ਫ਼ਿਰੋਜ਼ਪੁਰ ਵਿਖੇ ਕਿਸਾਨ ਅਤੇ ਅਕਾਲੀ ਆਗੂਆਂ ਨੇ ਲਗਾਏ ਇੱਕ ਦੂਜੇ ਉਪਰ ਫਾਇਰਿੰਗ ਦੇ ਆਰੋਪ, ਜਾਂਚ ਜਾਰੀ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੋਂ ਚੋਣ ਪ੍ਰਚਾਰ ਦੌਰਾਨ ਸਵਾਲ ਕਰਦੇ ਰਹੇ ਹਨ।

ਬੁੱਧਵਾਰ ਨੂੰ ਵੀ ਫ਼ਿਰੋਜ਼ਪੁਰ ਵਿਖੇ ਕਿਸਾਨ ਸ਼੍ਰੋਮਣੀ ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਨੂੰ ਮਿਲਣਾ ਚਾਹੁੰਦੇ ਸਨ ਪਰ ਹਾਲਾਤ ਅਜਿਹੇ ਬਣੇ ਕਿ ਕਿਸਾਨ ਅਤੇ ਅਕਾਲੀ ਦਲ ਇੱਕ ਦੂਜੇ ਉੱਪਰ ਗੋਲੀ ਚਲਾਉਣ ਦੇ ਆਰੋਪ ਲਗਾ ਰਹੇ ਹਨ।

ਇਹ ਆਰੋਪ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਅਤੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਵੱਲੋਂ ਇੱਕ ਦੂਸਰੇ ਉਪਰ ਲਗਾਏ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ।

ਇਸ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਰੋਧ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੋਗਾ ਵਿਖੇ ਵਿਰੋਧ ਕਰਨ ਦੌਰਾਨ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ ਸੀ।

'ਮੈਨੂੰ ਕਤਲ ਕਰਨ ਦੀ ਕੀਤੀ ਗਈ ਕੋਸ਼ਿਸ਼'

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹਰਸਿਮਰਤ ਕੌਰ ਬਾਦਲ ਨਾਲ ਬੈਠਕ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ:-

ਹਰਨੇਕ ਸਿੰਘ ਮਹਿਮਾ ਨੇ ਕਿਹਾ, "ਦੋ ਘੰਟੇ ਇੰਤਜ਼ਾਰ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਉੱਥੋਂ ਜਾਣ ਲੱਗੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋ।"

"ਉਸ ਨੇ ਮੇਰੇ ਉਪਰ ਗੱਡੀ ਚੜਾ ਕੇ ਮੈਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਲਗਭਗ ਡੇਢ ਕਿਲੋਮੀਟਰ ਮੈਂ ਉਸ ਦੀ ਗੱਡੀ ਅੱਗੇ ਰਿੜ੍ਹਦਾ ਰਿਹਾ। ਮੈਨੂੰ ਗੱਡੀ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਤਿੰਨ ਵਾਰ ਫਾਇਰ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਲੀ ਚਲਾਈ ਗਈ ਹੈ।"

ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਇਸ ਦੌਰਾਨ ਕੁਝ ਹੋਰ ਲੋਕਾਂ ਨੂੰ ਵੀ ਸੱਟਾਂ ਆਈਆਂ ਹਨ।

ਸੀਸੀਟੀਵੀ ਕੈਮਰੇ ਵਿੱਚ ਸਾਹਮਣੇ ਆਈਆਂ ਤਸਵੀਰਾਂ ਵਿੱਚ ਇੱਕ ਗੱਡੀ ਦੇ ਬੋਨਟ ਉਪਰ ਇੱਕ ਵਿਅਕਤੀ ਦਿਖ ਰਿਹਾ ਹੈ ਅਤੇ ਗੱਡੀ ਲਗਾਤਾਰ ਚੱਲ ਰਹੀ ਹੈ।

'ਜਾਨ ਬਚਾ ਕੇ ਭੱਜ ਕੇ ਆਏ ਹਾਂ'

ਉਧਰ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਗੁਰੂਹਰਸਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਸਮਾਗਮ ਤੋਂ ਬਾਅਦ ਉਹ ਚਲੇ ਗਏ ਅਤੇ ਉਨ੍ਹਾਂ ਦੀ ਗੱਡੀ ਜੋ ਪਿੱਛੇ ਰਹਿ ਗਈ ਸੀ ਉਸ ਉੱਪਰ ਡਾ. ਹਰਨੇਕ ਸਿੰਘ ਮਹਿਮਾ ਅਤੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ।

ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ, "ਸਾਡੇ ਉਪਰ ਜਾਨਲੇਵਾ ਹਮਲਾ ਕੀਤਾ ਗਿਆ। ਅਸੀਂ ਮੁਸ਼ਕਿਲ ਨਾਲ ਜਾਨ ਬਚਾ ਕੇ ਆਏ ਹਾਂ। ਉਨ੍ਹਾਂ ਵੱਲੋਂ ਫਾਇਰ ਕੀਤੇ ਗਏ ਹਨ ਅਤੇ ਸੁਰੱਖਿਆ ਲਈ ਮੇਰੇ ਗੰਨਮੈਨ ਨੇ ਵੀ ਫਾਇਰ ਕੀਤੇ ਹਨ। ਹਰਨੇਕ ਸਿੰਘ ਮਹਿਮਾ ਨਾਲ ਕੁਝ ਅਣਪਛਾਤੇ ਬੰਦੇ ਵੀ ਸਨ। ਸਾਨੂੰ ਇਸ ਹਮਲੇ ਦਾ ਕਾਰਨ ਨਹੀਂ ਪਤਾ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਸੁਖਬੀਰ ਬਾਦਲ ਵੱਲੋਂ ਆਖਿਆ ਗਿਆ ਹੈ ਕਿ ਇਹ ਹਮਲਾ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੇ ਗੁੰਡਿਆਂ ਵੱਲੋਂ ਕੀਤਾ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਫਿਰੋਜ਼ਪੁਰ ਦੇ ਐੱਸਐੱਸਪੀ ਹਰਮਨ ਹੰਸ ਦਾ ਕਹਿਣਾ ਹੈ ਕਿ ਉਹ ਦੋਵੇਂ ਪੱਖਾਂ ਦੀ ਗੱਲ ਸੁਣ ਰਹੇ ਹਨ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਕਾਰਵਾਈ ਦੀ ਮੰਗ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਇਸ ਸਾਰੀ ਘਟਨਾ ਦੀ ਨਿਖੇਧੀ ਕੀਤੀ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਮੋਰਚੇ ਵੱਲੋਂ ਵੀਰਵਾਰ ਨੂੰ ਫ਼ਿਰੋਜ਼ਪੁਰ ਦੇ ਡੀਸੀ ਦਫ਼ਤਰ ਅੱਗੇ ਰੋਸ ਮਾਰਚ ਦੀ ਗੱਲ ਵੀ ਆਖੀ ਗਈ ਹੈ ਅਤੇ ਇਸ ਘਟਨਾ ਵਿੱਚ ਇਨਸਾਫ਼ ਦੀ ਮੰਗ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)