਗੜ੍ਹ ਤੇ ਨੇੜਲੇ ਖੇਤਰ ਵਿੱਚ ਮਾਮੂਲੀ ਅਪਰਾਧਾਂ ਵਿੱਚ ਸ਼ਮੂਲੀਅਤ ਸੀ।

ਤਸਵੀਰ ਸਰੋਤ, Hindustan Times via Getty Images
ਉਨ੍ਹਾਂ ਨੇ ਕਿਹਾ, "ਪਹਿਲੀ ਵਾਰ ਅਸੀਂ ਉਸ ਨੂੰ ਪੰਚਕੂਲਾ ਤੋਂ ਲਗਭਗ 18 ਸਾਲ ਪਹਿਲਾਂ ਚੁੱਕਿਆ ਸੀ।''
''ਉਹ ਔਸਤ ਕੱਦ ਦਾ ਹੈ ਅਤੇ ਉਸ ਸਮੇਂ ਉਸ ਦੀ ਬਣਤਰ ਬਹੁਤ ਮਜ਼ਬੂਤ ਸੀ। ਮੈਂ ਉਸ ਨੂੰ ਉਨ੍ਹਾਂ ਵਿੱਚੋਂ ਯਾਦ ਕਰਦਾ ਹਾਂ ਜੋ ਦਿਖਾਵੇ ਲਈ ਅਪਰਾਧ ਕਰਦੇ ਸੀ। ਸਾਨੂੰ ਨਹੀਂ ਸੀ ਪਤਾ ਕਿ ਉਹ ਇਸ ਪੱਧਰ ਦਾ ਗੈਂਗਸਟਰ ਬਣ ਜਾਵੇਗਾ।"

ਲਾਰੈਂਸ ਬਿਸ਼ਨੋਈ ਨੂੰ ਪੁਲਿਸ ਮੁਕਾਬਲੇ ਦਾ ਡਰ
ਬੀਬੀਸੀ ਸਹਿਯੋਗੀ ਸੁੱਚਿਤਰਾ ਮੋਹੰਤੀ ਮੁਤਾਬਕ 29 ਸਾਲਾ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੇ ਦਿੱਲੀ ਦੀ ਪਟਿਆਲਾ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਪੁਲਿਸ ਵਲੋਂ ਉਸ ਦਾ ਝੂਠਾ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਅਦਾਲਤ ਵਿੱਚ ਦਾਇਰ ਅਰਜੀ ਵਿੱਚ ਕਿਹਾ ਹੈ ਕਿ ਕਿਵੇਂ ਅਦਾਲਤ ਦੇ ਪ੍ਰੋਡਕਸ਼ਨ ਵਾਰੰਟ ਦੌਰਾਨ ਇੱਧਰ ਉੱਧਰ ਲਿਜਾਉਣ ਸਮੇਂ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ।
ਪਟਿਆਲਾ ਹਾਊਸ ਕੋਰਟ ਵਿਚ ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿਚ ਦਾਇਰ ਇਸ ਪਟੀਸ਼ਨ ਵਿੱਚ ਬਿਸ਼ਨੋਈ ਨੇ ਕਿਹਾ ਹੈ ਕਿ ਵਿਦਿਆਰਥੀ ਆਗੂ ਹੋਣ ਕਾਰਨ ਉਸ ਉੱਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਕੇਸ ਬਣਾਏ ਗਏ ਹਨ।
ਅਰਜੀ ਵਿਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਅਥਾਰਟੀ ਜਿੱਥੇ ਬਿਸ਼ਨੋਈ ਬੰਦ ਹੈ, ਕਿਸੇ ਵੀ ਪ੍ਰੋਡਕਸ਼ਨ ਵਾਰੰਟ ਦੀ ਪੰਜਾਬ ਜਾਂ ਕਿਸੇ ਵੀ ਸੂਬੇ ਦੀ ਪੁਲਿਸ ਬਾਬਤ ਅਗਾਊਂ ਸੂਚਨਾ ਇਸ ਅਦਾਲਤ ਨੂੰ ਦੇਵੇ।
ਅਪੀਲ ਕੀਤੀ ਗਈ ਹੈ ਕਿ ਬਿਸ਼ਨੋਈ ਦੀ ਕਸਟੱਡੀ ਕਿਸੇ ਵੀ ਹੋਰ ਸਟੇਟ ਪੁਲਿਸ ਨੂੰ ਨਾ ਦਿੱਤੀ ਜਾਵੇ ਅਤੇ ਕਸਟੱਡੀ ਦੇਣ ਤੋਂ ਪਹਿਲਾਂ ਉਸ ਦੇ ਵਕੀਲ ਨੂੰ ਜਾਣਕਾਰੀ ਦਿੱਤੀ ਜਾਵੇ। ਤਿਹਾੜ ਜੇਲ੍ਹ ਵਿਚ ਹੀ ਲਾਰੈਂਸ ਉੱਤੇ ਮਕੋਕਾ ਦੀ ਧਾਰਾ 3 ਅਤੇ 4 ਤਹਿਤ ਕਈ ਮਾਮਲੇ ਚੱਲ ਰਹੇ ਹਨ।

'ਏ' ਸ਼੍ਰੇਣੀ ਦਾ ਗੈਂਗਸਟਰ
ਪੁਲਿਸ ਵੱਲੋਂ ਤਿਆਰ ਕੀਤਾ ਗਿਆ ਇੱਕ ਗੁਪਤ ਦਸਤਾਵੇਜ਼, ਜਿਸ ਦੀ ਇੱਕ ਕਾਪੀ ਬੀਬੀਸੀ ਪੰਜਾਬੀ ਕੋਲ ਹੈ, ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਦੇ ਅਬੋਹਰ ਨਾਲ ਸਬੰਧਤ ਹੈ।
ਉਹ ਲਾਅ ਗਰੈਜੂਏਟ ਹੈ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ। ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ 'ਤੇ ਕਥਿਤ ਤੌਰ ਦੇ ਗੋਲੀ ਚਲਾ ਦਿੱਤੀ ਸੀ।
"ਇਸ ਤੋਂ ਬਾਅਦ ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ। ਕੁਝ ਸਮਾਂ ਉਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ ਤੇ ਹੁਣ ਤਿਹਾੜ ਵਿਚ ਹੈ।"
ਅੱਗੇ ਲਿਖਿਆ ਗਿਆ ਹੈ ਕਿ ਉਹ 'ਏ' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ 'ਏ' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਹਨ।
ਲਾਰੈਂਸ ਬਿਸ਼ਨੋਈ ਜੇਲ੍ਹਾਂ ਵਿਚੋਂ ਚਲਾਉਂਦਾ ਹੈ ਧੰਦਾ
"ਉਹ ਜੇਲ੍ਹਾਂ 'ਚੋਂ ਕੰਮ ਕਰਦਾ ਰਿਹਾ ਹੈ। ਉਸ ਵੱਲੋਂ ਕੀਤੇ ਗਏ ਜੁਰਮ ਬਾਰੇ ਕਿਹਾ ਗਿਆ ਹੈ ਕਿ ਉਹ ਵਪਾਰੀਆਂ ਨੂੰ ਜਬਰੀ ਕਾਲਾਂ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।"
"ਉਹ ਉਨ੍ਹਾਂ ਗੈਂਗਸਟਰਾਂ ਵਿਚੋਂ ਹੈ, ਜੋ ਸੋਸ਼ਲ ਮੀਡੀਆ 'ਤੇ ਸਰਗਰਮ ਹਨ।"
ਇਸ ਵਿੱਚ ਅੱਗੇ ਕਿਹਾ ਗਿਆ ਹੈ, "ਉਹ ਆਪਣੇ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਜੋ ਜਬਰਨ ਵਸੂਲੀ, ਕੰਟਰੈਕਟ ਕਿਲਿੰਗ ਅਤੇ ਹੋਰ ਅਪਰਾਧਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਦਿਸ਼ਾ ਨਿਰਦੇਸ਼ ਦਿੰਦੇ ਹਨ।"
ਉਸ ਦੇ ਖ਼ਿਲਾਫ਼ ਜ਼ਿਆਦਾਤਰ ਮਾਮਲੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਦਰਜ ਹਨ।
ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਨਾਲ ਨਜਿੱਠਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਉਭਾਰ ਦੇ ਦੋ ਮੁੱਖ ਕਾਰਨ ਹਨ।
ਉਨ੍ਹਾਂ ਨੇ ਦੱਸਿਆ, "ਇੱਕ ਤਾਂ ਸੋਸ਼ਲ ਮੀਡੀਆ ਜਿਸ ਰਾਹੀਂ ਉਹ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਕੰਮ ਕਰ ਰਿਹਾ ਹੈ, ਅਤੇ ਦੂਜਾ, ਉਸ ਦੇ ਖ਼ਿਲਾਫ਼ ਨਾਕਾਫ਼ੀ ਕਾਨੂੰਨੀ ਕਾਰਵਾਈ ਹੈ।"
ਲਾਰੈਂਸ ਨੇ ਮੁੜ ਵਧਾਈ ਸਰਗਰਮੀ
"ਉਸ ਨੂੰ ਕੁਝ ਸਮੇਂ ਲਈ ਕਾਬੂ ਕੀਤਾ ਗਿਆ ਸੀ ਪਰ ਹੁਣ ਫਿਰ ਤੋਂ ਉਸ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ।"
ਇਸ ਸਾਲ 1 ਮਈ ਨੂੰ ਇਹ ਖ਼ਬਰ ਆਈ ਸੀ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਠਿੰਡਾ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਕਥਿਤ ਤੌਰ 'ਤੇ ਸੂਬੇ ਦੇ ਮਾਲਵਾ ਖੇਤਰ ਵਿੱਚ ਇੱਕ ਵਪਾਰੀ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਤਾਂ ਜੋ ਪੈਸੇ ਦੀ ਲੁੱਟ ਕੀਤੀ ਜਾ ਸਕੇ।
ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਤਿੰਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ 'ਤੇ ਐੱਨਸੀਆਰ ਤੋਂ ਫ਼ਰਾਰ ਗੈਂਗਸਟਰਾਂ ਨੂੰ ਛੁਪਣਗਾਹਾਂ ਪ੍ਰਦਾਨ ਕਰ ਰਹੇ ਸਨ।
ਮਾਰਚ 2021 ਵਿੱਚ ਫ਼ਰੀਦਕੋਟ ਦੀ ਇੱਕ ਅਦਾਲਤ ਨੇ ਫ਼ਰੀਦਕੋਟ ਵਿੱਚ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਪਹਿਲਵਾਨ ਦੀ ਹੱਤਿਆ ਵਿੱਚ ਬਰਾੜ ਨੂੰ ਮੁੱਖ ਸਾਜ਼ਿਸ਼ ਕਰਤਾ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਇੱਕ ਮਹੀਨੇ ਬਾਅਦ, ਉਸ ਦੇ ਖ਼ਿਲਾਫ਼ ਖੁੱਲ੍ਹੇਆਮ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।
29 ਮਈ ਨੂੰ ਪੰਜਾਬ ਦੇ ਡੀਜੀਪੀ ਵੀ ਕੇ ਭਵਰਾ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਸਬੰਧ ਅਕਾਲੀ ਆਗੂ ਵਿਕੀ ਮਿੱਡੂਖੇੜਾ ਦੇ ਕਤਲ ਨਾਲ ਹੈ।
ਗੋਲਡੀ ਬਰਾੜ ਦੁਆਰਾ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪੋਸਟ ਵਿੱਚ, ਇਹ ਕਿਹਾ ਗਿਆ ਸੀ ਕਿ ਮੂਸੇ ਵਾਲਾ ਦਾ ਕਤਲ ਇੱਕ ਬਦਲਾਖੋਰੀ ਸੀ ਜੋ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਬੰਬੀਹਾ ਗੈਂਗ ਨੇ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















