ਕਿਸਾਨ ਅੰਦੋਲਨ: ਰੋਜ਼ਾਨਾ 10 ਕਿਲੋ ਮੀਟਰ ਸਾਇਕਲ ਚਲਾ ਕੇ 400 ਦਿਨਾਂ ਤੋਂ ਕਿਸਾਨ ਮੋਰਚੇ ਉੱਤੇ ਆ ਰਹੇ 82 ਸਾਲਾ ਬਾਬੇ ਦੀ ਕੀ ਹੈ ਪ੍ਰੇਰਣਾ
- ਲੇਖਕ, ਜਸਬੀਰ ਸਿੰਘ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਸਿਦਕ, ਸਿਰੜ, ਜ਼ਿੱਦ ਤੇ ਜਜ਼ਬਾ ਹੋਵੇ ਤਾਂ ਮਨੁੱਖ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ। ਇਨ੍ਹਾਂ ਨੂੰ ਕਾਰਗਰ ਹਥਿਆਰ ਬਣਾ ਇਕੱਲੇ ਵਿਅਕਤੀ ਨੇ ਪਹਾੜ ਤੋੜ ਕੇ ਰਸਤਾ ਵੀ ਬਣਾ ਕੇ ਦਿਖਾਇਆ ਹੈ। ਹੋਰ ਵੀ ਦੁਨੀਆਂ ਦੀਆਂ ਅਨੇਕਾਂ ਮਿਸਾਲਾਂ ਕਾਇਮ ਹੋਈਆਂ ਹਨ।
ਇਸੇ ਤਰ੍ਹਾਂ ਦੇ ਜਜ਼ਬੇ ਨਾਲ ਭਰਪੂਰ ਹੈ ਜਗਰਾਓਂ ਨੇੜੇਲੇ ਪਿੰਡ ਡੱਲਾ ਦਾ 82 ਸਾਲਾ ਬਾਬਾ ਬੰਤਾ ਸਿੰਘ ਚਾਹਲ।
ਇੱਕ ਸਾਲ ਤੋਂ ਚੱਲ ਰਹੇ ਕਿਸਾਨ ਮੋਰਚੇ ਨੇ ਕਈ ਪ੍ਰੇਰਣਾਦਾਇਕ ਕਹਾਣੀਆਂ ਸਾਹਮਣੇ ਲਿਆਂਦੀਆਂ ਹਨ। ਬੰਤਾ ਸਿੰਘ ਜਗਰਾਓਂ 'ਚ 408 ਦਿਨ ਪੂਰੇ ਕਰ ਚੁੱਕੇ ਕਿਸਾਨ ਮੋਰਚੇ 'ਚ ਬਿਨਾਂ ਨਾਗ਼ੇ ਤੋਂ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਦੀ ਹਿੰਮਤ ਤੇ ਹੌਂਸਲੇ ਨੇ ਨੌਜਵਾਨਾਂ ਨੂੰ ਮਾਤ ਪਾਈ ਹੈ ਅਤੇ ਕਈਆਂ ਲਈ ਉਹ ਮਿਸਾਲ ਬਣੇ ਹਨ।
ਇੱਕ ਸਾਲ ਅਤੇ ਇੱਕ ਮਹੀਨੇ ਤੋਂ ਇੱਥੇ (ਜਗਰਾਓਂ) ਚੱਲ ਰਹੇ ਕਿਸਾਨ ਧਰਨੇ 'ਚ ਬਿਨਾਂ ਕਿਸੇ ਨਾਗ਼ੇ ਤੋਂ ਸ਼ਮੂਲੀਅਤ ਬਿਨਾਂ ਵੱਡੇ ਜਿਗਰੇ ਅਤੇ ਜਜ਼ਬੇ ਦੇ ਸੰਭਵ ਨਹੀਂ ਹੈ। ਰੋਜ਼ ਤੜਕੇ ਉੱਠ ਕੇ ਪਿੰਡੋਂ ਸਾਈਕਲ 'ਤੇ ਕਿਸਾਨ ਧਰਨੇ ਲਈ ਚਾਲੇ ਪਾਉਣੇ ਹੀ ਬੰਤਾ ਸਿੰਘ ਦਾ ਹੁਣ 'ਨਿੱਤਨੇਮ' ਹੈ।
ਪੰਜਾਬ ਵਿਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਕਈ ਸੂਬਿਆਂ ਦੇ ਹਜ਼ਾਰਾਂ ਕਿਸਾਨ 11 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਅੰਦੋਲਨ ਕਰ ਰਹੇ ਹਨ।
ਸਿੰਘੂ, ਟਿਕਰੀ, ਗਾਜੀਪੁਰ ਬਾਰਡਰਾਂ ਉੱਤੇ ਬੈਠੇ ਇਨ੍ਹਾਂ ਕਿਸਾਨਾਂ ਨਾਲ ਸਰਕਾਰ ਦੀ 11 ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ, ਪਰ 10 ਮਹੀਨਿਆਂ ਤੋਂ ਗੱਲਬਾਤ ਰੁਕੀ ਹੋਈ ਹੈ। ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ।
ਬਾਬੇ ਦਾ ਪਿੜ ਬਣਿਆ ਕਿਸਾਨ ਮੋਰਚਾ
ਬੰਤਾ ਸਿੰਘ ਦੇ ਪੁੱਤਰ ਹਰਪਾਲ ਸਿੰਘ ਨੇ 9 ਕਿੱਲੇ ਦੀ ਖੇਤੀ ਸੰਭਾਲ ਲਈ ਤਾਂ ਬਾਬੇ ਨੇ ਕਿਸਾਨ ਮੋਰਚੇ ਦਾ ਪਿੜ। ਜਿਹੜਾ ਬਾਪੂ ਕਦੇ ਖੇਤਾਂ 'ਚੋਂ ਬਾਹਰ ਨਹੀਂ ਆਉਂਦਾ ਸੀ, ਉਸ ਨੇ ਕਿਸਾਨ ਮੋਰਚੇ 'ਚ ਸ਼ਾਮਲ ਹੋਣ ਮਗਰੋਂ ਖੇਤ ਪੈਰ ਨਹੀਂ ਪਾਇਆ।

ਤਸਵੀਰ ਸਰੋਤ, BBC/Jasbir Shetra
ਬੰਤਾ ਸਿੰਘ ਕਹਿੰਦੇ ਹਨ, ''ਲੜਾਈ ਜਦੋਂ ਫ਼ਸਲਾਂ ਤੇ ਨਾਲ ਨਸਲਾਂ ਦੀ ਹੋਵੇ ਤਾਂ ਟਿਕ ਕੇ ਨਹੀਂ ਬੈਠਿਆ ਜਾਂਦਾ।''
''ਲੜਾਈ ਜਿੱਤ ਕੇ ਹੀ ਹੁਣ ਮੁੜ ਹੋਣਾ ਹੈ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਹੋਣ 'ਤੇ ਖੇਤਾਂ ਨੂੰ ਜਾਵਾਂਗਾ।''
ਬੰਤਾ ਸਿੰਘ ਦੀ ਨੂੰਹ ਹਰਪ੍ਰੀਤ ਕੌਰ ਸਵੇਰੇ ਉੱਠ ਕੇ ਬਾਪੂ ਲਈ ਚਾਹ ਪਾਣੀ ਤਿਆਰ ਕਰ ਦਿੰਦੇ ਹਨ।
ਇਹ ਵੀ ਪੜ੍ਹੋ:
ਬੰਤਾ ਸਿੰਘ ਇਕੱਲੇ ਪਿੰਡ ਲਈ ਨਹੀਂ ਸਗੋਂ ਪੂਰੇ ਇਲਾਕੇ ਲਈ ਪ੍ਰੇਰਣਾ ਸਰੋਤ ਬਣ ਗਏ ਹਨ। ਉਨ੍ਹਾਂ ਦੀ ਪੋਤੀ ਕੈਨੇਡਾ ਦੀ ਨਾਗਰਿਕ ਹੈ ਜਦਕਿ ਪੋਤਾ ਤੇ ਪੋਤ ਨੂੰਹ ਵੀ ਕੈਨੇਡਾ ਜਾ ਵੱਸੇ ਹਨ।
ਪੁੱਤ-ਨੂੰਹ ਬਾਪੂ ਨੂੰ ਰੋਕਣ ਦੀ ਥਾਂ ਉਲਟਾ ਕਿਸਾਨ ਸੰਘਰਸ਼ 'ਚ ਸ਼ਮੂਲੀਅਤ ਲਈ ਸਾਥ ਤੇ ਸਹਿਯੋਗ ਦਿੰਦੇ ਹਨ।
ਪਿੰਡੋਂ ਹੀ ਜਗਰੂਪ ਸਿੰਘ ਰੂਪ ਤੇ ਇੱਕ ਦੋ ਹੋਰ ਸਾਥੀਆਂ ਨਾਲ ਉਹ ਸਾਈਕਲ 'ਤੇ ਜਗਰਾਓਂ ਪਹੁੰਚਦੇ ਹਨ।

ਤਸਵੀਰ ਸਰੋਤ, BBC/Jasbir Shetra
82 ਸਾਲਾ ਬਾਪੂ ਨੇ 1982 'ਚ ਸਾਈਕਲ ਲਿਆ ਸੀ ਜੋ ਉਨ੍ਹਾਂ ਦੇ ਇਸ ਸਫ਼ਰ ਦਾ ਪੱਕਾ ਸਾਥੀ ਹੈ। ਸਾਈਕਲ ਦਾ ਡੰਡਾ ਚੜ੍ਹਨ 'ਚ ਅੜਿੱਕਾ ਬਣਨ ਲੱਗਿਆ ਤਾਂ ਬਾਪੂ ਸਾਈਕਲ ਲੈ ਕੇ ਝੋਰੜਾਂ ਦੇ ਇੱਕ ਮਿਸਤਰੀ ਕੋਲ ਪਹੁੰਚ ਗਏ।
ਉਨ੍ਹਾਂ ਨੇ ਸਾਈਕਲ ਦਾ ਡੰਡਾ ਕਟਵਾ ਕੇ ਇਸ ਨੂੰ 'ਲੇਡੀ ਸਾਈਕਲ' ਬਣਵਾ ਲਿਆ, ਜਿਸ 'ਤੇ ਕਿਸਾਨੀ ਝੰਡਾ ਬੰਨ੍ਹ ਕੇ ਹੁਣ ਉਹ ਹਰ ਰੋਜ਼ ਪਿੰਡੋਂ ਨਿੱਕਲਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
30 ਮਿੰਟ 'ਚ ਦੱਸ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਧਰਨੇ 'ਚ ਸ਼ਾਮਲ ਹੁੰਦੇ ਹਨ। ਧਰਨੇ 'ਚ ਵੀ ਉਨ੍ਹਾਂ ਦੀ ਥਾਂ ਮੂਹਰਲੀ ਕਤਾਰ ਵਿੱਚ ਹੈ, ਜਿਥੇ ਕਿਸਾਨੀ ਝੰਡਾ ਫੜੀ ਜੋਸ਼ ਤੇ ਉੱਚੀ ਆਵਾਜ਼ 'ਚ ਉਹ ਨਾਅਰੇ ਬੁਲੰਦ ਕਰਦੇ ਹਨ।
ਉਨ੍ਹਾਂ ਨੂੰ ਉਮੀਦ ਨਹੀਂ ਯਕੀਨ ਹੈ ਕਿ ਮੋਦੀ ਹਕੂਮਤ ਤਿੰਨੇ ਕਾਲੇ ਕਾਨੂੰਨ ਰੱਦ ਕਰੇਗੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਹੋਵੇਗੀ।
ਕਿਸਾਨ ਮੋਰਚੇ ਉੱਤੇ ਜਾਣ ਦਾ ਨਾਗਾ ਨਾ ਪਵੇ
ਬੰਤਾ ਸਿੰਘ ਹੁਣ ਇਸ ਗੱਲੋਂ ਡਰਦੇ ਹਨ ਕਿ ਧਰਨੇ 'ਚ ਸ਼ਾਮਲ ਹੋਣ ਤੋਂ ਇੱਕ ਦਿਨ ਵੀ ਉੱਕ ਨਾ ਜਾਵੇ ਤੇ ਨਾਗ਼ਾ ਨਾ ਪੈ ਜਾਵੇ।
ਬੰਤਾ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਫ਼ਸਲਾਂ ਤੇ ਨਸਲਾਂ ਦੀ ਲੜਾਈ ਲੜ ਰਹੇ ਹਨ।
ਬਾਪੂ ਅਕਸਰ ਪਿੰਡੋਂ ਧਰਨੇ ਵਾਲੇ ਲੰਗਰ ਦੀ ਚਾਹ ਲਈ ਦੁੱਧ ਵੀ ਇਕੱਠਾ ਕਰਕੇ ਲਿਆਉਂਦੇ ਹਨ ਅਤੇ ਇੱਕ ਸਾਲ ਤੇ ਇੱਕ ਮਹੀਨੇ 'ਚ ਉਨ੍ਹਾਂ ਨੇ ਖਰਚ ਵੀ ਪੱਲਿਓਂ ਹੀ ਕੀਤਾ ਹੈ।
ਪਿੰਡ ਵਾਸੀ ਵੀ ਬੰਤਾ ਸਿੰਘ 'ਤੇ ਮਾਣ ਕਰਦੇ ਕਹਿੰਦੇ ਹਨ ਇਕੱਲੇ ਬਾਪੂ ਨੇ ਕਿਸਾਨ ਸੰਘਰਸ਼ ਪੂਰੇ ਪਿੰਡ ਦੀ ਲਾਜ ਰੱਖੀ ਹੈ।
ਮੰਦਰ ਸਿੰਘ ਸਰਾਂ ਤੇ ਰਣਧੀਰ ਸਿੰਘ ਧੀਰਾ ਦਾ ਕਹਿਣਾ ਸੀ ਕਿ ਬਾਪੂ ਬੰਤਾ ਸਿੰਘ ਦੇ ਸਿਰੜ ਨੂੰ ਪੂਰਾ ਪਿੰਡ ਸਲਾਮ ਕਰਦਾ ਹੈ।
ਬੰਤਾ ਸਿੰਘ ਵਾਂਗ ਪਿੰਡ ਰੂਮੀ ਦੇ 84 ਸਾਲਾ ਤੇਜਾ ਸਿੰਘ ਦੇ ਸਰੀਰ 'ਚ ਕੁੱਬ ਪੈ ਗਿਆ ਪਰ ਉਨ੍ਹਾਂ ਨੇ ਜਜ਼ਬੇ 'ਚ ਕੁੱਬ ਨਹੀਂ ਪੈਣ ਦਿੱਤਾ ਤਾਂਹੀਓਂ ਤਾਂ ਖੁੰਡਿਆਂ ਸਹਾਰੇ ਰੋਜ਼ਾਨਾ ਧਰਨੇ 'ਚ ਹਾਜ਼ਰੀ ਭਰਨਾ ਉਨ੍ਹਾਂ ਦਾ ਧਰਮ ਹੈ।
ਚਾਰ ਧੀਆਂ ਅਤੇ ਇੱਕ ਪੁੱਤ ਦੇ ਪਿਤਾ ਤੇਜਾ ਸਿੰਘ 6 ਕਿੱਲੇ ਦੀ ਖੇਤੀ ਆਪਣੇ ਪੁੱਤ ਅਤੇ ਪੋਤੇ ਦੇ ਸਿਰ 'ਤੇ ਕਰਦੇ ਹਨ।
ਬੰਤਾ ਸਿੰਘ ਵਰਗਾ ਹੀ ਹੈ ਗਿੰਦਰ ਸਿੰਘ
85 ਸਾਲਾ ਗਿੰਦਰ ਸਿੰਘ ਕੋਲ ਨਾ ਜ਼ਮੀਨ ਹੈ ਤੇ ਨਾ ਖੇਤੀ ਪਰ ਉਹ ਵੀ ਧਰਨੇ 'ਚ ਆਉਣਾ ਕਦੇ ਨਹੀਂ ਭੁੱਲੇ। ਦਲਿਤ ਮੁਹੱਲੇ ਦਾ ਬੇਜ਼ਮੀਨਾ ਬਾਪੂ ਮੋਰਚੇ ਦੇ ਲੰਗਰ ਸਟੋਰ ਦਾ ਇੰਚਾਰਜ ਹੈ। ਰੋਜ਼ ਦਰੀਆਂ ਵਿਛਾਉਣ, ਸਫਾਈ ਕਰਨ ਸਮੇਤ ਹੋਰ ਕੰਮ ਉਨ੍ਹਾਂ ਨੇ ਆਪਣੇ ਜ਼ਿੰਮੇ ਲਏ ਹੋਏ ਹਨ।

ਤਸਵੀਰ ਸਰੋਤ, BBC/Jasbir Shetra
ਸਾਈਕਲ 'ਤੇ ਹੀ ਆਉਂਦੇ ਪਿੰਡ ਅਖਾੜਾ ਦੇ ਬਿੱਕਰ ਸਿੰਘ ਲਈ ਵੀ ਮੋਰਚੇ ਦੀ ਹਾਜ਼ਰੀ ਸਾਹਾਂ ਜਿੰਨੀ ਜ਼ਰੂਰੀ ਹੈ।
ਇਸੇ ਤਰ੍ਹਾਂ ਕੋਠੇ ਖੰਜੂਰਾਂ ਪਿੰਡ ਦੇ ਜਗਦੀਪ ਸਿੰਘ ਦੀ ਵੀ ਕੋਈ ਗ਼ੈਰ ਹਾਜ਼ਰੀ ਨਹੀਂ ਹੈ। ਕੋਠੇ ਸ਼ੇਰਜੰਗ ਦੇ ਅਜਾਇਬ ਸਿੰਘ, ਗੁਰਬਖਸ਼ ਸਿੰਘ ਅਤੇ ਹੋਰ ਕਈ ਕਿਸਾਨ ਹਨ ਜਿਹੜੇ ਧਰਨੇ ਦੇ ਪੱਕੇ ਸੰਗੀ ਬਣੇ ਹੋਏ ਹਨ।
ਇਹ ਸਭ ਦੱਸਦੇ ਹਨ ਕਿ ਇੱਕ ਸਾਲ ਤੇ ਇੱਕ ਮਹੀਨੇ ਦੌਰਾਨ ਸਰਦੀ ਵੀ ਆਈ ਤੇ ਗਰਮੀ ਵੀ, ਬਰਸਾਤ ਦੇ ਦਿਨ ਵੀ ਆਏ ਪਰ ਉਨ੍ਹਾਂ ਦੀ ਕਿਸਾਨ ਮੋਰਚੇ 'ਚ ਕੋਈ ਗੈਰ ਹਾਜ਼ਰੀ ਨਹੀਂ।
ਬਾਪੂ ਬੰਤਾ ਸਿੰਘ ਨੇ ਕਿਹਾ ਕਿ ਕਈ ਵਾਰ ਉਹ ਜਗਰਾਓਂ ਸ਼ਹਿਰ 'ਚ ਮੀਂਹ ਦੇ ਗੋਡੇ-ਗੋਡੇ ਖੜ੍ਹੇ ਪਾਣੀ 'ਚੋਂ ਵੀ ਲੰਘ ਕੇ ਧਰਨੇ 'ਚ ਪਹੁੰਚੇ।
ਉਨ੍ਹਾਂ ਦੇ ਲਾਮਿਸਾਲ ਜਜ਼ਬੇ ਕਰਕੇ ਪਿੰਡ ਵਾਸੀ ਅਤੇ ਐਨ.ਆਰ.ਆਈ. ਕਮੇਟੀ ਵੱਲੋਂ ਬੰਤਾ ਸਿੰਘ ਚਾਹਲ ਦਾ ਸਨਮਾਨ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













