ਉੱਤਰ ਪ੍ਰਦੇਸ਼ ਚੋਣਾਂ: ਉਸ ਸ਼ਖ਼ਸ ਦੀ ਕਹਾਣੀ ਜੋ ਮੁੱਖ ਮੰਤਰੀ ਰਹਿੰਦੀਆਂ ਵੀ ਹਾਰ ਗਏ ਸਨ ਜ਼ਿਮਨੀ ਚੋਣਾਂ

ਤਸਵੀਰ ਸਰੋਤ, TN Singh Family
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਆਮ ਤੌਰ 'ਤੇ ਭਾਰਤ ਦੀ ਸਿਆਸਤ 'ਚ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਜ਼ਿਮਨੀ ਚੋਣਾਂ ਦਾ ਨਤੀਜਾ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਜਾਵੇਗਾ। ਖਾਸ ਕਰਕੇ ਜਦੋਂ ਮੁੱਖ ਮੰਤਰੀ ਆਪ ਜ਼ਿਮਨੀ ਚੋਣ ਲੜ ਰਿਹਾ ਹੋਵੇ, ਤਾਂ ਅਜਿਹੀਆਂ ਚੋਣਾਂ ਦੇ ਨਤੀਜੇ ਬਾਰੇ ਬਹੁਤ ਘੱਟ ਲੋਕਾਂ ਨੂੰ ਖਦਸ਼ਾ ਰਹਿ ਜਾਂਦਾ ਹੈ।
ਪਰ 1971 ਵਿੱਚ, ਗੋਰਖਪੁਰ ਦੀਆਂ ਮਾਨੀਰਾਮ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਠੀਕ ਇਸਦੇ ਉਲਟ ਹੋਇਆ, ਜਿਸ ਨੇ ਭਾਰਤੀ ਸਿਆਸਤ ਦਾ ਰੁਖ ਹੀ ਬਦਲ ਦਿੱਤਾ।
ਉਂਝ ਤਾਂ ਤ੍ਰਿਭੁਵਨ ਨਰਾਇਣ ਸਿੰਘ ਵਾਰਾਣਸੀ ਦੇ ਵਸਨੀਕ ਸਨ, ਪਰ ਉਨ੍ਹਾਂ ਨੇ ਪਹਿਲੀ ਵਾਰ 1952 ਵਿੱਚ ਚੰਦੌਲੀ ਤੋਂ ਲੋਕ ਸਭਾ ਚੋਣ ਲੜੀ ਸੀ। 1957 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਇਸੇ ਸੀਟ ਤੋਂ ਉੱਘੇ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਨੂੰ ਹਰਾਇਆ ਸੀ। 60 ਦੇ ਦਹਾਕੇ ਵਿਚ ਉਹ ਕੇਂਦਰ ਸਰਕਾਰ ਵਿਚ ਉਦਯੋਗ ਅਤੇ ਫਿਰ ਲੋਹਾ ਤੇ ਇਸਪਾਤ ਮੰਤਰੀ ਰਹੇ।
ਉੱਤਰ ਪ੍ਰਦੇਸ਼ ਵਿੱਚ 1969 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੇ ਚੰਦਰਭਾਨੂ ਗੁਪਤਾ ਸੂਬੇ ਦੇ ਮੁੱਖ ਮੰਤਰੀ ਬਣੇ, ਪਰ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਨੂੰ ਭਾਰਤੀ ਕ੍ਰਾਂਤੀ ਦਲ ਦੇ ਚੌਧਰੀ ਚਰਣ ਸਿੰਘ ਲਈ ਆਪਣੀ ਗੱਦੀ ਛੱਡਣੀ ਪਈ।
ਚਰਣ ਸਿੰਘ ਵੀ ਸਿਰਫ਼ ਸੱਤ ਮਹੀਨਿਆਂ ਤੱਕ ਹੀ ਮੁੱਖ ਮੰਤਰੀ ਰਹਿ ਸਕੇ। ਬਹੁਮਤ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ, ਪਰ ਰਾਜਪਾਲ ਬੀ ਗੋਪਾਲਾ ਰੈੱਡੀ ਨੇ ਉਨ੍ਹਾਂ ਦੀ ਸਿਫਾਰਿਸ਼ ਨਹੀਂ ਮੰਨੀ ਅਤੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ।
17 ਦਿਨਾਂ ਦੇ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ, ਤ੍ਰਿਭੁਵਨ ਨਰਾਇਣ ਸਿੰਘ ਨੂੰ ਸੰਯੁਕਤ ਵਿਧਾਇਕ ਦਲ ਦੇ ਆਗੂ ਵਜੋਂ 18 ਅਕਤੂਬਰ, 1970 ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਵਾਈ ਗਈ। ਉਨ੍ਹਾਂ ਨੂੰ ਭਾਰਤੀ ਜਨ ਸੰਘ, ਸੁਤੰਤਰ ਪਾਰਟੀ, ਸੰਯੁਕਤ ਸੋਸ਼ਲਿਸਟ ਪਾਰਟੀ ਅਤੇ ਕਾਂਗਰਸ (ਓ) ਦਾ ਸਮਰਥਨ ਪ੍ਰਾਪਤ ਸੀ। ਉਸ ਸਮੇਂ ਸਦਨ ਵਿੱਚ ਉਨ੍ਹਾਂ ਦੇ ਸਮਰਥਕਾਂ ਦੀ ਗਿਣਤੀ 257 ਸੀ।
ਤ੍ਰਿਭੁਵਨ ਨਰਾਇਣ ਸਿੰਘ ਨੂੰ ਚੌਧਰੀ ਚਰਣ ਸਿੰਘ ਦਾ ਸਮਰਥਨ ਪ੍ਰਾਪਤ ਸੀ। ਉਸ ਸਮੇਂ ਤ੍ਰਿਭੁਵਨ ਨਰਾਇਣ ਸਿੰਘ ਰਾਜ ਸਭਾ ਦੇ ਮੈਂਬਰ ਸਨ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ।
ਇਹ ਵੀ ਪੜ੍ਹੋ:
ਦਿਲਚਸਪ ਗੱਲ ਇਹ ਸੀ ਕਿ ਭਾਵੇਂ ਟੀਐੱਨ ਸਿੰਘ ਚਰਣ ਸਿੰਘ ਦੇ ਆਦਮੀ ਨਹੀਂ ਸਨ, ਪਰ ਉਹ ਇੱਕਲੇ ਵਿਅਕਤੀ ਸਨ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਣ ਸਿੰਘ ਨੂੰ ਕੋਈ ਇਤਰਾਜ਼ ਨਹੀਂ ਸੀ। ਦਰਅਸਲ ਤ੍ਰਿਭੁਵਨ ਨਰਾਇਣ ਸਿੰਘ ਦੇ ਮੁੱਖ ਮੰਤਰੀ ਬਣਨ ਦੀ ਕਹਾਣੀ ਇਹ ਸੀ ਕਿ ਉਹ ਕਿਸੇ ਦੇ ਵੀ ਆਦਮੀ ਨਹੀਂ ਸਨ।
ਪਾਲ ਬ੍ਰਾਸ ਆਪਣੀ ਕਿਤਾਬ 'ਐਨ ਇੰਡੀਅਨ ਪੋਲੀਟਿਕਲ ਲਾਈਫ: ਚਰਣ ਸਿੰਘ ਐਂਡ ਕਾਂਗਰਸ ਪਾਲੀਟਿਕਸ' ਵਿੱਚ ਇੱਕ ਦਿਲਚਸਪ ਕਿੱਸਾ ਲਿਖਦੇ ਹਨ, "1971 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਇੰਦਰਾ ਗਾਂਧੀ ਨੇ ਭਾਰਤੀ ਕ੍ਰਾਂਤੀ ਦਲ ਦੇ ਕਾਂਗਰਸ ਵਿੱਚ ਰਲੇਵੇਂ ਦਾ ਪ੍ਰਸਤਾਵ ਰੱਖਿਆ ਸੀ।
ਉਹ ਬੀਕੇਡੀ ਨੂੰ ਲੋਕ ਸਭਾ ਵਿੱਚ 30 ਸੀਟਾਂ ਅਤੇ ਚਰਣ ਸਿੰਘ ਨੂੰ 1974 ਤੱਕ ਮੁੱਖ ਮੰਤਰੀ ਬਣਾਉਣ ਲਈ ਤਿਆਰ ਸਨ, ਪਰ ਚਰਣ ਸਿੰਘ ਨੇ ਇਸ ਪ੍ਰਸਤਾਵ ਨੂੰ ਇਸ ਆਧਾਰ 'ਤੇ ਨਾਮਨਜ਼ੂਰ ਦਿੱਤਾ ਕਿ ਉਹ ਟੀਐੱਨ ਸਿੰਘ ਦੇ ਸਮਰਥਨ ਦਾ ਵਾਅਦਾ ਕਰ ਚੁੱਕੇ ਹਨ ਅਤੇ ਹੁਣ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟ ਸਕਦੇ।

ਤਸਵੀਰ ਸਰੋਤ, TN SINGH FAMILY
ਜਦੋਂ ਮੈਂ ਜ਼ਿਮਨੀ ਚੋਣ ਵਿੱਚ ਟੀਐੱਨ ਸਿੰਘ ਦੀ ਹਾਰ ਤੋਂ ਬਾਅਦ ਚਰਣ ਸਿੰਘ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਸ ਸਮੇਂ ਇੰਦਰਾ ਗਾਂਧੀ ਦੀ ਗੱਲ ਕਿਉਂ ਨਹੀਂ ਮੰਨੀ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਮਾਣ ਵਾਲੀ ਗੱਲ ਨਹੀਂ ਹੁੰਦੀ।
ਮਹੰਤ ਅਵੈਦਿਆਨਾਥ ਨੇ ਮਾਨੀਰਾਮ ਸੀਟ ਤੋਂ ਦਿੱਤਾ ਅਸਤੀਫਾ
ਯੋਗੀ ਆਦਿੱਤਿਆਨਾਥ ਦੇ ਗੁਰੂ ਮਹੰਤ ਅਵੈਦਿਆਨਾਥ ਕਿਉਂਕਿ ਸੰਸਦ ਚੋਣਾਂ ਜਿੱਤ ਗਏ ਸਨ, ਇਸ ਲਈ ਉਨ੍ਹਾਂ ਨੇ ਗੋਰਖਪੁਰ 'ਚ ਮਾਨੀਰਾਮ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਤ੍ਰਿਭੁਵਨ ਨਰਾਇਣ ਸਿੰਘ ਨੇ ਇਸੇ ਸੀਟ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲੜਨ ਦਾ ਫੈਸਲਾ ਕੀਤਾ। ਤ੍ਰਿਭੁਵਨ ਨਰਾਇਣ ਸਿੰਘ ਆਪਣੀ ਜਿੱਤ ਨੂੰ ਲੈ ਕੇ ਇੰਨੇ ਯਕੀਨੀ ਸਨ ਕਿ ਉਨ੍ਹਾਂ ਨੇ ਇੱਕ ਵਾਰ ਵੀ ਮਾਨੀਰਾਮ ਇਲਾਕੇ ਦਾ ਦੌਰਾ ਨਹੀਂ ਕੀਤਾ।
ਬਿਹਾਰ ਦੇ ਆਗੂ ਕਰਪੂਰੀ ਠਾਕੁਰ ਨੂੰ ਤ੍ਰਿਭੁਵਨ ਨਰਾਇਣ ਸਿੰਘ ਦੇ ਚੋਣ ਪ੍ਰਚਾਰ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਆਮ ਤੌਰ 'ਤੇ ਪ੍ਰਧਾਨ ਮੰਤਰੀ ਜ਼ਿਮਨੀ ਚੋਣ 'ਚ ਪ੍ਰਚਾਰ ਕਰਨ ਨਹੀਂ ਜਾਂਦੇ, ਪਰ ਮਾਰਚ 1971 'ਚ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖੁਦ ਕਾਂਗਰਸ ਉਮੀਦਵਾਰ ਰਾਮ ਕ੍ਰਿਸ਼ਣ ਦਿਵੇਦੀ ਦੇ ਸਮਰਥਨ 'ਚ ਪ੍ਰਚਾਰ ਕਰਨ ਲਈ ਮਾਨੀਰਾਮ ਗਏ ਸਨ।
ਇਸ ਦਾ ਕਾਰਨ ਇਹ ਸੀ ਕਿ ਕਾਂਗਰਸ ਦੋਫਾੜ ਹੋ ਚੁੱਕੀ ਸੀ ਅਤੇ ਤ੍ਰਿਭੁਵਨ ਨਰਾਇਣ ਸਿੰਘ, ਮੋਰਾਰਜੀ ਦੇਸਾਈ ਅਤੇ ਚੰਦਰਭਾਨੂ ਗੁਪਤ ਦੇ ਸਮਰਥਕ ਸਨ। ਇਸੇ ਲਈ ਇੰਦਰਾ ਗਾਂਧੀ ਨਹੀਂ ਚਾਹੁੰਦੇ ਸਨ ਕਿ ਟੀਐੱਨ ਸਿੰਘ ਵਿਧਾਨ ਸਭਾ ਦੇ ਮੈਂਬਰ ਬਣਨ।
ਦਰਅਸਲ, ਸ਼ੁਰੂ ਵਿੱਚ ਤ੍ਰਿਭੁਵਨ ਨਰਾਇਣ ਸਿੰਘ ਦੇ ਜਿੱਤਣ ਦੇ ਹੀ ਕਿਆਸ ਲਗਾਏ ਜਾ ਰਹੇ ਸਨ, ਪਰ ਉਸੇ ਵੇਲੇ ਇੰਦਰਾ ਗਾਂਧੀ ਦੀ ਚੋਣ ਸਭਾ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਜਿਸ ਕਾਰਨ ਚੋਣਾਵੀ ਲਹਿਰ ਪੂਰੀ ਤਰ੍ਹਾਂ ਨਾਲ ਟੀਐੱਨ ਸਿੰਘ ਦੇ ਖਿਲਾਫ ਹੋ ਗਈ।

ਤਸਵੀਰ ਸਰੋਤ, TN Singh Family
ਅਮਰ ਉਜਾਲਾ ਅਖਬਾਰ ਵਿਚ ਪੱਤਰਕਾਰ ਰਹੇ ਰਾਮ ਕ੍ਰਿਸ਼ਣ ਦਿਵੇਦੀ ਨੇ ਇੰਦਰਾ ਗਾਂਧੀ ਦੇ ਪ੍ਰਚਾਰ ਦੀ ਬਦੌਲਤ, ਮੁੱਖ ਮੰਤਰੀ ਤ੍ਰਿਭੁਵਨ ਨਰਾਇਣ ਸਿੰਘ ਨੂੰ ਲਗਭਗ 15,000 ਵੋਟਾਂ ਨਾਲ ਹਰਾ ਦਿੱਤਾ।
ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕੋਈ ਮੁੱਖ ਮੰਤਰੀ ਇਸ ਤਰ੍ਹਾਂ ਜ਼ਿਮਨੀ ਚੋਣ ਵਿੱਚ ਹਾਰ ਗਿਆ ਸੀ। ਚੋਣ ਦਾ ਨਤੀਜਾ ਉਦੋਂ ਆਇਆ ਜਦੋਂ ਸਦਨ ਵਿੱਚ ਰਾਜਪਾਲ ਦਾ ਸੰਬੋਧਨ ਚੱਲ ਰਿਹਾ ਸੀ। ਟੀਐੱਨ ਸਿੰਘ ਨੇ ਭਾਸ਼ਣ ਦੇ ਵਿਚਕਾਰ ਹੀ ਆਪਣੇ ਅਸਤੀਫ਼ੇ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਮਾਨੀਰਾਮ ਦੇ ਨਤੀਜੇ ਨੇ ਰੱਖੀ ਇੰਦਰਾ ਲਹਿਰ ਦੀ ਨੀਂਹ
1969 ਵਿੱਚ ਮਹੰਤ ਅਵੈਦਿਆਨਾਥ ਨੇ ਇਸ ਸੀਟ 'ਤੇ ਰਾਮ ਕ੍ਰਿਸ਼ਣ ਦਿਵੇਦੀ ਨੂੰ ਲਗਭਗ 3000 ਵੋਟਾਂ ਨਾਲ ਹਰਾਇਆ ਸੀ। ਗੋਰਖਪੁਰ ਵਿੱਚ ਮਾਨੀਰਾਮ ਵਿਧਾਨ ਸਭਾ ਹਲਕਾ ਹੁਣ ਹੋਂਦ ਵਿੱਚ ਨਹੀਂ ਹੈ। ਹੱਦਬੰਦੀ ਤੋਂ ਬਾਅਦ ਹੁਣ ਇਸ ਦਾ ਇਲਾਕਾ ਗੋਰਖਪੁਰ ਸਦਰ ਅਤੇ ਪਿਪਰਾਚ ਵਿਧਾਨ ਸਭਾ ਦਾ ਹਿੱਸਾ ਬਣ ਗਿਆ ਹੈ।
ਖੈਰ, ਇਸ ਚੋਣ ਨਤੀਜੇ ਨੇ ਇੰਦਰਾ ਗਾਂਧੀ ਦੇ ਹੱਕ ਵਿੱਚ ਚੋਣਾਵੀ ਲਹਿਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਮਾਨੀਰਾਮ ਜ਼ਿਮਨੀ ਚੋਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਲੋਕ ਸਭਾ ਚੋਣਾਂ ਹੋਈਆਂ, ਜਿਸ ਵਿੱਚ ਇੰਦਰਾ ਗਾਂਧੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਇੱਕ ਪਾਸੇ ਇੰਦਰਾ ਗਾਂਧੀ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਤੇ ਦੂਜੇ ਪਾਸੇ ਰਾਜਿਆਂ ਦੇ 'ਪ੍ਰੀਵੀ ਪਰਸ' ਬੰਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੇ 'ਗਰੀਬੀ ਹਟਾਓ' ਦੇ ਨਾਅਰੇ ਨੂੰ ਇਸ ਚੋਣ ਨਤੀਜੇ ਨਾਲ ਬਹੁਤ ਤਾਕਤ ਮਿਲੀ ਅਤੇ ਪੂਰੇ ਦੇਸ਼ 'ਚ ਇੰਦਰਾ ਲਹਿਰ ਦਾ ਅਸਰ ਸਾਫ਼ ਦੇਖਿਆ ਗਿਆ।
ਟੀਐੱਨ ਸਿੰਘ ਬਾਅਦ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਬਣੇ

ਤਸਵੀਰ ਸਰੋਤ, TN Singh Family
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਚੁਣੇ ਗਏ ਅਤੇ ਉਨ੍ਹਾਂ ਨੇ ਆਪਣੀ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਤਾਂ ਉਹ ਵਿਧਾਨ ਸਭਾ ਜ਼ਿਮਨੀ ਚੋਣ ਲੜਨ ਦੀ ਬਜਾਏ, ਵਿਧਾਨ ਪਰਿਸ਼ਦ ਰਾਹੀਂ ਸਦਨ ਵਿੱਚ ਦਾਖਲ ਹੋਏ।
ਉਨ੍ਹਾਂ ਦੇ ਜ਼ਹਿਨ ਵਿੱਚ ਕਿਤੇ ਨਾ ਕਿਤੇ ਤ੍ਰਿਭੁਵਨ ਨਰਾਇਣ ਸਿੰਘ ਦੇ ਹਾਲ ਦੀ ਯਾਦ ਜ਼ਰੂਰ ਰਹੀ ਹੋਵੇਗੀ, ਜਿਨ੍ਹਾਂ ਨੂੰ ਉਨ੍ਹਾਂ ਦੇ ਅਧਿਆਤਮਿਕ ਗੁਰੂ ਸਾਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਚੋਣ ਨਹੀਂ ਜਿਤਵਾ ਸਕੇ ਸਨ।
ਇਸ ਤੋਂ ਬਾਅਦ ਤ੍ਰਿਭੁਵਨ ਨਰਾਇਣ ਸਿੰਘ ਨੇ ਰਾਜ ਸਭਾ ਦਾ ਰੁਖ ਕੀਤਾ ਅਤੇ ਉਹ 1970 ਤੋਂ 1976 ਤੱਕ ਰਾਜ ਸਭਾ ਦੇ ਮੈਂਬਰ ਰਹੇ। 1977 ਵਿੱਚ ਜਦੋਂ ਜਨਤਾ ਪਾਰਟੀ ਸੱਤਾ ਵਿੱਚ ਆਈ ਤਾਂ ਉਨ੍ਹਾਂ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਬਣਾਇਆ ਗਿਆ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












