'ਆਪ' ਵਿਧਾਇਕ ਗੱਜਣ ਮਾਜਰਾ ਦੇ ਟਿਕਾਣਿਆਂ 'ਤੇ ਸੀਬੀਆਈ ਦਾ ਛਾਪਾ, ਕਰੋੜਾਂ ਦੇ ਕਰਜ਼ੇ ਦੀ ਧੋਖਾਧੜੀ ਦਾ ਇਲਜ਼ਾਮ- ਪ੍ਰੈੱਸ ਰਿਵੀਊ

ਤਸਵੀਰ ਸਰੋਤ, Jaswant Singh Gajjan Majra/Facebook
ਸੀਬੀਆਈ ਨੇ 40 ਕਰੋੜ ਰੁਪਏ ਦੀ ਕਥਿਤ ਬੈਂਕ ਕਰਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਸੰਗਰੂਰ ਵਿੱਚ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨਾਲ ਸਬੰਧਤ ਤਿੰਨ ਟਿਕਾਣਿਆਂ 'ਤੇ ਛਾਪੇ ਮਾਰੇ।
ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਛਾਪਿਆਂ ਦੌਰਾਨ 16.57 ਲੱਖ ਰੁਪਏ, 88 ਵਿਦੇਸ਼ੀ ਕਰੰਸੀ ਨੋਟ, ਕੁਝ ਜਾਇਦਾਦ ਅਤੇ ਬੈਂਕ ਦੇ ਕਾਗਜ਼ਾਤ ਤੇ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸੀਬੀਆਈ ਨੇ ਆਧਾਰ ਕਾਰਡਾਂ ਦੀਆਂ ਕਾਪੀਆਂ ਦੇ ਨਾਲ ਵੱਖ-ਵੱਖ ਵਿਅਕਤੀਆਂ ਦੇ ਹਸਤਾਖਰਾਂ ਵਾਲੇ 94 ਖਾਲੀ ਚੈੱਕ ਵੀ ਜ਼ਬਤ ਕੀਤੇ ਹਨ।
ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਬੈਂਕ ਆਫ ਇੰਡੀਆ, ਲੁਧਿਆਣਾ ਬ੍ਰਾਂਚ ਦੀ ਸ਼ਿਕਾਇਤ 'ਤੇ, ਤਾਰਾ ਕਾਰਪੋਰੇਸ਼ਨ ਲਿਮਟਿਡ (ਮਲੌਧ ਐਗਰੋ ਲਿਮਟਿਡ) ਜੋ ਕਿ ਮਾਲੇਰਕੋਟਲਾ ਦੇ ਗਾਉਂਸਪੁਰਾ ਵਿਖੇ ਸਥਿਤ ਹੈ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਫਰਮ ਨੂੰ 2011-14 ਦੌਰਾਨ ਚਾਰ ਕਿਸ਼ਤਾਂ ਵਿੱਚ ਕਰਜ਼ਾ ਮਨਜ਼ੂਰ ਕੀਤਾ ਗਿਆ ਸੀ। ਇਹ ਇਲਜ਼ਾਮ ਲਗਾਇਆ ਗਿਆ ਕਿ ਫ਼ਰਮ ਨੇ ਗਲਤ ਇਰਾਦੇ ਨਾਲ ਸਟਾਕ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਬੈਂਕ ਵੱਲੋਂ ਰਿਕਵਰੀ ਦੌਰਾਨ ਅਸਲ ਫ਼ੰਡ ਸਾਹਮਣੇ ਨਾ ਆਉਣ।
ਸੀਬੀਆਈ ਦੇ ਬੁਲਾਰੇ ਜੋਸ਼ੀ ਨੇ ਕਿਹਾ ਕਿ ਜਸਵੰਤ ਸਿੰਘ ਵੀ ਕੰਪਨੀ ਦੇ ਡਾਇਰੈਕਟਰਾਂ ਵਿੱਚੋਂ ਇੱਕ ਸਨ।
ਉਨ੍ਹਾਂ ਦੱਸਿਆ ਕਿ ਤਾਰਾ ਹੈਲਥ ਫੂਡਜ਼ ਲਿਮਟਿਡ ਨੂੰ ਵੀ ਐੱਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਜਸਵੰਤ ਦੇ ਭਰਾ ਬਲਵੰਤ ਸਿੰਘ, ਕੁਲਵੰਤ ਸਿੰਘ ਅਤੇ ਭਤੀਜੇ ਤੇਜਿੰਦਰ ਸਿੰਘ, ਸਾਰੇ ਡਾਇਰੈਕਟਰਾਂ ਅਤੇ ਗਾਰੰਟਰਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ, ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸੀ ਰੰਜਿਸ਼ ਦੇ ਤਹਿਤ ਭਾਜਪਾ ਵੱਲੋਂ ਫਸਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਤਾਂ ਪਹਿਲਾਂ ਹੀ ਤਾਰਾ ਗਰੁੱਪ ਆਫ਼ ਕੰਪਨੀਜ਼ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਸਿਹਤ ਮੰਤਰੀ ਬੋਲੇ- 'ਮੁੰਨਾ ਭਾਈ MBBS' ਕਹੇ ਜਾਣ 'ਤੇ ਖੁਸ਼ ਹਾਂ
ਪਾਕਿਸਤਾਨ ਦੇ ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਨੇ ਜਤਾਇਆ ਹੈ ਕਿ ਉਹ 'ਮੁੰਨਾ ਭਾਈ ਐੱਮਬੀਬੀਐੱਸ' ਕਹੇ ਜਾਣ 'ਤੇ ਖੁਸ਼ ਹਨ, ਜੋ ਕਿ ਸਾਲ 2003 'ਚ ਆਈ ਬਾਲੀਵੁੱਡ ਫਿਲਮ ਦਾ ਮੁੱਖ ਅਤੇ ਮਸ਼ਹੂਰ ਕਿਰਦਾਰ ਹੈ, ਜਿਸ ਨੂੰ ਅਦਾਕਾਰ ਸੰਜੇ ਦੱਤ ਦੁਆਰਾ ਨਿਭਾਇਆ ਗਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪਾਕਿਸਤਾਨ ਦੇ ਟੀਵੀ ਚੈਨਲ ਸਮਾ ਟੀਵੀ ਦੀ ਰਿਪੋਰਟ ਅਨੁਸਾਰ ਸਿਹਤ ਮੰਤਰੀ ਅਬਦੁਲ ਕਾਦਿਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਅਤੇ ਉਸ ਦੌਰਾਨ ਉਨ੍ਹਾਂ ਨੂੰ ਆਪਣੀ ਆਲੋਚਨਾ ਦੀ ਯਾਦ ਆ ਗਈ ਜੋ ਉਨ੍ਹਾਂ ਨੂੰ ਇੱਕ ਡਾਕਟਰ ਵਜੋਂ ਝੱਲਣੀ ਪਈ ਸੀ।
ਪਟੇਲ ਨੇ ਕਿਹਾ ਕਿ ਜਦੋਂ ਕੋਈ ਉਨ੍ਹਾਂ ਨੂੰ 'ਮੁੰਨਾ ਭਾਈ ਐੱਮਬੀਬੀਐੱਸ' ਕਹਿੰਦਾ ਹੈ ਤਾਂ ਉਸ ਨੂੰ ਮਜ਼ਾ ਆਉਂਦਾ ਹੈ।

ਤਸਵੀਰ ਸਰੋਤ, Abdul Qadir Patel/Facebook
ਉਨ੍ਹਾਂ ਕਿਹਾ, "ਇਹ ਇੱਕ ਸ਼ਾਨਦਾਰ ਫਿਲਮ ਹੈ। ਉਹ (ਨਾਇਕ) ਆਪਣੀ 'ਜਾਦੂ ਕੀ ਝੱਪੀ' ਨਾਲ ਸਾਰਿਆਂ ਨੂੰ ਠੀਕ ਕਰਦਾ ਹੈ।''
ਸਮਾ ਟੀਵੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਟੇਲ ਨੇ ਕਿਹਾ, "ਮੈਂ ਕਦੋਂ ਕਿਹਾ ਕਿ ਮੈਂ ਸਰਜਰੀ ਕਰਾਂਗਾ ਜਾਂ ਲੋਕਾਂ ਨੂੰ ਦਵਾਈ ਲਿਖਾਂਗਾ? ਮੇਰਾ ਕੰਮ ਪ੍ਰਸ਼ਾਸਨਿਕ ਨਿਗਰਾਨੀ ਕਰਨਾ ਹੈ, ਤਾਂ ਜੋ ਚੀਜ਼ਾਂ ਸਹੀ ਤਰੀਕੇ ਨਾਲ ਹੋ ਸਕਣ।''
ਪਟੇਲ ਪਾਕਿਸਤਾਨ ਦੇ ਅਜਿਹੇ ਸਿਆਸਤਦਾਨਾਂ ਵਿੱਚੋਂ ਇੱਕ ਹਨ ਜੋ ਖੁੱਲ੍ਹ ਕੇ ਆਪਣੀ ਰਾਇ ਰੱਖਦੇ ਹਨ। ਅਪ੍ਰੈਲ ਵਿੱਚ ਉਹ ਫੈਜ਼ਲ ਸੁਲਤਾਨ ਦੀ ਥਾਂ ਸਿਹਤ ਮੁਖੀ ਬਣਨ ਤੋਂ ਬਾਅਦ ਆਲੋਚਨਾ ਦੇ ਘੇਰੇ ਵਿੱਚ ਆਏ ਸਨ।
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ, 2 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ
ਰਸੋਈ ਗੈਸ ਸਿਲੰਡਰ ਇੱਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਲੰਘੀ 7 ਮਈ ਤੋਂ ਦੇਸ਼ ਭਰ ਵਿੱਚ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇਸ ਵਾਧੇ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿੱਚ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 999.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਪਿਛਲੀ ਵਾਰ 22 ਮਾਰਚ ਨੂੰ ਐੱਲਪੀਜੀ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਸੀ।
ਐੱਲਪੀਜੀ ਦੀ ਕੀਮਤ ਐੱਲਪੀਜੀ ਦੀਆਂ ਅੰਤਰਰਾਸ਼ਟਰੀ ਕੀਮਤਾਂ ਨਾਲ ਜੁੜੀ ਹੋਈ ਹੈ। ਰੂਸ-ਯੂਕਰੇਨ ਜੰਗ ਕਾਰਨ ਇਸਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧੀਆਂ ਹੋਈਆਂ ਹਨ ਅਤੇ ਨਤੀਜੇ ਵਜੋਂ ਐੱਲਪੀਜੀ ਦੀਆਂ ਕੀਮਤਾਂ ਵਧ ਰਹੀਆਂ ਹਨ।
ਨਵੰਬਰ 2020 ਤੋਂ ਐੱਲਪੀਜੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਉਦੋਂ ਤੋਂ ਦਿੱਲੀ ਵਿੱਚ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਵਿੱਚ 405 ਰੁਪਏ ਜਾਂ ਲਗਭਗ 70 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












