ਕਿਸਾਨ ਅੰਦੋਲਨ: ਦੀਵਾਲੀ 'ਤੇ ਵੀ ਘਰ ਨਹੀਂ ਗਿਆ 11 ਮਹੀਨਿਆਂ ਤੋਂ ਸਿੰਘੂ ਬੈਠਾ 85 ਸਾਲਾ ਬਾਪੂ

ਵੀਡੀਓ ਕੈਪਸ਼ਨ, ਨਛੱਤਰ ਸਿੰਘ
    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ 11 ਮਹੀਨਿਆਂ ਦੇ ਵਿਚ ਅਸੀਂ ਪੁਲਿਸ ਦੇ ਡੰਡੇ, ਅੱਥਰੂ ਗੈੱਸ, ਸਰਦੀਆਂ, ਗਰਮੀਆਂ, ਮੀਂਹ, ਹਨੇਰੀਆਂ ਅਤੇ ਕੋਰੋਨਾ ਦੀ ਬਿਮਾਰੀ ਦੇਖੀ ਹੈ, ਪਰ ਇਸ ਦੌਰਾਨ ਕਦੇ ਵੀ ਦਿਲ ਘਰ ਜਾਣ ਨਹੀਂ ਕੀਤਾ।

ਇਹ ਸ਼ਬਦ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ਉਤੇ ਧਰਨਾ ਲਾਈ ਬੈਠੇ ਕਿਸਾਨਾਂ ਵਿਚੋਂ ਇੱਕ ਨਛੱਤਰ ਸਿੰਘ ਗਰੇਵਾਲ ਦੇ।

ਕਰੀਬ 85 ਸਾਲਾ ਨਛੱਤਰ ਸਿੰਘ ਦਾ ਦਾਅਵਾ ਹੈ ਕਿ ਉਹ ਪਿਛਲੇ 11 ਮਹੀਨਿਆਂ ਤੋਂ ਸਿੰਘੂ ਬਾਰਡਰ ਉੱਤੇ ਡਟਿਆ ਹੋਇਆ ਅਤੇ ਸਿਰਫ਼ ਪੰਜ ਦਿਨਾਂ ਲਈ ਬਿਮਾਰੀ ਦੀ ਸਥਿਤੀ ਵਿਚ ਉਹ ਪਿੰਡ ਗਿਆ ਸੀ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਦੇ ਖ਼ਿਲਾਫ਼ ਇਸ ਸਮੇਂ ਦਿੱਲੀ ਦੇ ਬਾਰਡਰ ਸਿੰਘੂ ,ਟਿਕਰੀ ਅਤੇ ਗਾਜੀਪੁਰ ਵਿਖੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਡਟੇ ਹੋਏ ਹਨ।

ਇਹ ਵੀ ਪੜ੍ਹੋ:

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਸਿੰਘ ਦੇ ਵਸਨੀਕ ਨਛੱਤਰ ਸਿੰਘ ਆਖਦੇ ਹਨ ਕਿ " ਇੱਥੇ ਹੁਣ ਮੇਰਾ ਦਿਲ ਲੱਗਦਾ ਹੈ, ਇਹ ਲੋਕ ਮੇਰੇ ਪਰਿਵਾਰ ਦਾ ਹਿੱਸਾ ਹੈ, ਸਿੰਘੂ ਬਾਰਡਰ ਉੱਤੇ ਪਿਆਰ ਹੀ ਪਿਆਰ ਹੈ ਇੱਥੇ ਹੋਰ ਕੁਝ ਨਹੀਂ।

ਛੋਟਾ ਕਿਸਾਨ ਤੇ ਵੱਡਾ ਸੰਘਰਸ਼

ਆਪਣੇ ਪਰਿਵਾਰ ਬਾਰੇ ਦੱਸਦਿਆਂ ਨਛੱਤਰ ਸਿੰਘ ਆਖਦੇ ਹਨ ਕਿ ਉਸ ਦੇ ਛੇ ਭਰਾ ਸਨ ਅਤੇ ਪਰਿਵਾਰ ਦਾ ਮੁੱਖ ਕਿੱਤਾ ਖੇਤੀ- ਬਾੜੀ ਸੀ, ਉਸ ਸਮੇਂ ਸੋਹਣਾ ਗੁਜ਼ਾਰਾ ਹੋ ਜਾਂਦਾ ਸੀ, ਪਰ ਹੁਣ ਨਹੀਂ।

ਵਿਆਹ ਤੋਂ ਬਾਅਦ ਪਰਿਵਾਰਕ ਵੰਡ ਵਿਚ ਉਸ ਦੇ ਹਿੱਸੇ ਡੇਢ ਏਕੜ ਜ਼ਮੀਨ ਆਈ, ਖੇਤੀ ਉੱਤੇ ਗੁਜ਼ਾਰਾ ਚੱਲਣਾ ਔਖਾ ਸੀ।

ਇਸ ਕਰ ਕੇ ਉਸ ਨੇ ਡਰਾਈਵਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਉਸ ਨੂੰ ਜਾਣ ਦਾ ਮੌਕਾ ਮਿਲਿਆ।

ਅੱਠਵੀਂ ਪਾਸ ਨਛੱਤਰ ਸਿੰਘ ਦੱਸਦੇ ਹਨ ਕਿ ਉਸ ਦੇ ਦੋ ਬੇਟੇ ਹਨ ਇੱਕ ਖੇਤੀ ਕਰਦਾ ਹੈ ਦੂਜਾ ਰਾਜਗੀਰੀ।

ਉਨ੍ਹਾਂ ਦੱਸਿਆ ਕਿ ਜਦੋਂ ਤੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਉਸ ਵਕਤ ਤੋਂ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਕਰਨ ਇਸ ਦਾ ਵਿਰੋਧ ਕਰਦੇ ਆ ਰਹੇ ਹਨ।

25 ਨਵੰਬਰ 2020 ਨੂੰ ਆਇਆ ਸੀ ਦਿੱਲੀ

ਉਨ੍ਹਾਂ ਦੱਸਿਆ ਕਿ ਆਗੂਆਂ ਦੀ ਦਿੱਲੀ ਚਲੋ ਦੇ ਸੱਦੇ ਤੋਂ ਬਾਅਦ ਉਹ ਕੁਝ ਕੱਪੜੇ ਅਤੇ ਖਾਣ ਪੀਣ ਦਾ ਸਮਾਨ ਲੈ ਕੇ " 25 ਨਵੰਬਰ 2020 ਨੂੰ ਟਰਾਲੀ ਉੱਤੇ ਪਿੰਡ ਤੋਂ ਨਿਕਲਿਆ ਸੀ।

ਸ਼ੰਭੂ ਬਾਰਡਰ ਉੱਤੇ ਪਹਿਲਾਂ ਕੁਝ ਦੇਰ ਰੁਕੇ ਰਹੇ ਅਤੇ ਫਿਰ ਜਦੋਂ ਹਰਿਆਣਾ ਵਿਚ ਐਂਟਰੀ ਮਿਲ ਗਈ ਤਾਂ ਉਹ ਅੱਗੇ ਵਧਦੇ ਗਏ ਅਤੇ ਦੇਰ ਰਾਤ ਉਹ ਸਿੰਘੂ ਬਾਰਡਰ ਉੱਤੇ ਪਹੁੰਚ ਗਏ ਅਤੇ ਉਦੋਂ ਦੇ ਉਹ ਇੱਥੇ ਡਟੇ ਹੋਏ ਹਨ।

ਕਿਸਾਨ ਅੰਦਲੋਨ

ਪਹਿਲਾਂ ਟਰਾਲੀਆਂ ਵਿਚ ਰਹਿਣ ਵਾਲੇ ਨਛੱਤਰ ਸਿੰਘ ਨੇ ਦੱਸਿਆ ਕਿ ਸ਼ੁਰੂ ਵਿਚ ਉਨ੍ਹਾਂ ਨੇ ਜੋੜਿਆਂ ਦੀ ਸਫ਼ਾਈ ਦੀ ਸੇਵਾ ਕੀਤੀ ਅਤੇ ਹੁਣ ਉਹ ਬਜ਼ੁਰਗਾਂ ਦੀ ਮਾਲਸ਼ ਕਰਦਾ ਹੈ।

ਬਾਰਡਰਾਂ ਉੱਤੇ ਮੰਨੇਗੀ ਦੀਵਾਲੀ

ਉਨ੍ਹਾਂ ਦੱਸਿਆ ਕਿ ਨਾ ਸਿਰਫ਼ ਧਰਨੇ ਵਾਲੇ ਲੋਕ ਸਗੋਂ ਸਿੰਘੂ ਪਿੰਡ ਵਿਚ ਰਹਿਣ ਵਾਲੇ ਲੋਕਾਂ ਨਾਲ ਵੀ ਉਸ ਦਾ ਪਿਆਰ ਹੈ।

ਨਛੱਤਰ ਸਿੰਘ ਦੱਸਦੇ ਹਨ ਕਿ ਪਰਿਵਾਰ ਆਖਦਾ ਹੈ ਕਿ ਵਾਪਸ ਪਿੰਡ ਆ ਜਾਓ, ਪਰ ਜਵਾਬ ਹੁੰਦਾ ਹੈ ਕਿ ਉਦੋਂ ਤੱਕ ਨਹੀਂ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ।

ਇਸ ਕਰਕੇ "ਮੇਰੀ ਦੀਵਾਲੀ ਤਾਂ ਸਿੰਘੂ ਬਾਰਡਰ ਉੱਤੇ ਹੋਵੇਗੀ, ਮੈ ਆਪਣੇ ਪਰਿਵਾਰ ਨੂੰ ਇਹ ਗੱਲ ਸਪਸ਼ਟ ਤੌਰ ਉਤੇ ਆਖ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਯਾਦ ਜ਼ਰੂਰ ਆਉਂਦੀ ਹੈ, ਮਨ ਵੀ ਉਦਾਸ ਹੁੰਦਾ ਪਰ ਮੈ ਇੱਥੋਂ ਜਾਣਾ ਨਹੀਂ, ਪਰਿਵਾਰ ਨਾਲ ਮੇਰੀ ਜ਼ਿਆਦਾ ਲੋੜ ਧਰਨੇ ਵਿਚ ਇਹ ਮੈਨੂੰ ਲੱਗਦਾ ਹੈ।

ਮੌਸਮ ਦੀ ਗੱਲ ਕਰਦਿਆਂ ਬਜ਼ੁਰਗ ਨਛੱਤਰ ਸਿੰਘ ਦੱਸਦੇ ਹਨ ਕਿ ਗਰਮੀ ਵਿਚ ਬਹੁਤ ਦਿੱਕਤਾਂ ਆਈਆਂ, ਬਿਜਲੀ ਬੰਦ ਕਰ ਦਿੱਤੀ ਜਾਂਦੀ ਸੀ ਸਰਕਾਰ ਵੱਲੋਂ, ਲੋਹੇ ਦੀਆਂ ਟੀਨਾਂ ਤਪਦੀਆਂ ਸਨ ਪਰ ਸਾਡੇ ਹੌਸਲੇ ਬੁਲੰਦ ਸਨ ਇਸ ਕਰ ਕੇ ਅਸੀਂ ਇਸ ਨੂੰ ਬਰਦਾਸ਼ਤ ਕੀਤਾ।

ਕਿਸਾਨ ਅੰਦਲੋਨ

ਦਿੱਲੀ ਅੰਦੋਲਨ ਦੀ ਮੌਜੂਦਾ ਸਥਿਤੀ

'ਹੁਣ ਪਿੰਡ ਮੇਰੇ ਚਿੱਤ ਨਹੀਂ ਲੱਗਦਾ, ਸਿੰਘੂ ਬਾਰਡਰ ਮੈਨੂੰ ਘਰ ਅਤੇ ਪਿੰਡ ਵਾਂਗ ਲੱਗਦਾ ਹੈ, ਇੱਥੇ ਲੋਕ ਮੇਰੇ ਧੀਆਂ, ਪੁੱਤਾਂ ਵਰਗੇ ਹਨ ਅਤੇ ਮੈਨੂੰ ਬੇਬੇ ਬੇਬੇ ਆਖ ਕੇ ਪੂਰਾ ਮਾਣ ਸਨਮਾਨ ਦਿੰਦੇ ਹਨ।

ਇਸ ਕਰ ਕੇ ਪਿੰਡ ਦੀ ਥਾਂ ਜ਼ਿਆਦਾ ਸਮਾਂ ਧਰਨੇ ਵਿਚ ਵਿਚ ਰਹਿੰਦੀ ਹਾਂ ਅਤੇ ਇੱਥੇ ਹੀ ਮੇਰਾ ਦਿਲ ਲੱਗਦਾ ਹੈ, ਇਹ ਬੋਲ ਹਨ 75 ਸਾਲਾ ਜਸਵੀਰ ਕੌਰ ਦੇ।

ਜਸਵੀਰ ਕੌਰ ਆਖਦੀ ਹੈ ਕਿ ਜੇਕਰ ਪਿੰਡ ਚਲੇ ਵੀ ਜਾਂਦੀ ਤਾਂ ਹਫ਼ਤੇ ਬਾਅਦ ਹੀ ਇੱਥੇ ਵਾਪਸ ਆ ਜਾਂਦੀ ਹਾਂ, ਮੋਰਚਾ ਫ਼ਤਿਹ ਕਰ ਕੇ ਹੀ ਇਹਨਾਂ ਕਿਸਾਨਾਂ ਦੇ ਨਾਲ ਵਾਪਸ ਪੰਜਾਬ ਜਾਵਾਂਗੀ।

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਜਸਵੀਰ ਕੌਰ ਸਿੰਘੂ ਬਾਰਡਰ ਧਰਨਾ ਲਗਾਈ ਬੈਠੇ ਕਿਸਾਨਾਂ ਵਿਚੋਂ ਇੱਕ ਸੀ।

ਹੱਥ ਵਿਚ ਸੋਟੀ ਫੜੀ ਬਜ਼ੁਰਗ ਜਸਵੀਰ ਕੌਰ ਦਾ ਸਬੰਧ ਕਿਸਾਨੀ ਪਰਿਵਾਰ ਨਾਲ ਹੈ। ਗੱਲਬਾਤ ਦੌਰਾਨ ਜਦੋਂ ਪਰਿਵਾਰ ਬਾਰੇ ਪੁੱਛਿਆਂ ਤਾਂ ਭਰੇ ਗਲੇ ਨਾਲ ਆਖਿਆ ਕਿ ਪੁੱਤ ਨਾ ਛੇੜ ਜ਼ਖ਼ਮਾਂ ਨੂੰ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਦਾ ਆਈਟੀ ਸੈੱਲ ਇੰਝ ਕੰਮ ਕਰਦਾ ਹੈ

ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਜਸਵੀਰ ਕੌਰ ਆਖਦੀ ਹੈ ਕਿ ਮੇਰਾ ਪਤੀ, ਤਿੰਨ ਜਵਾਨ ਪੁੱਤ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ, ਘਰ ਵਿਚ ਪੋਤੇ ਅਤੇ ਨੂੰਹਾਂ ਹਨ ਅਤੇ ਉਹ ਪਿਛਲੇ 11 ਮਹੀਨਿਆਂ ਤੋਂ ਸਿੰਘੂ ਬਾਰਡਰ ਉੱਤੇ ਡਟੀ ਹੈ।

ਮਹੀਨੇ ਵਿਚ ਉਹ ਸਿਰਫ਼ 10 ਦਿਨ ਲਈ ਪਿੰਡ ਜਾਂਦੀ ਹੈ ਅਤੇ ਬਾਕੀ ਦਿਨ ਉਹ ਸਿੰਘੂ ਉੱਤੇ ਬਤੀਤ ਕਰਦੀ ਹੈ।

ਇੰਨੇ ਘੱਟ ਸਮੇਂ ਲਈ ਪਿੰਡ ਜਾਣ ਦਾ ਕਾਰਨ ਪੁੱਛੇ ਜਾਣ ਉੱਤੇ ਉਹ ਆਖਦੀ ਹੈ ਪੁੱਤ ਹੁਣ ਉੱਥੇ ਚਿੱਤ ਹੀ ਨਹੀਂ ਲੱਗਦਾ, ਸਿੰਘੂ ਹੁਣ ਮੇਰਾ ਘਰ ਬਣ ਚੁੱਕਾ ਹੈ।

ਜਸਵੀਰ ਕੌਰ ਦੱਸਦੀ ਹੈ ਕਿ ਇੱਥੇ ਨੌਜਵਾਨ ਉਸ ਦਾ ਪੂਰਾ ਖ਼ਿਆਲ ਰੱਖਦੇ ਹਨ ਅਤੇ ਧਰਨੇ ਉੱਤੇ ਬੈਠੇ ਨੌਜਵਾਨ, ਮਹਿਲਾਵਾਂ ਨਾਲ ਉਸ ਦਾ ਪਰਵਾਰਕ ਰਿਸ਼ਤਾ ਬਣ ਗਿਆ ਹੈ ਜੋ ਖ਼ੂਨ ਦੇ ਰਿਸ਼ਤੇ ਨਾਲ ਜ਼ਿਆਦਾ ਗੂੜ੍ਹਾ ਹੋ ਗਿਆ ਹੈ।

ਜਸਵੀਰ ਕੌਰ ਆਖਦੀ ਹੈ ਕਿ ਕਾਨੂੰਨ ਵਾਪਸ ਕਰਵਾ ਕੇ ਹੀ ਪਿੰਡ ਜਾਣਾ ਹੈ ਖ਼ਾਲੀ ਹੱਥ ਨਹੀਂ। ਉਨ੍ਹਾਂ ਆਖਿਆ ਕਿ ਜੇ ਕੇਂਦਰ ਸਰਕਾਰ ਜਿੱਦੀ ਹੈ ਤਾਂ ਅਸੀਂ ਵੀ ਉਸ ਤੋਂ ਜਿਆਦਾ ਜਿੱਦੀ ਹਾਂ।

ਜਸਵੀਰ ਕੌਰ ਦੱਸਦੇ ਹਨ ਕਿ ਸਰਦੀਆਂ ਵਿਚ ਇਹ ਅੰਦੋਲਨ ਸ਼ੁਰੂ ਹੋ ਹੋਇਆ ਸੀ ਫਿਰ ਗਰਮੀਆਂ,ਬਰਸਾਤਾਂ, ਹਨੇਰੀਆਂ, ਪਤਾ ਨਹੀਂ ਕੀ ਇੱਥੇ ਦੇਖਿਆ ਪਰ ਕਦੇ ਵੀ ਮੰਨ ਨਹੀਂ ਡੋਲਿਆ।

ਦਿਨ ਕਿਵੇਂ ਲੰਘਦਾ ਹੈ ਤਾਂ ਉਹ ਦੱਸਦੀ ਸਵੇਰੇ ਸ਼ਾਮ ਲੰਗਰ ਵਿਚ ਸੇਵਾ ਕਰਦੀ ਹਾਂ, ਬਾਕੀ ਵਕਤ ਸਟੇਜ ਉੱਤੇ ਆਗੂਆਂ ਦੀਆਂ ਤਕਰੀਰਾਂ ਸੁਣਦੀ ਹਾਂ ਵਕਤ ਲੰਘ ਜਾਂਦਾ ਹੈ ਇੱਥੇ ਕੋਈ ਦਿੱਕਤ ਨਹੀਂ ਹੈ, ਇਹ ਆਖ ਕੇ ਜਸਵੀਰ ਕੌਰ ਚਲੇ ਜਾਂਦੀ ਹੈ।

ਕਿਸਾਨ ਅੰਦਲੋਨ

ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਵਿਚ ਭੀੜ ਜ਼ਰੂਰ ਘੱਟ ਹੋਈ ਹੈ ਪਰ ਕਿਸਾਨਾਂ ਦਾ ਜਜ਼ਬਾ ਉਸੇ ਤਰੀਕੇ ਨਾਲ ਬਰਕਰਾਰ ਹੈ।

ਟਰਾਲੀਆਂ ਦੇ ਨਾਲ ਇੱਥੇ ਬਾਂਸ ਦੀਆਂ ਝੋਂਪੜੀਆਂ ਬਣ ਗਈਆਂ ਹਨ, ਜਿੰਨਾ ਵਿਚ ਰਹਿਣ ਦੇ ਲਈ ਸਾਰਾ ਲੋੜੀਂਦਾ ਜ਼ਰੂਰੀ ਸਮਾਨ ਮੌਜੂਦਾ ਹੈ। ਲਾਇਬ੍ਰੇਰੀ, ਆਰਜੀ ਹਸਪਤਾਲ ਗੱਲ ਕਿ ਜ਼ਰੂਰਤ ਦੀ ਹਰ ਚੀਜ਼ ਇਥੇ ਮੌਜੂਦਾ ਹੈ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਚੰਚਲ ਸਿੰਘ ਆਖਦੇ ਹਨ ਕਿ ਇਸ ਵਕਤ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਚੱਲ ਰਹੀ ਹੈ। ਨੌਜਵਾਨ ਫ਼ਸਲ ਨੂੰ ਸੰਭਾਲ ਰਹੇ ਹਨ ਅਤੇ ਬਜ਼ੁਰਗ ਧਰਨੇ ਨੂੰ, ਥੋੜੇ ਦਿਨ ਤੱਕ ਫਿਰ ਤੋਂ ਇੱਥੇ ਭੀੜ ਦੇਖਣ ਨੂੰ ਮਿਲੇਗੀ।

70 ਸਾਲਾ ਚੰਚਲ ਸਿੰਘ ਆਖਦੇ ਹਨ ਕਿ ਸਾਡੇ ਬੱਚੇ ਦਿੱਲੀ ਆਉਣ ਲਈ ਸਾਡੇ ਨਾਲ ਵੀ ਕਾਹਲੇ ਹਨ।

ਹੁਣ ਪਿੰਡਾਂ ਵਿਚ ਕਿਸਾਨਾਂ ਦੀਆਂ ਦਿਲੀ ਧਰਨੇ ਲਈ ਡਿਊਟੀਆਂ ਫਿਕਸ ਹੋਈਆਂ ਹਨ। ਇੱਕ ਪਿੰਡ ਦੇ 7 ਤੋਂ 10 ਕਿਸਾਨ ਦਾ ਜਥਾ ਵਾਰੋ ਵਾਰੀ ਦਿੱਲੀ ਮੋਰਚੇ ਉੱਤੇ ਡਿਊਟੀ ਦਿੰਦਾ ਹੈ।

ਚਾਰ ਏਕੜ ਜ਼ਮੀਨ ਦੇ ਮਾਲਕ ਚੰਚਲ ਸਿੰਘ ਆਖਦੇ ਹਨ ਕਿਸਾਨੀ ਮੌਜੂਦਾ ਦੌਰ ਵਿਚ ਬਹੁਤ ਮਾੜੇ ਦੌਰ ਵਿਚੋਂ ਲੰਘ ਰਹੀ ਹੈ ਸਰਕਾਰਾਂ ਸੁਣਦੀਆਂ ਨਹੀਂ ਇਸ ਕਰ ਕੇ ਇਸ ਮੋਰਚੇ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ।

ਚੰਚਲ ਸਿੰਘ ਦੱਸਦੇ ਹਨ ਕਿ ਇਹ ਅੰਦੋਲਨ ਇਤਿਹਾਸਕ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਇਸ ਦਾ ਹਿੱਸਾ ਹਨ।

ਸਿੰਘੂ ਦਾ ਮੌਜੂਦਾ ਦ੍ਰਿਸ਼

ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਸਟੇਜ ਪਹਿਲਾਂ ਦੀ ਤਰਾਂ ਹੁਣ ਵੀ ਕਾਇਮ ਹੈ ਪਰ ਹੁਣ ਇਸ ਦਾ ਸਮਾਂ 11 ਤੋਂ 3 ਵਜੇ ਤੱਕ ਨਿਸ਼ਚਿਤ ਕਰ ਦਿੱਤਾ ਗਿਆ ਹੈ।

ਸਟੇਜ ਉੱਤੇ ਬਾਕੀ ਬੈਨਰਾਂ ਦੇ ਨਾਲ ਨਾਲ ਲਖੀਮਪੁਰ ਖੀਰੀ ਘਟਨਾ ਵਿਚ ਮਾਰੇ ਗਏ ਚਾਰ ਕਿਸਾਨਾਂ ਦੀਆਂ ਤਸਵੀਰਾਂ ਦਾ ਇੱਕ ਬੈਨਰ ਵੀ ਲੱਗਾ ਹੋਇਆ ਹੈ।

ਸਟੇਜ ਤੋਂ ਇਲਾਵਾ ਲੋਕਾਂ ਦੇ ਬੈਠਣ ਲਈ ਲੋਹੇ ਦੀਆਂ ਟੀਨਾਂ ਦਾ ਸ਼ੈੱਡ ਕਾਇਮ ਕਰ ਦਿੱਤਾ ਗਿਆ ਹੈ ਭਾਵ ਹੁਣ 11 ਮਹੀਨਿਆਂ ਦੇ ਵਿਚ ਇਹ ਪੱਕਾ ਮੋਰਚਾ ਬਣ ਚੁਕਾ ਹੈ।

ਸਟੇਜ ਉੱਤੇ ਆਗੂ ਜਿੱਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਂਉਦੇ ਹਨ ਉੱਥੇ ਹੀ ਸ਼ਾਂਤੀ ਦੀ ਅਪੀਲ ਵਾਰ ਵਾਰ ਸਟੇਜ ਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :

ਸ਼ਾਮੀ ਚਾਰ ਵਜੇ ਤੋਂ ਬਾਅਦ ਚਹਿਲ ਪਹਿਲ ਖ਼ਤਮ ਹੋ ਜਾਂਦੀ ਹੈ ਅਤੇ ਕਿਸਾਨ ਆਪੋ ਆਪਣੇ ਟਿਕਾਣਿਆਂ ਉੱਤੇ ਪਹੁੰਚ ਜਾਂਦੇ ਹਨ। ਸਵੇਰੇ ਕਿਸਾਨ ਆਪੋ ਆਪਣੇ ਟਿਕਾਣਿਆਂ ਦੀ ਸਫ਼ਾਈ ਕਰਦੇ ਹਨ ਅਤੇ ਫਿਰ ਲੰਗਰ ਦੀ ਤਿਆਰੀ।

ਪ੍ਰਮੁੱਖ ਹਾਈਵੇ ਦੇ ਨਾਲ ਛੋਟੀ ਸੜਕ ਦੋਵਾਂ ਪਾਸਿਆਂ ਤੋਂ ਖੁੱਲੀ, ਉੱਥੇ ਰੌਜ਼ਾ ਨਾਂ ਦੇ ਕੰਮ ਕਾਜ ਉੱਤੇ ਜਾਣ ਵਾਲੇ ਲੋਕ ਬਿਨਾਂ ਕਿਸੇ ਡਰ ਭੈਅ ਉੱਤੇ ਆਪੋ ਆਪਣੇ ਕੰਮਾਂ ਉੱਤੇ ਜਾਂਦੇ ਹਨ।

ਕਈ ਕਿਸਾਨਾਂ ਨਾ ਤਾਂ ਸਾਫ਼ ਸਫ਼ਾਈ ਲਈ ਸਥਾਨਕ ਲੋਕਾਂ ਨੂੰ ਕੰਮ ਉੱਤੇ ਵੀ ਰੱਖ ਲਿਆ ਹੈ ਜਿਸ ਨਾਲ ਉਨ੍ਹਾਂ ਰੋਜ਼ਗਾਰ ਮਿਲ ਗਿਆ ਹੈ।

ਦਿੱਲੀ ਪਾਸੇ ਤੋਂ ਜਦੋਂ ਸਿੰਘ ਬਾਰਡਰ ਉੱਤੇ ਜਾਣ ਲਈ ਪੁਲਿਸ ਦੀਆ ਰੋਕਾਂ ਅਜੇ ਵੀ ਕਾਇਮ ਹਨ ਤਾਰਾਂ ਬੈਰੀਕੇਡ ਦਾ ਜਾਲ ਪਿਛਲੇ 11 ਮਹੀਨਿਆਂ ਤੋਂ ਉਸੀ ਤਰੀਕੇ ਨਾਲ ਕਾਇਮ ਹੈ।

ਹਾਂ ਟਿਕਰੀ ਅਤੇ ਗਾਜੀਪੁਰ ਵਾਲੇ ਪਾਸੇ ਇੱਕ ਕਿਨਾਰੇ ਤੋਂ ਬੈਰੀਕੈਡ ਹਟਾ ਕੇ ਰਸਤਾ ਖੋਲਿਆਂ ਗਿਆ ਹੈ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਮਨਾਂ 'ਚ ਕੀ ਚੱਲ ਰਿਹਾ ਹੈ

ਟਿਕਰੀ ਉੱਤੇ ਪੰਜਾਬ ਤੇ ਹਰਿਆਣਾ ਦੇ ਕਿਸਾ ਕਿਸਾਨ ਧਰਨੇ ਵਿੱਚ ਪਹੁੰਚਣ ਦੇ ਲਈ ਸਿੰਘੂ ਪਿੰਡ ਦੀ ਵਿਚ ਦੀ ਹੋ ਕੇ ਇੱਥੇ ਪਹਿਲਾਂ ਵਾਂਗ ਹੁਣ ਵੀ ਪਹੁੰਚਣਾ ਪੈਂਦਾ ਹੈ ਜਿੱਥੇ ਟਰੈਫ਼ਿਕ ਹੋਣ ਕਾਰਨ ਅਕਸਰ ਜਾਮ ਰਹਿੰਦਾ ਹੈ।

ਸਿੰਘੂ ਤੋਂ ਲੈ ਕੇ ਟੀਡੀਆਈ ਮਾਲ ਤੱਕ ਤੋਂ ਅੱਗੇ ਤੱਕ ਕਿਸਾਨਾਂ ਦੇ ਟੈਂਟ ਅਤੇ ਟਰਾਲੀਆਂ ਖੜੀਆਂ ਹਨ। ਹੁਣ ਚਾਰ ਪੰਜ ਪਿੰਡ ਇਕੱਠੇ ਹੋ ਕੇ ਸਵੇਰੇ ਸ਼ਾਮ ਦਾ ਲੰਗਰ ਆਪਣੇ ਅਤੇ ਸਥਾਨਕ ਲੋਕਾਂ ਲਈ ਤਿਆਰ ਕਰਦੇ ਹਨ।

ਦਿੱਲੀ ਕਮੇਟੀ ਦਾ ਲੰਗਰ ਪ੍ਰਮੁਖ ਸਟੇਜ ਦੇ ਨੇੜੇ ਹੋਣ ਕਾਰਨ ਉੱਥੇ ਭੀੜ ਜ਼ਿਆਦਾ ਰਹਿੰਦੀ ਹੈ। ਨਿਹੰਗੇ ਜਥੇਬੰਦੀਆਂ ਵੀ ਪਹਿਲਾਂ ਦੀਆਂ ਤਰਾਂ ਉਸੀ ਤਰੀਕੇ ਨਾਲ ਆਪਣੇ ਲਾਮ ਲਸ਼ਕਰ ਦੇ ਨਾਲ ਸਿੰਘੂ ਉੱਤੇ ਡਟੀਆਂ ਹੋਈਆਂ ਹਨ।

ਪਿਛਲੇ ਦਿਨੀਂ ਸਿੰਘੂ ਬਾਰਡਰ ਉੱਤੇ ਹੋਏ ਕਤਲ ਨੂੰ ਜ਼ਿਆਦਾਤਰ ਲੋਕ ਚੰਗਾ ਨਹੀਂ ਦੱਸ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਸਿਰਫ਼ ਕਿਸਾਨੀ ਮੰਗਾਂ ਲਈ ਹੈ ਹੋਰ ਕਿਸੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)