ਪੰਜਾਬ 'ਚ RSS ਨੇ ਇਸ ਵਾਰ ਦੀ ਦੁਸਹਿਰਾ ਪਰੇਡ ਕਿਉਂ ਰੱਦ ਕੀਤੀ- ਪ੍ਰੈੱਸ ਰਿਵੀਊ

ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਇਸ ਵਾਰ ਦੀ ਆਪਣੀ ਸਾਲਾਨਾ ਦੁਸਹਿਰਾ ਪਰੇਡ ਰੱਦ ਕਰ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੰਘ ਦੇ ਪੰਜਾਬ ਮੁਖੀ ਇਕਬਾਲ ਸਿੰਘ ਨੇ ਕਿਹਾ, "ਪਥ ਸੰਚਾਲਨ (ਸੰਘ ਦੇ ਮੈਂਬਰਾਂ ਵੱਲੋਂ ਦੁਸਹਿਰੇ ਮੌਕੇ ਪੂਰੀ ਵਰਦੀ ਵਿੱਚ ਕੀਤੀ ਜਾਂਦੀ ਸਲਾਨਾ ਪਰੇਡ) ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰੇ ਤੋਂ ਮਹੱਤਵਪੂਰਨ ਨਹੀਂ ਹੈ।"

ਪਥ ਸੰਚਾਲਨ ਸੰਘ ਦੀ ਦਹਾਕਿਆਂ ਪੁਰਾਣੀ ਰਵਾਇਤ ਹੈ ਜਿਸ ਵਿੱਚ ਸੰਘ ਦੇ ਸਵੈਮ ਸੇਵਕ ਆਪਣੀ ਪੂਰੀ ਵਰਦੀ ਖਾਖੀ ਨਿੱਕਰ, ਸਫ਼ੈਦ ਕਮੀਜ਼ ਅਤੇ ਕਾਲੀ ਪੋਟੀ ਪਾ ਕੇ, ਹੱਥ ਵਿੱਚ ਸੋਟੀ ਫੜ ਕੇ ਪਰੇਡ ਮਾਰਚ ਕਰਦੇ ਹਨ ਅਤੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਹਨ।

ਕਈ ਵਾਰ ਇਸ ਮੌਕੇ ਹਥਿਆਰਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ। ਇਸ ਵਾਰ ਸੰਘ ਦੀਆਂ ਸਥਾਨਕ ਇਕਾਈਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਰੇਡ ਤੋਂ ਗੁਰੇਜ਼ ਕਰਨ ਅਤੇ ਬੰਦ ਥਾਵਾਂ 'ਤੇ ਛੋਟੇ ਸਮਾਗਮ ਕਰ ਲੈਣ ਉਹ ਵੀ ਜ਼ਰੂਰੀ ਨਹੀਂ ਕਿ ਦੁਸਹਿਰੇ ਮੌਕੇ ਹੀ ਕੀਤੇ ਜਾਣ।

ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਕਾਰਨ ਭਾਜਪਾ ਖਿਲਾਫ਼ ਹਰਿਆਣਾ ਅਤੇ ਪੰਜਾਬ ਵਿੱਚ ਕਿਸਾਨਾਂ ਅੰਦਰ ਜ਼ਬਰਦਸਤ ਰੋਸ ਹੈ।

ਆਰਐੱਸਐੱਸ ਨੇ ਪਰੇਡ ਨਾ ਕਰਨ ਪਿੱਛੇ ਸਿੱਧੇ ਤੌਰ 'ਤੇ ਕੋਈ ਕਾਰਨ ਨਹੀਂ ਦੱਸਿਆ ਹੈ।

ਇਹ ਵੀ ਪੜ੍ਹੋ:

ਬ੍ਰਜ਼ੀਲ ਦੇ ਰਾਸ਼ਟਰਪਤੀ ਨੇ ਕੋਵਿਡ ਦਾ ਟੀਕਾ ਲਗਵਾਉਣ ਤੋਂ ਕਿਉਂ ਮਨ੍ਹਾਂ ਕੀਤਾ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਹ ਕਦੇ ਵੀ ਕੋਵਿਡ-19 ਦੀ ਟੀਕਾ ਨਹੀਂ ਲਗਵਾਉਣਗੇ।

ਦਿ ਡੇਲੀ ਮੇਲ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਨੇ ਕੋਵਿਡ ਟੀਕਾਕਰਨ ਬਾਰੇ ਬ੍ਰਾਜ਼ੀਲ ਦੇ ਇੱਕ ਰੇਡੀਓ ਚੈਨਲ ਉੱਪਰ ਪੁਸ਼ਟੀ ਕੀਤੀ।

ਬੋਲਸੋਨਾਰੋ ਜੁਲਾਈ 2020 ਵਿੱਚ ਕੋਰੋਨਾਵਾਇਰਸ ਤੋਂ ਪੀੜਤ ਹੋ ਗਏ ਸਨ, ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਮਿਊਨੋਗਲੋਬੂਲਿਨ-ਜੀ ਕਾਊਂਟ (ਇੱਕ ਆਮ ਐਂਟੀਬੌਡੀ) 991 ਹੈ।

ਉਨ੍ਹਾਂ ਨੇ ਕਿਹਾ, "ਮੈਂ ਫ਼ੈਸਲਾ ਲਿਆ ਹੈ ਮੈਂ ਟੀਕਾ ਨਹੀਂ ਲਗਵਾਵਾਂਗਾ, ਮੈਂ ਨਵੇਂ ਅਧਿਐਨ ਦੇਖ ਰਿਹਾ ਹਾਂ, ਮੇਰਾ ਆਪਣਾ ਵੀ ਹੈ, ਮੇਰੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਾਇਮ ਹੈ।"

ਰਾਸ਼ਟਰਪਤੀ ਨੇ ਕੋਵਿਡ ਵੈਕਸੀਨ ਦੀ ਤੁਲਨਾ ਇੱਕ ਘਾਟੇ ਵਾਲੀ ਲਾਟਰੀ ਨਾਲ ਕੀਤੀ ਤੇ ਕਿਹਾ ਕਿ ਜਿਵੇਂ ਤੁਸੀਂ ਦੋ ਰਿਆਸ (ਬ੍ਰਜ਼ੀਲ ਦੀ ਕਰੰਸੀ) ਦਾ ਇਨਾਮ ਜਿੱਤਣ ਲਈ 10 ਰਿਆਸ ਦੀ ਟਿਕਟ ਖ਼ਰੀਦੋ।

'ਇਤਿਹਾਸ ਮੁੜ ਲਿਖੇ ਜਾਣ ਦੀ ਲੋੜ'

ਵੀਰਵਾਰ ਨੂੰ ਕੌਮੀ ਸਿੱਖਿਆ ਨੀਤੀ 2020 ਦੀ ਲੋਅ ਵਿੱਚ ਨੈਸ਼ਨਲ ਕਰੀਕੁਲਮ ਫਰੇਮਵਰਕ ਦਾ ਖਰੜਾ ਤਿਆਰ ਕਰਨ ਲਈ ਬਣਾਈ 12 ਮੈਂਬਰੀ ਕਮੇਟੀ ਨੇ ਵਿਚਾਰ ਕੀਤਾ ਕਿ ਭਾਰਤ ਦਾ ਇਤਿਹਾਸ ਨਵੇਂ ਸਿਰੇ ਤੋਂ ਲਿਖੇ ਜਾਣ ਦੀ ਲੋੜ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬੈਠਕ ਵਿੱਚ ਨੈਸ਼ਨਲ ਬੁੱਕ ਟੱਰਸਟ ਦੇ ਚੇਅਰਮੈਨ ਗੋਵਿੰਦ ਪ੍ਰਸਾਦ ਸ਼ਰਮਾ ਨੇ ਕਿਹਾ ਕਿ ਨਵੇਂ ਤੱਥਾਂ ਦੀ ਰੌਸ਼ਨੀ ਵਿੱਚ ਇਤਿਹਾਸ ਮੁੜ ਲਿਖੇ ਜਾਣ ਦੀ ਲੋੜ ਹੈ ਕਿਉਂਕਿ ਮੌਜੂਦਾ ਇਤਿਹਾਸ ਵਿੱਚ "ਹਾਰਾਂ ਨੂੰ ਬਹੁ਼ਤ ਜ਼ਿਆਦਾ ਮਹੱਤਵ" ਦਿੱਤਾ ਗਿਆ ਹੈ ਜਦਕਿ ਇਸ ਨੂੰ ਮਹਾਰਾਣਾ ਪ੍ਰਤਾਪ ਵਰਗੇ ਸ਼ਾਸਕਾਂ ਦੀ "ਵਿਦੇਸ਼ੀ ਹਮਲਾਵਰਾਂ ਖ਼ਿਲਾਫ਼ ਦਿਖਾਈ ਜੁਝਾਰੂ ਪ੍ਰਵਿਰਤੀ" ਬਾਰੇ ਗੱਲ ਕਰਨੀ ਚਾਹੀਦੀ ਹੈ।

ਸ਼ਰਮਾ, ਇਸਰੋ ਦੇ ਸਾਬਕਾ ਮੁੱਖੀ ਕੇ ਕਸਤੂਰੀਰੰਗਨ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਇਸੇ ਸਾਲ 21 ਸਤੰਬਰ ਨੂੰ ਨੈਸ਼ਨਲ ਕਰੀਕੁਲਮ ਫਰੇਮਵਰ ਨੂੰ ਮੁੜ ਉਲੀਕਣ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)