ਭਗਵੰਤ ਮਾਨ ਕੇਂਦਰ ਤੋਂ ਮਦਦ ਮੰਗਣ ਗਏ, ਵਿਰੋਧੀਆਂ ਨੇ ਘੇਰਿਆ- ਪ੍ਰੈੱਸ ਰੀਵਿਊ

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਤੋਂ ਇੱਕ ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦੀ ਮੰਗ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਕਿਹਾ ਕਿ ਪਾਰਟੀ ਸੂਬਾਈ ਚੋਣਾਂ ਦੇ ਸਮੇਂ ਐਲਾਨੇ ਗਏ ਮੁਫ਼ਤ ਵਿੱਤੀ ਸਹਾਇਤਾਂ ਪੈਕੇਜਾਂ ਲਈ ਪੈਸੇ ਮੰਗ ਰਹੀ ਹੈ।

ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਆਰਥਿਕ ਸਥਿਤੀ ਲਈ ਇੱਕ ਲੱਖ ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ।

ਸਿਰਸਾ ਨੇ ਇੱਕ ਬਿਆਨ ਵਿੱਚ ਕਿਹਾ, "ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਝੂਠ ਦਾ ਪਰਦਾਫਾਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 1 ਲੱਖ ਕਰੋੜ ਰੁਪਏ ਦੀ ਮੰਗ ਨੇ ਕੀਤਾ ਹੈ।"

ਸਿਰਸਾ ਨੇ ਇਲਜ਼ਾਮ ਲਗਾਇਆ ਕਿ ਕੇਜਰੀਵਾਲ ਹਮੇਸ਼ਾ ਲੋਕਾਂ ਤੋਂ ਵੋਟਾਂ ਮੰਗਣ ਲਈ ਝੂਠ ਦਾ ਸਹਾਰਾ ਲੈਂਦੇ ਹਨ ਅਤੇ ਪਿਛਲੇ ਮਹੀਨੇ ਹੋਈਆਂ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਪੰਜਾਬ ਵਿੱਚ ਅਜਿਹਾ ਹੀ ਕੀਤਾ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਪਹਿਲਾਂ ਹੀ ਤਿੰਨ ਲੱਖ ਕਰੋੜ ਕਰਜ਼ੇ ਹੇਠ ਹੈ, ਇਸ ਦਾ ਪਤਾ ਸਾਰਿਆਂ ਨੂੰ ਹੀ ਹੈ, ਫਿਰ ਵੀ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨੂੰ ਪੈਸੇ ਦੇਣ ਵਰਗੀਆਂ ਮੁਫ਼ਤ ਸਕੀਮਾਂ ਦਾ ਐਲਾਨ ਕੀਤਾ।

'ਆਪ' ਇਕੱਲੀ ਆਪਣੀਆਂ ਗਾਰੰਟੀਆਂ ਲਾਗੂ ਨਹੀਂ ਕਰ ਸਕਦੀ- ਰੰਧਾਵਾ

ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਪੰਜਾਬ ਲਈ ਵਿੱਚ ਇੱਕ ਲੱਖ ਕਰੋੜ ਦਾ ਵਿੱਤੀ ਪੈਕੇਜ ਮੰਗਿਆ।

ਜਿਸ ਤੋਂ ਬਾਅਦ ਵਿਰਧੀ ਧਿਰ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਸਾਲਾਨਾ 50,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੰਗਣਾ ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਇਕੱਲੀ ਆਪਣੀਆਂ ਗਾਰੰਟੀਆਂ ਨੂੰ ਪੂਰਾ ਨਹੀਂ ਕਰ ਸਕਦੀ ਅਤੇ ਪੰਜਾਬ ਦੇ ਖਜ਼ਾਨੇ ਨੂੰ ਭਰਨ ਅਤੇ ਸਰਕਾਰੀ ਖਜ਼ਾਨੇ ਵਿੱਚੋਂ ਸਕੀਮਾਂ ਨੂੰ ਲਾਗੂ ਕਰਨ ਦਾ ਰੋਡਮੈਪ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ।"

ਪੰਜਾਬ ਲੋਕ ਕਾਂਗਰਸ ਨੇ ਵੀ ਇਸ 'ਤੇ ਵੀ ਤਿੱਖਾ ਹਮਲਾ ਕੀਤਾ

ਪੰਜਾਬ ਲੋਕ ਕਾਂਗਰਸ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਇਸ ਤਰ੍ਹਾਂ ਜ਼ਾਹਰ ਹੈ ਕਿ '70 ਸਾਲਾਂ ਦੇ ਕੁਸ਼ਾਸਨ' 'ਤੇ 3 ਲੱਖ ਕਰੋੜ ਦਾ ਕਰਜ਼ਾ ਅਤੇ ਬਦਲਾਅ ਦੀ ਰਣਨੀਤੀ ਵਾਲੀ ਸਰਕਾਰ 5 ਸਾਲਾਂ ਵਿੱਚ ਇਸ ਵਿੱਚ ਇੱਕ ਲੱਖ ਕਰੋੜ ਹੋਰ ਜੋੜਨ ਦਾ ਇਰਾਦਾ ਰੱਖਦੀ ਹੈ।

'ਸਾਰੇ ਮੁਸਲਮਾਨ ਅਤੇ ਈਸਾਈ ਭਵਿੱਖ 'ਚ ਆਰਐੱਸਐੱਸ ਦੇ ਨਾਲ ਹੋਣਗੇ'

ਕਰਨਾਟਕ ਦੇ ਪੇਂਡੂ ਵਿਕਾਸ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਕੇਐੱਸ ਈਸ਼ਵਰੱਪਾ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਕਿਹਾ ਕਿ ਦੇਸ਼ ਦੇ ਸਾਰੇ ਮੁਸਲਮਾਨ ਅਤੇ ਈਸਾਈ ਭਵਿੱਖ ਵਿੱਚ ਆਪਣੇ ਆਪ ਨੂੰ ਆਰਐੱਸਐੱਸ ਨਾਲ ਜੋੜ ਲੈਣਗੇ। ਜਿਸ ਕਾਰਨ ਅਸੈਂਬਲੀ ਵਿੱਚ ਹੰਗਾਮਾ ਵੀ ਹੋਇਆ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਇਹ ਬਿਆਨ ਉਨ੍ਹਾਂ ਨੇ ਉਸ ਵੇਲੇ ਦਿੱਤਾ ਜਦੋਂ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਨੇ ਕਾਂਗਰਸੀ ਵਿਧਾਇਕ ਅਹਿਮਦ ਖ਼ਾਨ ਨੂੰ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਰ ਕੋਈ ਆਰਐੱਸਐੱਸ ਨੂੰ "ਆਪਣੇ ਆਰਐੱਸਐੱਸ" ਵਾਂਗ ਅਪਣਾਏਗਾ।

ਹਾਲਾਂਕਿ, ਇਸ ਬਿਆਨ 'ਤੇ ਕਾਂਗਰਸੀ ਵਿਧਾਇਕਾਂ ਨੇ ਇਤਰਾਜ਼ ਵੀ ਜਤਾਇਆ।

ਦਰਅਸਲ, ਆਰਐੱਸਐੱਸ ਦਾ ਮੁੱਦਾ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸਿੱਧਾਰਮਈਆ ਵੱਲੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਬਹਿਸ ਦੌਰਾਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਭਾਜਪਾ ਦੇ ਕੁਝ ਨੇਤਾਵਾਂ ਅਤੇ ਮੰਤਰੀਆਂ ਨਾਲ ਆਪਣੀ ਦੋਸਤੀ ਬਾਰੇ ਬੋਲਦਿਆਂ ਸੰਗਠਨ ਦਾ ਹਵਾਲਾ ਦਿੱਤਾ ਸੀ।

ਉਨ੍ਹਾਂ ਨੇ ਕਿਹਾ, "ਆਪਸੀ ਸਨਮਾਨ ਬਣਾਈ ਰੱਖਣਾ ਮਹੱਤਵਪੂਰਨ ਹੈ, ਭਾਵੇਂ ਕੋਈ, ਕਿਸੇ ਵੀ ਸਿਆਸੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦਾ ਹੋਵੇ, ਪਹਿਲਾਂ ਨਿੱਜੀ ਰਿਸ਼ਤੇ ਆਉਂਦੇ ਹਨ ਅਤੇ ਫਿਰ ਪਾਰਟੀ ਮਤਭੇਦ ਆਉਂਦੇ ਹਨ।"

ਸਪੀਕਰ ਨੇ ਸਿੱਧਰਮਈਆ ਨੂੰ ਪੁੱਛਿਆ, "ਤੁਸੀਂ ਸਾਡੇ ਆਰਐੱਸਐੱਸ ਤੋਂ ਪਰੇਸ਼ਾਨ ਕਿਉਂ ਹੋ?" ਜਦੋਂ ਸਿੱਧਾਰਮਈਆ ਸਪੀਕਰ ਵੱਲੋਂ ਪੁੱਛੇ ਸਵਾਲ 'ਤੇ ਸਪੱਸ਼ਟੀਕਰਨ ਦੇ ਰਹੇ ਸਨ ਤਾਂ ਕਾਂਗਰਸੀ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਨੇ ਦਖ਼ਲ ਦਿੰਦਿਆਂ ਸਵਾਲ ਕੀਤਾ, 'ਤੁਸੀਂ ਸਪੀਕਰ ਦੇ ਤੌਰ 'ਤੇ ਕੁਰਸੀ 'ਤੇ ਬੈਠੇ 'ਸਾਡਾ ਆਰਐੱਸਐੱਸ' ਕਹਿ ਰਹੇ ਹੋ?

ਇਸ 'ਤੇ, ਕਾਗੇਰੀ ਨੇ ਜਵਾਬ ਦਿੱਤਾ, "ਬੇਸ਼ਕ, ਇਹ 'ਸਾਡਾ' ਆਰਐੱਐੱਸ ਹੈ ਤੇ ਇਹ ਹੋਰ ਕੀ ਹੋ ਸਕਦਾ ਹੈ? ਛੇਤੀ ਜਾਂ ਦੇਰ ਨਾਲ, ਤੁਹਾਨੂੰ ਵੀ ਇਸ ਨੂੰ ਆਪਣਾ ਆਰਐੱਸਐੱਸ ਵੀ ਕਹਿਣਾ ਪਏਗਾ। ਇਸ ਬਾਰੇ ਕੁਝ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਉਹ ਦਿਨ ਕਦੇ ਨਹੀਂ ਆਵੇਗਾ।

ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਾਰਨ ਪਿਛਲੇ ਸਾਲ ਕਰੀਬ 19 ਕਰੋੜ ਰੁਪਏ ਦੇ ਚਲਾਨ ਹੋਏ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੇ ਸੰਸਦ ਵਿੱਚ ਬੋਲਦਿਆਂ ਕਿ ਕਿ ਬੀਤੇ ਸਾਲ ਦੇਸ਼ ਵਿੱਚ ਆਵਾਜਾਈ ਨਿਯਮਾਂ ਉਲੰਘਣਾ ਕਾਰਨ 1898.73 ਕਰੋੜ ਰੁਪਏ ਦੇ ਚਲਾਨ ਕੱਟੇ ਗਏ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਗਡਕਰੀ ਨੇ ਕਿਹਾ ਕਿ ਸਰਕਾਰ ਨੂੰ ਹਾਸਿਲ ਹੋਏ ਅੰਕੜਿਆਂ ਮੁਤਾਬਕ ਦੇਸ਼ ਵਿੱਚ ਰੋਡ ਰੇਜ ਅਤੇ ਤੇਜ਼ ਰਫ਼ਤਾਰ ਡਰਾਈਵਿੰਗ ਦੇ ਬੀਤੇ ਸਾਲ 2,15,328 ਕੇਸ ਦਰਜ ਹੋਏ ਹਨ।

ਕੇਂਦਰੀ ਮੰਤਰੀ ਵੱਲੋਂ ਦੱਸੇ ਗਏ ਅੰਕੜਿਆਂ ਮੁਤਾਬਕ ਕੌਮੀ ਰਾਜਧਾਨੀ ਦਿੱਲੀ ਵਿੱਚ ਸਭ ਤੋਂ ਵੱਧ 71,89,824 ਚਲਾਨ ਕੀਤੇ ਗਏ ਹਨ। ਉਸ ਤੋਂ ਬਾਅਦ ਤਮਿਲਨਾਡੂ ਅਤੇ ਕੇਰਲਾ ਦਾ ਨੰਬਰ ਆਉਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੰਗਨਾ ਰਣੌਤ ਆਪਣੀਆਂ ਸ਼ਰਤਾਂ ਤੈਅ ਕਰ ਰਹੀ ਹੈ, ਠੀਕ ਹੈ ਉਹ ਸੈਲੀਬ੍ਰਿਟੀ ਹੋ ਸਕਦੀ ਹੈ ਪਰ...- ਅਦਾਲਤ

ਮੁੰਬਈ ਦੀ ਇੱਕ ਅਦਾਲਤ ਨੇ ਕਿਹਾ ਕਿ ਕੰਗਨਾ ਭਾਵੇਂ ਇੱਕ ਮਸਰੂਫ਼ ਸੈਲੀਬ੍ਰਿਟੀ ਹੋ ਸਕਦੀ ਹੈ, ਪਰ ਉਹ ਅਜੇ ਵੀ ਮਾਮਲੇ ਵਿੱਚ ਮੁਲਜ਼ਮ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਮੈਟਰੋਪੋਲੀਟਨ ਮੈਜਿਸਟਰੇਟ ਆਰਆਰ ਖ਼ਾਨ ਨੇ ਕੰਗਨਾ ਰਣੌਤ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਜਾਵੇਦ ਅਖ਼ਤਰ ਵੱਲੋਂ ਪਾਏ ਗਏ ਮਾਣਹਾਨੀ ਦੇ ਕੇਸ ਦੀ ਸੁਣਵਾਈ ਵਿੱਚ ਪੇਸ਼ ਹੋਣ ਤੋਂ 'ਸਥਾਈ ਛੋਟ' ਦੀ ਮੰਗੀ ਸੀ।

ਅਖ਼ਬਾਰ ਨੇ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਕਿਹਾ, "ਇਸ ਦੇ ਉਲਟ, ਮੁਲਜ਼ਮ ਇਸ ਕੇਸ ਦੀ ਸੁਣਵਾਈ ਲਈ ਆਪਣੇ ਮੁਤਾਬਕ ਆਪਣੀਆਂ ਸ਼ਰਤਾਂ ਤੈਅ ਕਰ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ, ਮੁਲਜ਼ਮ ਸਥਾਈ ਛੋਟ ਦਾ ਦਾਅਵਾ ਨਹੀਂ ਕਰ ਸਕਦਾ। ਦੋਸ਼ੀ ਨੂੰ ਕਾਨੂੰਨ ਦੀ ਸਥਾਪਿਤ ਪ੍ਰਕਿਰਿਆ ਅਤੇ ਉਸ ਦੇ ਜ਼ਮਾਨਤ ਬਾਂਡ ਦੇ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ।"

ਮੈਜਿਸਟ੍ਰੇਟ ਖ਼ਾਨ ਨੇ ਅੱਗੇ ਕਿਹਾ, "ਅੱਜ ਤੱਕ, ਮੁਲਜ਼ਮ ਆਪਣੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਦੀ ਸੁਣਵਾਈ ਲਈ ਅਦਾਲਤ ਨੂੰ ਸਹਿਯੋਗ ਕਰਨ ਦੇ ਇਰਾਦੇ ਨਾਲ ਪੇਸ਼ ਨਹੀਂ ਹੋਇਆ ਹੈ।"

ਦਰਅਸਲ, ਗੀਤਕਾਰ ਜਾਵੇਦ ਅਖ਼ਤਰ ਨੇ ਨਵੰਬਰ 2020 'ਚ ਕੰਗਨਾ ਖ਼ਿਲਾਫ਼ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਸੀ।

ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕੰਗਨਾ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਬਿਆਨ ਦਿੱਤੇ ਸਨ, ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)