ਕੋਰੋਨਾਵਾਇਰਸ ਵੈਕਸੀਨ ਦੇ 11 ਟੀਕੇ ਲਗਵਾਉਣ ਵਾਲਾ ਬੰਦਾ

- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ
ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿੱਚ ਇੱਕ ਵਿਅਕਤੀ ਨੇ ਪਿਛਲੇ ਸਾਲ ਘੱਟੋ-ਘੱਟ 11 ਵਾਰ ਕੋਵਿਡ-19 ਟੀਕਾ ਲਗਵਾਇਆ ਸੀ।
84 ਸਾਲਾ ਬ੍ਰਹਮਦੇਵ ਮੰਡਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਿਹਾਰ ਸੂਬੇ 'ਚ ਵੈਕਸੀਨ ਦੀਆਂ 11 ਖੁਰਾਕਾਂ ਲਈਆਂ ਹਨ।
ਬ੍ਰਹਮਦੇਵ ਡਾਕੀਏ ਵਜੋਂ ਕੰਮ ਕਰਦੇ ਰਹੇ ਹਨ ਅਤੇ ਹੁਣ ਸੇਵਾਮੁਕਤ ਹਨ। ਉਹ ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੁਰਾਕਾਂ ਨੇ ਉਨ੍ਹਾਂ ਨੂੰ ਦਰਦ ਤੋਂ ਛੁਟਕਾਰਾ ਪਾਉਣ ਅਤੇ "ਤੰਦਰੁਸਤ ਰਹਿਣ" ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਨ੍ਹਾਂ ਟੀਕਿਆਂ ਦਾ ਉਨ੍ਹਾਂ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ।
ਪਿਛਲੇ ਹਫਤੇ ਇੱਕ ਕੈਂਪ 'ਚ ਆਖਿਰਕਾਰ ਉਨ੍ਹਾਂ ਨੂੰ ਇੱਕ ਖੁਰਾਕ ਲੈਣ ਤੋਂ ਰੋਕ ਦਿੱਤਾ ਗਿਆ। ਬ੍ਰਹਮਦੇਵ ਮੁਤਾਬਕ, ਇਹ ਉਨ੍ਹਾਂ ਦਾ 12ਵੀਂ ਟੀਕਾ ਸੀ।
ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇੰਨੇ ਸਾਰੇ ਟੀਕੇ ਲਗਵਾਉਣ ਵਿੱਚ ਕਾਮਯਾਬ ਕਿਵੇਂ ਹੋਏ।
ਇਹ ਵੀ ਪੜ੍ਹੋ:
ਕਿਵੇਂ ਮਿਲਦੀ ਹੈ ਖੁਰਾਕ
ਮਧੇਪੁਰਾ ਦੇ ਸਿਵਲ ਸਰਜਨ ਅਮਰੇਂਦਰ ਪ੍ਰਤਾਪ ਸ਼ਾਹੀ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਪਹਿਲਾਂ ਹੀ ਸਬੂਤ ਮਿਲ ਚੁੱਕੇ ਹਨ ਕਿ ਉਨ੍ਹਾਂ ਨੇ ਚਾਰ ਥਾਵਾਂ ਤੋਂ ਅੱਠ ਟੀਕੇ ਲਏ ਸਨ।"
ਪਿਛਲੇ ਸਾਲ 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ, ਭਾਰਤ ਮੁੱਖ ਤੌਰ 'ਤੇ ਸਥਾਨਕ ਪੱਧਰ 'ਤੇ ਤਿਆਰ ਦੋ ਟੀਕੇ- ਕੋਵਿਸ਼ੀਲਡ ਅਤੇ ਕੋਵੈਕਸਿਨ ਦੀਆਂ ਖੁਰਾਕਾਂ ਮੁਹਈਆ ਕਰਵਾ ਰਿਹਾ ਹੈ। ਇਨ੍ਹਾਂ ਦੋਵੇਂ ਟੀਕਿਆਂ ਦੀਆਂ ਦੋ ਖੁਰਾਕਾਂ ਵਿੱਚ ਕ੍ਰਮਵਾਰ 12-16 ਹਫ਼ਤੇ ਅਤੇ 4-6 ਹਫ਼ਤੇ ਦਾ ਅੰਤਰ ਹੁੰਦਾ ਹੈ।
ਟੀਕਾਕਰਨ ਸਵੈਇੱਛਤ ਹੈ ਅਤੇ ਇਸ ਲਈ ਦੇਸ਼ ਭਰ 'ਚ 90,000 ਤੋਂ ਵੱਧ ਕੇਂਦਰ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੂਬਾ ਸਰਕਾਰਾਂ ਦੁਆਰਾ ਚਲਾਏ ਜਾਂਦੇ ਹਨ।
ਇਨ੍ਹਾਂ ਵਿੱਚ ਉਹ ਵੈਕਸੀਨੇਸ਼ਨ ਕੈਂਪ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਟੀਕਾ ਲੈਣ ਤੋਂ ਪਹਿਲਾਂ ਔਨਲਾਈਨ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਸਿੱਧਾ ਉੱਥੇ ਜਾ ਕੇ ਟੀਕਾ ਲਿਆ ਜਾ ਸਕਦਾ ਹੈ।
ਟੀਕੇ ਦੀ ਖੁਰਾਕ ਲੈਣ ਵਾਲੇ ਵਿਅਕਤੀ ਨੂੰ ਰਜਿਸਟਰ ਕਰਨ ਲਈ ਆਪਣੀ ਪਛਾਣ ਦਾ ਸਬੂਤ ਪੇਸ਼ ਕਰਨਾ ਪੈਂਦਾ ਹੈ। ਇਸਦੇ ਲਈ ਜਿਨ੍ਹਾਂ 10 ਦਸਤਾਵੇਜ਼ਾਂ ਦੀ ਸੂਚੀ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਇੱਕ ਬਾਇਓਮੀਟ੍ਰਿਕ ਕਾਰਡ, ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ ਸ਼ਾਮਲ ਹਨ।
ਸਾਈਟਾਂ ਤੋਂ ਇਕੱਤਰ ਕੀਤੇ ਡੇਟਾ ਨੂੰ ਭਾਰਤ ਦੇ ਵੈਕਸੀਨ ਪੋਰਟਲ, ਕੋਵਿਨ 'ਤੇ ਅਪਲੋਡ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਮੁਢਲੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਮੰਡਲ ਉਸੇ ਦਿਨ "ਅੱਧੇ ਘੰਟੇ ਦੇ ਅੰਤਰਾਲ ਵਿੱਚ ਦੋ ਖੁਰਾਕਾਂ" ਲੈਣ ਵਿੱਚ ਕਾਮਯਾਬ ਹ ਗਏ ਸਨ ਅਤੇ ਇਨ੍ਹਾਂ ਵਿੱਚੋਂ ਹਰੇਕ ਖੁਰਾਕ "ਪੋਰਟਲ 'ਤੇ ਰਜਿਸਟਰ ਹੋਈ ਸੀ"।
'ਮੈਂ ਹੈਰਾਨ ਹਾਂ ਇਸਦਾ ਪਤਾ ਕਿਉਂ ਨਹੀਂ ਲੱਗਿਆ'
ਸਿਵਲ ਸਰਜਨ ਸ਼ਾਹੀ ਨੇ ਕਿਹਾ, "ਅਸੀਂ ਹੈਰਾਨ ਹਾਂ ਕਿ ਇਹ ਕਿਵੇਂ ਹੋ ਸਕਦਾ ਹੈ। ਲੱਗਦਾ ਹੈ ਕਿ ਪੋਰਟਲ ਫੇਲ ਹੋ ਰਿਹਾ ਹੈ। ਅਸੀਂ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਟੀਕਾਕਰਨ ਕੇਂਦਰਾਂ ਦੇ ਪ੍ਰਬੰਧਕਾਂ ਦੁਆਰਾ ਕੋਈ ਲਾਪਰਵਾਹੀ ਤਾਂ ਨਹੀਂ ਸੀ।''
ਜਨਤਕ ਸਿਹਤ ਮਾਹਰ ਚੰਦਰਕਾਂਤ ਲਹਿਰੀਆ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹਾ ਹੋਣ "ਇੱਕੋ-ਇੱਕ ਤਰੀਕਾ" ਹੋ ਸਕਦਾ ਹੈ, ਜੇਕਰ ਸਾਈਟਾਂ ਤੋਂ ਟੀਕਾਕਰਨ ਡੇਟਾ ਨੂੰ ਲੰਬੇ ਸਮੇਂ ਤੋਂ ਬਾਅਦ ਪੋਰਟਲ 'ਤੇ ਅਪਲੋਡ ਕੀਤਾ ਜਾਂਦਾ ਹੈ।
"ਪਰ ਮੈਂ ਅਜੇ ਵੀ ਹੈਰਾਨ ਹਾਂ ਕਿ ਇੰਨੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਖੁਰਾਕਾਂ ਦੇ ਬਾਅਦ ਵੀ ਇਸਦਾ ਪਤਾ ਨਹੀਂ ਲੱਗਿਆ।"
ਟੀਕਾ ਲੈਣ ਲਈ ਕੀਤੀ ਵੱਖ-ਵੱਖ ਪਛਾਣ ਪੱਤਰਾਂ ਦੀ ਵਰਤੋਂ
ਮੰਡਲ ਨੇ ਇਸ ਸਬੰਧੀ ਜਾਣਕਾਰੀ ਲਿਖ ਕੇ ਰੱਖੀ ਹੋਈ ਹੈ। ਜਿਸ ਵਿੱਚ ਮਿਤੀਆਂ, ਸਮੇਂ ਅਤੇ ਕੈਂਪਾਂ ਦੇ ਵੇਰਵੇ ਹਨ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਪਿਛਲੇ ਸਾਲ ਫਰਵਰੀ ਅਤੇ ਦਸੰਬਰ ਵਿਚਕਾਰ 11 ਖੁਰਾਕਾਂ ਲਈਆਂ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮਧੇਪੁਰਾ ਦੇ ਵੱਖ-ਵੱਖ ਟੀਕਾਕਰਨ ਕੈਂਪਾਂ ਵਿੱਚ ਗਏ ਸਨ ਅਤੇ ਇੱਥੋਂ ਤੱਕ ਕਿ ਇਸਦੇ ਲਈ ਉਨ੍ਹਾਂ ਨੇ ਘੱਟੋ-ਘੱਟ ਦੋ ਗੁਆਂਢੀ ਜ਼ਿਲ੍ਹਿਆਂ ਦੀ ਵੀ ਯਾਤਰਾ ਕੀਤੀ ਸੀ, ਜੋ ਕਿ 100 ਕਿਲੋਮੀਟਰ ਤੋਂ ਵੀ ਦੂਰ ਸਨ। ਉਸ ਨੇ ਇਨ੍ਹਾਂ ਥਾਵਾਂ 'ਤੇ ਰਜਿਸਟਰ ਕਰਨ ਲਈ ਵੱਖ-ਵੱਖ ਪਛਾਣ ਪੱਤਰਾਂ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਕਿਹਾ ਕਿ ਉਹ ਡਾਕੀਏ ਦੀ ਨੌਕਰੀ ਕਰਨ ਤੋਂ ਪਹਿਲਾਂ ਆਪਣੇ ਪਿੰਡ ਵਿੱਚ "ਨੀਮ-ਹਕੀਮ ਵਜੋਂ ਅਭਿਆਸ" ਕਰਦੇ ਸਨ ਅਤੇ "ਬਿਮਾਰੀਆਂ ਬਾਰੇ ਥੋੜੀ ਜਾਣਕਾਰੀ ਰੱਖਦੇ ਸਨ"।
"ਟੀਕੇ ਲੈਣ ਤੋਂ ਬਾਅਦ ਮੇਰੇ ਸਰੀਰ ਦੇ ਦਰਦ ਅਤੇ ਪੀੜਾ ਦੂਰ ਹੋ ਗਏ। ਮੇਰੇ ਗੋਡਿਆਂ ਵਿੱਚ ਦਰਦ ਹੁੰਦਾ ਸੀ ਅਤੇ ਮੈਂ ਸੋਟੀ ਦੇ ਸਹਾਰੇ ਚੱਲਦਾ ਸੀ। ਹੁਣ ਇਹ ਨਹੀਂ ਹੁੰਦਾ। ਮੈਂ ਠੀਕ ਮਹਿਸੂਸ ਕਰਦਾ ਹਾਂ।"
ਕੋਵਿਡ-19 ਵੈਕਸੀਨ ਲੈਣ ਤੋਂ ਬਾਅਦ ਸਭ ਤੋਂ ਵੱਧ ਦੱਸੇ ਗਏ ਮਾੜੇ ਪ੍ਰਭਾਵ ਹਨ - ਬੁਖਾਰ, ਸਿਰ ਦਰਦ, ਥਕਾਵਟ ਅਤੇ ਦਰਦ, ਜੋ ਕਿ ਜ਼ਿਆਦਾਤਰ ਹਲਕੇ ਤੋਂ ਦਰਮਿਆਨੇ ਹੋ ਸਕਦੇ ਹਨ। ਕੁਝ ਵਿਰਲੇ ਮਾਮਲਿਆਂ ਵਿੱਚ ਗੰਭੀਰ ਐਲਰਜੀ ਵਰਗੀਆਂ ਸ਼ਿਕਾਇਤਾਂ ਹੁੰਦੀਆਂ ਹਨ।
ਡਾ: ਲਹਿਰੀਆ ਕਹਿੰਦੇ ਹਨ, "ਤੁਹਾਨੂੰ ਇਹ ਪ੍ਰਤੀਕਿਰਿਆ ਆਮ ਤੌਰ 'ਤੇ ਪਹਿਲੀ ਅਤੇ ਦੂਜੀ ਖੁਰਾਕ ਤੋਂ ਬਾਅਦ ਪ੍ਰਾਪਤ ਹੋਵੇਗੀ। ਇਨ੍ਹਾਂ ਟੀਕਿਆਂ ਦੀਆਂ ਕਈ ਖੁਰਾਕਾਂ ਨੁਕਸਾਨ ਰਹਿਤ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਐਂਟੀਬਾਡੀਜ਼ ਪਹਿਲਾਂ ਹੀ ਬਣ ਚੁੱਕੀਆਂ ਹੁੰਦੀਆਂ ਹਨ ਅਤੇ ਵੈਕਸੀਨ ਹਾਨੀਕਾਰਕ ਹਿੱਸਿਆਂ ਤੋਂ ਬਣੀਆਂ ਹਨ।
ਭਾਰਤ ਦੀ ਲਗਭਗ 65% ਟੀਕਾ ਲੈਣ ਯੋਗ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ ਅਤੇ ਲਗਭਗ 91% ਨੂੰ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ।
ਬਿਹਾਰ ਵਿੱਚ ਇਹ ਸੰਖਿਆ ਘੱਟ ਹੈ: ਟੀਕਾ ਲੈਣ ਯੋਗ ਆਬਾਦੀ ਦੇ 36% ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਤੇ 49% ਨੇ ਘੱਟੋ-ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












