ਮੋਹਾਲੀ ਧਮਾਕਾ: ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਬਾਰੇ ਜਾਣੋ ਜਿੱਥੇ ਅਫਸਰਾਂ ਦੀਆਂ ਨੇਮ ਪਲੇਟਾਂ ਦੀ ਥਾਂ ਨੰਬਰ ਹਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਪੁਲਿਸ ਦੇ ਕੁਝ ਸਾਬਕਾ ਅਫਸਰਾਂ ਦੀ ਰਾਇ ਹੈ ਕਿ ਖ਼ੂਫ਼ੀਆ ਵਿਭਾਗ ਦੇ ਹੈੱਡ ਕੁਆਰਟਰ 'ਤੇ ਹਮਲਾ ਪੰਜਾਬ ਲਈ ਚਿੰਤਾਜਨਕ ਹੈ।

ਕਈ ਸਾਬਕਾ ਪੁਲਿਸ ਅਫ਼ਸਰ ਮੰਨਦੇ ਹਨ ਕਿ ਜੇ ਇਹ ਰਾਕੇਟ ਪ੍ਰੋਪੈਲਡ ਗ੍ਰੇਨੇਡ (ਆਰਪੀਜੀ) ਹਮਲਾ ਹੈ ਤਾਂ ਇਹ ਹਮਲਾਵਰਾਂ ਲਈ ਗੇਮ ਚੇਂਜਰ ਯਾਨੀ ਪਾਸਾ ਪਲਟਣ ਵਾਲੀ ਗੱਲ ਹੋ ਸਕਦੀ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੱਕ ਆਰਪੀਜੀ, ਜਾਂ ਰਾਕੇਟ-ਪ੍ਰੋਪੇਲਡ ਗ੍ਰੇਨੇਡ ਦੀ ਕਥਿਤ ਵਰਤੋਂ ਪੰਜਾਬ ਵਿੱਚ ਕੋਈ ਆਮ ਗੱਲ ਨਹੀਂ ਹੈ। "ਪਿਛਲੇ ਸਮੇਂ ਵਿੱਚ ਲਾਂਚਰ ਅਤੇ ਗ੍ਰੇਨੇਡ ਬਰਾਮਦ ਕੀਤੇ ਗਏ ਹਨ ਪਰ ਆਰਪੀਜੀ ਦੀ ਵਰਤੋਂ ਦਾ ਸਬੂਤ ਬਹੁਤ ਚਿੰਤਾਜਨਕ ਹੈ।"

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਮੋਹਾਲੀ ਹੈੱਡਕੁਆਟਰ 'ਤੇ ਹਮਲਾ ਸੋਮਵਾਰ ਸ਼ਾਮ 7.45 ਵਜੇ ਹੋਇਆ ਸੀ। ਕਿਸੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੰਜਾਬ ਵਿੱਚ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ ਦੋ ਕੁ ਸਾਲਾਂ ਦੌਰਾਨ ਸੂਬੇ ਵਿੱਚ ਆਰਪੀਜੀ ਬਰਾਮਦ ਹੋਏ ਹਨ ਪਰ ਇਨ੍ਹਾਂ ਦੀ ਵਰਤੋਂ ਕਦੇ ਨਹੀਂ ਹੋਈ।

ਇਹ ਵੀ ਪੜ੍ਹੋ:

"ਆਰਪੀਜੀ ਇੱਕ ਬਹੁਤ ਸ਼ਕਤੀਸ਼ਾਲੀ ਹਥਿਆਰ ਹੈ ਕਿਉਂਕਿ ਇਹ ਇੱਕ ਗਰਨੇਡ ਨੂੰ 1200 ਮੀਟਰ ਤੱਕ ਸੁੱਟ ਸਕਦਾ ਹੈ। ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਉਸ ਘੇਰੇ ਦੇ ਅੰਦਰ ਸੁਰੱਖਿਆ ਸੈੱਟ ਕਰ ਸਕੋਂ।"

ਇੱਕ ਹੋਰ ਮਾਹਰ ਨੇ ਦੱਸਿਆ ਕਿ ਜੇਕਰ ਤੁਸੀਂ ਸੰਭਾਵਨਾਵਾਂ ਨੂੰ ਦੇਖੋ ਤਾਂ ਹਮਲਾ ਖ਼ਾਸ ਤੌਰ 'ਤੇ ਚਿੰਤਾਜਨਕ ਹੈ। "ਤੁਸੀਂ ਸਿਰਫ਼ ਦੂਰੋਂ ਹੀ ਨਹੀਂ, ਸਗੋਂ ਚੱਲਦੇ ਨਿਸ਼ਾਨੇ 'ਤੇ ਵੀ ਫ਼ਾਇਰ ਕਰ ਸਕਦੇ ਹੋ।"

------------------------------------------------

ਮੋਹਾਲੀ ਬਲਾਸਟ ਬਾਰੇ ਹੁਣ ਤੱਕ ਜੋ ਕੁਝ ਪਤਾ ਹੈ

  • 9 ਮਈ ਦੀ ਰਾਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਇਹ ਬਲਾਸਟ ਸ਼ਾਮ 7:45 ਵਜੇ ਹੋਇਆ
  • ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭੰਵਰਾ ਨੇ ਕਿਹਾ ਕਿ ਇੱਕ ਪ੍ਰੋਜੈਕਟਾਈਲ ਨੇ ਹਿੱਟ ਕੀਤਾ ਹੈ ਅਤੇ ਵਿਸਫੋਟਕ ਟੀਐੱਨਟੀ ਲੱਗ ਰਿਹਾ ਹੈ।
  • ਇਸ ਕੇਸ ਨਾਲ ਸਬੰਧਤ ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈl
  • ਇਸ ਧਮਾਕੇ ਲਈ ਵਰਤੇ ਗਏ ਲਾਂਚਰ ਨੂੰ ਬਰਾਮਦ ਕਰ ਲਿਆ ਗਿਆ ਹੈ
  • ਪੁਲਿਸ ਦਾ ਦਾਅਵਾ ਹੈ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਸਮੇਂ ਕਮਰੇ ਵਿੱਚ ਕੋਈ ਨਹੀਂ ਸੀ, ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ
  • ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ ਹੋਰ ਵੀ ਹੋਣਗੀਆਂ
  • ਐੱਨਆਈਏ ਸਣੇ ਹੋਰ ਖੂਫ਼ੀਆ ਏਸੰਜੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਹੈ

----------------------------------------------

ਖਾੜਕੂਵਾਦ ਸਮੇਂ ਰਾਕੇਟ ਲਾਂਚਰਾਂ ਦੀ ਵਰਤੋਂ ਹੋਈ

ਪੰਜਾਬ ਵਿੱਚ ਖਾੜਕੂਵਾਦ ਦੇ ਦੌਰਾਨ ਕਈ ਅਹਿਮ ਅਹੁਦਿਆਂ 'ਤੇ ਰਹੇ ਚੁੱਕੇ ਇੱਕ ਅਧਿਕਾਰੀ ਨੇ ਕਿਹਾ ਕਿ ਖਾੜਕੂਆਂ ਨੇ ਉਦੋਂ ਰਾਕਟ ਲਾਂਚਰ ਦੀ ਵਰਤੋਂ ਕੀਤੀ ਸੀ।

ਉਨ੍ਹਾਂ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਇੱਕ ਵਾਰ ਫਗਵਾੜਾ ਵਿੱਚ ਤੇ ਇੱਕ ਵਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਚੌਕੀ ਉੱਤੇ ਹਮਲਾ ਕਰਨ ਲਈ ਆਰਪੀਜੀ ਦੀ ਵਰਤੋਂ ਹੋਈ ਸੀ।"

ਅਧਿਕਾਰੀ ਨੇ ਕਿਹਾ ਕਿ ਮੋਹਾਲੀ ਵਿੱਚ ਹੋਇਆ ਹਮਲਾ ਗੰਭੀਰ ਹੈ ਅਤੇ ਇਸ ਨੇ ਕਈ ਸੰਦੇਸ਼ ਭੇਜੇ ਹਨ। ''ਇੱਕ ਤਾਂ ਇਹ ਕਿ ਖਾੜਕੂ ਅਜੇ ਵੀ ਮੌਜੂਦ ਹਨ। ਦੂਜਾ, ਉਨ੍ਹਾਂ ਕੋਲ ਕਿਤੇ ਵੀ ਹਮਲਾ ਕਰਨ ਦੇ ਸਾਧਨ ਹਨ। ਤੀਜਾ, ਇਹ ਜਨਤਾ ਵਿੱਚ ਅਸੁਰੱਖਿਆ ਦੀ ਭਾਵਨਾ ਵਧਾ ਸਕਦਾ ਹੈ, ਅਤੇ ਚੌਥਾ ਇਹ ਪੁਲਿਸ ਦਾ ਮਨੋਬਲ ਘਟਾ ਸਕਦਾ ਹੈ।"

ਮੋਹਾਲੀ ਦੇ ਸੈਕਟਰ 77 ਵਿੱਚ ਸਥਿਤ ਖ਼ੁਫ਼ੀਆ ਵਿਭਾਗ ਦਾ ਹੈੱਡਕੁਆਟਰ, ਸੋਹਾਣਾ ਪਿੰਡ ਨੂੰ ਜਾਣ ਵਾਲੀ ਸੜਕ ਤੋਂ ਸਿਰਫ਼ 100 ਮੀਟਰ ਦੂਰ ਹੈ। ਆਮ ਕਰਕੇ ਇਹ ਸੜਕ ਬਹੁਤ ਵਿਅਸਤ ਹੁੰਦੀ ਹੈ।

ਬਾਹਰ ਜਾਂ ਅੰਦਰ ਕਿਤੇ ਇਹ ਨਹੀਂ ਲਿਖਿਆ ਗਿਆ ਹੈ ਕਿ ਇਹ ਖ਼ੁਫ਼ੀਆ ਹੈੱਡਕੁਆਰਟਰ ਹੈ। ਹਾਲਾਂਕਿ ਇਹ ਕੋਈ ਗੁੱਝਾ ਭੇਤ ਹੋਵੇ, ਅਜਿਹਾ ਵੀ ਨਹੀਂ ਹੈ।

ਇਸ ਇਮਾਰਤ ਦੇ ਕੋਲ ਜਾ ਕੇ ਵੀ ਤੁਸੀਂ ਇਸ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਚੰਡੀਗੜ੍ਹ ਦੇ ਸੈਕਟਰ 9 ਵਿੱਚ ਸਥਿਤ ਪੰਜਾਬ ਪੁਲਿਸ ਹੈੱਡਕੁਆਟਰ ਦੇ ਉਲਟ, ਇੱਥੇ ਸਿਰਫ਼ ਨਾਮਾਤਰ ਹੀ ਸੁਰੱਖਿਆ ਦਿਖਾਈ ਦਿੰਦੀ ਹੈ।

ਇੱਥੇ ਜ਼ਿਆਦਾਤਰ ਅਧਿਕਾਰੀ ਸਿਵਲ ਵਰਦੀ ਵਿੱਚ ਹੁੰਦੇ ਹਨ। ਇਸ ਲਈ ਇੱਕ ਆਮ ਆਦਮੀ ਲਈ, ਇਹ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੈ ਕਿ ਇਸ ਇਮਾਰਤ ਦੇ ਅੰਦਰ ਕੀ ਹੁੰਦਾ ਹੈ।

ਮੈਂ ਪਿਛਲੇ ਸਾਲਾਂ ਤੋਂ ਅਫ਼ਸਰਾਂ ਨੂੰ ਮਿਲਣ ਲਈ ਇਮਾਰਤ ਦੇ ਅੰਦਰ ਜਾਂਦਾ ਰਿਹਾ ਹਾਂ ਅਤੇ ਦੇਖਿਆ ਹੈ ਕਿ ਦਫ਼ਤਰਾਂ ਵਿੱਚ ਵੀ ਅਫ਼ਸਰਾਂ ਦੀਆਂ 'ਨੇਮ ਪਲੇਟਾਂ' ਨਹੀਂ ਹਨ। ਕਮਰੇ ਦੇ ਬਾਹਰ ਸਿਰਫ਼ ਨੰਬਰ ਲਿਖੇ ਹੋਏ ਹਨ।

ਮੁੱਖ ਤੌਰ 'ਤੇ ਇੱਥੇ ਤਿੰਨ ਵੱਖ-ਵੱਖ ਵਿੰਗਾਂ ਦੇ ਦਫ਼ਤਰ ਹਨ ਜੋ ਇਸ ਦਫ਼ਤਰ ਵਿੱਚ ਬੈਠਦੇ ਹਨ: ਇੰਟੈਲੀਜੈਂਸ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਅਤੇ ਵਿਸ਼ੇਸ਼ ਟਾਸਕ ਫੋਰਸ (STF)।

ਓਸੀਸੀਯੂ ਅਧਿਕਾਰੀ ਤੀਜੀ ਮੰਜ਼ਿਲ 'ਤੇ ਬੈਠਦੇ ਹਨ। ਪੁਲਿਸ ਸੂਤਰਾਂ ਮੁਤਾਬਕ ਇਹ ਹਮਲਾ ਤੀਜੀ ਮੰਜ਼ਿਲ 'ਤੇ ਹੋਣ ਦਾ ਮਤਲਬ ਹੈ ਕਿ ਓਸੀਸੀਯੂ ਅਧਿਕਾਰੀ ਇਸ ਦਾ ਨਿਸ਼ਾਨਾ ਹੋ ਸਕਦੇ ਹਨ।

ਓਸੀਸੀਯੂ ਯੂਨਿਟ ਖ਼ਾਸ ਅਪਰਾਧ 'ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਪਿਛਲੇ ਸਾਲਾਂ ਦੌਰਾਨ ਮੁੱਖ ਤੌਰ 'ਤੇ ਰਾਜ ਦੇ ਗੈਂਗਸਟਰਾਂ ਵਿਰੁੱਧ ਕੰਮ ਕਰ ਰਿਹਾ ਹੈ।

ਪਿਛਲੇ ਮਹੀਨੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪੁਲਿਸ ਮੁਖੀ ਵੀਕੇ ਭੰਵਰਾ ਨੂੰ ਪੰਜਾਬ ਵਿੱਚੋਂ ਗੈਂਗਸਟਰਾਂ ਦੇ ਨੈੱਟਵਰਕ ਦਾ ਸਫ਼ਾਇਆ ਕਰਨ ਲਈ ਇੱਕ ਟਾਸਕ ਫ਼ੋਰਸ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਸਨ।

ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਅਗਵਾਈ ਵਧੀਕ ਡਾਇਰੈਕਟਰ-ਜਨਰਲ ਪੁਲਿਸ (ਏਡੀਜੀਪੀ) ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ।

ਕਿਉਂ ਵੱਖਰਾ ਖ਼ੂਫ਼ੀਆ ਹੈੱਡਕੁਆਟਰ?

ਪੰਜਾਬ ਇੱਕ ਵੱਖਰਾ ਖ਼ੂਫ਼ੀਆ ਹੈੱਡ ਕੁਆਰਟਰ ਰੱਖਣ ਵਾਲੇ ਬਹੁਤ ਘੱਟ ਸੂਬਿਆਂ ਵਿੱਚੋਂ ਇੱਕ ਹੈ।

ਸੂਤਰਾਂ ਦਾ ਕਹਿਣਾ ਹੈ ਕਿ 2016 ਵਿੱਚ ਅਕਾਲੀ-ਭਾਜਪਾ ਸਰਕਾਰ ਵੇਲੇ ਜਦੋਂ ਸੁਰੇਸ਼ ਅਰੋੜਾ ਡੀਜੀਪੀ ਸਨ ਤਾਂ ਖ਼ੁਫ਼ੀਆ ਵਿੰਗ ਦੇ ਅਫ਼ਸਰ ਇਸ ਇਮਾਰਤ ਵਿੱਚ ਚਲੇ ਗਏ ਸਨ।

ਇਤਫ਼ਾਕਨ ਇਹ ਸੁਰੇਸ਼ ਅਰੋੜਾ ਹੀ ਸਨ ਜਿਨ੍ਹਾਂ ਨੇ ਇੱਕ ਸੁਤੰਤਰ ਖ਼ੁਫ਼ੀਆ ਹੈੱਡ ਕੁਆਰਟਰ ਕਾਇਮ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ।

ਅਫ਼ਸਰ ਦੱਸਦੇ ਹਨ ਕਿ ਪਹਿਲਾਂ ਖ਼ੂਫ਼ੀਆ ਅਧਿਕਾਰੀ ਚੰਡੀਗੜ੍ਹ ਵਿਚਲੇ ਪੰਜਾਬ ਪੁਲਿਸ ਦੇ ਹੈੱਡ ਕੁਆਰਟਰ ਦੀਆਂ ਅਲੱਗ-ਅਲੱਗ ਮੰਜ਼ਲਾਂ ਉੱਤੇ ਹੀ ਬੈਠਦੇ ਸਨ।

ਇੱਕ ਅਧਿਕਾਰੀ ਨੇ ਦੱਸਿਆ, "ਕਈ ਵਾਰੀ ਮਹੱਤਵਪੂਰਨ ਜਾਣਕਾਰੀ ਲੀਕ ਹੋ ਜਾਂਦੀ ਸੀ। ਨਾਲ ਹੀ, ਕਿਉਂਕਿ ਖ਼ਾਸ ਆਪਰੇਸ਼ਨਾਂ ਬਾਰੇ ਕਈ ਸੰਵੇਦਨਸ਼ੀਲ ਚੀਜ਼ਾਂ ਕੀਤੀਆਂ ਜਾਂਦੀਆਂ ਸਨ। ਇਹ ਸਾਰਾ ਕੁਝ ਪੁਲਿਸ ਹੈੱਡ ਕੁਆਰਟਰ ਵਿੱਚ ਸੁਰੱਖਿਅਤ ਨਹੀਂ ਸੀ ਕਿਉਂਕਿ ਪੰਜਾਬ ਪੁਲਿਸ ਹੈੱਡ ਕੁਆਰਟਰ ਚੰਡੀਗੜ੍ਹ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਹੈ। ਜਦੋਂ ਤੁਸੀਂ ਆਪਣੇ ਖੇਤਰ ਵਿੱਚ ਹੁੰਦੇ ਹੋ ਤਾਂ ਇਹ ਵਧੇਰੇ ਸੁਰੱਖਿਅਤ ਹੁੰਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਇੰਟੈਲੀਜੈਂਸ ਹੈੱਡ ਕੁਆਰਟਰ ਪੰਜਾਬ ਦੇ ਅਧਿਕਾਰ ਖੇਤਰ ਵਿਚ ਵੱਖਰੀ ਥਾਂ 'ਤੇ ਬਣਾਉਣ ਦਾ ਫ਼ੈਸਲਾ ਲਿਆ ਗਿਆ।"

ਅਧਿਕਾਰੀ ਦੱਸਦੇ ਹਨ ਕਿ ਹਮਲਾ ਕਰਨ ਵਾਲੇ ਜਾਣਦੇ ਸੀ ਕਿ ਇੱਥੇ ਅਧਿਕਾਰੀ ਸ਼ਾਮ ਨੂੰ ਵੀ ਕੰਮ ਕਰਦੇ ਹਨ। ਸ਼ਾਇਦ ਇਹ ਵੀ ਇੱਕ ਕਾਰਨ ਸੀ ਕਿ ਘਟਨਾ ਨੂੰ ਦੇਰ ਸ਼ਾਮ ਅੰਜਾਮ ਦਿੱਤਾ ਗਿਆ।

ਹਮਲੇ ਦੀ ਖੂਫੀਆ ਜਾਣਕਾਰੀ ਨਾ ਹੋਣਾ ਚਿੰਤਾ ਦਾ ਵਿਸ਼ਾ

ਇਸ ਬਾਰੇ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਇਹ ਘਟਨਾ ਜਿੰਨਾ ਨੇ ਵੀ ਕੀਤੀ ਹੈ ਨਿਸ਼ਚਿਤ ਤੌਰ 'ਤੇ ਰਸ਼ਟਰਵਿਰੋਧੀ ਸ਼ਕਤੀਆਂ ਦਾ ਕੰਮ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਉਸ ਦੇ ਰਾਹੀਂ ਭਾਰਤ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਆਰਪੀਜੀ ਦੀ ਵਰਤੋਂ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਬਰਾਮਦਗੀਆਂ ਹੋਈਆਂ ਹਨ। ਹੁਣ ਜੇ ਬਰਾਮਦਗੀਆਂ ਹੋਈਆਂ ਹਨ ਤਾਂ ਉਹ ਪੁਲਿਸ ਕੋਲ ਹੋਣਾ ਚਾਹੀਦਾ ਸੀ ਬਾਹਰ ਜਾਣ ਦਾ ਮਤਲਬ ਹੀ ਨਹੀਂ ਬਣਦਾ ਹੈ।

''ਜੇ ਇਹ ਬਾਹਰੋਂ ਆਇਆ ਹੈ। ਭਾਵੇਂ ਕਿਸੇ ਵੀ ਰਸਤੇ ਤੋਂ ਆਇਆ ਹੋਵੇ। ਨਾ ਸਿਰਫ਼ ਪੰਜਾਬ ਪੁਲਿਸ ਸਗੋਂ ਸੁਰੱਖਿਆ ਨਾਲ ਜੁੜੀ ਹਰ ਏਜੰਸੀ ਦੀ ਨਾਕਾਮੀ ਹੈ। ਕਿ ਉਹ ਘੁੰਮਦਾ-ਘੁੰਮਾਉਂਦਾ ਹੋਇਆ ਮੋਹਾਲੀ ਪਹੁੰਚ ਗਿਆ ਹੈ।''

ਕਿੰਨੀ ਵੱਡੀ ਚੁਣੌਤੀ

ਸ਼ਸ਼ੀਕਾਂਤ ਦਾ ਕਹਿਣਾ ਹੈ, ''ਇਹ ਬਹੁਤ ਵੱਡੀ ਚੁਣੌਤੀ ਹੈ। ਕੋਈ ਹੈਲੀਕਾਪਟਰ ਉਡਾਣ ਭਰ ਰਿਹਾ ਹੈ। ਗੱਡੀਆਂ ਚਾਹੇ ਬੁਲਿਟ ਪਰੂਫ਼ ਹੋਣ। ਇਸ ਤੋਂ ਇਲਾਵਾ ਇਹ ਕੰਧ ਨੂੰ ਪਾਰ ਕਰਕੇ ਅੰਦਰ ਜਾ ਕੇ ਨੁਕਸਾਨ ਕਰ ਸਕਦਾ ਹੈ।

ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਜ਼ਰੂਰੀ ਹੈ ਕਿ ਇੰਟੈਲੀਜੈਂਸ ਨੂੰ ਮੁਸਤੈਦ ਕੀਤਾ ਜਾਵੇ। ਤੁਸੀਂ ਸਾਰੇ ਕਿਤੇ ਪੁਲਿਸ ਤਾਇਨਾਤ ਨਹੀਂ ਕਰ ਸਕਦੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)