ਆਰਪੀਜੀ ਕੀ ਹੁੰਦਾ ਹੈ, ਜਿਸ ਦੀ ਪੰਜਾਬ ਵਿਚ ਦੂਜੀ ਵਾਰ ਹੋਈ ਹੈ ਹਮਲੇ ਲਈ ਵਰਤੋਂ

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮੋਹਾਲੀ ਸ਼ਹਿਰ ਵਿਚਲੇ ਸਟੇਟ ਇੰਟੇਲੀਜੈਂਸ ਹੈੱਡਕੁਆਰਟਰ ਉੱਤੇ 9 ਮਈ ਦੀ ਰਾਤ ਨੂੰ ‘ਪ੍ਰੋਜੈਕਟਾਈਲ’ ਯਾਨੀ ਕਿਸੇ ਹਥਿਆਰ ਦੀ ਵਰਤੋਂ ਕਰਕੇ ਹਵਾ ਰਾਹੀਂ ਦਾਗੀ ਗਈ ਵਿਸਫੋਟਕ ਨਾਲ ਧਮਾਕਾ ਹੋਇਆ ਸੀ।

ਹੁਣ ਸੂਬੇ ਦੇ ਸਰਹੱਦੀ ਖੇਤਰ ਤਰਨ ਤਾਰਨ ਦੇ ਸਰਹਾਲੀ ਵਿੱਚ ਪੁਲਿਸ ਥਾਣੇ 'ਤੇ ਆਰਪੀਜੀ ਨਾਲ ਗ੍ਰੇਨੇਡ ਹਮਲਾ ਹੋਣ ਦੀ ਖ਼ਬਰ ਹੈ।

ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਇਹ ਹਮਲਾ 9 ਦਸੰਬਰ ਦੀ ਰਾਤ ਨੂੰ ਲਗਭਗ 11 ਵੱਜ ਕੇ 22 ਮਿੰਟ ਉੱਤੇ ਹੋਇਆ

ਪੁਲਿਸ ਸੂਤਰਾਂ ਮੁਤਾਬਕ ਦੋਵਾਂ ਹਮਲਿਆਂ ਵਿੱਚ ਇੱਕ ਸਾਂਝੀ ਕੜੀ ਨਜ਼ਰ ਆ ਰਹੀ ਹੈ, ਇਹ ਹੈ ਆਰਪੀਜੀ ਯਾਨੀ ਰਾਕੇਡ ਪ੍ਰੋਪੇਲਡ ਗ੍ਰੇਨੇਡ ਦੇ ਇਸਤੇਮਾਲ ਦੀ ਵਰਤੋਂ।

ਇਨ੍ਹਾਂ ਹਮਲਿਆਂ ਦੇ ਮਾਮਲੇ ਵਿੱਚ ਫ਼ਿਲਹਾਲ ਸੀਨੀਅਰ ਅਧਿਕਾਰੀਆਂ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ ਜਾਰੀ ਹੈ।

ਆਰਪੀਜੀ - ਰਾਕੇਟ ਪ੍ਰੋਪੇਲਡ ਗ੍ਰੇਨੇਡ ਯਾਨੀ ਰਾਕੇਟ ਰਾਹੀਂ ਦਾਗਿਆ ਜਾਣ ਵਾਲਾ ਗ੍ਰੇਨੇਡ ਹੁੰਦਾ ਹੈ, ਜੋ ਕਈ ਦਹਾਕਿਆਂ ਤੋਂ ਟੈਂਕਾਂ ਨੂੰ ਤਬਾਹ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ।

ਬੀਬੀਸੀ ਪੰਜਾਬੀ ਨੇ ਭਾਰਤੀ ਫੌਜ ਦੇ ਸੇਵਾਮੁਕਤ ਲੈਫ਼ਟੀਨੇਟ ਜਨਰਲ ਪੀ ਆਰ ਸ਼ੰਕਰ ਅਤੇ ਡਿਫੈਂਸ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨਾਲ ਗੱਲਬਾਤ ਕੀਤੀ।

ਆਰਪੀਜੀ ਹੁੰਦਾ ਕੀ ਹੈ?

ਸੇਵਾਮੁਕਤ ਲੈਫ਼ਟੀਨੇਟ ਜਨਰਲ ਪੀ ਆਰ ਸ਼ੰਕਰ ਮੁਤਾਬਕ ਆਰਪੀਜੀ ਕਈ ਤਰ੍ਹਾਂ ਦੇ ਹੁੰਦੇ ਹਨ, ਇਹ ਗ੍ਰੇਨੇਡ ਰਾਕੇਟ ਵਿੱਚ ਵੀ ਅਤੇ ਰਾਈਫ਼ਲ ਵਿੱਚ ਵੀ ਫਿੱਟ ਹੋ ਸਕਦੇ ਹਨ।

ਉਨ੍ਹਾਂ ਦੱਸਿਆ, ''ਆਰਪੀਜੀ ਨੂੰ ਰਾਕੇਟ ਪ੍ਰੋਪੇਲਡ ਗ੍ਰੇਨੇਡ ਅਤੇ ਰਾਈਫ਼ਲ ਪ੍ਰੋਪੇਲਡ ਗ੍ਰੇਨੇਡ ਵੀ ਕਿਹਾ ਜਾਂਦਾ ਹੈ। ਇਸ ਵਿੱਚ ਮੋਟਰ ਹੁੰਦੀ ਹੈ ਅਤੇ ਗ੍ਰੇਨੇਡ ਨੂੰ ਟਿਊਬ ਵਿੱਚ ਲੋਡ ਕੀਤਾ ਜਾਂਦਾ ਹੈ ਅਤੇ ਫ਼ਿਰ ਦਾਗਿਆ ਜਾਂਦਾ ਹੈ।''

ਸੀਨੀਅਰ ਪੱਤਰਕਾਰ ਰਾਹੁਲ ਬੇਦੀ ਦੱਸਦੇ ਹਨ ਕਿ ਰਾਕੇਟ ਪ੍ਰੋਪੇਲਡ ਗ੍ਰੇਨੇਡ ਮੋਢੇ ਉੱਤੇ ਰੱਖ ਕੇ ਦਾਗਿਆ ਜਾਣ ਵਾਲਾ ਹਥਿਆਰ ਹੁੰਦਾ ਹੈ। ਇਸ ਦਾ ਭਾਰ ਲਗਭਗ ਸੱਤ ਤੋਂ 12 ਕਿੱਲੋ ਦੇ ਦਰਮਿਆਨ ਹੋ ਸਕਦਾ ਹੈ ਅਤੇ ਇਸ ਨੂੰ ਕਾਫ਼ੀ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਇਸ ਵਿੱਚ ਗ੍ਰੇਨੇਡ ਦੇ ਨਾਲ ਇੱਕ ਮੋਟਰ ਲੱਗੀ ਹੁੰਦੀ ਹੈ ਅਤੇ ਇਸ ਨਾਲ ਫਿਨਸ (ਪੰਖ) ਲੱਗੇ ਹੁੰਦੇ ਹਨ। ਇਹੀ ਪੰਖ ਗ੍ਰੇਨੇਡ ਨੂੰ ਹਵਾ ਵਿੱਚ ਸਥਿਰ ਰੱਖਦੇ ਹਨ ਅਤੇ ਆਰਪੀਜੀ ਆਮ ਤੌਰ 'ਤੇ ਬਖ਼ਤਰਬੰਦ ਗੱਡੀਆਂ ਜਾਂ ਟੈਂਕ ਉੱਤੇ ਹਮਲਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ, ''ਕਈ ਆਰਪੀਜੀ ਸਿਸਟਮ ਇੱਕ ਵਾਰ ਵਰਤੋਂ ਲਈ ਹੀ ਹੁੰਦੇ ਹਨ ਪਰ ਹੁਣ ਕੁਝ ਸਾਲਾਂ ਤੋਂ ਆਰਪੀਜੀ ਮੁੜ ਇਸਤੇਮਾਲ ਕਰਨ ਵਾਲੇ ਵੀ ਆ ਗਏ ਹਨ।''

''ਆਰਪੀਜੀ ਫੌਜ ਦੀਆਂ ਬਖ਼ਤਰਬੰਦ ਗੱਡੀਆਂ ਅਤੇ ਟੈਂਕਾਂ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਉਨ੍ਹਾਂ ਨੇ ਆਪਣੇ ਇਨ੍ਹਾਂ ਵਾਹਨਾਂ ਨੂੰ ਬਹੁਤ ਮਜ਼ਬੂਤ ਬਣਾ ਲਿਆ ਹੈ। ਪਰ ਇਨ੍ਹਾਂ ਵਾਹਨਾਂ ਵਿੱਚ ਜਿੱਥੇ ਵੈਲਡਿੰਗ ਦੇ ਜੁਆਇੰਟ ਹੁੰਦੇ ਹਨ, ਉਨ੍ਹਾਂ ਉੱਤੇ ਜੇ ਗ੍ਰੇਨੇਡ ਜਾ ਕੇ ਲੱਗਣ ਤਾਂ ਨੈਵੀਗੇਸ਼ਨ ਸਿਸਟਮ ਅਤੇ ਰਡਾਰਾਂ ਨੂੰ ਨੁਕਸਾਨ ਹੋ ਸਕਦਾ ਹੈ।''

ਉਨ੍ਹਾਂ ਦੱਸਿਆ, ''ਆਰਪੀਜੀ ਮੋਢੇ 'ਤੇ ਰੱਖ ਕੇ ਚਲਾਉਣ ਵਾਲਾ ਹਥਿਆਰ ਹੈ ਅਤੇ ਰਾਈਫ਼ਲ ਤੋਂ ਥੋੜ੍ਹਾ ਭਾਰ ਵਿੱਚ ਵੱਧ ਹੈ।''

ਆਰਪੀਜੀ ਦੀ ਮਾਰ ਕਿੰਨੀ ਦੂਰ ਤੱਕ

ਰਾਹੁਲ ਬੇਦੀ ਦੱਸਦੇ ਹਨ ਕਿ ਆਰਪੀਜੀ ਦੀ ਰੇਂਜ ਲਗਭਗ 500 ਮੀਟਰ ਤੋਂ ਲੈ ਕੇ 800-900 ਮੀਟਰ ਤੱਕ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਨਿਸ਼ਾਨੇ ਦੇ ਕਾਫ਼ੀ ਨੇੜੇ ਆ ਕੇ ਇਸ ਨੂੰ ਵਰਤਣਾ ਪੈਂਦਾ ਹੈ।

''ਦੂਜੇ ਪਾਸੇ ਐਂਟੀ ਟੈਂਕ ਗਾਈਡਿਡ ਮਿਜ਼ਾਈਲ (ਏਟੀਜੀਐੱਮ) ਦੀ ਰੇਂਜ ਲੰਬੀ ਹੁੰਦੀ ਹੈ ਅਤੇ ਇਨ੍ਹਾਂ ਦੀ ਰੇਂਜ 900 ਮੀਟਰ ਤੋਂ ਲਗਭਗ ਸੱਤ ਕਿਲੋਮੀਟਰ ਤੱਕ ਹੁੰਦੀ ਹੈ।''

ਆਰਪੀਜੀ ਦੀ ਵਰਤੋਂ ਕਿੱਥੇ ਤੇ ਕਿਨ੍ਹਾਂ ਵੱਲੋਂ?

ਰਾਹੁਲ ਬੇਦੀ ਦੱਸਦੇ ਹਨ ਕਿ ਆਰਪੀਜੀ ਅੱਤਵਾਦੀਆਂ ਦਾ ਵੀ ਇੱਕ ਖ਼ਾਸ ਹਥਿਆਰ ਹੈ ਅਤੇ ਇਹ ਅੱਤਵਾਦੀਆਂ ਦਾ ਕੰਮ ਕਾਫ਼ੀ ਹੱਦ ਤੱਕ ਵਧਾਉਂਦਾ ਹੈ।

ਉਨ੍ਹਾਂ ਮੁਤਾਬਕ ਆਰਪੀਜੀ ਦੀ ਬਲੈਕ ਮਾਰਕਿਟ ਵਿੱਚ ਕਾਫ਼ੀ ਵਿਕਰੀ ਹੁੰਦੀ ਹੈ, ਖ਼ਾਸ ਤੌਰ ਉੱਤੇ ਮੱਧ ਪੂਰਬੀ ਮੁਲਕਾਂ ਵਿੱਚ ਹੁੰਦੀ ਹੈ।

ਆਰਪੀਜੀ ਦੀ ਉਪਲਭਤਾ ਬਾਰੇ ਉਨ੍ਹਾਂ ਕਿਹਾ, ''ਆਰਪੀਜੀ ਦੀ ਵਿਕਰੀ ਬਲੈਕ ਮਾਰਕਿਟ ਵਿੱਚ ਹੁੰਦੀ ਹੈ ਅਤੇ ਕਾਫ਼ੀ ਮਹਿੰਗੀਆਂ ਵਿਕਦੀਆਂ ਹਨ। ਇਸ ਦੇ ਨਾਲ ਹੀ ਇਹ ਕਾਫ਼ੀ ਘੱਟ ਮਿਲਣ ਵਾਲੀਆਂ ਚੀਜ਼ਾਂ ਵਿੱਚੋਂ ਹੈ।''

ਆਰਪੀਜੀ ਦੀ ਪੰਜਾਬ ਦੇ ਸੰਦਰਭ 'ਚ ਵਰਤੋਂ

ਪੰਜਾਬ ਦੇ ਸੰਦਰਭ ਵਿੱਚ ਆਰਪੀਜੀ ਦੀ ਵਰਤੋਂ ਬਾਰੇ ਰਾਹੁਲ ਬੇਦੀ ਗੱਲ ਕਰਦੇ ਹਨ।

ਉਨ੍ਹਾਂ ਕਿਹਾ, ''ਜੇ ਆਰਪੀਜੀ ਦੇ ਮੋਹਾਲੀ ਹਮਲੇ ਵਿੱਚ ਇਸਤੇਮਾਲ ਦੀਆਂ ਗੱਲਾਂ ਹੋ ਰਹੀਆਂ ਹਨ ਤਾਂ ਇਹ ਬਹੁਤ ਹੈਰਾਨ ਕਰਨ ਵਾਲਾ ਹੋਵੇਗਾ।

ਪੁਲਿਸ ਸੂਤਰਾਂ ਮੁਤਾਬਕ ਖਾੜਕੂਵਾਦ ਵੇਲੇ ਵੀ ਪੰਜਾਬ ਵਿੱਚ ਆਰਪੀਜੇ ਦੀ ਵਰਤੋਂ ਦੀਆਂ ਸਿਰਫ਼ ਇੱਕਾ-ਦੁੱਕਾ ਘਟਨਾਵਾਂ ਸਾਹਮਣੇ ਆਈਆਂ ਸਨ।

ਆਰਪੀਜੀ ਫ਼ੌਜ ਤੋਂ ਇਲਾਵਾ ਦੁਨੀਆਂ ਭਰ ਵਿੱਚ ਅੱਤਵਾਦੀ ਵੀ ਇਸੇਤਮਾਲ ਕਰਦੇ ਆਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)