ਕੀ ਪੰਜਾਬ ਵਿਚ ਕਿਸਾਨ ਸਿਆਸੀ ਪਾਰਟੀ ਬਣਾ ਸਕਣਗੇ - 5 ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, ANI
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਪੰਜਾਬ ਵਿਚ ਸਭ ਤੋਂ ਵੱਧ ਚਰਚਾ ਇਸ ਸਵਾਲ ਉੱਤੇ ਹੋ ਰਹੀ ਹੈ ਕਿ ਹੁਣ ਅੱਗੇ ਕੀ।
ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਰਹੇ ਹਨ ਕਿ 3 ਕਾਨੂੰਨ ਰੱਦ ਕਰਵਾਉਣੇ ਤਾਂ ਇੱਕ ਮਸਲਾ ਸੀ, ਅਗਲਾ ਘੋਲ ਐੱਮਐੱਸਪੀ ਅਤੇ ਕਰਜ਼ ਮਾਫ਼ੀ ਵਰਗੇ ਮਸਲਿਆਂ ਉੱਤੇ ਹੋਵੇਗਾ।
ਪਰ ਸੂਬੇ ਦੇ ਲੋਕਾਂ ਦੀ ਰੂਚੀ ਇਹ ਜਾਣਨ ਵਿਚ ਹੈ ਕਿ ਸੂਬੇ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਦੀ ਕੀ ਭੂਮਿਕਾ ਹੋਵੇਗੀ।
ਜਦੋਂ ਕਿਸਾਨਾਂ ਦੀ ਆਮ ਚੋਣਾਂ ਵਿਚ ਭੂਮਿਕਾ ਦੀ ਗੱਲ ਛਿੜਦੀ ਹੈ ਤਾਂ ਇਸ ਵਿਚੋਂ ਕਈ ਸਵਾਲ ਉੱਭਰਦੇ ਹਨ।
- ਕੀ ਕਿਸਾਨ ਜਥੇਬੰਦੀਆਂ ਪੰਜਾਬ ਵਿਚ ਸਿਆਸੀ ਪਾਰਟੀ ਬਣਾਉਣਗੀਆਂ ?
- ਜੇਕਰ ਹਾਂ, ਤਾਂ ਆਪਣੀ ਪਾਰਟੀ ਬਣਾਉਣਗੀਆਂ ਜਾਂ ਕਿਸੇ ਰਵਾਇਤੀ ਪਾਰਟੀ ਨੂੰ ਸਮਰਥਨ ਦੇਣਗੀਆਂ?
- ਇਹ ਪਾਰਟੀ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦੀ ਹੋਵੇਗੀ ਤਾਂ ਕੁਝ ਇੱਕ ਜਥੇਬੰਦੀਆਂ ਦੀ?
- ਜੇਕਰ ਕਿਸਾਨ ਪਾਰਟੀ ਬਣਦੀ ਹੈ ਤਾਂ ਉਸ ਦਾ ਸੂਬੇ ਦੀ ਸਿਆਸਤ ਉੱਤੇ ਕੀ ਅਸਰ ਪਵੇਗਾ?
- ਕਿਸਾਨਾਂ ਦੇ ਸਿਆਸੀ ਪਾਰਟੀ ਦੇ ਗਠਨ ਵਿਚ ਸਮੱਸਿਆ ਕੀ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ।
ਕੀ ਕਿਸਾਨ ਪਾਰਟੀ ਬਣਾ ਰਹੇ?
ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦੇ ਰਹੇ।
ਕੁਝ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਉਹ ਚੋਣ ਅਮਲ ਨਾਲੋਂ ਸੰਘਰਸ਼ ਰਾਹੀਂ ਹੱਕ ਲੈਣ ਵਿਚ ਭਰੋਸਾ ਰੱਖਦੀਆਂ ਹਨ।

ਤਸਵੀਰ ਸਰੋਤ, Rakesh Tikait/twitter
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਹਨ ਕਿ ਇਸ ਬਾਬਤ ਮੋਰਚੇ ਦੀ ਬੈਠਕ ਵਿਚ ਸਾਰੀਆਂ ਜਥੇਬੰਦੀਆਂ ਨਾਲ ਚਰਚਾ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਰਾਜੇਵਾਲ ਨੇ ਕਿਹਾ ਕਿ ਭਵਿੱਖ ਵਿਚ ਕੁਝ ਵੀ ਹੋ ਸਕਦਾ ਹੈ, ਪਰ ਇਸ ਦਾ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਸਰਬਸੰਮਤੀ ਨਾਲ ਲੈਣਾ ਹੈ।
ਪਟੈਟੋ ਗਰੋਅਰਜ਼ ਐਸੋਸੀਏਸ਼ਨ ਦੇ ਆਗੂ ਜਸਵਿੰਦਰ ਸਿੰਘ ਸੰਘਾ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਕਿਸਾਨ ਪਾਰਟੀ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਕੀਤੀ।
ਸੰਘਾ ਨੇ ਕਿਹਾ ਕਿ ਉਹ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਚੋਣ ਅਮਲ ਵਿਚ ਸ਼ਾਮਲ ਹੋਣ ਲਈ ਇਤਰਾਜ਼ ਨਹੀਂ ਹੈ, ਉਨ੍ਹਾਂ ਸਾਰਿਆਂ ਨੂੰ ਇਕ ਮੰਚ ਉੱਤੇ ਲਿਆਉਣ ਦਾ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ ਕਿ 4-5 ਜਥੇਬੰਦੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਸਹਿਮਤੀ ਹੈ ਅਤੇ ਅਗਲੇ 2-3 ਤਿੰਨ ਦਿਨਾਂ ਵਿਚ ਪਾਰਟੀ ਦੇ ਗਠਨ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ, ''ਗੁਰਨਾਮ ਸਿੰਘ ਚਢੂਨੀ ਦੇ ਮਿਸ਼ਨ ਪੰਜਾਬ ਦੀ ਸ਼ੁਰੂਆਤ ਤਾਂ ਪਹਿਲਾਂ ਹੀ ਹੋ ਚੁੱਕੀ ਹੈ, ਸਾਡੀ ਕੋਸ਼ਿਸ਼ ਹੈ ਕਿ ਜੋ ਚੋਣਾਂ ਵਿਚ ਹਿੱਸਾ ਲੈਂਦਾ ਹੈ, ਸਾਰੇ ਇੱਕ ਮੰਚ ਉੱਤੇ ਹੀ ਆਉਣ।''
ਸੰਘਾ ਨੇ ਕਿਹਾ, ''ਚੋਣ ਅਮਲ ਲੱਗਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੀ ਸਹਿਮਤੀ ਲੈ ਕੇ ਪਾਰਟੀ ਰਜਿਸਟਰ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ।''
ਚੋਣ ਇਕੱਲੇ ਲੜਨਗੇ ਜਾਂ ਗਠਜੋੜ ਨਾਲ
ਸੰਯੁਕਤ ਕਿਸਾਨ ਮੋਰਚੇ ਵਿਚਲੇ ਸੂਤਰ ਦੱਸਦੇ ਹਨ ਕਿ ਅਗਰ ਮੋਰਚਾ ਚੋਣ ਲੜੇਗਾ ਤਾਂ ਨਿਰੋਲ ਸਿਆਸੀ ਧਿਰ ਬਣਕੇ ਇਕੱਲਾ ਹੀ ਲੜੇਗਾ।
ਇਸ ਦੇ ਕਿਸੇ ਦੂਜੀ ਪਾਰਟੀ ਨਾਲ ਗਠਜੋੜ ਕਰਨ ਜਾਂ ਉਸ ਵਿਚ ਸ਼ਾਮਲ ਹੋਣ ਦੀ ਸੰਭਵਾਨਾ ਬਹੁਤ ਘੱਟ ਹੈ।

ਤਸਵੀਰ ਸਰੋਤ, HINDUSTAN TIMES
ਸੂਤਰ ਬਲਬੀਰ ਸਿੰਘ ਰਾਜੇਵਾਲ ਦੇ ਆਮ ਆਦਮੀ ਪਾਰਟੀ ਵਿਚ ਜਾਣ 'ਤੇ ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਬਣਨ ਦੀਆਂ ਖ਼ਬਰਾਂ ਨੂੰ ਵੀ ਰੱਦ ਕਰ ਰਹੇ ਹਨ।
ਬਲਬੀਰ ਸਿੰਘ ਰਾਜੇਵਾਲ ਆਪ ਵੀ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਨਾਂ ਜੋੜੇ ਜਾਣ ਨੂੰ ਮੀਡੀਆ ਦੀ ਚਰਚਾ ਦੱਸਦੇ ਹੋਏ ਇਸ ਤੋਂ ਇਨਕਾਰ ਕਰ ਚੁੱਕੇ ਹਨ।
ਸੂਤਰਾਂ ਉੱਤੇ ਭਰੋਸਾ ਕਰੀਏ ਤਾਂ ਉਨ੍ਹਾਂ ਦਾ ਦਾਅਵਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਚੋਣ ਲੜਨ ਦੇ ਇਛੁੱਕ ਤਾਂ ਹਨ, ਪਰ ਉਹ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਨਾਲ ਹੀ ਲੜਨਾ ਚਾਹੁੰਦੇ ਹਨ।
ਪਰ ਸਮੱਸਿਆ ਇਹ ਹੈ ਵੱਡੇ ਕਾਡਰ ਵਾਲੀਆਂ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾਂ, ਬੀਕੇਯੂ ਸਿੱਧੂਪੁਰ, ਬੀਕੇਯੂ ਡਕੌਂਦਾ ਚੋਣਾਂ ਲੜਨ ਦੇ ਹੱਕ ਵਿਚ ਨਹੀਂ ਹਨ।
ਪਰ ਚੋਣਾਂ ਲੜਨ ਦੇ ਹੱਕ ਵਿਚ ਜਥੇਬੰਦੀਆਂ ਅਤੇ ਕਿਸਾਨ ਅੰਦੋਲਨ ਦੇ ਕੁਝ ਸਮਰਥਕ ਕਹਿੰਦੇ ਹਨ ਕਿ ਜੇਕਰ ਕੋਈ ਜਥੇਬੰਦੀ ਚੋਣ ਨਹੀਂ ਲੜਦੀ ਤਾਂ ਨਾ ਲੜੇ, ਪਰ ਦੂਜੀਆਂ ਜਥੇਬੰਦੀਆਂ ਨੂੰ ਚੋਣ ਲੜਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।
ਟਿਕਰੀ ਮੋਰਚੇ ਉੱਤੇ ਪੂਰੇ ਕਿਸਾਨ ਅੰਦੋਲਨ ਦੌਰਾਨ ਡਾਕਟਰੀ ਸੇਵਾਵਾਂ ਦੇਣ ਵਾਲੇ ਡਾਕਟਰ ਸਵੈਮਾਨ ਸਿੰਘ ਕਹਿੰਦੇ ਹਨ ਕਿ ਜੋ ਮਾਹੌਲ ਅਤੇ ਜਾਗਰੂਕਤਾ ਅੰਦੋਲਨ ਤੋਂ ਬਾਅਦ ਆਈ ਹੈ, ਉਸ ਨੂੰ ਵੇਖਦੇ ਹੋਏ ਕਿਸਾਨ ਆਗੂਆਂ ਨੂੰ ਆਪਣੀ ਜ਼ਿੰਮੇਵਾਰੀ ਲਈ ਹੋਰ ਅੱਗੇ ਆਉਣਾ ਚਾਹੀਦਾ ਹੈ।
ਡਾਕਟਰ ਸਵੈਮਾਨ ਕਹਿੰਦੇ ਹਨ ਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਚੋਣਾਂ ਵਿਚ ਜੋ ਵੀ ਡਿਊਟੀ ਲਗਾਉਣਗੀਆਂ ਉਹ ਤਿਆਰ ਹਨ।
ਪਾਰਟੀ ਐੱਸਕੇਐੱਮ ਦੀ ਜਾਂ ਕੁਝ ਜਥੇਬੰਦੀਆਂ ਦੀ
ਜਸਵਿੰਦਰ ਸਿੰਘ ਸੰਘਾ ਭਾਵੇਂ ਕਹਿੰਦੇ ਹਨ ਕਿ ਉਹ ਸਾਰੀਆਂ ਧਿਰਾਂ ਨੂੰ ਇੱਕ ਮੰਚ ਉੱਤੇ ਲਿਆਉਣਾ ਚਾਹੁੰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵਾਂਗ ਇੱਕ ਸਿਆਸੀ ਮੰਚ ਉੱਤੇ ਦਿਖਣ।
ਪਰ ਇਸ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਵਿਚ 6-7 ਜਥੇਬੰਦੀਆਂ ਅਜਿਹੀਆਂ ਹਨ ਜਿਹੜੀਆਂ ਚੋਣ ਅਮਲ ਵਿਚ ਭਰੋਸਾ ਨਹੀਂ ਰੱਖਦੀਆਂ।
ਇਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦਾ ਨਾਂ ਪ੍ਰਮੁੱਖ ਤੌਰ ਉੱਤੇ ਸ਼ਾਮਲ ਹੈ।

ਤਸਵੀਰ ਸਰੋਤ, Getty Images
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪਸਿੰਘਵਾਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ, ''ਕਿਸਾਨ ਅੰਦੋਲਨ ਦਾ ਅਸਰ ਸਿਰਫ਼ 75 ਦੇ ਕਰੀਬ ਲੋਕ ਸਭਾ ਸੀਟਾਂ ਉੱਤੇ ਸੀ, ਜੇਕਰ ਕਿਸਾਨ ਪਾਰਟੀ ਸੰਸਦ ਵਿਚ ਹੁੰਦੀ ਤਾਂ ਕਾਨੂੰਨੀ ਰੱਦ ਕਰਵਾਉਣ ਲਈ ਪੌਣੇ ਤਿੰਨ ਸੌ ਸੀਟ ਚਾਹੀਦੀ ਸੀ।"
"ਪਰ ਮੋਰਚੇ ਨੇ ਸੜਕ ਉੱਤੇ ਸੰਘਰਸ਼ ਲੜ ਕੇ ਕਾਨੂੰਨ ਰੱਦ ਕਰਵਾਏ ਹਨ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸੰਘਰਸ਼ ਹੀ ਵੱਡਾ ਹੁੰਦਾ ਹੈ।''
ਸੰਯੁਕਤ ਕਿਸਾਨ ਮੋਰਚੇ ਵਿਚ ਕੁੱਲ ਹਿੰਦ ਕਿਸਾਨ ਸਭਾ (ਸੀਪੀਆਈ) ਅਤੇ ਪੰਜਾਬ ਕਿਸਾਨ ਸਭਾ (ਸੀਪੀਐੱਮ) ਅਜਿਹੀਆਂ ਜਥੇਬੰਦੀਆਂ ਹਨ, ਜਿਨ੍ਹਾਂ ਦੇ ਚੋਣਾਂ ਵਿਚ ਹਿੱਸੇਦਾਰੀ ਦਾ ਫੈਸਲਾ ਪਾਰਟੀ ਨੇ ਕਰਨਾ ਹੈ।
ਸੀਪੀਐੱਮ ਤੇ ਸੀਪੀਆਈ ਦੀ ਕੌਮੀ ਪੱਧਰ ਦੀ ਭਾਈਵਾਲੀ ਕਾਂਗਰਸ ਨਾਲ ਰਹੀ ਹੈ, ਕਾਂਗਰਸ ਵੀ ਇਸ ਰੌਅ ਵਿਚ ਹੈ ਕਿ ਖੱਬੀਆਂ ਧਿਰਾਂ ਨੂੰ ਗਠਜੋੜ ਕਰਕੇ ਕਿਸਾਨੀ ਅੰਦੋਲਨ ਦਾ ਲਾਹਾ ਸਿੱਧੇ ਤੌਰ ਉੱਤੇ ਲਿਆ ਜਾਵੇ।
ਕੁੱਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਸੰਯੁਕਤ ਕਿਸਾਨ ਮੋਰਚਾ ਚੋਣਾਂ ਲੜਦਾ ਹੈ ਤਾਂ ਉਹ ਉਨ੍ਹਾਂ ਨਾਲ ਹੀ ਰਹਿਣਗੇ, ਨਹੀਂ ਤਾਂ ਪਾਰਟੀ ਜਿਵੇਂ ਫ਼ੈਸਲਾ ਕਰੇਗੀ, ਉਸ ਮੁਤਾਬਕ ਚੋਣ ਲੜਨ ਦਾ ਫੈਸਲਾ ਹੋਵੇਗਾ।
ਇਨ੍ਹਾਂ ਹਾਲਤਾਂ ਵਿਚ ਲੱਗਦਾ ਹੈ ਕਿ ਕਿਸਾਨਾਂ ਦੀ ਸੰਭਾਵਿਤ ਪਾਰਟੀ ਵਿਚ ਜਥੇਬੰਦੀਆਂ ਤਾਂ ਕੁਝ ਹੀ ਸ਼ਾਮਲ ਹੋਣਗੀਆਂ, ਪਰ ਕਿਸਾਨ ਅੰਦੋਲਨ ਦੇ ਸਮਰਥਕ ਰਹੇ ਲੋਕ ਨਿੱਜੀ ਪੱਧਰ ਉੱਤੇ ਇਸ ਪਾਰਟੀ ਵਿਚ ਵਧੇਰੇ ਸਰਗਰਮ ਹੋਣਗੇ।
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਿਆਸਤ ਉੱਤੇ ਕੀ ਅਸਰ ਪਵੇਗਾ
ਜੇਕਰ ਕਿਸਾਨ ਪਾਰਟੀ ਹੋਂਦ ਵਿਚ ਆਉਂਦੀ ਹੈ ਤਾਂ ਸੂਬੇ ਦੀਆਂ ਸਿਆਸੀ ਪਾਰਟੀਆਂ ਦੇ ਸਾਰੇ ਸਮੀਕਰਨ ਵਿਗੜ ਸਕਦੇ ਹਨ।
ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੀ ਰਣਨੀਤੀ ਕਿਸਾਨ ਅੰਦੋਲਨ ਨਾਲ ਸੂਬੇ ਦੀ ਬਦਲੀ ਸਿਆਸੀ ਆਬੋ-ਹਵਾ ਦਾ ਲਾਹਾ ਲੈਣ ਵਾਲੀ ਰਹੀ ਹੈ।
ਪਰ ਜੇਕਰ ਕਿਸਾਨ ਖੁਦ ਚੋਣ ਮੈਦਾਨ ਵਿਚ ਉਤਰ ਆਏ ਤਾਂ ਸਾਰਿਆਂ ਨੂੰ ਨਵੀਂ ਰਣਨੀਤੀ ਤਿਆਰ ਕਰਨੀ ਪਵੇਗੀ।
ਜਾਣਕਾਰ ਦੱਸਦੇ ਹਨ ਕਿ ਭਾਰਤੀ ਜਨਤਾ ਪਾਰਟੀ ਨੂੰ ਅੰਦੋਲਨ ਖ਼ਤਮ ਹੋਣ ਦਾ ਸਿਰਫ਼ ਇਹੀ ਲਾਭ ਹੋਵੇਗਾ ਕਿ ਹੁਣ ਉਹ ਪਿੰਡਾਂ ਵਿਚ ਜਾਕੇ ਪ੍ਰਚਾਰ ਕਰ ਸਕਣਗੇ। ਭਾਜਪਾ ਦਾ ਕਿਸਾਨਾਂ ਜਾਂ ਪੇਂਡੂ ਖੇਤਰਾਂ ਵਿਚ ਬਹੁਤਾ ਅਧਾਰ ਨਹੀਂ ਹੈ।
ਪਰ ਕਿਸਾਨ ਪਾਰਟੀ ਬਣਨ ਦਾ ਖਾਮਿਆਜ਼ਾ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜਰੂਰ ਭੁਗਤਣਾ ਪੈ ਸਕਦਾ ਹੈ।
ਆਮ ਆਦਮੀ ਪਾਰਟੀ ਨੂੰ ਖਾਸ ਕਰ ਜਿਸ ਦਾ ਜ਼ੋਰ ਇਸ ਗੱਲ ਉੱਤੇ ਲੱਗਿਆ ਹੋਇਆ ਹੈ ਕਿ ਉਹ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਮੈਦਾਨ ਵਿਚ ਉਤਾਰੇ।
ਇਸਦੇ ਨਾਲ ਨਾਲ ਅਕਾਲੀ ਦਲ ਜਿਸ ਦਾ ਗੜ੍ਹ ਕਿਸਾਨੀ ਵੋਟ ਬੈਂਕ ਸਮਝਿਆ ਜਾਂਦਾ ਹੈ, ਨੂੰ ਵੀ ਇਸ ਨਾਲ ਨੁਕਸਾਨ ਝੱਲਣਾ ਪੈ ਸਕਦਾ ਹੈ।
ਕਿਸਾਨਾਂ ਦੀ ਪਾਰਟੀ ਦੇ ਰਾਹ ਵਿਚ ਸਮੱਸਿਆ
ਕਿਸਾਨਾਂ ਦੀ ਸਿਆਸੀ ਪਾਰਟੀ ਬਣਨ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਵਿਚਾਰਧਾਰਾ ਹੈ।
ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿਚੋਂ ਕੋਈ ਖੱਬੇਪੱਖੀ ਵਿਚਾਰਧਾਰਾ ਵਾਲੀ ਹੈ ਅਤੇ ਕੋਈ ਪੰਥਕ ਵਿਚਾਰਧਾਰਾ ਵਾਲੀ।
ਕੋਈ ਚੋਣਾਂ ਵਿਚ ਸਿੱਧਾ ਸ਼ਾਮਲ ਹੁੰਦਾ ਹੈ, ਕੋਈ ਬਾਹਰੋਂ ਸਮਰਥਨ ਦਿੰਦਾ ਰਿਹਾ ਹੈ ਅਤੇ ਕਿਸੇ ਦਾ ਚੋਣ ਅਮਲ ਉੱਤੇ ਉੱਕਾ ਹੀ ਭਰੋਸਾ ਨਹੀਂ ਹੈ।
ਮਿਸਾਲ ਵਜੋਂ ਪੰਜਾਬ ਕਿਸਾਨ ਸਭਾ ਅਤੇ ਕੁੱਲ ਹਿੰਦ ਕਿਸਾਨ ਸਭਾ ਖੱਬੀਆਂ ਧਿਰਾਂ ਵਜੋਂ ਸਿੱਧੀਆਂ ਚੋਣਾਂ ਲ਼ੜਦੀਆਂ ਰਹੀਆਂ ਹਨ, ਜਦਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਲੱਖੋਵਾਲ ਅਕਾਲੀ ਦਲ, ਕਾਂਗਰਸ ਅਤੇ 'ਆਪ' ਨੂੰ ਬਾਹਰੋ ਸਮਰਥਨ ਕਰਦੀਆਂ ਰਹੀਆਂ ਹਨ।
ਪੰਜਾਬ ਦੀ ਸਭ ਤੋਂ ਵੱਡੇ ਕਾਡਰ ਵਾਲੀ ਕਿਸਾਨ ਜਥੇਬੰਦੀ ਸਮਝੀ ਜਾਣ ਵਾਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਚੋਣਾਂ ਵਿਚ ਹਿੱਸਾ ਹੀ ਨਹੀਂ ਲੈਂਦੀ।
ਇਸ ਲਈ ਕਿਸਾਨਾਂ ਦੇ ਚੋਣਾਂ ਲੜਨ ਵਿਚ ਭੰਬਲ-ਭੂਸਾ ਬਣਿਆ ਹੋਇਆ ਹੈ। ਕੌਣ ਪਾਰਟੀ ਵਿਚ ਸ਼ਾਮਲ ਹੋਵੇਗਾ, ਕੌਣ ਨਹੀਂ। ਇਸ ਪਾਰਟੀ ਦੀ ਏਜੰਡਾ ਖੱਬੇਪੱਖ਼ੀ ਹੋਵੇਗਾ ਜਾਂ ਸੱਜੇਪੱਖ਼ੀ।
ਕਈ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ ਕਰ ਰਹੀਆਂ ਹਨ।
ਪਰ ਕਿਸਾਨ ਜਥੇਬੰਦੀਆਂ ਦੇ ਕਾਡਰ ਵਿਚ ਦੁਬਿਧਾ ਇਸ ਗੱਲ ਨੂੰ ਲੈ ਕੇ ਹੈ ਕਿ ਜਿਨ੍ਹਾਂ ਦੇ ਪਿੰਡ ਵੜਨ ਉੱਤੇ ਉਹ ਕੱਪੜੇ ਪਾੜਨ ਤੱਕ ਜਾਂਦੇ ਸਨ, ਉਹ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵੋਟਾਂ ਕਿਵੇਂ ਪਾਉਣ।
ਬਲਬੀਰ ਸਿੰਘ ਰਾਜੇਵਾਲ ਕਹਿੰਦੇ ਹਨ, ''ਲੋਕਾਂ ਵਿਚ ਜੋਸ਼ ਬਹੁਤ ਹੈ ਇਸ ਲਈ ਮੈਨੂੰ ਨਾਪਣ-ਤੋਲਣ ਲਈ ਸਮਾਂ ਚਾਹੀਦਾ ਹੈ। ਮੈਂ ਸੰਯੁਕਤ ਮੋਰਚੇ ਵਿਚਲੇ ਆਪਣੇ ਸਾਥੀਆਂ ਦੀ ਸਹਿਮਤੀ ਤੋਂ ਬਿਨਾਂ ਕਦਮ ਨਹੀਂ ਚੁੱਕ ਸਕਦਾ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















