35 ਹਜ਼ਾਰ ਕਿਲੋਮੀਟਰ ਦਾ ਪੈਦਲ ਸਫ਼ਰ ਤੇ 40 ਸਾਲ ਤੋਂ ਜੰਗਲ 'ਚ ਇਕੱਲੇ ਰਹਿਣ ਵਾਲੇ ਦੀ ਕਹਾਣੀ

ਤਸਵੀਰ ਸਰੋਤ, Uruna Productions
- ਲੇਖਕ, ਸਟੀਵਨ ਬ੍ਰਾਕਲੇਹਸਰਟ
- ਰੋਲ, ਬੀਬੀਸੀ ਸਕਾਟਲੈਂਡ ਨਿਊਜ਼
ਲੰਘੇ ਲਗਭਗ 40 ਸਾਲ ਤੋਂ ਕੇਨ ਸਮਿਥ ਨੇ ਆਧੁਨਿਕ ਤਰੀਕਿਆਂ ਨਾਲ ਜਿਉਣਾ ਛੱਡ ਦਿੱਤਾ ਹੈ।
ਉਹ ਸਕਾਟਲੈਂਡ ਦੇ ਪਠਾਰ ਉੱਤੇ ਮੌਜੂਦ ਇੱਕ ਝੀਲ ਕੰਢੇ ਹੱਥਾਂ ਨਾਲ ਬਣੀ, ਇੱਕ ਝੌਂਪੜੀ ਵਿੱਚ ਰਹਿ ਰਹੇ ਹਨ। ਇਸ ਝੌਂਪੜੀ ਵਿੱਚ ਨਾ ਤਾਂ ਬਿਜਲੀ ਦੀ ਸੁਵਿਧਾ ਹੈ ਅਤੇ ਨਾ ਹੀ ਟੂਟੀ ਵਾਲਾ ਪਾਣੀ।
ਕੇਨ ਇਸ ਬਾਰੇ ਕਹਿੰਦੇ ਹਨ, ''ਵਧੀਆ ਜ਼ਿੰਦਗੀ ਹੈ, ਹਰ ਕੋਈ ਇਸੇ ਤਰ੍ਹਾਂ ਜਿਉਣਾ ਚਾਹੁੰਦਾ ਹੈ ਪਰ ਕੋਈ ਵੀ ਕਦੇ ਅਜਿਹਾ ਨਹੀਂ ਕਰ ਪਾਉਂਦਾ।''
ਹਰ ਕੋਈ ਸਹਿਮਤ ਨਹੀਂ ਹੋਵੇਗਾ ਕਿ ਕੇਨ ਦਾ ਵੱਖਰੇ ਤਰੀਕੇ ਨਾਲ ਜਿਉਣਾ ਚਾਹੇ ਅਤੇ ਮੱਛੀ ਫੜਨ ਦੇ ਨਾਲ ਬਾਲਣ ਲਈ ਲੱਕੜ ਲਿਆਉਣਾ ਅਤੇ ਖੁੱਲ੍ਹੇ 'ਚ ਕੱਪੜੇ ਧੋਣਾ ਇੱਕ ਆਦਰਸ਼ ਜੀਵਨ ਹੈ ਅਤੇ ਉਹ ਵੀ 74 ਸਾਲ ਦੀ ਉਮਰ ਵਿੱਚ।
ਲੱਕੜ ਨਾਲ ਬਣੇ, ਉਨ੍ਹਾਂ ਦੇ ਘਰ ਦੇ ਸਭ ਤੋਂ ਨੇੜੇ ਦੀ ਸੜਕ ਰੈਨੋਚ ਮੂਰ ਦੇ ਕੋਲ ਹੈ ਅਤੇ ਲੌਕ ਟ੍ਰੈਗ (ਮੌਤ ਦੀ ਝੀਲ) ਨਾਲ ਉਸ ਸੜਕ ਤੱਕ ਪੈਦਲ ਜਾਣ ਵਿੱਚ ਦੋ ਘੰਟੇ ਲੱਗਦੇ ਹਨ।
ਉਹ ਕਹਿੰਦੇ ਹਨ, ''ਇਹ ਨਿਰਜਨ ਝੀਲ ਦੇ ਨਾਮ ਨਾਲ ਮਸ਼ਹੂਰ ਹੈ। ਇੱਥੇ ਕੋਈ ਸੜਕ ਨਹੀਂ ਹੈ ਪਰ ਬੰਨ੍ਹ ਬਣਨ ਤੋਂ ਪਹਿਲਾਂ ਲੋਕ ਇੱਥੇ ਰਹਿੰਦੇ ਸਨ।''
ਪਹਾੜੀ ਤੋਂ ਹੇਠਾਂ ਦੇਖਦੇ ਹੋਏ ਉਹ ਕਹਿੰਦੇ ਹਨ, ''ਉਨ੍ਹਾਂ ਦੇ ਖੰਡਰ ਇੱਥੋਂ ਥੱਲੇ ਹਨ। ਹੁਣ ਇੱਥੇ ਇਕੱਲਾ ਮੈਂ ਰਹਿ ਗਿਆ ਹਾਂ।''
ਕੇਨ ਸਮਿਥ ਉੱਤੇ ਬਣੀ ਦਸਤਾਵੇਜ਼ੀ ਫ਼ਿਲਮ
ਫ਼ਿਲਮ ਨਿਰਮਾਤਾ ਲਿਜੀ ਮੈਕੇਂਜੀ ਨੇ ਕੇਨ ਨਾਲ ਪਹਿਲੀ ਵਾਰ 9 ਸਾਲ ਪਹਿਲਾਂ ਸੰਪਰਕ ਕੀਤਾ ਸੀ।
ਪਿਛਲੇ ਦੋ ਸਾਲਾਂ ਦੌਰਾਨ ਬੀਬੀਸੀ ਸਕਾਟਲੈਂਡ ਨੇ ਉਨ੍ਹਾਂ ਉੱਤੇ 'ਦਿ ਹਰਮਿਟ ਆਫ਼ ਟ੍ਰੇਗ' ਨਾਂ ਦੀ ਦਸਤਾਵੇਜ਼ੀ ਫ਼ਿਲਮ ਬਣਾਈ।

ਤਸਵੀਰ ਸਰੋਤ, Uruna Productions
ਕੇਨ ਮੂਲ ਰੂਪ ਵਿੱਚ ਡਰਬੀਸ਼ਾਇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਦੱਸਿਆ ਕਿ 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਫਾਇਰ ਬ੍ਰਿਗੇਡ ਕੇਂਦਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।
ਪਰ 26 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਗਈ।
ਇੱਕ ਵਾਰ ਰਾਤ ਵੇਲੇ ਉਨ੍ਹਾਂ ਨੂੰ ਠੱਗਾਂ ਦੇ ਇੱਕ ਗਿਰੋਹ ਨੇ ਬਹੁਤ ਕੁੱਟਿਆ, ਇਸ ਨਾਲ ਉਨ੍ਹਾਂ ਦਾ ਬ੍ਰੇਨ ਹੈਮਰੇਜ ਹੋ ਗਿਆ ਅਤੇ 23 ਦਿਨਾਂ ਤੱਕ ਉਹ ਆਪਣ ਹੋਸ਼ ਗੁਆ ਬੈਠੇ।
ਕੇਨ ਕਹਿੰਦੇ ਹਨ, ''ਡਾਕਟਰਾਂ ਨੇ ਕਿਹਾ ਕਿ ਮੈਂ ਕਦੇ ਠੀਕ ਨਹੀਂ ਹੋ ਸਕਾਂਗਾ। ਨਾ ਕਦੇ ਬੋਲਾਂਗਾ ਅਤੇ ਨਾ ਹੀ ਕਦੇ ਚੱਲਾਂਗਾ। ਪਰ ਮੈਂ ਠੀਕ ਹੋ ਗਿਆ, ਉਸੇ ਸਮੇਂ ਮੈਂ ਫ਼ੈਸਲਾ ਕੀਤਾ ਕਿ ਮੈਂ ਕਦੇ ਵੀ ਕਿਸੇ ਦੀਆਂ ਸ਼ਰਤਾਂ ਉੱਤੇ ਨਹੀਂ ਸਗੋਂ ਆਪਣੀਆਂ ਸ਼ਰਤਾਂ 'ਤੇ ਜੀਵਾਂਗਾ।''
ਉਸ ਤੋਂ ਬਾਅਦ ਕੇਨ ਘੁੰਮਣ ਲੱਗੇ ਅਤੇ ਜੰਗਲ ਵਿੱਚ ਹੀ ਰਹਿਣ ਬਾਰੇ ਸੋਚਣ ਲੱਗੇ। ਅਲਾਸਕਾ ਦੀ ਸਰਹੱਦ ਨਾਲ ਲਗਦੇ ਕੈਨੇਡਾ ਦੇ ਇਲਾਕੇ ਯੂਕੋਨ ਵਿੱਚ ਉਨ੍ਹਾਂ ਨੇ ਸੋਚਿਆ ਕੇ ਜੇ ਉਹ ਹਾਈਵੇਅ ਦੇ ਨਾਲ ਪੈਦਲ ਚਲਦੇ ਜਾਣ ਤਾਂ ਕੀ ਹੋਵੇਗਾ ਅਤੇ ਉਨ੍ਹਾਂ ਨੇ ਇਹੀ ਕੀਤਾ। ਆਪਣੇ ਘਰ ਪਰਤਣ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ 35 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ।
ਜਦੋਂ ਉਹ ਘੁੰਮ ਰਹੇ ਸੀ ਤਾਂ ਉਨ੍ਹਾਂ ਦੇ ਮਾਪੇ ਚੱਲ ਵਸੇ ਅਤੇ ਉਦੋਂ ਤੱਕ ਉਹ ਘਰ ਨਹੀਂ ਗਏ ਜਦੋਂ ਤੱਕ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਾਪਿਆਂ ਦੀ ਮੌਤ ਨੇ ਹਿਲਾ ਦਿੱਤਾ
ਕੇਨ ਕਹਿੰਦੇ ਹਨ, ''ਮੈਨੂੰ ਨੌਰਮਲ ਹੋਣ ਵਿੱਚ ਕਾਫ਼ੀ ਸਮਾਂ ਲੱਗਿਆ। ਮੈਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ ਸੀ।''
ਕੇਨ ਪੈਦਲ ਚੱਲਦੇ-ਚੱਲਦੇ ਬ੍ਰਿਟੇਨ ਤੱਕ ਚਲੇ ਗਏ। ਉਹ ਸਕਾਟਲੈਂਡ ਦੇ ਪਠਾਰ ਵਿੱਚ ਰੈਨੋਚ ਪਹੁੰਚ ਗਏ। ਉੱਥੇ ਜਾਕੇ ਉਨ੍ਹਾਂ ਨੂੰ ਆਪਣੇ ਮਾਂ-ਪਿਓ ਦੀ ਯਾਦ ਆਈ ਅਤੇ ਉਹ ਰੋਣ ਲੱਗੇ।
ਕੇਨ ਨੇ ਉਸ ਡਾਕਊਮੈਂਟਰੀ ਵਿੱਚ ਦੱਸਿਆ, ''ਮੈਂ ਚੱਲਦੇ-ਚੱਲਦੇ ਪੂਰੇ ਰਾਹ ਰੋਂਦਾ ਰਿਹਾ ਅਤੇ ਸੋਚਿਆ ਕਿ ਬ੍ਰਿਟੇਨ ਦੀ ਸਭ ਤੋਂ ਸੁਨਸਾਨ ਜਗ੍ਹਾਂ ਕਿੱਥੇ ਹੈ?''
ਉਹ ਦੱਸਦੇ ਹਨ, ''ਮੈਂ ਹਰ ਪਾਸੇ ਗਿਆ ਅਤੇ ਪੜਚਾਲ ਕੀਤੀ ਕਿ ਕਿਤੇ ਵੀ ਇੱਕ ਵੀ ਘਰ ਨਹੀਂ ਬਣਿਆ ਹੈ। ਸੈਂਕੜੇ ਮੀਲ ਤੱਕ ਬੇਕਾਰ ਘੁੰਮਣ ਤੋਂ ਬਾਅਦ ਮੈਂ ਇਸ ਝੀਲ ਅਤੇ ਜੰਗਲ ਨੂੰ ਦੇਖਿਆ।''
ਉਨ੍ਹਾਂ ਨੂੰ ਲੱਗਿਆ ਕਿ ਇਹੀ ਉਹ ਥਾਂ ਹੈ, ਜਿੱਥੇ ਉਹ ਰਹਿਣਾ ਚਾਹੁੰਦੇ ਹਨ। ਕੇਨ ਨੇ ਦੱਸਿਆ ਕਿ ਇਸੇ ਥਾਂ ਉਨ੍ਹਾਂ ਨੇ ਰੋਣਾ ਅਤੇ ਲਗਾਤਾਰ ਘੁੰਮਣਾ ਬੰਦ ਕਰ ਦਿੱਤਾ।
ਉਨ੍ਹਾਂ ਪਹਿਲਾਂ ਛੋਟੇ ਡੰਡਿਆਂ ਦਾ ਇਸਤੇਮਾਲ ਕਰਕੇ ਆਪਣੇ ਘਰ ਦਾ ਡਿਜ਼ਾਈਨ ਤਿਆਰ ਕੀਤਾ। ਉਸ ਤੋਂ ਬਾਅਦ, ਉਨ੍ਹਾਂ ਨੇ ਲੱਕੜ ਦੇ ਵੱਡੇ ਪੀਸਾਂ ਨਾਲ ਇੱਕ ਘਰ ਬਣਾਉਣ ਦਾ ਫ਼ੈਸਲਾ ਕੀਤਾ।

ਤਸਵੀਰ ਸਰੋਤ, Uruna Productions
ਅੱਜ ਉਸ ਦੇ ਚਾਰ ਦਹਾਕਿਆਂ ਬਾਅਦ ਵੀ ਕੇਬਿਨ ਵਿੱਚ ਬਿਜਲੀ, ਗੈਸ ਜਾਂ ਪਾਣੀ ਦੀ ਸੁਵਿਧਾ ਨਹੀਂ ਹੈ ਅਤੇ ਨਿਸ਼ਚਿਤ ਤੌਰ ਉੱਤੇ ਇੱਥੇ ਮੋਬਾਈਲ ਫ਼ੋਨ ਦਾ ਸਿਗਨਲ ਨਹੀਂ ਹੈ। ਬਾਲਣ ਲਈ ਲੱਕੜ ਨੂੰ ਨਾਲ ਲੱਗਦੇ ਜੰਗਲ ਤੋਂ ਕੱਟਿਆ ਜਾਂਦਾ ਹੈ ਅਤੇ ਉੱਥੋ ਢੋਹ ਕੇ ਲਿਆਂਦੇ ਹਨ।
ਕੇਨ ਖਾਣ ਲਈ ਬੇਰੀ ਅਤੇ ਸਬਜ਼ੀਆਂ ਉਗਾਉਂਦੇ ਹਨ, ਹਾਲਾਂਕਿ ਉਨ੍ਹਾਂ ਦੇ ਖਾਣ ਦਾ ਮੁੱਖ ਸਰੋਤ ਝੀਲ ਹੈ।
ਉਹ ਕਹਿੰਦੇ ਹਨ, ''ਜੇ ਤੁਸੀਂ ਆਜ਼ਾਦ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੱਛੀ ਫੜਨਾ ਸਿੱਖਣਾ ਹੋਵੇਗਾ।''
2019 ਵਿੱਚ ਕੇਨ ਨੂੰ ਆਇਆ ਸਟ੍ਰੋਕ
ਫ਼ਰਵਰੀ 2019 ਵਿੱਚ ਫ਼ਿਲਮ ਨਿਰਦੇਸ਼ਕ ਲਿਜ਼ੀ ਦੇ ਉੱਥੋਂ ਪਰਤਣ ਦੇ 10 ਦਿਨਾਂ ਬਾਅਦ, ਬਾਹਰ ਬਰਫ਼ ਵਿੱਚ ਕੇਨ ਨੂੰ ਇੱਕ ਸਟ੍ਰੋਕ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਉਨ੍ਹਾਂ ਨੇ ਜੀਪੀਐਸ ਪਰਸਨਲ ਲੋਕੇਟਰ ਦਾ ਇਸਤੇਮਾਲ ਕੀਤਾ।

ਤਸਵੀਰ ਸਰੋਤ, Ken Smith
ਕੁਝ ਦਿਨ ਪਹਿਲਾਂ ਐਮਰਜੈਂਸੀ ਸੁਨੇਹਾ ਭੇਜਣ ਲਈ ਉਨ੍ਹਾਂ ਨੂੰ ਇਹ ਦਿੱਤਾ ਗਿਆ ਸੀ। ਇਸ ਰਾਹੀਂ ਮਦਦ ਦੀ ਗੁਹਾਰ ਆਪਣੇ ਆਪ ਟੇਕਸਾਸ ਦੇ ਹਿਊਸਟਨ ਸਥਿਤ ਇੱਕ ਰਿਸਪਾਂਸ ਸੈਂਟਰ ਤੱਕ ਚਲੀ ਗਈ ਸੀ।
ਉੱਥੋਂ ਬ੍ਰਿਟੇਨ ਦੇ ਕੋਸਟਗਾਰਡ ਨੂੰ ਸੂਚਿਤ ਕੀਤਾ ਗਿਆ। ਉਸ ਤੋਂ ਬਾਅਦ ਕੇਨ ਨੂੰ ਫੋਰਟ ਵਿਲੀਅਮ ਹਸਪਤਾਲ ਲਿਜਾਇਆ ਗਿਆ। ਉੱਥੇ ਉਨ੍ਹਾਂ ਠੀਕ ਹੋਣ ਵਿੱਚ ਸੱਤ ਹਫ਼ਤੇ ਲੱਗੇ।
ਹਸਪਤਾਲ ਦੇ ਕਰਮਚਾਰੀਆਂ ਨੇ ਇਹ ਤੈਅ ਕੀਤਾ ਕਿ ਉਹ ਇਕੱਲੇ ਜ਼ਿੰਦਗੀ ਗੁਜ਼ਾਰ ਸਕਣ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਆਮ ਲੋਕਾਂ ਵਿਚਾਲੇ ਲਿਆਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕੇਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਹਿਣ ਦੇ ਲਈ ਇੱਕ ਫਲੈਟ ਅਤੇ ਦੇਖਭਾਲ ਕਰਨ ਵਾਲੇ ਮਿਲਣਗੇ। ਪਰ ਕੇਨ ਫਿਰ ਤੋਂ ਆਪਣੇ ਠਿਕਾਣੇ ਉੱਤੇ ਪਰਤਣਾ ਚਾਹੁੰਦੇ ਸਨ।
ਹਾਲਾਂਕਿ, ਉਸ ਸਟ੍ਰੋਕ ਤੋਂ ਬਾਅਦ ਕੇਨ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਗਈ ਅਤੇ ਉਨ੍ਹਾਂ ਦੀ ਯਾਦ ਸ਼ਕਤੀ ਵੀ ਪ੍ਰਭਾਵਿਤ ਹੋਈ। ਇਸ ਦਾ ਮਤਲਬ ਇਹ ਹੋਇਆ ਕਿ ਕੇਨ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਦੂਜਿਆਂ ਤੋਂ ਜ਼ਿਆਦਾ ਮਦਦ ਲੈਣੀ ਹੋਵੇਗੀ।
ਕੇਨ ਜਿੱਥੇ ਰਹਿੰਦੇ ਹਨ, ਉਸ ਜੰਗਲ ਦੇ ਸਰਪ੍ਰਸਤ ਕੇਨ ਦੇ ਖਾਣ-ਪੀਣ ਦਾ ਸਮਾਨ ਹਰ 15 ਦਿਨਾਂ ਵਿੱਚ ਲੈ ਆਉਂਦੇ ਹਨ। ਇਸ ਦੇ ਲਈ ਉਹ ਆਪੀ ਪੈਨਸ਼ਨ ਤੋਂ ਭੁਗਤਾਨ ਕਰਦੇ ਹਨ।

ਤਸਵੀਰ ਸਰੋਤ, Uruna Productions
ਇਸ ਬਾਰੇ ਕੇਨ ਨੇ ਦੱਸਿਆ, ''ਅਜਿਹੇ ਵੇਲੇ ਲੋਕਾਂ ਨੇ ਮੇਰੀ ਬਹੁਤ ਮਦਦ ਕੀਤੀ।''
ਉਸ ਘਟਨਾ ਦੇ ਇੱਕ ਸਾਲ ਬਾਅਦ ਲੱਕੜਾਂ ਦਾ ਢੇਰ ਡਿੱਗਣ ਨਾਲ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਫ਼ਿਰ ਏਅਰਲਿਫ਼ਟ ਕਰਨਾ ਪਿਆ।
ਹਾਲਾਂਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਨਹੀਂ ਹੈ।
ਉਹ ਕਹਿੰਦੇ ਹਨ, ''ਅਸੀਂ ਹਮੇਸ਼ਾ ਲਈ ਧਰਤੀ ਉੱਤੇ ਨਹੀਂ ਰਹਾਂਗੇ। ਮੈਂ ਮਰਦੇ ਦਮ ਤੱਕ ਨਿਸ਼ਚਿਤ ਤੌਰ ਉੱਤੇ ਇੱਥੇ ਹੀ ਰਹਾਂਗਾ। ਮੇਰੇ ਨਾਲ ਕਈ ਘਟਨਾਵਾਂ ਹੋਈਆਂ ਪਰ ਮੈਂ ਹਰ ਵਾਰ ਬਚ ਗਿਆ।''
ਕੇਨ ਕਹਿੰਦੇ ਹਨ, ''ਮੈਂ ਕਦੇ-ਕਦੇ ਬਿਮਾਰ ਵੀ ਹੋਣਾ ਹੈ। ਮੇਰੇ ਨਾਲ ਕੁਝ ਅਜਿਹਾ ਹੋਵੇਗਾ ਜੋ ਇੱਕ ਦਿਨ ਮੈਨੂੰ ਬਹੁਤ ਦੂਰ ਲੈ ਕੇ ਚਲਾ ਜਾਵੇਗਾ, ਜਿਵੇਂ ਸਾਰਿਆਂ ਦੇ ਨਾਲ ਹੁੰਦਾ ਹੈ। ਹਾਲਾਂਕਿ ਮੈਨੂੰ ਉਮੀਦ ਹੈ ਕਿ ਮੈਂ 102 ਸਾਲ ਤੱਕ ਜੀ ਸਕਾਂਗਾ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












