ਮੰਕੀਪੌਕਸ ਦੇ ਕੀ ਹਨ ਲੱਛਣ ਤੇ ਕਾਰਨ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਐਮਰਜੈਂਸੀ ਐਲਾਨਿਆ

ਮੰਕੀਪੌਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਸ਼ਾਮਿਲ ਹਨ।

ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਐਲਾਨ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਜਾਣ।

ਸੰਗਠਨ ਵੱਲੋਂ ਇਹ ਫੈਸਲਾ ਵਾਇਰਸ ਬਾਰੇ ਉਨ੍ਹਾਂ ਦੀ ਦੂਜੀ ਐਮਰਜੈਂਸੀ ਮੀਟਿੰਗ ਵਿੱਚ ਲਿਆ ਗਿਆ।

ਮੰਕੀਪੌਕਸ ਦਾ ਖਤਰਾ ਹੁਣ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਉੱਪਰ ਮੰਡਰਾ ਰਿਹਾ ਹੈ।

ਅਮਰੀਕਾ ਨੇ ਮੰਕੀਪੌਕਸ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਦੁਨੀਆ ਭਰ ਵਿੱਚ ਤਕਰੀਬਨ ਇਸ ਬਿਮਾਰੀ ਦੇ 25800 ਮਾਮਲੇ ਸਾਹਮਣੇ ਆ ਚੁੱਕੇ ਹਨ।

ਭਾਰਤ ਵਿੱਚ ਮੰਕੀਪੌਕਸ ਦੀ ਕੀ ਸਥਿਤੀ ਹੈ

ਰਾਇਟਰਜ਼ ਮੁਤਾਬਕ 3 ਅਗਸਤ ਤੱਕ ਭਾਰਤ ਵਿੱਚ ਮੰਕੀਪੌਕਸ ਦੇ ਕੁੱਲ 9 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ ਅਤੇ ਕੇਰਲ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸੰਸਦ ਵਿੱਚ ਕਿਹਾ ਸੀ ਕਿ ਇਹ ਕੋਈ ਨਵੀਂ ਬੀਮਾਰੀ ਨਹੀਂ ਹੈ ਅਤੇ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।ਸੰਸਦ ਵਿੱਚ ਮੰਕੀਪੌਕਸ ਨਾਲ ਜੁੜੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਆਖਿਆ," ਇਹ ਭਾਰਤ ਅਤੇ ਦੁਨੀਆਂ ਲਈ ਕੋਈ ਨਵੀਂ ਬੀਮਾਰੀ ਨਹੀਂ ਹੈ।70 ਦੇ ਦਹਾਕੇ ਤੋਂ ਇਹ ਬਿਮਾਰੀ ਮੌਜੂਦ ਹੈ।"

ਸਰਕਾਰ ਦੀ ਤਿਆਰੀ ਬਾਰੇ ਉਨ੍ਹਾਂ ਨੇ ਆਖਿਆ,"ਜਦੋਂ ਦੂਜੇ ਦੇਸ਼ਾਂ ਵਿੱਚ ਇਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਸਨ ਅਸੀਂ ਉਦੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ।ਭਾਵੇਂ ਭਾਰਤ ਵਿੱਚ ਪਹਿਲਾਂ ਮਾਮਲਾ 14 ਜੁਲਾਈ ਨੂੰ ਸਾਹਮਣੇ ਆਇਆ ਸੀ ਪਰ ਅਸੀਂ 31 ਮਈ 2022 ਨੂੰ ਹੀ ਸਾਰੇ ਸੂਬਿਆਂ ਨੂੰ ਨਿਰਦੇਸ਼ ਦੇ ਦਿੱਤੇ ਸਨ।"

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਇਸ ਨਾਲ ਸਬੰਧਿਤ ਟੀਕੇ ਉੱਤੇ ਖੋਜ ਹੋ ਰਹੀ ਹੈ।

ਭਾਰਤ ਸਰਕਾਰ ਵੱਲੋਂ ਮੰਕੀਪਾਕਸ ਸਬੰਧੀ ਹਲਾਤਾਂ ਦਾ ਜਾਇਜ਼ਾ ਲੈਣ ਲਈ ਇੱਕ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਦੀ ਅਗਵਾਈ ਨੀਤੀ ਆਯੋਗ ਦੇ ਮੈਂਬਰ ਡਾ ਵੀ ਕੇ ਪਾਲ ਕਰਨਗੇ।

ਮੰਕੀਪੌਕਸ ਨਾਲ ਪੀੜ੍ਹਤ ਵਿਅਕਤੀ ਨੂੰ ਬੁਖਾਰ ਚੜ੍ਹਦਾ ਹੈ ਅਤੇ ਸਰੀਰ ਉੱਤੇ ਛਾਲੇ ਪੈ ਜਾਂਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਕੀਪੌਕਸ ਨਾਲ ਪੀੜ੍ਹਤ ਵਿਅਕਤੀ ਨੂੰ ਬੁਖਾਰ ਚੜ੍ਹਦਾ ਹੈ ਅਤੇ ਸਰੀਰ ਉੱਤੇ ਛਾਲੇ ਪੈ ਜਾਂਦੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਬਾਰੇ ਫ਼ੈਸਲਾ 26 ਜੁਲਾਈ ਨੂੰ ਹੋਏ ਇੱਕ ਬੈਠਕ 'ਚ ਲਿਆ ਗਿਆ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਸਨ।

ਇਹ ਕਮੇਟੀ ਇਸ ਬਿਮਾਰੀ ਬਾਰੇ ਸਰਕਾਰ ਨੂੰ ਸੂਚਨਾ ਮੁਹੱਈਆ ਕਰਵਾਏਗੀ ਅਤੇ ਇਸ ਨਾਲ ਹੀ ਲੋੜ ਪੈਣ ਤੇ ਟੀਕਾਕਰਨ ਸਬੰਧੀ ਜ਼ਰੂਰਤ ਬਾਰੇ ਵੀ ਸਰਕਾਰ ਨੂੰ ਜਾਣੂ ਕਰਵਾਏਗੀ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੂੰ ਵੀ ਭਾਰਤ ਸਰਕਾਰ ਵੱਲੋਂ ਲੋੜੀਂਦਾ ਹਦਾਇਤਾਂ ਦਿੱਤੀਆਂ ਗਈਆਂ ਹਨ।

ਮੰਕੀਪੌਕਸ ਨਾਲ ਪੀੜ੍ਹਤ ਵਿਅਕਤੀ ਨੂੰ ਬੁਖਾਰ ਚੜ੍ਹਦਾ ਹੈ ਅਤੇ ਸਰੀਰ ਉੱਤੇ ਛਾਲੇ ਪੈ ਜਾਂਦੇ ਹਨ।

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ, ਪਰ ਇਸ ਦੇ ਵਧੇਰੇ ਵਸੋਂ ਵਿੱਚ ਫੈਲਣ ਦਾ ਖਤਰਾ ਘੱਟ ਹੈ।

ਮੰਕੀਪੌਕਸ ਜ਼ਿਆਦਤਰ ਕੇਂਦਰੀ ਅਤੇ ਪੱਛਮੀ ਅਫਰੀਕਾ ਵਿੱਚ ਪਾਇਆ ਜਾਂਦਾ ਹੈ।

ਚਰਚਾ ਵਿੱਚ ਆਈ ਇਹ ਬਿਮਾਰੀ ਕੀ ਹੈ, ਇਸ ਬਾਰੇ ਅਸੀਂ ਇੱਥੇ ਸਮਝਾਂਗੇ-

ਮੰਕੀਪੌਕਸ ਦੇ ਕੀ ਕਾਰਨ ਹਨ?

ਮੰਕੀਪੌਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲਪੌਕਸ ਵਰਗਾ ਹੀ ਹੈ ਪਰ ਉਸ ਤੋਂ ਇਸ ਦੀ ਲਾਗ ਘੱਟ ਹੈ ਅਤੇ ਉਸ ਤੋਂ ਘੱਟ ਖ਼ਤਰਨਾਕ ਹੁੰਦਾ ਹੈ।

ਵੀਡੀਓ ਕੈਪਸ਼ਨ, ਮੰਕੀਪੌਕਸ-ਕਾਰਨ,ਲੱਛਣ ਅਤੇ ਕਿੰਨਾ ਸੁਚੇਤ ਰਹਿਣ ਦੀ ਲੋੜ

ਇਹ ਜ਼ਿਆਦਾਤਰ ਅਫ਼ਰੀਕਾ ਦੇ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਮੱਧ ਅਤੇ ਦੱਖਣੀ ਅਫ਼ਰੀਕਾ ਦੇ ਦੂਰ-ਦੁਰਾਡੇ ਇਲਾਕੇ ਇਸ ਨਾਲ ਜ਼ਿਆਦਾ ਪ੍ਰਭਾਵਿਤ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦੱਖਣੀ ਅਫ਼ਰੀਕਾ ਅਤੇ ਦੂਜਾ ਮੱਧ ਅਫ਼ਰੀਕਾ ਵਿੱਚ ਪਾਇਆ ਜਾਂਦਾ ਹੈ।

ਯੂਕੇ ਵਿੱਚ ਜੋ ਮਰੀਜ਼ ਮਿਲੇ ਹਨ ਉਹ ਨਾਈਜੀਰੀਆ ਤੋਂ ਆਏ ਹਨ ਅਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫ਼ਰੀਕਾ ਵਾਲਾ ਸਟ੍ਰੇਨ ਹੋਵੇ। ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ।

ਫਿਲਹਾਲ ਯੂਕੇ ਵਿੱਚ ਇਸ ਦੇ 4 ਨਵੇਂ ਕੇਸ ਆਏ ਹਨ। ਯੂਕੇ ਦੀ ਹੈਲਥ ਸਿਕਿਓਰਿਟੀ ਏਜੰਸੀ ਮੁਤਾਬਕ ਜੇਕਰ ਕਿਸੇ ਨੂੰ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਮੰਕੀਪੌਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਇਰਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੀ ਹੁੰਦੇ ਹਨ, ਕਈ ਵਾਰ ਤਾਂ ਚਿਕਨਪੌਕਸ ਵਰਗੇ ਹੀ ਲੱਗਦੇ ਹਨ।

ਮੰਕੀਪੌਕਸ : ਸ਼ੁਰੂ ਵਿੱਚ ਦੁਖ ਸਕਦਾ ਹੈ ਸਿਰ

ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਸ਼ਾਮਿਲ ਹਨ।

ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਉੱਪਰ ਦਾਣੇ ਹੋ ਸਕਦੇ ਹਨ ਜੋ ਹੌਲੀ-ਹੌਲੀ ਚਿਹਰੇ ਤੱਕ ਅਤੇ ਉਸ ਤੋਂ ਬਾਅਦ ਸ਼ਹਿਰ ਦੇ ਦੂਜੇ ਹਿੱਸਿਆਂ ਤੱਕ ਵੀ ਪਹੁੰਚ ਸਕਦੇ ਹਨ। ਇਹ ਜ਼ਿਆਦਾਤਰ ਹੱਥਾਂ, ਪੈਰਾਂ ਉੱਪਰ ਦੇਖਣ ਨੂੰ ਮਿਲਦੇ ਹਨ।

ਇਸ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਹਨ ਜਿਨ੍ਹਾਂ ਵਿੱਚ ਪੀਕ ਭਰ ਜਾਂਦੀ ਹੈ ਤੇ ਖੁਰਕ ਹੁੰਦੀ ਹੈ। ਠੀਕ ਹੋਣ 'ਤੇ ਇਹ ਛਾਲੇ ਸੁੱਕ ਜਾਂਦੇ ਹਨ। ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਰਹਿ ਜਾਂਦੇ ਹਨ।

ਮੰਕੀਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ ਦੋ ਤੋਂ ਤਿੰਨ ਹਫ਼ਤੇ ਰਹਿੰਦੀ ਹੈ।

ਮੰਕੀਪੌਕਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੰਕੀਪੌਕਸ ਦਾ ਫਿਲਹਾਲ ਕੋਈ ਪੱਕਾ ਇਲਾਜ ਨਹੀਂ ਹੈ।

ਮੰਕੀਪੌਕਸ: ਇਹ ਤਿੰਨ ਹਨ ਲਾਗ ਦੇ ਰਾਹ

ਕਿਸੇ ਮਰੀਜ਼ ਦੇ ਨਾਲ ਸੰਪਰਕ ਵਿਚ ਆਉਣ ਤੇ ਇਹ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹਨ।

ਕਈ ਵਾਰ ਇਹ ਮੂੰਹ ਅੱਖਾਂ ਤੇ ਨੱਕ ਰਾਹੀਂ ਫਿਰ ਵੀ ਸਰੀਰ ਦੇ ਅੰਦਰ ਜਾਂਦੇ ਹਨ।

ਇਹ ਸੈਕਸ ਦੌਰਾਨ ਹੋਣ ਵਾਲੀ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ ਪਰ ਸੈਕਸ ਦੌਰਾਨ ਵੀ ਇਸ ਦੇ ਵਾਇਰਸ ਸਰੀਰ ਵਿੱਚ ਜਾ ਵਿੱਚ ਜਾ ਸਕਦੇ ਹਨ।

ਇਹ ਪ੍ਰਭਾਵਿਤ ਜਾਨਵਰ ਜਿਵੇਂ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਵਿੱਚ ਵਾਇਰਸ ਦੇ ਕਣ ਹਨ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ।

ਮੰਕੀਪੌਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਕੀਪੌਕਸ ਦਾ ਵਾਇਰਸ

ਮੰਕੀਪੌਕਸ ਕਿੰਨਾ ਖ਼ਤਰਨਾਕ?

ਵਾਇਰਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੀ ਹੁੰਦੇ ਹਨ, ਕਈ ਵਾਰ ਤਾਂ ਚਿਕਨਪੌਕਸ ਵਰਗੇ ਹੀ ਲਗਦੇ ਹਨ ਅਤੇ ਆਪਣੇ ਆਪ ਹੀ ਕੁਝ ਦਿਨਾਂ ਵਿੱਚ ਗਾਇਬ ਹੋ ਜਾਂਦੇ ਹਨ।

ਹਾਲਾਂਕਿ ਕਈ ਵਾਰ ਮੰਕੀਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫ਼ਰੀਕਾ ਵਿੱਚ ਇਸ ਕਾਰ ਕੁਝ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਮੰਕੀਪੌਕਸ ਪਹਿਲਾਂ ਬਾਂਦਰਾਂ ਵਿੱਚ ਦੇਖਿਆ ਗਿਆ

ਮੰਕੀਪੌਕਸ ਸਭ ਤੋਂ ਪਹਿਲਾਂ ਬੰਦੀ ਬਣਾਏ ਹੋਏ ਬਾਂਦਰਾਂ ਵਿੱਚ ਪਛਾਣਿਆ ਗਿਆ ਸੀ। ਸਾਲ 1970 ਤੋਂ ਬਾਅਦ ਪੱਛਮੀ ਅਫ਼ਰੀਕਾ ਦੇ ਸਾਰੇ 10 ਦੇਸ਼ਾਂ ਵਿੱਚ ਇਸ ਦੇ ਮਾਮਲੇ ਸਥਾਨਕ ਬੀਮਾਰੀ ਦੇ ਰੂਪ ਵਿੱਚ ਸਾਹਮਣੇ ਆਏ ਹਨ।

ਚੂਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਟੋ ਵੀ ਇੱਕ ਅਜਿਹਾ ਜਾਨਵਰ ਹੈ ਜਿਸ ਤੋਂ ਮੰਕੀਪੌਕਸ ਫੈਲ ਸਕਦਾ ਹੈ

ਸਾਲ 2003 ਵਿੱਚ ਅਮਰੀਕਾ ਵਿੱਚ ਇਸ ਦਾ ਆਊਟਬਰੇਕ ਹੋਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਅਫ਼ਰੀਕਾ ਤੋਂ ਬਾਹਰ ਇਹ ਬਿਮਾਰੀ ਦੇਖੀ ਗਈ।

ਮਰੀਜ਼ਾਂ ਨੂੰ ਇਸ ਦੀ ਲਾਗ ਪੈਰੀਆਰੀ ਕੁੱਤਿਆਂ ਤੋਂ ਲੱਗੀ ਸੀ। ਕੁੱਤਿਆਂ ਨੂੰ ਇਹ ਲਾਗ ਅਫ਼ਰੀਕਾ ਤੋਂ ਬਰਾਮਦ ਕੀਤੇ ਗਏ ਜਾਨਵਰਾਂ ਤੋਂ ਲੱਗੀ ਸੀ।

ਉਸ ਸਮੇਂ 81 ਕੇਸ ਸਾਹਮਣੇ ਆਏ ਸਨ ਪਰ ਕੋਈ ਮੌਤ ਦਰਜ ਨਹੀਂ ਕੀਤੀ ਗਈ ਸੀ।

ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਵਿੱਚ ਨਾਈਜੀਰੀਆ ਨੇ ਇਸ ਦਾ ਸਭ ਤੋਂ ਵੱਡਾ ਫੁਟਾਅ ਦੇਖਿਆ। ਉਸ ਸਮੇਂ ਮੌਕੀਪੌਕਸ ਦੇ 172 ਸ਼ੱਕੀ ਕੇਸ ਸਨ ਜਿਨ੍ਹਾਂ ਵਿੱਚ 75% ਪੁਰਸ਼ ਸਨ ਜਿਨ੍ਹਾਂ ਦੀ ਉਮਰ 21 ਤੋਂ 40 ਸਾਲ ਸੀ।

ਮੰਕੀਪੌਕਸ ਦੇ ਇਲਾਜ ਵਿੱਚ ਸਮਾਲਪੌਕਸ ਦੀ ਵੈਕਸੀਨ

ਮੰਕੀਪੌਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਕੀਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ ਦੋ ਤੋਂ ਤਿੰਨ ਹਫ਼ਤੇ ਰਹਿੰਦੀ ਹੈ।

ਮੰਕੀਪੌਕਸ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ। ਹਾਂ, ਲਾਗ ਨੂੰ ਫੈਲਣ ਤੋਂ ਰੋਕ ਕੇ ਬਿਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ।

ਸਮਾਲਪੌਕਸ ਦੀ ਵੈਕਸੀਨ ਮੰਕੀਪੌਕਸ ਲਈ 85% ਕਾਰਗਰ ਪਾਈ ਗਈ ਹੈ। ਕਈ ਵਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਕੀ ਲੋਕਾਂ ਨੂੰ ਡਰਨਾ ਚਾਹੀਦਾ ਹੈ?

ਇੰਗਲੈਂਡ ਦੇ ਮੌਲੀਕਿਊਲਰ ਨੌਟਿੰਘਮ ਯੂਨੀਵਰਸਿਟੀ ਵਿੱਚ ਵਾਇਰੌਲੋਜੀ ਦੇ ਪ੍ਰੋਫ਼ੈਸਰ ਜੌਨਥਨ ਬਾਲ ਨੇ ਇੰਗਲੈਂਡ ਵਿੱਚ ਇਸ ਦੇ ਸਥਿਤੀ ਦੇ ਹਵਾਲੇ ਨਾਲ ਦੱਸਿਆ, '' ਜਿਨ੍ਹਾਂ ਨੂੰ ਸ਼ੁਰੂ ਵਿੱਚ ਮੰਕੀਪੌਕਸ ਦੀ ਲਾਗ ਹੋਈ ਸੀ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ 50 ਜਣਿਆਂ ਵਿੱਚੋਂ ਸਿਰਫ਼ ਇੱਕ ਜਣੇ ਨੂੰ ਲਾਗ ਹੋਈ ਹੈ। ਇਹ ਦਰਸਾਉਂਦਾ ਹੈ ਕਿ ਲਾਗ ਕਿੰਨੀ ਕਮਜ਼ੋਰ ਹੈ।''

ਪਬਲਿਕ ਹੈਲਥ ਇੰਗਲੈਂਡ ਵਿੱਚ ਨੈਸ਼ਨਲ ਇਨਫੈਕਸ਼ਨ ਸਰਵਿਸ ਦੇ ਡਿਪਟੀ ਡਾਇਰੈਕਟਰ ਡਾ਼ ਨਿੱਕ ਫਿਨ ਮੁਤਾਬਕ, ''ਇਸ ਗੱਲ 'ਤੇ ਜ਼ੋਰ ਦੇਣਾ ਅਹਿਮ ਹੈ ਕਿ ਮੰਕੀਪੌਕਸ ਮਨੁੱਖਾਂ ਵਿੱਚ ਇੰਨੀ ਸੌਖੀ ਤਰ੍ਹਾਂ ਨਹੀਂ ਫ਼ੈਲਦਾ ਹੈ। ਇਸ ਲਈ ਜਨਤਾ ਦੀ ਸਿਹਤ ਨੂੰ ਖ਼ਤਰਾ ਘੱਟ ਹੈ।''

ਮੰਕੀਪੌਕਸ ਦਾ ਪਹਿਲਾ ਮਾਮਲਾ ਕਦੋਂ ਆਇਆ ਸੀ

ਇਸ ਵਾਇਰਸ ਦਾ ਪਹਿਲਾ ਮਾਮਲਾ 50 ਦੇ ਦਹਾਕੇ ਵਿਚ ਸਾਹਮਣੇ ਆਇਆ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਵਾਇਰਸ ਦੁਨੀਆ ਭਰ ਦੇ ਤਕਰੀਬਨ 70 ਦੇਸ਼ਾਂ ਵਿਚ ਫੈਲ ਚੁੱਕਿਆ ਹੈ।

ਇਹ ਇੱਕ ਅਜਿਹੀ ਬਿਮਾਰੀ ਹੈ ਜੋ ਦਹਾਕਿਆਂ ਤੋਂ ਅਫ਼ਰੀਕੀ ਲੋਕਾਂ ਵਿੱਚ ਆਮ ਹੈ ਪਰ ਹੁਣੇ ਹੀ ਦੂਸਰੇ ਦੇਸ਼ਾਂ ਵਿਚ ਵੀ ਫੈਲ ਰਹੀ ਹੈ।ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਬ੍ਰਿਟੇਨ ਅਤੇ ਯੂਰਪ ਦੇ ਹੋਰ ਕਈ ਦੇਸ਼ ਹਨ।

ਇਕੱਲੇ ਬ੍ਰਿਟੇਨ ਵਿੱਚ ਹੀ ਇਸ ਦੇ 2600 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)