ਬ੍ਰਿਗੇਡੀਅਰ ਪ੍ਰੀਤਮ ਸਿੰਘ: 'ਸ਼ੇਰ ਬੱਚਾ' ਦੇ ਨਾਂ ਨਾਲ ਮਸ਼ਹੂਰ ਫੌਜੀ ਅਫ਼ਸਰ, ਜਿਸ ਦੀ ਬਹਾਦਰੀ ਦੇ ਅੱਜ ਵੀ ਚਰਚੇ ਨੇ

ਬ੍ਰਿਗੇਡੀਅਰ ਪ੍ਰੀਤਮ ਸਿੰਘ ਭਾਰਤੀ ਫੌਜ ਵਿੱਚ ਕੈਪਟਨ ਦੇ ਤੌਰ 1937 ਵਿੱਚ ਭਰਤੀ ਹੋਏ ਸਨ।

ਤਸਵੀਰ ਸਰੋਤ, Brig Pritam Singh's family

ਤਸਵੀਰ ਕੈਪਸ਼ਨ, ਬ੍ਰਿਗੇਡੀਅਰ ਪ੍ਰੀਤਮ ਸਿੰਘ ਭਾਰਤੀ ਫੌਜ ਵਿੱਚ ਕੈਪਟਨ ਦੇ ਤੌਰ 1937 ਵਿੱਚ ਭਰਤੀ ਹੋਏ ਸਨ।
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕਸ਼ਮੀਰ ਦੇ ਪੁੰਛ ਦੀ ਪਹਿਲੀ ਲੜਾਈ ਦੇ ਨਾਇਕ ਅਤੇ 'ਸ਼ੇਰ ਬੱਚਾ' ਦੇ ਨਾਂ ਨਾਲ ਮਸ਼ਹੂਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਉਪਰ ਅਧਾਰਿਤ ਪੰਜਾਬੀ ਡਾਕੂਮੈਂਟਰੀ ਫ਼ਿਲਮ ਦਿ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ 68ਵੇਂ ਨੈਸ਼ਨਲ ਫ਼ਿਲਮ ਐਵਾਰਡ ਵਿੱਚ ਬੈਸਟ ਇਨਵੈਸਟੀਗੇਟਿਵ ਫ਼ਿਲਮ ਦਾ ਐਵਾਰਡ ਮਿਲਿਆ ਹੈ

ਇਸ ਤੋਂ ਪਹਿਲਾਂ ਇਸ ਫ਼ਿਲਮ ਨੂੰ 12ਵੇਂ ਦਾਦਾ ਸਾਹਿਬ ਫਾਲਕੇ ਫ਼ਿਲਮ ਫੈਸਟੀਵਲ ਵਿੱਚ ਸਰਵਉਤਮ ਡਾਕੂਮੈਂਟਰੀ ਦਾ ਐਵਾਰਡ ਮਿਲਿਆ ਸੀ।

ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਨਾਂ ਹੇਠ ਬਣੀ ਇਹ ਡਾਕੂਮੈਂਟਰੀ-ਡਰਾਮਾ ਫ਼ਿਲਮ ਹੈ। ਜਿਸ ਨੂੰ ਪੰਜਾਬ ਦੇ ਸੰਗਰੂਰ ਅਤੇ ਬਰਨਾਲਾ ਨਾਲ ਸਬੰਧਤ ਕਰਨਵੀਰ ਸਿੰਘ ਸਿਬੀਆ ਅਤੇ ਡਾਕਟਰ ਪਰਮਜੀਤ ਸਿੰਘ ਕੱਟੂ ਨੇ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਹੈ।

ਇਹ ਫੈਸਟੀਵਲ ਐਵਾਰਡ ਸਮਾਗਮ 30 ਅਪ੍ਰੈਲ, 2022 ਨੂੰ ਨੋਇਡਾ ਵਿਖੇ ਹੋਇਆ ਸੀ। ਇਸ ਡਾਕੂਮੈਂਟਰੀ ਨੇ ਹੁਣ ਤੱਕ ਕਰੀਬ 15 ਅਵਾਰਡ ਜਿੱਤੇ ਹਨ।

ਪੁੰਛ ਦੀ ਲੜਾਈ ਦਾ ਨਾਇਕ 'ਸ਼ੇਰ ਬੱਚਾ'

ਬ੍ਰਿਗੇਡੀਅਰ ਪ੍ਰੀਤਮ ਸਿੰਘ ਭਾਰਤੀ ਫੌਜ ਵਿੱਚ ਕੈਪਟਨ ਦੇ ਤੌਰ 1937 ਵਿੱਚ ਭਰਤੀ ਹੋਏ ਸਨ। ਉਹਨਾਂ ਨੇ ਦੂਜੀ ਸੰਸਾਰ ਜੰਗ ਦੌਰਾਨ ਮੱਧ ਪੂਰਵ ਅਤੇ ਇਟਲੀ ਵਿੱਚ ਸੇਵਾਵਾਂ ਨਿਭਾਈਆਂ।

ਇੱਕ ਨੌਜਵਾਨ ਅਫ਼ਸਰ ਵੱਜੋਂ ਡਿਉਟੀ ਕਰਦੇ ਪ੍ਰੀਤਮ ਸਿੰਘ ਸਿੰਘਾਪੁਰ ਦੀ ਲੜਾਈ ਦੌਰਾਨ 1942 ਵਿੱਚ ਜ਼ਖਮੀ ਹੋਏ ਅਤੇ ਉਹਨਾਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਪਰ ਉਹ ਜੰਗੀ ਕੈਦੀ ਕੈਂਪ ਵਿੱਚੋਂ ਆਪਣੇ ਦੋ ਸਾਥੀਆਂ ਸਮੇਤ ਭੱਜ ਨਿੱਕਲੇ।

ਕਰੀਬ 6 ਮਹੀਨੇ ਜੰਗਲਾਂ ਦਾ ਪੈਦਲ ਸਫ਼ਰ ਕਰਦੇ ਹੋਏ ਬਰਮਾਂ ਰਾਹੀਂ ਮਨੀਪੁਰ ਪਹੁੰਚੇ। ਉਹਨਾਂ ਨੂੰ ਜੰਗੀ ਕੈਦ ਵਿੱਚੋਂ ਸਫਲਤਾਪੂਰਵਕ ਨਿਕਲ ਆਉਣ ਲਈ ਮਿਲਟਰੀ ਦੇ ਕਰਾਸ ਨਾਲ ਨਿਵਾਜਿਆ ਗਿਆ।

ਇਹ ਵੀ ਪੜ੍ਹੋ:

ਲੈਟ. ਜਨਰਲ ਐੱਚ. ਐੱਸ. ਪਨਾਗ ਆਪਣੇ ਇਕ ਲੇਖ ਵਿੱਚ ਕਹਿੰਦੇ ਹਨ ਕਿ ਪ੍ਰੀਤਮ ਸਿੰਘ ਨੂੰ ਪੁੰਛ ਵਿੱਚ ਹੋਈ ਲੜਾਈ ਦੀ ਅਗਵਾਈ ਕਰਨ ਕਰਕੇ "ਸ਼ੇਰ ਬੱਚਾ" ਦੇ ਤੌਰ 'ਤੇ ਜਾਣਿਆ ਜਾਣ ਲੱਗਾ।

ਪੁੰਛ ਦੀ ਇਹ ਲੜਾਈ ਨਵੰਬਰ 22, 1947 ਤੋਂ ਨਵੰਬਰ 1948 ਤੱਕ ਚੱਲੀ ਸੀ।

ਪੁੰਛ ਦੇ ਆਲੇ ਦੁਆਲੇ ਦੀਆਂ ਉੱਚੀਆਂ ਪਹਾੜੀਆਂ ਧਾੜਵੀਆਂ, ਕਬਾਲੀਆਂ ਅਤੇ ਪਾਕਿਸਤਾਨੀ ਫੌਜ ਦੇ ਹੱਥਾਂ ਵਿੱਚ ਸਨ।

ਪਨਾਗ ਲਿਖਦੇ ਹਨ ਕਿ ਇੱਕ ਸਾਲ ਪ੍ਰੀਤਮ ਸਿੰਘ ਦੇਸ਼ ਦੇ ਦੂਜੇ ਹਿੱਸਿਆਂ ਤੋਂ ਕੱਟੇ ਰਹੇ। ਉਹਨਾਂ ਨੇ ਹਮਲਾ ਕਰਕੇ ਸਾਰੀਆਂ ਪਹਾੜੀਆਂ ਨੂੰ ਸੁਰੱਖਿਅਤ ਕੀਤਾ।

ਇਸ ਦੌਰਾਨ ਉਹਨਾਂ ਸਿਵਲ ਪ੍ਰਸ਼ਾਸਨ ਦਾ ਗਠਨ ਕੀਤਾ ਅਤੇ 40,000 ਦੇ ਕਰੀਬ ਹਿੰਦੂ ਅਤੇ ਸਿੱਖਾਂ ਦੀਆਂ ਜਾਨਾਂ ਬਚਾਈਆਂ।

ਉਹ ਮੁਸਲਮਾਨ ਲੋਕਾਂ ਨਾਲ ਵੀ ਬਹੁਤ ਨਿਰਪੱਖ ਸਨ। ਆਮ ਲੋਕਾਂ ਨੇ ਇਸ ਦਲੇਰ ਅਫ਼ਸਰ ਨੂੰ 'ਸ਼ੇਰ ਬੱਚਾ' ਕਹਿ ਕੇ ਨਵਾਜਿਆ।

ਕੋਰਟ ਮਾਰਸ਼ਲ ਅਤੇ ਨੌਕਰੀ ਤੋਂ ਬਰਖਾਸਤਗੀ

ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਕਥਿਤ ਨੈਤਿਕ ਅਪਰਾਧ ਦੇ ਇਲਜ਼ਾਮ ਵਿੱਚ 1951 ਵਿੱਚ ਕੋਰਟ ਮਾਰਸ਼ਲ ਕੀਤਾ ਗਿਆ। ਉਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ।

ਰਾਜਨੀਤਕ ਪਾਰੀ ਅਤੇ ਖੇਤੀ

ਕਰਨਵੀਰ ਸਿੰਘ ਸਿਬੀਆ ਦੱਸਦੇ ਹਨ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜਨਮ 5 ਅਕਤੂਬਰ 1911 ਨੂੰ ਫ਼ਿਰੋਜ਼ਪੁਰ ਦੇ ਪਿੰਡ ਦੀਨਾ ਸਾਹਿਬ (ਦੀਨਾ ਕਾਂਗੜ) ਵਿਖੇ ਹੋਇਆ ਸੀ।

ਦੀਨਾ ਸਾਹਿਬ ਉਹ ਪਿੰਡ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਅਤੇ ਮੁਕਤਸਰ ਦੀਆਂ ਲੜਾਈਆਂ ਤੋਂ ਬਾਅਦ ਠਹਿਰੇ ਸਨ ਅਤੇ ਇੱਥੇ ਹੀ ਉਹਨਾਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ।

ਦੀ ਸੇਵੀਅਰ: ਬਿ੍ਗੇਡੀਅਰ ਪ੍ਰੀਤਮ ਸਿੰਘ ਦਾ ਪੋਸਟਰ

ਤਸਵੀਰ ਸਰੋਤ, Picture Productions

ਤਸਵੀਰ ਕੈਪਸ਼ਨ, ਦੀ ਸੇਵੀਅਰ: ਬਿ੍ਗੇਡੀਅਰ ਪ੍ਰੀਤਮ ਸਿੰਘ ਦਾ ਪੋਸਟਰ

"ਪ੍ਰੀਤਮ ਸਿੰਘ 1952-53 ਵਿੱਚ ਸੰਗਰੂਰ ਦੇ ਪਿੰਡ ਦੇਹ ਕਲਾਂ ਆ ਕੇ ਰਹਿਣ ਲੱਗੇ ਜਿੱਥੇ ਉਹਨਾਂ ਖੇਤੀਬਾੜੀ ਸ਼ੁਰੂ ਕਰ ਦਿੱਤੀ।

ਇਸ ਦੇ ਨਾਲ ਹੀ ਉਹਨਾਂ ਰਾਜਨੀਤੀ ਵਿੱਚ ਵੀ ਕਿਸਮਤ ਅਜਮਾਈ ਅਤੇ ਸੰਗਰੂਰ ਤੋਂ ਲੋਕ ਸਭਾ ਦੀ ਅਜ਼ਾਦ ਉਮੀਦਵਾਰ ਵੱਜੋਂ 1962 ਵਿੱਚ ਚੋਣ ਲੜੀ ਪਰ ਉਹ ਬਹੁਤ ਘੱਟ ਫਰਕ ਨਾਲ ਹਾਰੇ। ਉਹਨਾਂ ਦੀ 6 ਜੁਲਾਈ 1975 ਨੂੰ ਮੌਤ ਹੋ ਗਈ ਸੀ"

"ਇੱਕ ਬਹੁਤ ਵੱਡੀ ਕਹਾਣੀ ਅਲੋਪ ਹੋ ਗਈ ਸੀ"

ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਲੜੀ ਭਾਰਤੀ ਫੌਜ ਦੀ ਬਹਾਦਰੀ ਨੂੰ ਬਿਆਨਦੀ ਇਹ ਡਾਕੂਮੈਂਟਰੀ ਕਰੀਬ 80 ਮਿੰਟ ਦੀ ਹੈ। ਜੋ ਪ੍ਰੀਤਮ ਸਿੰਘ ਦੇ ਪੁੰਛ ਦਾ ਨਾਇਕ ਬਨਣ ਤੋਂ ਲੈ ਕੇ ਬਰਖਾਸਤਗੀ ਤੱਕ ਦੀ ਕਹਾਣੀ ਹੈ।

ਫਿਲਮ ਦੇ ਨਿਰਮਾਤਾ ਕਰਨਵੀਰ ਸਿੰਘ ਸਿਬੀਆ ਦੱਸਦੇ ਹਨ, "ਪ੍ਰੀਤਮ ਸਿੰਘ ਸਾਡੇ ਸੰਗਰੂਰ ਜਿਲ੍ਹੇ ਦੇ ਵਸਨੀਕ ਸਨ ਅਤੇ ਉਹ ਮੇਰੇ ਪਿਤਾ ਜੀ ਦੇ ਦੋਸਤ ਸਨ।ਅਸੀਂ ਪਹਿਲਾਂ ਕਰੀਬ 20 ਮਿੰਟ ਦੀ ਡਾਕੂਮੈਂਟਰੀ ਫ਼ਿਲਮ ਬਣਾਉਣ ਦਾ ਸੋਚਿਆ ਸੀ ਪਰ ਜਦੋਂ ਅਸੀਂ ਪੁੰਛ ਜਾ ਕੇ ਉਥੇ ਲੋਕਾਂ ਨੂੰ ਮਿਲੇ ਤਾਂ ਉਹ ਉਥੇ ਬਹੁਤ ਹਰਮਨ ਪਿਆਰੇ ਸਨ।

ਪੁੰਛ ਦੇ ਵਸਨੀਕ ਉਹਨਾਂ ਨੂੰ ਪੂਜਦੇ ਹਨ। ਸਾਨੂੰ ਉਹਨਾਂ ਦੀ ਬਹਾਦਰੀ ਕਿੱਸੇ ਸੁਣ ਕੇ ਲੱਗਾ ਕਿ ਜੇਕਰ ਅਸੀਂ ਇਹ ਡਾਕੂਮੈਂਟਰੀ ਨਾ ਬਣਾਉਂਦੇ ਤਾਂ ਇੱਕ ਬਹੁਤ ਵੱਡੀ ਕਹਾਣੀ ਅਲੋਪ ਜਾਣੀ ਸੀ।"

ਦਿ ਸੇਵੀਅਰ: ਬਿ੍ਗੇਡੀਅਰ ਪ੍ਰੀਤਮ ਸਿੰਘ ਦੇ ਨਿਰਦੇਸ਼ਕ ਕਰਨਵੀਰ ਸਿੰਘ ਸੀਬੀਆ (ਖੱਬੇ)ਅਤੇ ਪਰਮਜੀਤ ਸਿੰਘ ਕੱਟੂ (ਸੱਜੇ)।

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਦਿ ਸੇਵੀਅਰ: ਬਿ੍ਗੇਡੀਅਰ ਪ੍ਰੀਤਮ ਸਿੰਘ ਦੇ ਨਿਰਮਾਤਾ ਕਰਨਵੀਰ ਸਿੰਘ ਸੀਬੀਆ ਅਤੇ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ

ਡਾਕੂਮੈਂਟਰੀ ਦੇ ਨਿਰਦੇਸ਼ਕ ਡਾਕਟਰ ਪਰਮਜੀਤ ਸਿੰਘ ਕੱਟੂ ਨੇ ਕਿਹਾ ਕਿ ਇਹ ਫਿਲਮ ਹੁਣ ਤੱਕ 15 ਥਾਵਾਂ 'ਤੇ ਅਵਾਰਡ ਜਿੱਤ ਚੁੱਕੀ ਹੈ।

ਉਹਨਾਂ ਦਾ ਕਹਿਣਾ ਹੈ ਕਿ, "ਇਸ ਇਤਿਹਾਸਿਕ ਦਸਤਾਵੇਜੀ ਕਹਾਣੀ ਨੂੰ ਫਰਮਾਉਣ ਲਈ ਅਸੀਂ ਡਰਾਮੇਂ ਦੀ ਵੀ ਵਰਤੋਂ ਕੀਤੀ ਹੈ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)