ਰਾਕੇਸ਼ ਟਿਕੈਤ ਦੀ ਚਿਤਾਵਨੀ ਤੋਂ ਬਾਅਦ ਕੀ ਅਜੈ ਮਿਸ਼ਰਾ ਨੇ ਲਖੀਮਪੁਰ 'ਚ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ

ਰਾਕੇਸ਼ ਟਿਕੈਤ

ਤਸਵੀਰ ਸਰੋਤ, Getty Images

    • ਲੇਖਕ, ਅਨੰਤ ਝਣਾਣੇ
    • ਰੋਲ, ਬੀਬੀਸੀ ਪੱਤਰਕਾਰ

ਸੋਮਵਾਰ ਨੂੰ ਲਖਨਊ 'ਚ ਹੋਈ ਕਿਸਾਨ ਮਹਾਪੰਚਾਇਤ 'ਚ ਰਾਕੇਸ਼ ਟਿਕੈਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ, ਲਖੀਮਪੁਰ ਖੀਰੀ ਦੇ ਪ੍ਰਸ਼ਾਸਨ ਨੂੰ ਇੱਕ ਪ੍ਰੋਗਰਾਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ।

ਦਰਅਸਲ, ਲਖੀਮਪੁਰ ਖੀਰੀ ਦੇ ਸੰਪੂਰਣਾਨਗਰ 'ਚ ਕਿਸਾਨ ਸਹਿਕਾਰੀ ਚੀਨੀ ਮਿੱਲ ਦੇ '37ਵੇਂ ਪਿੜਾਈ ਸੈਸ਼ਨ ਦੇ ਸ਼ੁਭ-ਆਰੰਭ' ਦੇ ਪ੍ਰੋਗਰਾਮ 'ਚ ਅਜੈ ਮਿਸ਼ਰਾ ਟੇਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ।

ਹੁਣ ਅਫਵਾਹਾਂ ਹਨ ਕਿ ਰਾਕੇਸ਼ ਟਿਕੈਤ ਦੀ ਪ੍ਰਸ਼ਾਸਨ ਨੂੰ ਚਿਤਾਵਨੀ ਤੋਂ ਬਾਅਦ ਅਜੈ ਮਿਸ਼ਰਾ ਟੇਨੀ ਨੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਹੋਈ ਹੈ।

ਕੀ ਹੈ ਮਾਮਲਾ

ਲਖਨਊ 'ਚ ਲਗਭਗ 20 ਮਿੰਟ ਲੰਮੇ ਭਾਸ਼ਣ 'ਚ ਰਾਕੇਸ਼ ਟਿਕੈਤ ਨੇ ਪ੍ਰਸ਼ਾਸਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ''ਅਜੈ ਮਿਸ਼ਰਾ ਟੇਨੀ ਦੀ ਗ੍ਰਿਫ਼ਤਾਰੀ ਸਾਡਾ ਪ੍ਰਮੁੱਖ ਮੁੱਦਾ ਹੈ। ਉੱਥੋਂ ਦਾ ਪ੍ਰਸ਼ਾਸਨ ਇਹ ਧਿਆਨ ਨਾਲ ਸੁਣ ਲਵੇ ਕਿ ਜੇ ਅਜੈ ਮਿਸ਼ਰਾ ਟੇਨੀ ਨੇ ਉੱਥੇ ਮਿੱਲ ਦਾ ਉਦਘਾਟਨ ਕੀਤਾ ਤਾਂ ਉਸ ਮਿੱਲ ਦਾ ਗੰਨਾ ਉੱਥੇ ਨਹੀਂ ਜਾਵੇਗਾ, ਮਿੱਲ ਦਾ ਗੰਨਾ ਜਾਵੇਗਾ ਡੀਐਮ ਦੇ ਦਫ਼ਤਰ 'ਚ।''

ਰਾਕੇਸ ਟਿਕੈਤ

ਤਸਵੀਰ ਸਰੋਤ, RAMESH VERMA/ BBC

''ਸਾਨੂੰ ਕਿੰਨਾ ਵੀ ਨੁਕਸਾਨ ਝੱਲਣਾ ਪਵੇ, ਜੋ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਹਨ, ਉਹ ਮਿਲ ਦਾ ਗੰਨਾ ਡੀਐਮ ਦੇ ਦਫ਼ਤਰ ਲੈ ਕੇ ਜਾਣਗੇ। ਅਸੀਂ ਸੱਤ ਤਾਰੀਖ ਤੋਂ ਬਾਅਦ ਤਿੰਨ ਦਿਨ ਲਖੀਮਪੁਰ ਖੀਰੀ 'ਚ ਰਹਾਂਗੇ। ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਾਂਗੇ, ਸਾਡੇ ਜੋ ਕਿਸਾਨ ਜੇਲ੍ਹ ਗਏ, ਉਨ੍ਹਾਂ ਨੂੰ ਮਿਲਾਂਗੇ।

ਅਸੀਂ ਤਿੰਨ ਦਿਨ ਦਾ ਪ੍ਰੋਗਰਾਮ ਉੱਥੇ ਰੱਖਾਂਗੇ ਤਾਂ ਤੁਸੀਂ (ਕਿਸਾਨ) ਜਾ ਕੇ ਪ੍ਰਸ਼ਾਸਨ ਦਾ ਵਿਰੋਧ ਨਾ ਕਰਨਾ। ਸਿਰਫ ਪ੍ਰਸ਼ਾਸਨ ਨੂੰ ਕਹਿ ਦਿਓ ਕਿ ਟੇਨੀ ਆਵੇਗਾ ਤਾਂ ਗੰਨਾ ਡੀਐਮ ਦੇ ਦਫ਼ਤਰ 'ਚ ਲੈ ਕੇ ਜਾਵਾਂਗੇ। ਸੰਘਰਸ਼ ਹੋਣ ਦਿਓ, ਜੋ ਵੀ ਹੋਵੇਗਾ। ਮਤਲਬ ਹੁਣ ਉਸ ਨੂੰ ਨਾਇਕ ਬਣਾਉਣਾ ਚਾਹੁੰਦੇ ਹੋ।''

ਰਾਕੇਸ਼ ਟਿਕੈਤ ਦੇ ਇਸ ਬਿਆਨ ਤੋਂ ਪਹਿਲਾਂ ਤੱਕ ਲਖੀਮਪੁਰ ਖੀਰੀ 'ਚ ਕਿਸੇ ਗੰਨਾ ਮਿਲ ਦੇ ਉਦਘਾਟਨ ਬਾਰੇ ਜਨਤਕ ਤੌਰ 'ਤੇ ਕੋਈ ਜਾਣਕਾਰੀ ਮੌਜੂਦ ਨਹੀਂ ਸੀ, ਪਰ ਟਿਕੈਤ ਦੇ ਬਿਆਨ ਤੋਂ ਬਾਅਦ ਲਖੀਮਪੁਰ 'ਚ ਲੋਕਾਂ ਨੂੰ ਇੱਕ ਸੱਦਾ ਪੱਤਰ ਮਿਲਣ ਲੱਗਾ।

ਇਹ ਵੀ ਪੜ੍ਹੋ :

ਇਸ ਸੱਦਾ ਪੱਤਰ 'ਤੇ ਲਖੀਮਪੁਰ ਖੀਰੀ ਦੇ ਸੰਪੂਰਣਾਨਗਰ 'ਚ ਕਿਸਾਨ ਸਹਿਕਾਰੀ ਮਿਲ ਦੇ 37ਵੇਂ ਪਿੜਾਈ ਸੈਸ਼ਨ ਦੀ ਸ਼ੁਰੂਆਤ ਦੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਨਾਮ ਲਿਖਿਆ ਹੋਇਆ ਸੀ।

ਸੱਦਾ ਪੱਤਰ ਅਨੁਸਾਰ, ਇਹ ਪ੍ਰੋਗਰਾਮ 24 ਨਵੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਣਾ ਸੀ। ਚੀਨੀ ਮਿਲ ਵੱਲੋਂ ਜਾਰੀ ਸੱਦਾ ਪੱਤਰ 'ਤੇ ਮਿਲ ਦੇ ਮਹਾਪ੍ਰਬੰਧਕ (ਜੀਐਮ) ਵਿਨੀਤਾ ਸਿੰਘ ਅਤੇ ਮਿਲ ਪ੍ਰਸ਼ਾਸਕ ਦੇ ਤੌਰ 'ਤੇ ਲਖੀਮਪੁਰ ਖੀਰੀ ਦੇ ਜ਼ਿਲ੍ਹਾ ਅਧਿਕਾਰੀ ਮਹਿੰਦਰ ਬਹਾਦੁਰ ਸਿੰਘ ਦਾ ਨਾਂ ਵੀ ਛਪਿਆ ਹੋਇਆ ਹੈ, ਪਰ ਰਾਕੇਸ਼ ਟਿਕੈਤ ਦੇ ਬਿਆਨ ਤੋਂ ਬਾਅਦ ਇਸ ਪ੍ਰੋਗਰਾਮ 'ਚ ਅਜੈ ਮਿਸ਼ਰਾ ਟੇਨੀ ਸ਼ਾਮਲ ਨਹੀਂ ਹੋ ਰਹੇ ਹਨ।

ਮਿਲ ਪ੍ਰਬੰਧਕ ਦਾ ਕੀ ਕਹਿਣਾ ਹੈ

ਨੋਟਿਸ

ਤਸਵੀਰ ਸਰੋਤ, PRASHANT PANDEY/BBC

ਸੰਪੂਰਣਾਨਗਰ ਦੀ ਕਿਸਾਨ ਸਹਿਕਾਰੀ ਚੀਨੀ ਮਿੱਲ ਦੇ ਮਹਾਪ੍ਰਬੰਧਕ ਵਿਨੀਤਾ ਸਿੰਘ, ਪਿੜਾਈ ਸੈਸ਼ਨ ਦੀ ਸ਼ੁਰੂਆਤ ਲਈ ਟੇਨੀ ਨੂੰ ਮੁੱਖ ਮਹਿਮਾਨ ਮਹਿਮਾਨ ਵਜੋਂ ਸੱਦਾ ਦੇਣ ਦੇ ਸਵਾਲ 'ਤੇ ਕਹਿੰਦੇ ਹਨ, ''ਉਹ ਮਾਨਯੋਗ ਜਨ ਪ੍ਰਤੀਨਿਧੀ ਹਨ ਤਾਂ ਪਹਿਲਾਂ ਤੋਂ ਹੀ ਹਿਦਾਇਤਾਂ ਚੱਲੀਆਂ ਆ ਰਹੀਆਂ ਸਨ। ਪਹਿਲਾਂ ਵੀ ਉਹ ਆਉਂਦੇ ਰਹੇ ਹਨ।''

ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪ੍ਰੋਗਰਾਮ ਬਦਲਣ ਦੀ ਜਾਣਕਾਰੀ ਮਿਲਣ ਬਾਰੇ ਵਿਨੀਤਾ ਸਿੰਘ ਨੇ ਕਿਹਾ, ''ਇਸ ਬਾਰੇ ਦਿਨ 'ਚ ਜਾਣਕਾਰੀ ਮਿਲੀ ਹੈ। ਉਹ ਇੱਥੇ ਨਹੀਂ ਹਨ ਇਸ ਕਰਕੇ ਪ੍ਰੋਗਰਾਮ ਬਦਲਿਆ ਹੈ। ਉਹ ਕਿਸੇ ਬੈਠਕ ਅਤੇ ਹੋਰ ਕਾਰਨਾਂ ਕਰਕੇ ਨਹੀਂ ਹਨ। ਹੁਣ ਮਾਣਯੋਗ ਜ਼ਿਲ੍ਹਾ ਅਧਿਕਾਰੀ, ਜੋ ਕਿ ਇਸ ਮਿੱਲ ਦੇ ਪ੍ਰਸ਼ਾਸਕ ਵੀ ਹਨ, ਉਹ ਇਹ ਉਦਘਾਟਨ ਕਰਨਗੇ।''

ਕੀ ਬੋਲੇ ਲਖੀਮਪੁਰ ਦੇ ਡੀਐਮ

23 ਤਾਰੀਕ ਨੂੰ ਵਿਨੀਤਾ ਸਿੰਘ ਨੇ ਹੀ ਇੱਕ ਪੱਤਰ ਜਾਰੀ ਕੀਤਾ, ਜਿਸ 'ਚ ਲਿਖਿਆ ਸੀ ਕਿ ਪਿੜਾਈ ਸੈਸ਼ਨ ਦਾ ਉਦਘਾਟਨ ਲਖੀਮਪੁਰ ਖੀਰੀ ਦੇ ਜ਼ਿਲ੍ਹਾ ਅਧਿਕਾਰੀ ਕਰਨਗੇ।

ਨੋਟਿਸ

ਤਸਵੀਰ ਸਰੋਤ, PRASHANT PANDEY/BB

ਕੀ ਰਾਕੇਸ਼ ਟਿਕੈਤ ਦੇ ਲਖਨਊ 'ਚ ਦਿੱਤੇ ਗਏ ਬਿਆਨ ਤੋਂ ਬਾਅਦ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪ੍ਰਗਰਾਮ ਬਦਲ ਗਿਆ ਹੈ? ਇਸ ਸਵਾਲ 'ਤੇ ਲਖੀਮਪੁਰ ਖੀਰੀ ਦੇ ਜ਼ਿਲ੍ਹਾ ਅਧਿਕਾਰੀ ਮਹਿੰਦਰ ਬਹਾਦੁਰ ਸਿੰਘ ਨੇ ਕਿਹਾ, ''ਹੁਣ ਇਸ ਬਾਰੇ 'ਚ ਤਾਂ ਮੰਤਰੀ ਜੀ ਦੱਸ ਸਕਣਗੇ। ਜੋ ਸਾਡੇ ਕੋਲ ਜਾਣਕਾਰੀ ਹੈ, ਉਨ੍ਹਾਂ ਦਾ ਪ੍ਰੋਗਰਾਮ ਅਚਾਨਕ ਕਿਤੇ ਹੋਰ ਲੱਗਿਆ ਹੋਇਆ ਹੈ। ਉਹ ਕਿਤੇ ਹੋਰ ਵਿਅਸਤ ਹਨ। ਮੈਂ ਨਾ ਕਿਸੇ ਦਾ ਬਿਆਨ ਸੁਣਿਆ ਹੈ, ਨਾ ਦੇਖਿਆ ਹੈ।

''ਜੋ ਜਾਣਕਾਰੀ ਮੇਰੇ ਕੋਲ ਹੈ ਅਤੇ ਜੋ ਮੇਰੀ ਜੀਐਮ ਨਾਲ ਗੱਲ ਹੋਈ ਹੈ, ਸਥਾਨਕ ਹਾਲਾਤ ਅਤੇ ਲੋਕਾਂ ਦੇ ਰੁਝੇਵੇਂ ਅਨੁਸਾਰ ਪ੍ਰੋਗਰਾਮ 'ਚ ਅੱਜ (ਮੰਗਲਵਾਰ) ਬਦਲਾਅ ਕੀਤਾ ਗਿਆ ਹੈ। ਚੀਨੀ ਮਿੱਲ ਦੇ ਜੀਐਮ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਤਾਂ ਇਸ 'ਚ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ।''

ਅਜੈ ਮਿਸ਼ਰਾ ਦੇ ਬੁਲਾਰੇ ਨੇ ਕੀ ਕਿਹਾ

ਚੀਨੀ ਮਿੱਲ ਦੇ ਮਹਾਪ੍ਰਬੰਧਕ ਅਤੇ ਲਖੀਮਪੁਰ ਦੇ ਜ਼ਿਲ੍ਹਾ ਅਧਿਕਾਰੀ ਪ੍ਰੋਗਰਾਮ ਬਦਲਣ ਦੀ ਪੁਸ਼ਟੀ ਕਰ ਰਹੇ ਹਨ, ਅਜਿਹੀ ਸਥਿਤੀ 'ਚ ਸਵਾਲ ਇਹੀ ਹੈ ਕਿ ਕੀ ਇਹ ਸਭ ਕੁਝ ਰਾਕੇਸ਼ ਟਿਕੈਤ ਦੇ ਬਿਆਨ ਦੇ ਦਬਾਅ ਹੇਠ ਹੋਇਆ ਹੈ?

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਲਖੀਮਪੁਰ ਖੀਰੀ ਦੇ ਬੁਲਾਰੇ ਅਤੇ ਸੰਸਦੀ ਪ੍ਰਤੀਨਿਧੀ ਅੰਬਰੀਸ਼ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੰਤਰੀ ਜੀ ਚੀਨੀ ਮਿੱਲ ਦੇ ਪ੍ਰਗਰਾਮ 'ਚ ਮੁੱਖ ਮਹਿਮਾਨ ਸਨ।

ਉਨ੍ਹਾਂ ਕਿਹਾ, ''ਮੰਤਰੀ ਜੀ ਦਾ ਇੱਕ ਮਹੀਨੇ ਪਹਿਲਾਂ ਤੋਂ ਹੀ ਕਾਨਪੁਰ 'ਚ ਪ੍ਰੋਗਰਾਮ ਤੈਅ ਸੀ ਅਤੇ ਉਹ ਕਾਨਪੁਰ 'ਚ ਹੀ ਰਹਿਣਗੇ। ਸੰਪੂਰਣਾਨਗਰ ਅਤੇ ਬਾਕੀ ਥਾਵਾਂ 'ਤੇ ਜਿਹੜੇ ਵੀ ਪ੍ਰੋਗਰਾਮ ਹੁੰਦੇ ਹਨ, ਉਸ 'ਚ ਲੋਕ ਨਾਮ ਲਿਖਵਾ ਹੀ ਦਿੰਦੇ ਹਨ।''

ਅਜੈ ਮਿਸ਼ਰਾ

ਤਸਵੀਰ ਸਰੋਤ, FB/AJAY MISHR TENI

ਕੀ ਬਿਨਾ ਆਗਿਆ ਦੇ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਚੀਨੀ ਮਿੱਲ ਦੇ ਪ੍ਰੋਗਰਾਮ ਦਾ ਮੁੱਖ ਮਹਿਮਾਨ ਬਣਾ ਦਿੱਤਾ ਗਿਆ ਸੀ? ਇਸ ਸਵਾਲ ਦੇ ਜਵਾਬ 'ਚ ਅੰਬਰੀਸ਼ ਸਿੰਘ ਨੇ ਕਿਹਾ, ''ਜਦੋਂ ਸੰਸਦ ਮੈਂਬਰ ਸਨ, ਉਦੋਂ ਤਾਂ ਮੌਜੂਦਗੀ ਹੁੰਦੀ ਹੀ ਸੀ। ਹੁਣ ਮੰਤਰੀ ਹਨ ਤਾਂ ਸਰਕਾਰ ਤੈਅ ਕਰਦੀ ਹੈ ਕਿ ਪ੍ਰੋਗਰਾਮ ਕਿੱਥੇ ਰਹੇਗਾ।''

ਹਾਲਾਂਕਿ ਇਹ ਦੱਸਣ 'ਤੇ ਕਿ ਚੀਨੀ ਮਿੱਲ ਦੇ ਮਹਾਪ੍ਰਬੰਧਕ ਨੂੰ 23 ਨਵੰਬਰ, ਮੰਗਲਵਾਰ ਨੂੰ ਦਿਨ ਸਮੇਂ ਪ੍ਰੋਗਰਾਮ ਬਦਲਣ ਦੀ ਜਾਣਕਾਰੀ ਮਿਲੀ, ਅੰਬਰੀਸ਼ ਸਿੰਘ ਨੇ ਕਿਹਾ, ''ਉਨ੍ਹਾਂ ਦਾ ਤਿੰਨ-ਚਾਰ ਦਿਨ ਦਾ ਪ੍ਰੋਗਰਾਮ ਲਖੀਮਪੁਰ ਦਾ ਸੀ ਅਤੇ ਮੰਤਰੀ ਜੀ ਸੋਮਵਾਰ ਨੂੰ ਲਖੀਮਪੁਰ ਤੋਂ ਚਲੇ ਗਏ ਸਨ।"

"ਚੀਨੀ ਮਿੱਲ ਦੇ ਪੋਰਗ੍ਰਾਮ 'ਚ ਆਉਣ ਦਾ ਉਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਸੀ ਅਤੇ ਕਾਨਪੁਰ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ। ਉਹ ਪਾਰਟੀ ਦਾ ਪ੍ਰੋਗਰਾਮ ਹੈ। ਪ੍ਰੋਗਰਾਮ ਕੀ ਸੀ, ਉਹ ਅਸੀਂ ਤੁਹਾਨੂੰ ਬਾਅਦ 'ਚ ਦੱਸ ਦੇਵਾਂਗੇ। ਤੁਸੀਂ ਰਾਕੇਸ਼ ਟਿਕੈਤ ਨੂੰ ਪੁੱਛੋ ਕਿ ਮੰਤਰੀ ਜੀ ਦਾ ਪ੍ਰੋਗਰਾਮ ਕਾਨਪੁਰ 'ਚ ਪਹਿਲਾਂ ਤੋਂ ਹੀ ਤੈਅ ਹੈ ਤਾਂ ਉਹ ਇਹ ਸਭ ਕੁਝ ਕਿਵੇਂ ਕਹਿ ਰਹੇ ਹਨ।?''

ਹਾਲਾਂਕਿ ਅੰਬਰੀਸ਼ ਸਿੰਘ ਨੇ ਇਹ ਨਹੀਂ ਦੱਸਿਆ ਕਿ ਮੰਤਰੀ ਦਾ ਕਾਨ੍ਹਪੁਰ ਵਾਲਾ ਪ੍ਰੋਗਰਾਮ ਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਕਾਨ੍ਹਪੁਰ ਜਾਂਦੇ ਹਨ ਅਤੇ ਪਾਰਟੀ ਦੇ ਕਿਸ ਪੋਰਗ੍ਰਾਮ 'ਚ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)