ਪੰਜਾਬ ਪੁਲਿਸ ਦੇ ਖੁਫ਼ੀਆ ਹੈੱਡਕੁਆਟਰ ਉੱਤੇ ਮੁਹਾਲੀ ਵਿਚ ਕਿਸ ਨੇ ਕੀਤਾ ਸੀ ਹਮਲਾ-ਪੁਲਿਸ ਦਾ ਨਵਾਂ ਦਾਅਵਾ - ਪ੍ਰੈਸ ਰੀਵਿਊ

ਮੋਹਾਲੀ ਧਮਾਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 9 ਮਈ ਨੂੰ ਸ਼ਾਮ 7:45 ਵਜੇ ਚੰਡੀਗੜ੍ਹ ਵਿਖੇ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਇਹ ਧਮਾਕਾ ਹੋਇਆ ਸੀ।

ਮੋਹਾਲੀ ਵਿੱਚ ਪੰਜਾਬ ਪੁਲਿਸ ਖੁਫੀਆ ਹੈੱਡਕੁਆਰਟਰ 'ਤੇ ਹੋਏ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਇਸ ਮਾਮਲੇ ਵਿੱਚ 2 ਵਿਅਕਤੀਆਂ ਦੀ ਹਮਲਾ ਕਰਨ ਵਾਲਿਆਂ ਵਜੋਂ ਪਛਾਣ ਕੀਤੀ ਗਈ ਹੈ।

ਜਿਨ੍ਹਾਂ ਵਿੱਚੋਂ ਇੱਕ ਹਰਿਆਣਾ ਦੇ ਝੱਜਰ ਦਾ ਅਤੇ ਦੂਜਾ ਯੂਪੀ ਦੇ ਫੈਜ਼ਾਬਾਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪੰਜਾਬ ਪੁਲਿਸ ਦੇ ਉੱਚ ਸੂਤਰਾਂ ਨੇ ਅਖ਼ਬਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਸੰਭਾਵਤ ਤੌਰ 'ਤੇ ਇਨ੍ਹਾਂ ਵਿਅਕਤੀਆਂ ਨੂੰ ਹਮਲਾ ਕਰਨ ਲਈ ਪੈਸੇ ਦਿੱਤੇ ਗਏ ਸਨ।

ਹਾਲਾਂਕਿ ਮੋਹਾਲੀ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਇਸ ਬਾਰੇ ਚੁੱਪੀ ਬਣਾਈ ਰੱਖੀ, ਪਰ ਘੱਟੋ-ਘੱਟ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋ ਵਿਅਕਤੀਆਂ ਨੇ ਤਰਨਤਾਰਨ ਨਿਵਾਸੀ ਚੜਤ ਸਿੰਘ ਨਾਲ ਮੋਹਾਲੀ ਦੀ ਇਮਾਰਤ 'ਤੇ ਹਮਲਾ ਕੀਤਾ ਸੀ।

ਚੜਤ ਸਿੰਘ ਨੇ ਪਹਿਲਾਂ ਖੇਤਰ ਦੀ ਰੇਕੀ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਨਾਲ ਲਿਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨੇ ਵਿਅਕਤੀ ਫਰਾਰ ਹਨ।

ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਵੇਂ ਵਿਅਕਤੀ "ਗੈਂਗਸਟਰ ਹਨ ਅਤੇ ਅਪਰਾਧਿਕ ਪਿਛੋਕੜ ਵਾਲੇ ਹਨ"।

ਅਧਿਕਾਰੀ ਮੁਤਾਬਕ, ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ "ਅੱਤਵਾਦੀ ਕਾਰਕੁਨਾਂ-ਗੈਂਗਸਟਰ-ਡਰੱਗ ਸਮੱਗਲਰਾਂ ਦੀ ਇੱਕ ਖ਼ਤਰਨਾਕ ਕਾਕਟੇਲ" ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਧਿਕਾਰੀ ਅਨੁਸਾਰ, "ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਪੈਸੇ ਦੀ ਖ਼ਾਤਰ ਹਮਲਾ ਕੀਤਾ" ਅਤੇ ਸੰਭਾਵਤ ਤੌਰ 'ਤੇ ਉਨ੍ਹਾਂ ਨੂੰ ਇਸ ਦੇ ਲਈ ਭੁਗਤਾਨ ਕੀਤਾ ਗਿਆ ਸੀ।

ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਜਗਦੀਪ ਕੰਗ ਸਮੇਤ 5 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ।

ਪੰਜਾਬ ਦੇ ਡੀਜੀਪੀ ਵਿਰੇਸ਼ ਕੁਮਾਰ ਭਵਰਾ ਨੇ ਕਿਹਾ ਸੀ ਕਿ ਜਗਦੀਪ ਕੰਗ ਮੋਡਿਊਲ ਦਾ "ਸਥਾਨਕ ਸੰਪਰਕ" ਸੀ ਅਤੇ ਰੇਕੀ ਦੌਰਾਨ ਚੜਤ ਦੇ ਨਾਲ ਸੀ।

ਇਹ ਵੀ ਪੜ੍ਹੋ:

ਮੰਕੀਪੌਕਸ ਵਾਇਰਸ ਦੇ ਪ੍ਰਕੋਪ 'ਤੇ ਕਾਬੂ ਕੀਤਾ ਜਾ ਸਕਦਾ ਹੈ - ਡਬਲਯੂਐੱਚਓ

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ ਤੋਂ ਬਾਹਰ, ਦੂਜੇ ਦੇਸ਼ਾਂ ਵਿੱਚ ਜਿੱਥੇ ਮੰਕੀਪੌਕਸ ਆਮ 'ਤੌਰ ਤੇ ਨਹੀਂ ਪਾਇਆ ਜਾਂਦਾ, ਉੱਥੇ ਇਸ ਦੇ ਪ੍ਰਕੋਪ 'ਤੇ ਕਾਬੂ ਕੀਤਾ ਜਾ ਸਕਦਾ ਹੈ।

ਹਾਲ ਹੀ ਵਿੱਚ, ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਇਸ ਵਾਇਰਸ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਹਾਲਾਂਕਿ ਅਜਿਹੇ ਮਾਮਲਿਆਂ ਦੇ ਹੋਰ ਵਧਣ ਦਾ ਖਦਸ਼ਾ ਹੈ ਪਰ ਮਾਹਿਰ ਕਹਿੰਦੇ ਹਨ ਕਿ ਵੱਡੀ ਆਬਾਦੀ ਨੂੰ ਇਸ ਨਾਲ ਖ਼ਤਰਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਮੰਕੀਪੌਕਸ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਇਹ ਵਾਇਰਸ ਜ਼ਿਆਦਾਤਰ ਅਫ਼ਰੀਕਾ ਦੇ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਡਬਲਯੂਐੱਚਓ ਦੀ ਮਾਰੀਆ ਵੈਨ ਕੇਰਖੋਵੇ ਨੇ ਕਿਹਾ ਕਿ ''ਇਹ ਕਾਬੂ ਕੀਤੀ ਜਾਣ ਯੋਗ ਸਥਿਤੀ ਹੈ''।

ਯੂਰਪ ਅਤੇ ਉੱਤਰੀ ਅਮਰੀਕਾ 'ਚ ਆਏ ਮਾਮਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਅਸੀਂ ਵਿਅਕਤੀ ਤੋਂ ਵਿਅਕਤੀ ਨੂੰ ਹੋਣ ਵਾਲੇ ਫੈਲਾਅ (ਮਨੁੱਖੀ ਟ੍ਰਾਂਸਮਿਸ਼ਨ) ਨੂੰ ਰੋਕਣਾ ਚਾਹੁੰਦੇ ਹਾਂ। ਅਜਿਹਾ ਅਸੀਂ ਗੈਰ-ਸਥਾਨਕ ਦੇਸ਼ਾਂ ਵਿੱਚ ਕਰ ਸਕਦੇ ਹਾਂ।''

ਮੰਕੀਪੌਕਸ ਇੱਕ ਅਜਿਹੀ ਬਿਮਾਰੀ ਹੈ ਜਿਸ 'ਚ ਬੁਖ਼ਾਰ ਦੇ ਨਾਲ ਸ਼ਰੀਰ 'ਤੇ ਪੀਕ ਵਾਲੇ ਦਾਣੇ ਹੋ ਜਾਂਦੇ ਹਨ, ਜਿਨ੍ਹਾਂ 'ਤੇ ਖੁਰਕ ਵੀ ਹੁੰਦੀ ਹੈ।

ਹਾਲ ਹੀ ਵਿੱਚ, ਅਫ਼ਰੀਕਾ ਤੋਂ ਬਾਹਰ 16 ਹੋਰ ਦੇਸ਼ਾਂ ਵਿੱਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਬੱਚੇ ਦੇ ਵਿਰੁੱਧ ਜਿਨਸੀ ਅਪਰਾਧ ਦੇ ਮਾਮਲੇ 'ਚ ਮਾਪੇ ਸਮਝੌਤਾ ਨਹੀਂ ਕਰ ਸਕਦੇ- ਹਾਈ ਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੱਚੇ ਵਿਰੁੱਧ ਜਿਨਸੀ ਅਪਰਾਧ ਦੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪੀੜਤ ਬੱਚਾ ਅਤੇ ਉਸ ਦੇ ਮਾਤਾ-ਪਿਤਾ, ਨਾਬਾਲਗ ਦੇ ਖ਼ਿਲਾਫ਼ ਜਿਨਸੀ ਅਪਰਾਧ ਦੇ ਮਾਮਲਿਆਂ ਵਿੱਚ ਸਮਝੌਤਾ ਨਹੀਂ ਕਰ ਸਕਦੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਦੇ ਜੱਜ ਪੰਕਜ ਜੈਨ ਨੇ ਕਿਹਾ, "ਬੱਚੀ ਅਤੇ/ਜਾਂ ਉਸਦੇ ਮਾਤਾ-ਪਿਤਾ ਦੁਆਰਾ ਪ੍ਰਭਾਵਿਤ ਸਮਝੌਤਾ, ਬੱਚੇ ਦੀ ਇੱਜ਼ਤ ਨਾਲ ਸਮਝੌਤਾ ਕਰਕੇ, ਉਸ ਸਥਿਤੀ ਤੱਕ ਨਹੀਂ ਵਧਾਇਆ ਜਾ ਸਕਦਾ ਜਿੱਥੇ ਇਹ ਐਕਟ ਦੇ ਉਦੇਸ਼ ਨੂੰ ਹਰਾ ਦਿੰਦਾ ਹੈ।''

ਬੱਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਮਲੇ ਵਿੱਚ ਬੈਂਚ ਨੇ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁਕੱਦਮੇ ਨੂੰ ਤਰਜੀਹੀ ਤੌਰ 'ਤੇ ਛੇ ਮਹੀਨਿਆਂ ਦੀ ਮਿਆਦ ਅੰਦਰ ਨਿਪਟਾਇਆ ਜਾਵੇ।

ਅਦਾਲਤ, ਜਨਵਰੀ 2019 ਵਿੱਚ ਡੱਬਵਾਲੀ ਮਹਿਲਾ ਪੁਲਿਸ ਥਾਣੇ 'ਚ ਦਰਜ ਹੋਏ ਇੱਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ।

ਇਸ ਮਾਮਲੇ ਵਿੱਚ ਜਨਵਰੀ 2021 ਵਿੱਚ ਪੀੜਤ ਪਰਿਵਾਰ ਅਤੇ ਮੁਲਜ਼ਮ ਵਿਚਕਾਰ ਹੋਏ ਸਮਝੌਤੇ ਦੇ ਆਧਾਰ 'ਤੇ, ਬਾਅਦ ਵਿੱਚ ਐੱਫਆਈਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਸੀ।

ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਬੱਚੇ ਦੇ ਮਾਮਲੇ 'ਚ ਮਾਤਾ-ਪਿਤਾ ਵਿਚਾਲੇ ਹੋਏ ਸਮਝੌਤਾ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ।

ਕੋਈ ਵੀ ਸਮਝੌਤਾ/ਸੁਲਹ ਜੋ ਬੱਚੇ ਦੁਆਰਾ ਕੀਤਾ ਗਿਆ ਹੈ (ਬਾਲਗ ਹੋਣ ਤੋਂ ਪਹਿਲਾਂ), ਮੌਜੂਦਾ ਕੇਸ ਵਿੱਚ ਮੁੰਡੇ/ਕੁੜੀ ਦੁਆਰਾ ਆਪਣੇ ਆਪ, ਪਹਿਲਾਂ ਤੋਂ ਹੀ ਰੱਦ ਹੋ ਜਾਵੇਗਾ ਅਤੇ ਇਸ ਤਰ੍ਹਾਂ ਇਸ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ।

ਸਮਝੌਤੇ ਦੇ ਆਧਾਰ 'ਤੇ ਐੱਫਆਈਆਰ ਰੱਦ ਨਾ ਕਰਨ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ "ਮਾਪਿਆਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਇੱਕ ਸਮਝੌਤੇ ਦੁਆਰਾ ਬੱਚੇ ਦੀ ਇੱਜ਼ਤ ਨਾਲ ਸਮਝੌਤਾ ਕਰਨ।

ਕਾਨੂੰਨ ਦੇ ਸ਼ਾਸਨ ਵਾਲੇ ਸਮਾਜ ਵਿੱਚ ਜਿੱਥੇ ਵੀ ਅਤੇ ਜਦੋਂ ਵੀ ਸਵਾਲ ਉੱਠਦਾ ਹੈ: ਹਮਲਾਵਰ ਤੋਂ ਕੌਣ ਬਚਾਏਗਾ? ਸਪਸ਼ਟ ਅਤੇ ਇੱਕੋ ਜਵਾਬ ਕਾਨੂੰਨ ਹੋਵੇਗਾ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)