ਦੂਜੇ ਵਿਸ਼ਵ ਯੁੱਧ 'ਚ ਇਸਤੇਮਾਲ ਹੋਏ ਟੈਂਕਾ ਨੂੰ ਕਿਵੇਂ ਮਿਲਿਆ ਨਵਾਂ ਜੀਵਨ?

Salvaging of tanks

ਤਸਵੀਰ ਸਰੋਤ, Anton Skyba

    • ਲੇਖਕ, ਮਰੀਨਾ ਵੋਰੋਬੀ
    • ਰੋਲ, ਬੀਬੀਸੀ ਫਿਊਚਰ

ਜਦੋਂ ਜਰਮਨੀ ਨੇ 1941 ਵਿੱਚ ਸੋਵੀਅਤ ਯੂਨੀਅਨ 'ਤੇ ਹਮਲਾ ਕੀਤਾ ਤਾਂ ਟੈਂਕਾਂ ਨੇ ਉਨ੍ਹਾਂ ਦੀ ਸ਼ੁਰੂਆਤੀ ਸਫਲਤਾ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।

ਰੈਡ ਆਰਮੀ ਅਚਾਨਕ ਹੋਏ ਹਮਲੇ ਤੋਂ ਪਹਿਲਾਂ ਹੀ ਪਿੱਛੇ ਹਟ ਚੁੱਕੇ ਸੀ। ਸਭ ਤੋਂ ਤਾਕਤਵਰ ਜਰਮਨ ਫ਼ੌਜਾਂ ਬੇਲਾਰੂਸ 'ਚ ਸਨ।

ਲੜਾਈ ਵਿੱਚ ਕਈ ਜਾਨਾਂ ਗਈਆਂ ਅਤੇ ਕਈ ਹੱਥਿਆਰ ਤਬਾਹ ਹੋਏ।

ਲੜਾਈ ਦੇ 75 ਸਾਲ ਬਾਅਦ ਹੁਣ ਸੋਵੀਅਤ ਯੂਨੀਅਨ ਦੇ ਟੈਂਕ ਅਤੇ ਜਰਮਨ ਟੈਂਕ ਦਲਦਲ 'ਚੋਂ ਕੱਢੇ ਜਾ ਰਹੇ ਹਨ।

ਬੇਲਾਰੂਸ ਦੇ ਇੱਕ ਪਰਿਵਾਰ ਨੇ ਟੈਂਕਾਂ ਨੂੰ ਦੇਸ ਦੀਆਂ ਦਲਦਲਾਂ 'ਚੋਂ ਕੱਢ ਕੇ ਠੀਕ ਕਰਨ ਦਾ ਜਿੰਮਾ ਚੁੱਕਿਆ ਹੈ।

Salvaging of tanks

ਤਸਵੀਰ ਸਰੋਤ, Denis Aldokhin

ਯਾਕੂਸ਼ੇਵ ਪਰਿਵਾਰ ਬੇਲਾਰੂਸ ਦੇ ਸਭ ਤੋਂ ਜਾਣੇ ਮਾਣੇ "ਟੈਂਕ ਹੰਟਰਸ" ਹਨ।

ਕਿਵੇਂ ਲਭਿਆ ਪਹਿਲਾ ਟੈਂਕ?

ਵਲਾਦੀਮੀਰ ਯਾਕੂਸ਼ੇਵ ਪਹਿਲਾ ਇੱਕ ਖੇਤੀ ਸੈਹਕਾਰਤਾ ਵਿੱਚ ਮਕੈਨਿਕ ਸੀ। ਇੱਕ ਦਿਨ ਕੁਝ ਲੋਕਾਂ ਨੇ ਉਸ ਨੂੰ ਇੱਕ BT-7 ਟੈਂਕ ਲਭ ਕੇ ਠੀਕ ਕਰਨ ਲਈ ਕਿਹਾ ਜੋ ਦਲਦਲ ਵਿੱਚ 1942 ਦਾ ਫਸਿਆ ਹੋਇਆ ਸੀ। ਬਜ਼ੁਰਗਾਂ ਨੇ ਦਸਿਆ ਕਿ ਟੈਂਕ ਇੱਕ ਛੋਟੀ ਨਹਿਰ ਨੇ ਨੇੜੇ ਜ਼ਮੀਨ ਵਿੱਚ ਧੱਸ ਗਿਆ ਸੀ, ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਕਿੱਥੇ।

ਵਲਾਦੀਮੀਰ ਨੇ ਕਿਹਾ ਕਿ ਟੈਂਕ ਦੇ ਜ਼ਮੀਨ ਵਿੱਚ ਧੱਸਣ ਤੋਂ ਬਾਅਦ ਨਹਿਰ ਦੇ ਪਾਣੀ ਦੀ ਧਾਰਾ ਦੀ ਦਿਸ਼ਾ ਬਦਲ ਗਈ। ਉਹ ਸਹੀ ਸੀ। ਟੈਂਕ ਨਹਿਰ ਤੋਂ 10 ਮੀਟਰ ਦੂਰ ਮਿਲਿਆ।

ਇਹ ਘਟਨਾ ਕਰੀਬ 20 ਸਾਲ ਪਹਿਲਾਂ ਹੋਈ ਸੀ। ਵਲਾਦੀਮੀਕ ਅਤੇ ਉਸ ਦੇ ਬੇਟਿਆਂ ਨੇ ਹੁਣ ਤਕ ਦਰਜਨਾ ਟੈਂਕ ਠੀਕ ਕੀਤੇ ਹਨ। ਇਨ੍ਹਾਂ 'ਚੋਂ ਤਕਰੀਬਨ ਸਾਰੇ ਮੁੜ ਚਲਣ ਲਾਇਕ ਹੋ ਗਏ ਹਨ।

Salvaging of tanks

ਤਸਵੀਰ ਸਰੋਤ, Anton Skyba

ਵਲਾਦੀਮੀਰ ਹੁਣ ਰਾਜਧਾਨੀ ਮਿੰਕਸ ਦੇ ਨੇੜੇ ਇੱਕ ਇਤਿਹਾਸਕ ਅਤੇ ਸਭਿਆਚਾਰਕ ਭਵਨ ਸਟਾਲਿਨ ਲਾਈਨ ਦਾ ਮੁੱਖ ਇੰਜੀਨੀਅਰ ਹੈ।

ਉਸ ਦੇ ਦੋਵੇਂ ਬੇਟੇ ਅਲੈਕਸਈ ਅਤੇ ਮੈਕਸਿਮ ਉਸ ਦੇ ਨਾਲ ਭਵਨ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ।

ਟੈਂਕ ਲਭਣ ਲਈ ਮਿਲਦਾ ਹੈ ਲਾਇਸੈਂਸ

ਪਰਿਵਾਰ 9 ਦਿਨ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਫਿਰ 270 ਕਿਲੋਮੀਟਰ ਦੂਰ ਆਪਣੇ ਘਰ 5 ਦਿਨ ਲਈ ਰਹਿੰਦਾ ਹੈ।

ਸਿਰਫ ਯਾਕਸ਼ੇਵ ਪਰਿਵਾਰ ਹੀ ਬੇਲਾਰੂਸ 'ਚ ਟੈਂਕਾਂ ਦੀ ਭਾਲ ਨਹੀਂ ਕਰਦਾ। ਅਜਿਹੇ ਹੋਰ ਵੀ ਹਨ। ਇਸ ਕੰਮ ਲਈ ਲਾਇਸੈਂਸ ਦੀ ਲੋੜ ਹੈ ਜੋ ਸਿਰਫ ਦੋ ਗੁਟਾਂ ਕੋਲ ਹੈ।

ਸਭ ਤੋਂ ਪਹਿਲਾਂ ਇਹ ਯਾਕੂਸ਼ੋਵ ਪਰਿਵਾਰ ਅਤੇ ਅਲੈਕਜ਼ੈਂਡਰ ਮਿਕਾਲੁਤਸਕੀ ਨੂੰ ਮਿਲਿਆ ਸੀ।

ਦੂਜਾ ਲਾਇਸੈਂਸ ਇੱਕ ਕੱਲਬ ਪੌਇਸਕ ਕੋਲ ਹੈ ਜਿੱਥੇ ਵਲਾਦੀਮੀਰ ਅਤੇ ਮਿਕਾਲੁਤਸਕੀ ਨੇ ਇਹ ਕੰਮ 20 ਸਾਲ ਪਹਿਲਾਂ ਸਿਖਣਾ ਸ਼ੁਰੂ ਕੀਤਾ ਸੀ।

Salvaging of tanks

ਤਸਵੀਰ ਸਰੋਤ, Denis Aldokhin

ਫ਼ੌਜਾਂ ਕਦੇ ਵੀ ਟੈਂਕਾਂ ਨੂੰ ਪਿਛੇ ਛੱਡਦੀਆਂ ਨਹੀਂ। ਜੇ ਇਹ ਠੀਕ ਹੋ ਸਕਦੇ ਹਨ, ਇਨ੍ਹਾਂ ਨੂੰ ਨਾਲ ਲਿਜਾਇਆ ਜਾਂਦਾ ਹੈ।

ਜਰਮਨ ਫ਼ੌਜ ਇਸ ਕੰਮ ਵਿੱਚ ਮਾਹਿਰ ਹੈ। ਜੇ ਉਹ ਟੈਂਕ ਆਪਣੇ ਨਾਲ ਨਹੀਂ ਲਿਜਾ ਸਕਦੇ ਉਹ ਉਸ ਵਿੱਚ ਬਾਰੂਦ ਭਰ ਕੇ ਟੈਂਕ ਨੂੰ ਉਡਾ ਦਿੰਦੇ ਸਨ ਤਾਕਿ ਉਹ ਦੁਸ਼ਮਣ ਦੇ ਹੱਥ ਨਾ ਲੱਗੇ।

ਟੈਂਕ ਲਭਣ ਲਈ ਪੁਰਲੇਖਾਂ ਦੀ ਤੇ ਬਜ਼ੁਰਗਾਂ ਦੀ ਮਦਦ

ਵਲਾਦੀਮੀਰ ਨੇ ਦਸਿਆ ਕਿ ਹੁਣ ਤਕ ਟੈਂਕ ਹੰਟਰਸ ਨੇ ਪੰਜ ਸਬੂਤੇ ਟੈਂਕ ਲੱਭੇ ਹਨ ਜਿਨ੍ਹਾਂ 'ਤੇ ਨਵੀਆਂ ਬੰਦੂਕਾਂ ਲਗਾਈਆਂ ਗਈਆਂ।

ਅਕਸਰ ਕਈ ਟੈਂਕਾਂ ਦੇ ਪੁਰਜ਼ਿਆਂ ਨੂੰ ਜੋੜ ਕੇ ਇੱਕ ਟੈਂਕ ਬਣਾਇਆ ਜਾਂਦਾ ਹੈ। ਰੂਸ ਦੇ ਤੋਗਲਿਆਤੀ ਸ਼ਹਿਰ ਦੇ ਤਕਨੀਕੀ ਮਿਊਜ਼ਿਅਮ ਵਿੱਚ ਇੱਕ ਟੈਂਕ ਹੈ ਜੋ ਤਿੰਨ ਟੈਂਕਾਂ ਦੇ ਪੁਰਜ਼ਿਆ ਨੂੰ ਜੋੜ ਕੇ ਬਣਾਇਆ ਗਿਆ ਹੈ।

ਟੈਂਕ ਲਭਣ ਵਾਲੀਆਂ ਟੀਮਾਂ ਡਾਟਾ ਇੱਕਠਾ ਕਰਦੀਆਂ ਹਨ। ਉਹ ਪੁਰਾਲੇਖਾਂ ਤੋਂ ਜਾਂ ਬਜ਼ੁਰਗਾਂ ਤੋਂ ਮਦਦ ਲੈਂਦੇ ਹਨ ਜੋ ਛੋਟੀ ਉਮਰ ਵਿੱਚ ਲੜਾਈ ਲੜਨ ਲਈ ਫ਼ੌਜ ਵਿੱਚ ਭਰਤੀ ਹੋ ਜਾਂਦੇ ਸਨ। ਉਸ ਤੋਂ ਬਾਅਦ ਟੀਮਾਂ ਟੈਂਕਾਂ ਦੀ ਭਾਲ ਲਈ ਨਿਕਲਦੀਆਂ ਹਨ।

Salvaging of tanks

ਤਸਵੀਰ ਸਰੋਤ, Denis Aldokhin

ਵਲਾਦੀਮੀਰ ਟੈਂਕ ਲਭਣ ਵਾਲਿਆਂ 'ਚੋਂ ਸਭ ਤੋਂ ਤਜਰਬੇਕਾਰ ਹੈ। ਜੇ ਟੈਂਕ ਬਹੁਤ ਥੱਲੇ ਧੱਸਿਆ ਹੋਇਆ ਹੈ ਤਾਂ ਉਹ ਸੁਰੱਖਿਆ ਦੇਣ ਵਾਲੇ ਕਪੜੇ ਪਾ ਕੇ, ਮੈਟਲ ਡਿਟੈਕਟਰ ਅਤੇ ਹੋਰ ਉਪਕਰਨਾਂ ਦੀ ਮਦਦ ਨਾਲ ਟੈਂਕ ਦੀ ਭਾਲ ਕਰਦੇ ਹਨ।

ਕੜਕਦੀ ਠੰਢ ਤੇ ਗਰਮੀ 'ਚ ਵੀ ਟੈਂਕਾਂ ਦੀ ਭਾਲ

ਮਿਕਾਲੁਤਸਕੀ ਦਾ ਕਹਿਣਾ ਹੈ, "ਲਭਣਾ ਸੌਖਾ ਹੋ ਜਾਂਦਾ ਹੈ ਜਦੋਂ ਸਹੀ ਥਾਂ ਪਤਾ ਹੋਵੇ। ਪਰ ਉਸ ਥਾਂ ਤਕ ਪਹੁੰਚਣ ਲਈ ਤੁਹਾਨੂੰ 5 ਕਿਲੋਮੀਟਰ ਤਕ ਦਲਦਲ ਜਾਂ ਬਰਫ਼ ਵਿੱਚੋਂ ਲੰਘ ਕੇ ਜਾਣਾ ਪੈ ਸਕਦਾ ਹੈ। "

ਆਪਣੀ ਸੁਰੱਖਿਆ ਲਈ ਟੈਂਕ ਲਭਣ ਵਾਲੇ ਕਦੇ ਵੀ ਇੱਕਲੇ ਨਹੀਂ ਜਾਂਦੇ।

ਵਲਾਦੀਮੀਰ ਦਸਦਾ ਹੈ, "ਟੈਂਕਾਂ ਦੀ ਭਾਲ ਕਰਦੇ ਹੋਏ ਅਸੀਂ ਵੈਨ ਵਿੱਚ ਸੌਂ ਜਾਂਦੇ ਹਾਂ। ਸਭ ਤੋਂ ਜ਼ਿਆਦਾ ਠੰਡ ਅਸੀਂ ਉਸ ਸਮੇਂ ਮਹਿਸੂਸ ਕੀਤੀ ਜਦੋਂ ਅਸੀਂ ਵੈਨ ਵਿੱਚ ਸੁੱਤੇ ਹੋਏ ਸੀ ਅਤੇ ਪਾਰਾ -33 ਡਿਗਰੀ ਸੈਲਸੀਅਸ ਸੀ।"

Salvaging of tanks

ਤਸਵੀਰ ਸਰੋਤ, Anton Skyba

"ਗਰਮੀ ਦਾ ਮੌਸਮ ਵੀ ਪਰੇਸ਼ਾਨੀ ਲੈ ਕੇ ਆਉਂਦਾ ਹੈ ਜਦੋਂ ਬਹੁਤ ਮੱਛਰ ਹੋ ਜਾਂਦੇ ਹਨ। ਮੱਛਰ ਮਾਰਨ ਦੀ ਕੋਈ ਦਵਾਈ ਕੰਮ ਨਹੀਂ ਕਰਦੀ। 30 ਡਿਗਰੀ ਗਰਮੀ ਵਿੱਚ ਵੀ ਸਾਨੂੰ ਕੋਟ ਅਤੇ ਟੋਪੀਆਂ ਪਾਉਣੀਆਂ ਪੈਂਦੀਆਂ ਹਨ ਤਾਕਿ ਮੱਛਰਾਂ ਤੋਂ ਬੱਚ ਸਕਿਏ।"

ਜਦੋਂ ਟੈਂਕ ਲਭ ਜਾਂਦਾ ਹੈ ਤਾਂ ਗ੍ਰਹਿ ਮੰਤਰਾਲੇ ਦੇ ਅਫ਼ਸਰ ਆਸ ਪਾਸ ਦੇ ਇਲਾਕੇ ਵਿੱਚ ਆਵਾਜਾਈ ਬੰਦ ਕਰ ਦਿੰਦੇ ਹਨ। ਸੁਰੱਖਿਆ ਮੰਤਰਾਲਾ ਇੱਕ ਟੀਮ ਭੇਜ ਕੇ ਬਾਰੂਦ ਨੂੰ ਸਾਫ ਕਰਵਾ ਦਿੰਦਾ ਹੈ।

ਇਸ ਤੋਂ ਬਾਅਦ ਟੈਂਕ ਨੂੰ ਇੱਕ ਕ੍ਰੇਨ ਦੇ ਨਾਲ ਬੰਨ ਦਿੱਤਾ ਜਾਂਦਾ ਹੈ।

1941 'ਚ ਧੱਸਿਆ ਟੈਂਕ 2015 'ਚ ਮਿਲਿਆ

ਨਵੰਬਰ 2015 ਵਿੱਚ ਇੱਕ KV-1 ਬੇਲਾਰੂਸ ਦੇ ਸੈਨੋ ਦੇ ਨੇੜੇ ਲਭਿਆ ਗਿਆ। ਇਹ ਟੈਂਕ ਇੱਥੇ ਜੁਲਾਈ 1941 ਤੋਂ ਫਸਿਆ ਹੋਇਆ ਸੀ ਜਦੋਂ ਦੂਜਾ ਵਿਸ਼ਵ ਯੁਧ ਹੋਇਆ। ਇੱਥੇ ਹੋਈ ਲੜਾਈ ਵਿੱਚ 2000 ਟੈਂਕਾਂ ਦਾ ਇਸਤੇਮਾਲ ਹੋਇਆ।

ਇੱਕ ਲੰਬੀ ਲੜਾਈ ਤੋਂ ਬਾਅਦ ਸੋਵੀਅਤ ਫ਼ੌਜਾਂ ਨੂੰ ਪਿੱਛੇ ਮੁੜਨਾ ਪਿਆ। ਇਹ ਹੁਕਮ ਦਿੱਤੇ ਗਏ ਕਿ ਟੈਂਕਾਂ ਨੂੰ ਜੰਗਲਾਂ ਦੇ ਰਸਤੇ ਲੈ ਕੇ ਆਇਆ ਜਾਵੇ ਤਾਕਿ ਫ਼ੌਜ ਹਵਾਈ ਹਮਲੇ ਤੋਂ ਬਚੀ ਰਹੇ। ਇਹ 47 ਟੰਨ ਭਾਰ ਦਾ ਟੈਂਕ ਇੱਥੇ ਫਸ ਗਿਆ ਅਤੇ ਦਲਦਲ ਵਿੱਚ ਧੱਸ ਗਿਆ।

ਟੈਂਕ ਬਾਹਰ ਕਢਣ ਤੋਂ ਬਾਅਦ ਇਸ ਚੋਂ ਅੱਠ ਬੰਬ ਦੇ ਗੋਲੇ ਮਿਲੇ। ਗੋਲੀਆਂ ਦੇ ਅਲਾਵਾ ਇਸ 'ਚੋਂ ਚਾਕਲੇਟਾਂ, ਕੰਘੀਆਂ ਅਤੇ ਹੋਰ ਸਮਾਨ ਮਿਲਿਆ।

ਵਲਾਦੀਮੀਰ ਨੇ ਦਸਿਆ ਕਿ ਜਰਮਨ ਫ਼ੌਜ ਦੇ 400 ਮੀਟਰ ਲੰਬੇ ਟੈਂਕ ਪੈਨਜ਼ਰ-III ਚੋਂ ਉਸ ਨੂੰ ਦੂਰਬੀਨ, ਜੁਰਾਬਾਂ ਅਤੇ ਖੇਤੀ ਤੇ ਹਿਸਾਬ ਦੀਆਂ ਕਿਤਾਬਾਂ ਲਭੀਆਂ।

ਇਸ ਤਰ੍ਹਾਂ ਜਾਪਦਾ ਸੀ ਜਿਵੇਂ ਜਰਮਨ ਫੌ਼ਜ ਸੋਵੀਅਤ ਯੁਨੂਅਨ 'ਤੇ ਜਿੱਤ ਲਈ ਤਿਆਰੀ ਕਰੀ ਬੈਠੀ ਸੀ ਅਤੇ ਅੱਗੇ ਦੀ ਯੋਜਨਾ ਬਣਾ ਰਹੀ ਸੀ।

Salvaging of tanks

ਤਸਵੀਰ ਸਰੋਤ, Anton Skyba

ਟੈਂਕ ਵਿੱਚ ਜਰਮਨੀ ਤੋਂ ਭੇਜਿਆ ਗਿਆ ਇੱਕ ਪੈਕਟ ਸੀ ਜਿਸ ਵਿੱਚ ਸ਼ੇਵ ਕਰਨ ਲਈ ਰੇਜ਼ਰ ਅਤੇ ਸੋਵੀਅਤੀ ਕੰਘੀਆਂ ਸਨ।

ਮਿਕਾਲੁਤਸਕੀ ਨੇ ਕਿਹਾ, "ਅਸੀਂ ਟੈਂਕ 'ਚੋਂ ਕੱਢ ਕੇ ਜਰਮਨ ਚਾਕਲੇਟਾਂ ਵੀ ਖਾਦੀਆਂ।"

ਇਹ ਟੈਂਕ ਹੁਣ ਬੇਲਾਰੂਸ ਦੇ ਨੈਸ਼ਨਲ ਮਿਊਜ਼ੀਅਮ ਆਫ ਗ੍ਰੇਟ ਪੇਟਰੀਆਟਿਕ ਵਾਰ ਵਿੱਚ ਰਖਿਆ ਗਿਆ ਹੈ।

ਠੀਕ ਕਰਨ ਤੋਂ ਬਾਅਦ ਟੈਂਕਾਂ ਨੂੰ ਕਿੱਥੇ ਭੇਜਿਆ ਜਾਂਦਾ ਹੈ?

ਕੁਝ ਟੈਂਕਾਂ ਦੇ ਸਮਾਰਕ ਬਣਾਏ ਜਾਂਦੇ ਹਨ ਅਤੇ ਕੁਝ ਨੂੰ ਪ੍ਰਦਰਸ਼ਨੀ ਲਈ ਰਖਿਆ ਜਾਂਦਾ ਹੈ।

ਇਨ੍ਹਾਂ ਨੂੰ ਦੇਸ ਤੋਂ ਬਾਹਰ ਵੇਚਣਾ ਸੌਖਾ ਨਹੀਂ ਹੈ। ਜੇ ਦੇਸ ਵਿੱਚ ਇੱਕ ਤਰ੍ਹਾਂ ਦੇ ਇੱਕ ਤੋਂ ਵੱਧ ਟੈਂਕ ਹੋਣ ਤਾਂ ਵੇਚਣ ਲਈ ਲਾਇਸੈਂਸ ਦਿੱਤਾ ਜਾਂਦਾ ਹੈ।

(ਬੀਬੀਸੀ ਫਿਊਚਰ ਤੇ ਇਸ ਕਹਾਣੀ ਨੂੰ ਪੜ੍ਹਨ ਲਈ ਇੱਥੇ ਕਲਿਕ ਕਰੋ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)