ਪੁੰਛ ਹਮਲਾ: ਮਾਰੇ ਗਏ ਜਵਾਨਾਂ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਇੱਕ ਪਤਨੀ ਨੇ ਕਿਹਾ, 'ਡੈਡੀ ਜੀ...ਇਹ ਸਾਡਾ ਸ਼ੇਰ ਹੈ, ਹਿੱਕ 'ਚ ਗੋਲੀ ਖਾਧੀ ਹੈ, ਹਿੰਮਤ ਚਾਹੀਦੀ ਹੈ'

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ, ਗੁਰਮਿੰਦਰ ਗਰੇਵਾਲ ਤੇ ਪ੍ਰਦੀਪ ਪੰਡਿਤ
    • ਰੋਲ, ਬੀਬੀਸੀ ਸਹਿਯੋਗੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ ਸੋਮਵਾਰ ਨੂੰ ਪੰਜਾਬ ਦੇ ਮਾਰੇ ਗਏ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ ਹੈ।

ਮੁਕਾਬਲੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਤੋਂ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਤੋਂ ਨਾਇਕ ਮਨਦੀਪ ਸਿੰਘ ਅਤੇ ਜ਼ਿਲ੍ਹਾ ਰੋਪੜ ਦੇ ਪਿੰਡ ਪੰਚਹਰਾਂਡਾ ਤੋਂ ਸਿਪਾਹੀ ਗੱਜਣ ਸਿੰਘ ਦੀ ਮੌਤ ਹੋਈ ਹੈ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਪਾਹੀ ਗੱਜਣ ਸਿੰਘ ਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਮੁੱਖ ਮੰਤਰੀ ਨੇ ਮਾਰੇ ਗਏ ਫੌਜੀ ਦੀ ਅਰਥੀ ਨੂੰ ਮੋਢਾ ਦਿੱਤਾ। ਉਨ੍ਹਾਂ ਨਾਲ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਸ਼ਾਮਲ ਹੋਏ।

ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੀ ਹਾਲਤ ਕਾਫ਼ੀ ਖਰਾਬ ਹੈ। ਉਨ੍ਹਾਂ ਨੇ ਇਹ ਹੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ 'ਤੇ ਮਾਣ ਹੈ।

ਉਧਰ, ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਦੇ ਨਾਇਕ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁਚੀ ਤਾਂ ਹਰ ਅੱਖ ਨਮ ਸੀ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ।

ਉਥੇ ਹੀ ਪਿੰਡ ਦੇ ਲੋਕਾਂ ਅਤੇ ਇਲਾਕੇ ਭਰ ਤੋਂ ਆਏ ਵੱਡੀ ਗਿਣਤੀ 'ਚ ਲੋਕ ਮਨਦੀਪ ਨੂੰ ਸ਼ਰਧਾਂਜਲੀ ਦੇਣ ਪਹੁਚੇ।

ਮਨਦੀਪ ਸਿੰਘ ਦੀ ਪਤਨੀ ਜਿਸ ਨੇ 40 ਦਿਨ ਪਹਿਲਾਂ ਹੀ ਬੇਟੇ ਨੂੰ ਜਨਮ ਦਿਤਾ। ਉਸ ਦਾ ਕਹਿਣਾ ਸੀ ਕਿ ਪਤੀ ਦੇ ਜਾਣ ਦਾ ਜੋ ਘਾਟਾ ਹੈ ਉਹ ਨਾ ਪੂਰਾ ਹੋਣ ਵਾਲਾ ਹੈ ਲੇਕਿਨ ਉਸਦੇ ਲਈ ਅੱਜ ਵੀ ਉਸਦਾ ਮਨਦੀਪ ਜਿਉਂਦਾ, ਹੈ ਅਮਰ ਹੈ।

ਮਨਦੀਪ ਦੇ ਫੌਜੀ ਭਰਾ ਨੇ ਕਿਹਾ ਕਿ ਭਰਾ ਦਾ ਜਾਣਾ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਘਾਟਾ ਹੈ ਲੇਕਿਨ ਇੱਕ ਫੌਜੀ ਹੋਣ ਦੇ ਨਾਤੇ ਉਸ 'ਤੇ ਮਾਣ ਵੀ ਹੈ।

ਮਨਦੀਪ ਸਿੰਘ ਦੀ ਮਾਂ ਨੇ ਕਿਹਾ ਪੁੱਤ ਤਾ ਨਹੀਂ ਆਉਣ ਵੱਡਾ ਨੁਕਸਾਨ ਹੈ ਲੇਕਿਨ ਪੁੱਤ ਦੀ ਸ਼ਹਾਦਤ ਤੇ ਮਾਣ ਹੈ।

ਪੰਜਾਬ ਸਰਕਾਰ ਵਲੋਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਰਧਾਂਜਲੀ ਦਿਤੀ ਅਤੇ ਹੋਰਨਾਂ ਪ੍ਰਸ਼ਾਸ਼ਨ ਅਤੇ ਫੌਜ ਦੇ ਅਧਕਾਰੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਜਸਵਿੰਦਰ ਸਿੰਘ ਦੇ ਅੰਤਿਮ ਸੰਸਕਾਰ 'ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਲੂਟ ਕਰਦੇ ਹੋਏ ਨਜ਼ਰ ਆਏ।

21 ਸਾਲ ਪਹਿਲਾਂ ਫੌਜ 'ਚ ਭਰਤੀ ਹੋਏ ਜਸਵਿੰਦਰ ਸਿੰਘ ਨੂੰ 2007 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦੁਰੀ ਵਿਖਾਉਣ ਵਾਸਤੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)