ਹੌਜ਼ਰੀ ਇੰਡਸਟਰੀ: ਬਰਨਾਲੇ ਦੀਆਂ ਬੀਬੀਆਂ ਨੇ ਹੌਜ਼ਰੀ ਨੂੰ ਬਣਾਇਆ ਕਿੱਤਾ ਤੇ ਪਿੰਡਾਂ ਵਿਚ ਹੋਰਾਂ ਨੂੰ ਦੇ ਰਹੀਆਂ ਰੁਜ਼ਗਾਰ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ਮੌੜ ਦੀਆਂ ਔਰਤਾਂ ਹੌਜਰੀ ਦੇ ਬਿਜ਼ਨਸ ਦੀ ਆਊਟ ਸੋਰਸਿੰਗ ਨਾਲ ਆਤਮ ਨਿਰਭਰ ਹੋ ਰਹੀਆਂ ਹਨ।
ਘਰ ਵਿੱਚ ਹੀ ਰਹਿ ਕੇ ਬੱਚਿਆਂ ਦੇ ਉੱਨ ਦੇ ਕੱਪੜੇ ਬੁਣਨ ਦਾ ਕੰਮ ਕਰਦੀਆਂ ਇਹ ਔਰਤਾਂ ਨਾ ਸਿਰਫ ਖ਼ੁਦ ਸਵੈ-ਨਿਰਭਰ ਹੋਈਆਂ ਹਨ ਸਗੋਂ ਇਨ੍ਹਾਂ ਔਰਤਾਂ ਨੇ ਪਿੰਡ ਦੀਆਂ ਕਈ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਹੈ।
ਪਿੰਡ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਵਾਲੀ ਸਰਬਜੀਤ ਕੌਰ (35) ਸੀ ਜਿਸ ਨੇ ਕਰੀਬ ਪੰਦਰਾਂ ਸਾਲ ਪਹਿਲਾਂ ਇਸ ਕੰਮ ਨੂੰ ਅਪਣਾਇਆ ਸੀ।
ਸਰਬਜੀਤ ਦੀ ਕਾਮਯਾਬੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੀਆਂ ਹੋਰ ਔਰਤਾਂ ਵੀ ਅੱਗੇ ਆਈਆਂ ਜਿਨ੍ਹਾਂ ਨੇ ਬਾਅਦ ਵਿੱਚ ਚੰਗਾ ਮੁਨਾਫਾ ਕਮਾਇਆ।
ਸਰਬਜੀਤ ਮੁਤਾਬਕ ਉਨ੍ਹਾਂ ਨੇ ਆਪਣੇ ਪੇਕੇ ਪਰਿਵਾਰ ਤੋਂ ਇਹ ਕੰਮ ਸਿੱਖਿਆ ਸੀ ਅਤੇ ਜਿਨ੍ਹਾਂ ਨੇ ਸਰਬਜੀਤ ਨੂੰ ਉੱਨ ਦੀ ਬੁਣਾਈ ਵਾਲੀ ਮਸ਼ੀਨ ਲੈ ਕੇ ਦਿੱਤੀ ਸੀ ਅਤੇ ਉਸ ਤੋਂ ਬਾਅਦ ਪਿੰਡ ਦੀਆਂ ਸੱਤ-ਅੱਠ ਹੋਰ ਔਰਤਾਂ ਨੇ ਆਪਣੀਆਂ ਮਸ਼ੀਨਾਂ ਲਿਆ ਕੇ ਕੰਮ ਸ਼ੂਰੂ ਕਰ ਦਿੱਤਾ ।
ਸਰਬਜੀਤ ਦਾ ਕਹਿਣਾ ਹੈ ਕਿ ਇਸ ਧੰਦੇ ਵਿੱਚ ਬੁਣਾਈ ਤੋਂ ਬਾਅਦ ਕੱਪੜਿਆਂ ਦੀ ਸਿਲਾਈ ਅਤੇ ਕਢਾਈ ਲਈ ਇੱਕ ਮਸ਼ੀਨ ਮਗਰ ਦੋ ਜਾਂ ਤਿੰਨ ਹੋਰ ਔਰਤਾਂ ਦੀ ਲੋੜ ਪੈਂਦੀ ਹੈ।
ਇਸ ਨਾਲ ਪਿੰਡ ਵਿੱਚ ਦੋ ਦਰਜਨ ਦੇ ਕਰੀਬ ਔਰਤਾਂ ਨੂੰ ਘਰ ਬੈਠ ਕੇ ਹੀ ਕਮਾਉਣ ਦਾ ਮੌਕਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, SUKHCHARAN PREET/bbc
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਔਰਤਾਂ ਪਹਿਲਾਂ ਪਸ਼ੂ ਸੰਭਾਲਣ ਜਾਂ ਦਿਹਾੜੀ ਆਦਿ ਕਰਨ ਦਾ ਕੰਮ ਕਰਦੀਆਂ ਸਨ ਪਰ ਹੁਣ ਘਰ ਵਿੱਚ ਬੈਠ ਕੇ ਹੀ ਕਮਾ ਰਹੀਆਂ ਹਨ ਅਤੇ ਆਪਣਾ ਪਰਿਵਾਰ ਪਾਲਣ ਵਿੱਚ ਮਦਦ ਕਰ ਰਹੀਆਂ ਹਨ।
ਸਰਬਜੀਤ ਨੇ ਦੱਸਿਆ ਕਿ ਬੁਣਾਈ ਵਾਲੀ ਮਸ਼ੀਨ 20-25 ਹਜ਼ਾਰ ਤੱਕ ਆ ਜਾਂਦੀ ਹੈ। ਬੁਣਾਈ ਦਾ ਕੰਮ ਲੁਧਿਆਣਾ ਸ਼ਹਿਰ ਦੇ ਵਪਾਰੀਆਂ ਤੋਂ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਨਗ (ਪਰ ਪੀਸ) ਰੇਟ ਮਿਲਦਾ ਹੈ।
ਇਸ ਕੰਮ ਤੋਂ ਉਹ ਅਸਾਨੀ ਨਾਲ 10-12 ਹਜ਼ਾਰ ਪ੍ਰਤੀ ਮਹੀਨਾ ਕਮਾ ਲੈਂਦੀਆਂ ਹਨ।

ਤਸਵੀਰ ਸਰੋਤ, SUKHCHARAN PREET/bbc
ਜਾਣਕਾਰੀ ਮੁਤਾਬਕ ਵਧੇਰੇ ਔਰਤਾਂ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਬੁਣਾਈ ਦਾ ਇਹ ਕੰਮ ਇੱਕ ਸਨਮਾਨਯੋਗ ਕਿੱਤਾ ਲੱਗਦਾ ਹੈ ਅਤੇ ਉਹ ਇਸ ਨੂੰ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਘਰ ਵਿੱਚ ਹੀ ਬੈਠ ਕੇ ਚਲਾ ਸਕਦੀਆਂ ਹਨ।
ਹਾਲਾਂਕਿ ਆਰਥਿਕ ਤੌਰ 'ਤੇ ਕਮਜ਼ੋਰ ਕੁਝ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਔਰਤਾਂ ਨੇ ਵੀ ਇੱਕ ਧੰਦੇ ਨੂੰ ਅਪਣਾਇਆ ਹੈ।
ਜਾਣਕਾਰੀ ਮੁਤਬਾਕ ਇਨ੍ਹਾਂ ਕਾਮਿਆਂ ਨੂੰ ਔਸਤਨ ਕਰੀਬ 30 ਰੁਪਏ ਇੱਕ ਪੀਸ ਦੇ ਹਿਸਾਬ ਨਾਲ ਕਮਾਈ ਹੁੰਦੀ ਹੈ।

ਤਸਵੀਰ ਸਰੋਤ, SUKHCHARAN PREET/bbc
ਇਨ੍ਹਾਂ ਔਰਤਾ ਦਾ ਕਹਿਣਾ ਹੈ ਕਿ ਇਹ ਕੰਮ ਸਾਰਾ ਸਾਲ ਚਲਦਾ ਰਹਿੰਦਾ ਹੈ ਅਤੇ ਉਹ ਆਪਣੇ ਘਰ ਦੇ ਕੰਮਕਾਰ ਨਿਬੇੜ ਕੇ ਬੁਣਾਈ 'ਤੇ ਬੈਠ ਜਾਂਦੀਆਂ ਹਨ ਅਤੇ ਪੂਰਾ ਦਿਨ ਕੰਮ ਕਰਦੀਆਂ ਹਨ।
ਇਸ ਕੰਮ ਵਿੱਚ ਇੱਕ ਇਹ ਸਹੂਲਤ ਹੈ ਕਿ ਉਨ੍ਹਾਂ ਨੂੰ ਕਿਸੇ ਦੇ ਘਰ ਜਾਂ ਦੁਕਾਨ 'ਤੇ ਕੰਮ ਕਰਨ ਨਹੀਂ ਜਾਣਾ ਪੈਂਦਾ ਅਤੇ ਦੂਜਾ ਉਹ ਆਪਣੇ ਰੁਝੇਵੇਂ ਮੁਤਾਬਕ ਕਿਸੇ ਵੇਲੇ ਵੀ ਕੰਮ ਕਰ ਸਕਦੀਆਂ ਹਨ।
ਇਸੇ ਪਿੰਡ ਵਿੱਚ ਹਰਜਿੰਦਰ ਕੌਰ (45) ਕੋਲ ਵੀ ਆਪਣੀ ਬੁਣਾਈ ਦੀ ਮਸ਼ੀਨ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, SUKHCHARAN PREET/bbc
ਹਰਜਿੰਦਰ ਕੌਰ ਦਾ ਪਰਿਵਾਰ ਖੇਤੀ ਕਰਦਾ ਹੈ ਪਰ ਉਸ ਆਮਦਨ ਨਾਲ ਗੁਜ਼ਾਰਾ ਮੁਸ਼ਕਿਲ ਹੁੰਦਾ ਸੀ।
ਪਰਿਵਾਰ ਨੂੰ ਸਹਾਰਾ ਦੇਣ ਲਈ ਉਹ ਪਿੰਡ ਵਿੱਚ ਹੀ ਕੱਪੜੇ ਸਿਉਣ ਦਾ ਕੰਮ ਕਰਦੇ ਸਨ। ਇਸ ਦੌਰਾਨ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ।
ਉਸ ਤੋਂ ਬਾਅਦ ਉਹ ਸਦਮੇ ਵਿੱਚ ਰਹਿੰਦੇ ਸੀ ਅਤੇ ਘਰ ਵਿੱਚ ਵਿਹਲੇ ਬੈਠੇ ਸੋਚਦੇ ਰਹਿੰਦੇ ਸੀ ਫਿਰ ਆਪਣੀਆਂ ਸਹੇਲੀਆਂ ਦੀ ਸਲਾਹ ਨਾਲ ਉਹ ਇਹ ਉੱਨ ਦੇ ਕੱਪੜੇ ਤਿਆਰ ਕਰਨ ਦਾ ਕੰਮ ਕਰਨ ਲੱਗ ਪਏ ।
ਹਰਿਜੰਦਰ ਕੌਰ ਪਿਛਲੇ 5-6 ਸਾਲਾਂ ਤੋਂ ਘਰ ਵਿੱਚ ਹੀ ਬੁਣਾਈ ਦਾ ਕੰਮ ਕਰ ਰਹੇ ਹਨ।
ਹਰਜਿੰਦਰ ਕੌਰ ਦੀ ਸੱਸ ਵੀ ਉਸ ਨਾਲ ਇਸ ਕੰਮ ਵਿੱਚ ਮਦਦ ਕਰਵਾਉਂਦੇ ਹਨ ਅਤੇ ਪਿੰਡ ਦੀਆਂ ਦੋ ਹੋਰ ਔਰਤਾਂ ਨੂੰ ਉਨ੍ਹਾਂ ਨੇ ਕੰਮ ਲਈ ਰੱਖਿਆ ਹੋਇਆ ਹੈ ਅਤੇ ਕੰਮ ਦੇ ਹਿਸਾਬ ਨਾਲ ਉਹ ਹੋਰ ਔਰਤਾਂ ਨੂੰ ਵੀ ਸਿਲਾਈ ਬੁਣਾਈ ਦੇ ਕੰਮ ਲਈ ਬੁਲਾ ਲੈਂਦੇ ਹਨ।
ਇਸ ਨਾਲ ਪਰਿਵਾਰ ਦੀਆਂ ਲੋੜਾਂ ਵੀ ਵਧੀਆ ਪੂਰੀਆਂ ਹੋਣ ਲੱਗ ਪਈਆਂ ਹਨ ਅਤੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮਿਲ ਗਿਆ ਹੈ।

ਤਸਵੀਰ ਸਰੋਤ, SUKHCHARAN PREET/bbc
ਹਰਜਿੰਦਰ ਦਾ ਕਹਿਣਾ ਹੈ ਕਿ ਉਹ ਇੱਕ ਮਹੀਨੇ ਦਾ ਕਰੀਬ ਪੰਜ ਹਜ਼ਾਰ ਰੁਪਏ ਕਮਾ ਲੈਂਦੇ ਹਨ। ਕਈ ਵਾਰ ਕੰਮ ਦੀ ਮੰਗ ਦੇ ਹਿਸਾਬ ਨਾਲ ਆਮਦਨ ਵੱਧ ਵੀ ਜਾਂਦੀ ਹੈ।
ਇਸੇ ਪਿੰਡ ਦੀ ਗੁਰਮੀਤ ਕੌਰ (55 ਸਾਲ) ਬੁਣਕਰ ਔਰਤਾਂ ਦੇ ਬੁਣੇ ਹੋਏ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹਨ।
ਗੁਰਮੀਤ ਕੌਰ ਨੇ ਇਸ ਕੰਮ ਵਿੱਚ ਆਉਣ ਅਤੇ ਇਸ ਤੋਂ ਹੋਣ ਵਾਲੀ ਕਮਾਈ ਬਾਰੇ ਗੱਲਬਾਤ ਕਰਦਿਆਂ ਦੱਸਿਆ, "ਮੇਰੇ ਤਿੰਨ ਬੱਚੇ ਹਨ। ਤਿੰਨੇ ਆਪੋ-ਆਪਣੇ ਕੰਮਾਂ 'ਤੇ ਜਾਂਦੇ ਹਨ।''
''ਮੈਂ ਤੇ ਮੇਰਾ ਘਰਵਾਲਾ ਪਹਿਲਾਂ ਦਿਹਾੜੀ ਆਦਿ ਜੋ ਵੀ ਪਿੰਡ ਵਿੱਚ ਕੰਮ ਮਿਲਦਾ ਸੀ ਕਰ ਲੈਂਦੇ ਸੀ ਪਰ ਮੇਰੇ ਘਰਵਾਲੇ ਤੋਂ ਵੀ ਵਧਦੀ ਉਮਰ ਕਰਕੇ ਕੰਮ ਨਹੀਂ ਹੁੰਦਾ, ਮੇਰੇ ਵੀ ਗੋਡੇ ਦੁਖਦੇ ਹਨ। ਮੇਰੇ ਪੇਟ ਦੇ ਤਿੰਨ ਆਪਰੇਸ਼ਨ ਹੋ ਚੁੱਕੇ ਹਨ।''

ਤਸਵੀਰ ਸਰੋਤ, SUKHCHARAN PREET/BBC
''ਮੈਂ ਸਿਰਫ ਬੈਠ ਕੇ ਹੀ ਕੰਮ ਕਰ ਸਕਦੀ ਹਾਂ। ਇਹ ਮੇਰੇ ਵਰਗੀਆਂ ਔਰਤਾਂ ਲਈ ਵਧੀਆ ਕੰਮ ਹੈ। ਬੁਣੇ ਹੋਏ ਕੱਪੜਿਆਂ ਦੀ ਸਿਲਾਈ ਕਢਾਈ ਕਰਕੇ ਮੈਂ ਦੋ ਤਿੰਨ ਹਜ਼ਾਰ ਮਹੀਨੇ ਦੇ ਕਮਾ ਲੈਂਦੀ ਹਾਂ।''
''ਇਹ ਕੋਈ ਬਹੁਤ ਜ਼ਿਆਦਾ ਆਮਦਨ ਤਾਂ ਨਹੀਂ ਹੈ ਪਰ ਗਰੀਬ ਬੰਦੇ ਨੂੰ ਰੋਜ਼ੀ-ਰੋਟੀ ਚਲਾਉਣ ਲਈ ਇਸ ਆਮਦਨ ਦਾ ਵੀ ਬਹੁਤ ਸਹਾਰਾ ਹੋ ਜਾਂਦਾ ਹੈ।"
ਇਸ ਪਿੰਡ ਵਿੱਚ ਹਰਜਿੰਦਰ ਅਤੇ ਸਰਬਜੀਤ ਕੌਰ ਵਰਗੀਆਂ 7-8 ਔਰਤਾਂ ਹਨ ਜਿਨ੍ਹਾਂ ਕੋਲ ਆਪਣੀ ਬੁਣਾਈ ਵਾਲੀ ਮਸ਼ੀਨ ਹੈ। ਇੱਕ ਮਸ਼ੀਨ 'ਤੇ ਕੰਮ ਕਰਨ ਲਈ ਦੋ ਤੋਂ ਤਿੰਨ ਔਰਤਾਂ ਦੀ ਜ਼ਰੂਰਤ ਪੈਂਦੀ ਹੈ।
ਲੁਧਿਆਣਾ ਦੀ ਅਰੋੜਾ ਨਿਟ ਫੈਬ ਨਾਂ ਦੀ ਕੰਪਨੀ ਵਿੱਚ ਸੀਨੀਅਰ ਫੈਸ਼ਨ ਡਿਜ਼ਾਈਨਰ ਅਤੇ ਮਰਚੈਂਡਾਈਸਰ ਵੰਦਨਾਂ ਸ਼ਰਮਾਂ ਪਿਛਲੇ ਪੰਦਰਾਂ ਸਾਲਾਂ ਤੋਂ ਕਪੱੜਾ ਉਦਯੋਗ ਵਿੱਚ ਲੁਧਿਆਣਾ ਵਿੱਚ ਕੰਮ ਕਰ ਰਹੇ ਹਨ।

ਤਸਵੀਰ ਸਰੋਤ, SUKHCHARAN PREET/bbc
ਉਨ੍ਹਾਂ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਪੰਜਾਬ ਵਿੱਚ ਹੌਜਰੀ ਦੀ ਹੱਬ ਹੈ ਅਤੇ ਇੱਥੇ ਸਥਿਤ ਹੌਜਰੀ ਦੇ ਲਘੂ ਉਦਯੋਗ ਚਲਾਉਣ ਵਾਲੇ ਵਪਾਰੀ ਇਸੇ ਤਰ੍ਹਾਂ ਆਉਟਸੋਰਸਿੰਗ ਰਾਹੀਂ ਕੱਪੜੇ ਤਿਆਰ ਕਰਵਾਉਂਦੇ ਹਨ।
ਜਿਸ ਵਿੱਚ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆ ਦੇ ਗਰਮ ਕੱਪੜੇ ਇਸ ਤਰ੍ਹਾਂ ਬਾਹਰੋਂ ਤਿਆਰ ਕਰਵਾਏ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਵਪਾਰੀ ਅਤੇ ਬੁਣਕਰ ਦੋਹਾਂ ਲਈ ਲਾਹੇਵੰਦ ਹੈ ਅਤੇ ਇਹ ਆਊਟਸੋਰਸਿੰਗ ਘਰੇਲੂ ਔਰਤਾਂ ਨੂੰ ਆਤਮ ਨਿਰਭਰ ਕਰਨ ਵਿੱਚ ਯੋਗਦਾਨ ਪਾ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













