ਮੋਹਾਲੀ ਧਮਾਕੇ ਵਿੱਚ ਫੜੇ ਗਏ ਇੱਕ ਔਰਤ ਸਣੇ ਹੋਰ ਮੁਲਜ਼ਮਾਂ ਬਾਰੇ ਡੀਜੀਪੀ ਨੇ ਕੀ ਦੱਸਿਆ

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈਡਕੁਆਰਟਰ 'ਤੇ ਹੋਏ ਧਮਾਕੇ ਦੀ ਜਾਂਚ ਤੋਂ ਬਾਅਦ ਪੰਜਾਬ ਡੀਜੀਪੀ ਵੀ ਕੇ ਭਵਰਾ ਨੇ ਇਸ ਮਾਮਲੇ ਵਿੱਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਵੱਲੋਂ ਛੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਤੋਂ ਬਾਅਦ ਕਿਹਾ ਸੀ ਕਿ ਪੁਲਿਸ ਨੂੰ ਇਸਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੁਲਝਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਪੁਲਿਸ ਨੇ ਤਿੰਨ ਦਿਨਾਂ ਵਿੱਚ ਕੇਸ ਸੁਲਝਾ ਲਿਆ ਹੈ।

ਕੌਣ ਹਨ ਇਸ ਮਾਮਲੇ ਵਿੱਚ ਮੁਲਜ਼ਮ

ਡੀਜੀਪੀ ਨੇ ਦੱਸਿਆ, ਮੁੱਖ ਸਾਜਿਸ਼ਕਾਰ ਜਿਸ ਨੇ ਸਭ ਬੰਦੋਬਸਤ ਕੀਤਾ ਉਹ ਵਿਅਕਤੀ ਹੈ ਲਖਵੀਰ ਸਿੰਘ ਲਾਡਾ, ਜੋ ਕਿ ਤਰਨਤਾਰਨ ਜਿਲ੍ਹੇ ਦਾ ਰਹਿਣ ਵਾਲਾ ਹੈ।

ਲਖਵੀਰ ਸਿੰਘ ਲਾਡਾ ਇੱਕ ਸਾਬਕਾ ਗੈਂਗਸਟਰ ਹੈ ਅਤੇ 2017 ਵਿੱਚ ਕੈਨੇਡਾ ਜਾ ਕੇ ਵਸ ਗਿਆ ਸੀ। ਉਹ ਹਰਵਿੰਦਰ ਸਿੰਘ ਦਾ ਨਜ਼ਦੀਕੀ ਸਾਥੀ ਸੀ। ਹਰਵਿੰਦਰ ਸਿੰਘ ਨੂੰ ਵਧਾਵਾ ਸਿੰਘ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।

ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਮਿਲ ਕੇ ਹੀ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐਸਆਈ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ:

ਦੂਜਾ ਵਿਅਕਤੀ ਨਿਸ਼ਾਨ ਸਿੰਘ ਵੀ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਉਸ ਨੂੰ ਫਰੀਦਕੋਟ ਪੁਲਿਸ ਵੱਲੋਂ ਵੀ ਰਾਊਂਡਅਪ ਕੀਤਾ ਗਿਆ ਸੀ।ਨਿਸ਼ਾਨ ਸਿੰਘ ਉੱਪਰ 14-15 ਕੇਸ ਦਰਜ ਹਨ ਅਤੇ ਫਿਲਹਾਲ ਜ਼ਮਾਨਤ 'ਤੇ ਰਿਹਾ ਹੈ।

ਤੀਜਾ ਵਿਅਕਤੀ ਚੜਤ ਸਿੰਘ ਵੀ ਤਰਨਤਾਰਨ ਤੋਂ ਹੈ। ਡੀਜੀਪੀ ਨੇ ਕਿਹਾ, ਨਿਸ਼ਾਨ ਸਿੰਘ ਨੇ ਹੀ ਘਟਨਾ ਨੂੰ ਅੰਜਾਮ ਦੇਣ ਆਏ ਦੋ ਵਿਅਕਤੀਆਂ ਨੂੰ ਪਨਾਹ ਦੇਣ ਦਾ ਕੰਮ ਕੀਤਾ।

ਚੌਥਾ ਵਿਅਕਤੀ ਹੈ ਬਲਜਿੰਦਰ ਸਿੰਘ ਰੈਂਬੋ ਵੀ ਡੀਜੀ ਪੀ ਨੇ ਦੱਸਿਆ ਕਿ ਤਰਨਤਾਰਨ ਨਾਲ ਹੀ ਸੰਬੰਧਿਤ ਹੈ।

ਬਲਜਿੰਦਰ ਸਿੰਘ ਨੇ ਇੱਕ ਏਕੇ-47 ਨਿਸ਼ਾਨ ਸਿੰਘ ਦੇ ਦੱਸੇ ਟਿਕਾਣੇ ਤੋਂ ਹਾਸਲ ਕਰਕੇ ਚਰਨ ਸਿੰਘ ਨੂੰ ਦਿੱਤੀ।

ਜਗਦੀਪ ਕੰਗ ਇਨ੍ਹਾਂ ਦਾ ਸਥਾਨਕ ਸੂਤਰ ਸੀ, ਜੋ ਕਿ ਮੋਹਾਲੀ ਦੇ ਵੇਵ ਹਾਈਟ ਇਸਟੇਟ ਦਾ ਰਹਿਣ ਵਾਲਾ ਹੈ।

ਇਨ੍ਹਾਂ ਵਿੱਚ ਇੱਕ ਮਹਿਲਾ ਬਲਜੀਤ ਕੌਰ ਵੀ ਸ਼ਾਮਲ ਹੈ। ਬਲਜੀਤ ਕੌਰ ਵੀ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਹੈ।

ਕਿਵੇਂ ਘੜੀ ਗਈ ਸਾਜਿਸ਼

ਪੰਦਰਾਂ ਕੁ ਦਿਨ ਵਿੱਚ ਇਨ੍ਹਾਂ ਸਾਰਿਆਂ ਨੇ ਏਕੇ-47 ਅਤੇ ਰਾਕਟ ਲਾਂਚਰ ਹਾਸਲ ਕੀਤੀ। ਫਿਰ ਇਨ੍ਹਾਂ ਨੇ ਕੁਝ ਸਮਾਂ ਤਰਨਤਾਰਨ ਵਿੱਚ ਇਕੱਠੇ ਬਿਤਾਇਆ। ਸੱਤ ਮਈ ਨੂੰ ਇਹ ਤਰਨਤਾਰਨ ਤੋਂ ਚੱਲੇ ਅਤੇ ਨੌਂ ਮਈ ਨੂੰ ਮੋਹਾਲੀ ਵਾਲੀ ਘਟਨਾ ਵਾਪਰਦੀ ਹੈ।

ਚੜ੍ਹਤ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਰਹਿਣ ਦੀ ਥਾਂ ਮੁਹਈਆ ਕਰਵਾਈ ਅਤੇ ਲੌਜਿਸਟਿਕਸ ਨਾਲ ਜੁੜੀ ਹੋਰ ਮਦਦ ਵੀ ਕੀਤੀ।

ਡੀਜੀਪੀ ਨੇ ਦੱਸਿਆ ਕਿ ਜਗਜੀਤ ਕੰਗ ਅਤੇ ਚੜ੍ਹਤ ਸਿੰਘ ਨੇ ਨੌ ਮਈ ਨੂੰ ਦਿਨੇ ਇੰਟੈਲੀਜੈਂਸ ਹੈਡਕੁਆਰਟਰ ਦੀ ਰੇਕੀ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)