ਕਸ਼ਮੀਰ : 'ਉਹ ਸਕੂਲ 'ਚ ਆਏ ਸਾਰਿਆਂ ਨੂੰ ਪਛਾਣ ਪੁੱਛੀ ਤੇ ਸਿੱਖ ਤੇ ਹਿੰਦੂ ਅਧਿਆਪਕਾਂ ਨੂੰ ਪਾਸੇ ਕੱਢ ਕੇ ਨੇੜਿਓ ਗੋਲ਼ੀ ਮਾਰ ਦਿੱਤੀ'

ਤਸਵੀਰ ਸਰੋਤ, ANI
- ਲੇਖਕ, ਰਿਆਜ਼ ਮਸਰੂਰ
- ਰੋਲ, ਬੀਬੀਸੀ ਨਿਊਜ਼, ਸ੍ਰੀਨਗਰ
ਸਿਧਾਰਥ ਬਿੰਦਰੂ ਨੂੰ ਉਸ ਸਮੇਂ ਆਪਣੇ ਪੌਲੀਕਲੀਨਿਕ ਤੋਂ ਫ਼ੋਨ ਆਇਆ ਜਦੋਂ ਉਹ ਆਪਣੇ ਪਿਤਾ ਮੱਖਣ ਲਾਲ ਬਿੰਦਰੂ ਲਈ ਚਿਕਨ ਸ਼ੋਰਮਾ ਖਰੀਦਣ ਲਈ ਜਾ ਰਹੇ ਸਨ। ਫ਼ੋਨ ਕਰਨ ਵਾਲੇ ਨੇ ਕਿਹਾ, " ਪਾਪਾ ਨਹੀਂ ਰਹੇ।" ਇਹ ਸੁਣ ਕੇ 40 ਸਾਲਾ ਕਸ਼ਮੀਰੀ ਐਂਡੋਕ੍ਰਿਨੋਲੋਜਿਸਟ ਸਦਮੇ 'ਚ ਚਲਾ ਗਿਆ।
5 ਅਕਤੂਬਰ ਦੀ ਸ਼ਾਮ ਨੂੰ ਅਣਪਛਾਤੇ ਬੰਧੂਕਧਾਰੀ ਹਮਲਾਵਰਾਂ ਨੇ " ਬਿੰਦਰੂ ਹੈਲਥ ਜ਼ੋਨ" 'ਚ ਜਾ ਕੇ ਉਸ ਦੇ ਮਾਲਕ ਮੱਖਣ ਲਾਲ ਬਿੰਦਰੂ 'ਤੇ ਤਿੰਨ ਗੋਲੀਆਂ ਚਲਾਈਆਂ।
ਦੁਕਾਨ 'ਤੇ ਮੌਜੂਦ ਸੇਲਜ਼ਪਰਸਨ ਨੇ ਕਿਹਾ ਕਿ ਜਿਸ ਮੌਕੇ ਹਮਲਾਵਰਾਂ ਨੇ ਮੱਖਣ ਲਾਲ ਬਿੰਦਰੂ 'ਤੇ ਹਮਲਾ ਕੀਤਾ, ਉਸ ਸਮੇਂ ਉਹ ਫੋਨ 'ਤੇ ਗੱਲ ਕਰ ਰਿਹਾ ਸੀ। ਇਸ ਘਟਨਾ ਨੂੰ ਅੰਜ਼ਾਮ ਦੇ ਕੇ ਹਮਲਾਵਰ ਤੁਰੰਤ ਹਨੇਰੇ 'ਚ ਲੋਪ ਹੋ ਗਏ।
ਡਾ.ਸਿਧਾਰਥ ਨੇ ਰੋਂਦਿਆਂ ਦੱਸਿਆ, "ਇੱਕ ਗੋਲੀ ਉਨ੍ਹਾਂ ਦੇ ਦਿਲ 'ਚੋਂ ਪਾਰ ਹੋ ਗਈ , ਜਿੱਥੇ ਕਿ ਦੂਜੀ ਮੋਢੇ ਨੂੰ ਚੀਰਦੀ ਨਿਕਲ ਗਈ। ਇੱਕ ਗੋਲੀ ਉਨ੍ਹਾਂ ਦੇ ਗਲੇ 'ਚ ਲੱਗੀ ਸੀ।
ਸਿਧਾਰਥ ਉਸੇ ਪੋਲੀਕਲੀਨਿਕ 'ਤੇ ਆਪਣੀ ਪ੍ਰੈਕਟਿਸ ਕਰਦਾ ਹੈ ਪਰ ਉਸ ਦਿਨ ਉਹ ਛੁੱਟੀ 'ਤੇ ਸੀ।
ਸਿਧਾਰਥ ਨੇ ਯਾਦ ਕਰਦਿਆਂ ਦੱਸਿਆ ਕਿ " ਪਾਪਾ ਨੇ ਦੁਪਹਿਰ ਦੇ ਸਮੇਂ ਮੈਨੂੰ ਫੋਨ ਕੀਤਾ ਅਤੇ ਆਪਣੇ ਲਈ ਚਿਕਨ ਸ਼ਵਰਮਾ ਲਿਆਉਣ ਲਈ ਕਿਹਾ। ਮੈਨੂੰ ਪਤਾ ਹੈ ਕਿ ਇਹ ਉਨ੍ਹਾਂ ਦਾ ਪਸੰਦੀਦਾ ਭੋਜਨ ਹੈ, ਇਸ ਲਈ ਮੈਂ ਉਨ੍ਹਾਂ ਦਾ ਮਨਪਸੰਦ ਭੋਜਨ ਉਨ੍ਹਾਂ ਤੱਕ ਲੈ ਜਾਣ ਬਾਰੇ ਸੋਚਿਆ।"
ਕੌਣ ਸਨ ਬਿੰਦਰੂ?
68 ਸਾਲਾ ਮੱਖਣ ਲਾਲ ਬਿੰਦਰੂ ਕਸ਼ਮੀਰ ਦੇ ਮਸ਼ਹੂਰ ਮੈਡੀਕਲ ਪ੍ਰੈਕਟੀਸ਼ਨਰ ਅਤੇ ਫਾਰਮਾਸਿਸਟ ਰਾਕੇਸ਼ਵਰ ਨਾਥ ਬਿੰਦਰੂ ਦੇ ਪੁੱਤਰ ਸਨ।
ਇਹ ਆਰ ਐਨ ਬਿੰਦਰੂ ਹੀ ਸਨ, ਜਿੰਨ੍ਹਾਂ ਨੇ ਪੂਰੇ ਕਸ਼ਮੀਰ ਖਾਸ ਕਰਕੇ ਸ੍ਰੀਨਗਰ ਸ਼ਹਿਰ 'ਚ ਇੱਕ ਵਿਸ਼ਾਲ ਫਾਰਮੇਸੀ ਕਾਰੋਬਾਰ ਨੂੰ ਸਥਾਪਤ ਕੀਤਾ ਸੀ।
ਸ਼੍ਰੀਨਗਰ ਵਿੱਚ 'ਬਿੰਦਰੂ ਮੈਡੀਕੇਟ’ ਨਾਮ ਦੀ ਉਨ੍ਹਾਂ ਦੀ ਦੁਕਾਨ ਤੋਂ ਜ਼ਰੂਰੀ ਦਵਾਈਆਂ ਦੇ ਨਾਲ ਕਿਤੇ ਵੀ ਨਾ ਮਿਲਣ ਵਾਲੀਆਂ ਦਵਾਈਆਂ ਵੀ ਮਿਲ ਜਾਂਦੀਆਂ ਸਨ।

ਤਸਵੀਰ ਸਰੋਤ, Ani
1983 'ਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਐਮ ਐਲ ਬਿੰਦਰੂ ਨੇ ਸ੍ਰੀਨਗਰ ਸਥਿਤ ਦੁਕਾਨ 'ਤੇ ਬੈਠਣਾ ਸ਼ੂਰੂ ਕੀਤਾ ਅਤੇ ਆਪਣੀ ਪਤਨੀ ਨੂੰ ਵੀ ਇਸ ਉੱਦਮ 'ਚ ਹੱਥ ਵਟਾਉਣ ਲਈ ਕਿਹਾ।
ਡਾ. ਸਿਧਾਰਥ ਯਾਦ ਕਰਦਿਆਂ ਕਹਿੰਦੇ ਹਨ, "ਮੇਰੇ ਪਿਤਾ ਇੱਕ ਵਿਹਾਰਕ ਆਦਮੀ ਸਨ। ਮੇਰੀ ਮਾਂ ਬਿਲਿੰਗ ਕਰਦੀ ,ਸਟਾਕ ਖਰੀਦਦੀ ਅਤੇ ਦੁਕਾਨ 'ਤੇ ਦਵਾਈਆਂ ਵੇਚਦੀ ਸੀ।"
"ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਕਿ ਮੇਰੀ ਮਾਂ ਨੂੰ ਦੁਕਾਨ 'ਤੇ ਕੰਮ ਕਿਉਂ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਕਿ ਜੇਕਰ ਮੈਨੂੰ ਕੁਝ ਹੋ ਜਾਵੇ ਤਾਂ ਬੱਚਿਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।"
"ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਸ਼ੋਅ ਉਦੋਂ ਵੀ ਚਲਦਾ ਰਹਿਣਾ ਚਾਹੀਦਾ ਹੈ ਜਦੋਂ ਕਿ ਉਹ ਆਸਪਾਸ ਨਾ ਹੋਣ।"
ਜਦੋਂ ਦਹਿਸ਼ਤਗਰਦਾਂ ਨੇ ਵੱਡੀ ਗਿਣਤੀ 'ਚ ਪੰਡਿਤਾਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਬਿੰਦਰੂ ਉਨ੍ਹਾਂ ਕਸ਼ਮੀਰੀ ਬੋਲਣ ਵਾਲੇ ਹਿੰਦੂਆਂ (ਸਥਾਨਕ ਭਾਸ਼ਾ 'ਚ ਪੰਡਿਤ) ਦੇ 800 ਤੋਂ ਵੀ ਵੱਧ ਪਰਿਵਾਰਾਂ 'ਚ ਸ਼ਾਮਲ ਸਨ, ਜਿੰਨ੍ਹਾਂ ਨੇ ਕਸ਼ਮੀਰ 'ਚ ਹੀ ਰਹਿਣ ਦਾ ਫੈਸਲਾ ਕੀਤਾ ਸੀ।
ਇਸ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਪੰਡਿਤ ਪਰਿਵਾਰ ਗੁਆਂਢੀ ਰਾਜਾਂ ਵੱਲ ਪਰਵਾਸ ਕਰ ਗਏ ਸਨ। ਅੱਤਵਾਦੀਆਂ ਦੇ ਕਹਿਰ ਸਦਕਾ ਹੀ 1990 'ਚ ਹਥਿਆਰਬੰਦ ਵਿਦਰੋਹ ਦਾ ਪ੍ਰਕੋਪ ਝੱਲਣਾ ਪਿਆ ਸੀ।
ਐਮਐਲ ਬਿੰਦਰੂ ਉਸ ਦਿਨ ਕਤਲ ਕੀਤੇ ਗਏ ਤਿੰਨ ਨਾਗਰਿਕਾਂ 'ਚੋਂ ਇੱਕ ਸਨ। ਉਸ ਦਿਨ ਬਿਹਾਰ ਦਾ ਇੱਕ ਸਟ੍ਰੀਟ ਵੈਂਡਰ ਅਤੇ ਇੱਕ ਕਸ਼ਮੀਰੀ ਮੁਸਲਿਮ ਕੈਬ ਡਰਾਇਵਰ ਵੀ ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਨਿਸ਼ਾਨਾ ਬਣੇ ਸਨ।
ਇਸ ਤੋਂ ਪਹਿਲਾਂ ਦੋ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਇਸੇ ਤਰ੍ਹਾਂ ਹੀ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਸਿਰਫ ਦੋ ਦਿਨਾਂ ਬਾਅਦ ਹੀ ਹਮਲਾਵਰਾਂ ਨੇ ਸ੍ਰੀਨਗਰ ਦੇ ਅਲੱਗ-ਥਲੱਗ ਸੰਗਮ ਖੇਤਰ 'ਚ ਇੱਕ ਸਰਕਾਰੀ ਸਕੂਲ 'ਤੇ ਹਮਲਾ ਕੀਤਾ ਅਤੇ ਉੱਥੋਂ ਦੀ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ।
ਸੁਪਿੰਦਰ ਕੌਰ ਅਤੇ ਦੀਪਕ ਚੰਦ ਦਾ ਕਤਲ
ਸਕੂਲ ਦੀ ਪ੍ਰਿੰਸੀਪਲ ਇੱਕ ਨੌਜਵਾਨ ਕਸ਼ਮੀਰੀ ਸਿੱਖ ਔਰਤ ਸੁਪਿੰਦਰ ਕੌਰ ਸੀ ਅਤੇ ਅਧਿਆਪਕ ਦਾ ਨਾਮ ਦੀਪਕ ਚੰਦ ਸੀ, ਜੋ ਕਿ ਜੰਮੂ ਦਾ ਵਸਨੀਕ ਸੀ। ਸੁਪਿੰਦਰ ਦੋ ਬੱਚਿਆਂ ਦੀ ਮਾਂ ਸੀ ਅਤੇ ਸ੍ਰੀਨਗਰ ਉਪਨਗਰ 'ਚ ਅਲੂਚਾ ਬਾਗ਼ ਵਿਖੇ ਰਹਿੰਦੀ ਸੀ।
ਮ੍ਰਿਤਕ ਸੁਪਿੰਦਰ ਕੌਰ ਦਾ ਪਤੀ ਰਾਮਰੇਸ਼ਪਾਲ ਸਿੰਘ ਇੱਕ ਬੈਂਕਰ ਹੈ। ਪਤਨੀ ਦੇ ਕਤਲ ਤੋਂ ਬਾਅਦ ਉਹ ਦੋ ਦਿਨਾਂ ਤੱਕ ਕੁਝ ਵੀ ਨਾ ਬੋਲ ਸਕੇ।
ਉਨ੍ਹਾਂ ਕਿਹਾ, " ਮੈਂ ਇਸ ਬਾਰੇ ਨਹੀਂ ਪੁੱਛ ਸਕਿਆ ਕਿ ਮੇਰੀ ਪਤਨੀ ਦਾ ਕਤਲ ਕਿਵੇਂ ਹੋਇਆ ਹੈ। ਮੈਂ ਜਿਵੇਂ ਹੀ ਆਪਣੀ ਪਤਨੀ ਨੂੰ ਮ੍ਰਿਤਕ ਵੇਖਿਆ ਤਾਂ ਮੇਰੀ ਦੁਨੀਆ ਹੀ ਉੱਜੜ ਗਈ। ਸੁਪਿੰਦਰ ਦੇ ਸਹਿਕਰਮੀਆਂ ਨੇ ਮੈਨੂੰ ਘੇਰ ਲਿਆ। ਉਸ ਦੇ ਸਕੂਲ ਦੇ ਅਧਿਆਪਕ ਉਸ ਦੀ ਮੌਤ 'ਤੇ ਰੋ ਰਹੇ ਸਨ।"
ਉਸੇ ਸਕੂਲ 'ਚ ਹੀ ਖੇਡਾਂ ਦੀ ਸਿਖਲਾਈ ਦੇਣ ਵਾਲੇ ਅਬਦੁਲ ਰਹਿਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ 35 ਸਾਲਾਂ ਦੀ ਸੇਵਾ ਦੌਰਾਨ ਕਦੇ ਵੀ ਇਸ ਤਰ੍ਹਾਂ ਦਾ ਦਿਆਲੂ ਵਿਅਕਤੀ ਨਹੀਂ ਵੇਖਿਆ।
ਰਹਿਮਾਨ ਕਹਿੰਦੇ ਹਨ, " ਉਹ ਵਾਸ਼ਰੂਮਾਂ ਦੀ ਮੁਰੰਮਤ ਲਈ ਆਪਣਾ ਪੈਸਾ ਖਰਚ ਕਰਦੇ ਸਨ, ਕਿਉਂਕਿ ਅਧਿਕਾਰਤ ਰਸਮਾਂ 'ਚ ਸਮਾਂ ਲੱਗਦਾ ਸੀ।"
ਪੁਲਿਸ ਅਤੇ ਚਸ਼ਮਦੀਦ ਗਵਾਹਾਂ ਨੇ ਪੁਸ਼ਟੀ ਕੀਤੀ ਹੈ ਕਿ ਹਥਿਆਰਬੰਦ ਹਮਲਾਵਰਾਂ ਦੀ ਗਿਣਤੀ ਤਿੰਨ ਸੀ। ਉਹ ਸਕੂਲ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਸਾਰੇ ਸਟਾਫ ਨੂੰ ਬੁਲਾਇਆ ਤੇ ਉਨ੍ਹਾਂ ਦੀ ਪਛਾਣ ਪੁੱਛੀ।
ਸ਼ੁਰੂਆਤੀ ਪੁਲਿਸ ਰਿਪੋਰਟਾਂ ਅਨੁਸਾਰ ਦੀਪਕ ਅਤੇ ਸੁਪਿੰਦਰ ਨੂੰ ਬਾਕੀ ਲੋਕਾਂ ਨਾਲੋਂ ਵੱਖ ਖੜ੍ਹਾ ਕੀਤਾ ਗਿਆ ਸੀ ਅਤੇ ਫਿਰ ਬਾਅਦ 'ਚ ਪੁਆਇੰਟ ਬਲੈਕ ਰੇਂਜ ਤੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਸੁਪਿੰਦਰ ਕੌਰ ਦੀ 12 ਸਾਲਾ ਧੀ ਜਸਲੀਨ ਕੌਰ ਨੇ ਆਪਣੇ ਅੱਠ ਸਾਲਾ ਭਰਾ ਨੂੰ ਘੁੱਟ ਕੇ ਗਲੇ ਨਾਲ ਲਗਾਉਂਦਿਆਂ ਆਪਣੀ ਮਾਂ ਦੇ ਅੰਤਿਮ ਸਸਕਾਰ ਮੌਕੇ ਕਿਹਾ, " ਮੈਂ ਕਦੇ ਵੀ ਲਾਸ਼ ਨਹੀਂ ਵੇਖੀ ਸੀ। ਮੈਂ ਅਜੇ ਵੀ ਸਦਮੇ 'ਚ ਹਾਂ। ਮੈਨੂੰ ਨਹੀਂ ਪਤਾ ਇਹ ਸਭ ਕੀ ਹੋ ਰਿਹਾ ਹੈ।"

ਤਸਵੀਰ ਸਰੋਤ, Ani
ਮ੍ਰਿਤਕ ਸੁਪਿੰਦਰ ਦੇ ਗੁਆਂਢੀ ਮਜੀਦ ਨੇ ਕਿਹਾ, " ਸੁਪਿੰਦਰ ਮੇਰੀ ਭੈਣਾਂ ਵਰਗੀ ਸੀ। ਉਹ ਬਹੁਤ ਹੀ ਖੁੱਲ੍ਹੇ ਦਿਲ ਵਾਲੀ ਸੀ ਅਤੇ ਉਸ ਨੇ ਇੱਕ ਮੁਸਲਿਮ ਅਨਾਥ ਕੁੜੀ ਨੂੰ ਗੋਦ ਲਿਆ ਸੀ। ਉਹ ਆਪਣੀ ਤਨਖਾਹ ਦਾ ਕੁਝ ਹਿੱਸਾ ਉਸ ਦੀ ਦੇਖਭਾਲ 'ਤੇ ਖਰਚ ਕਰਦੀ ਸੀ। ਮੈਨੂੰ ਨਹੀਂ ਪਤਾ ਕਿ ਕਿੰਨੇ ਅਨਾਥ ਬੱਚਿਆਂ ਨੇ ਆਪਣੀ ਗਾਡਮਦਰ ਗੁਆ ਲਈ ਹੈ।"
‘ਹਾਲਾਤ ਆਮ ਵਰਗੇ ਹੋਣ ਦੇ ਸਰਕਾਰੀ ਦਾਅਵੇ ਖੋਖਲੇ?’
ਅਕਤੂਬਰ ਮਹੀਨੇ ਦੇ ਸ਼ੂਰੂ 'ਚ ਹੀ ਸੱਤ ਨਾਗਰਿਕਾਂ ਦੇ ਕਤਲ ਦੀਆਂ ਘਟਨਾਵਾਂ ਨੇ ਸ਼ਾਂਤੀ ਅਤੇ ਆਮ ਸਥਿਤੀ ਦੇ ਸਰਕਾਰੀ ਦਾਅਵਿਆਂ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਦਿੱਤਾ ਹੈ।
ਇਹ ਕਤਲ ਇੱਕ ਸਰਕਾਰੀ ਮੁਹਿੰਮ ਦੇ ਵਿਰੋਧ 'ਚ ਹੋਏ ਹਨ, ਜਿਸ 'ਚ ਮੋਦੀ ਦੀ ਵਜ਼ਾਰਤ ਦੇ 70 ਤੋਂ ਵੱਧ ਮੰਤਰੀਆਂ ਨੇ 5 ਅਗਸਤ 2019 ਨੂੰ ਭਾਰਤੀ ਸੰਵਿਧਾਨ 'ਚੋਂ ਧਾਰਾ 370 ਨੂੰ ਹਟਾਉਣ ਦੇ ਲਾਭਾਂ ਨੂੰ ਉਜਾਗਰ ਕਰਨ ਲਈ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ।
ਹਾਲਾਂਕਿ 5 ਅਗਸਤ, 2019 ਤੋਂ ਬਾਅਦ ਸੈਂਕੜੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ , ਜਨਤਕ ਪ੍ਰਤੀਕਿਰਿਆ ਨੂੰ ਰੋਕਣ ਲਈ ਸੰਚਾਰ, ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ, ਕਈ ਹਫ਼ਤਿਆਂ ਤੱਕ ਕਰਫਿਊ ਲਗਾ ਦਿੱਤਾ ਗਿਆ ਸੀ।
ਪਰ ਤਿੰਨ ਸਾਬਕਾ ਮੁੱਖ ਮੰਤਰੀਆਂ 'ਚੋਂ ਕਿਸੇ ਨੇ ਵੀ ਕਸ਼ਮੀਰ ਦੇ ਖੁਦਮੁਖਤਿਆਰੀ ਰੁਤਬੇ ਨੂੰ ਹਟਾਉਣ ਦੇ ਫੈਸਲੇ ਦੀ ਹਮਾਇਤ ਨਾ ਕੀਤੀ।
ਸਿਆਸੀ ਆਗੂਆਂ ਨੇ ਇੰਨ੍ਹਾਂ ਹੱਤਿਆਵਾਂ ਦੀ ਨਿੰਦਾ ਕਰਦਿਆਂ ਇਸ ਸਥਿਤੀ ਨੂੰ 1990 ਦੇ ਦਹਾਕੇ ਵਰਗਾ ਦੱਸਿਆ ਹੈ।
ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਸ ਸਥਿਤੀ ਨੇ ਸਰਕਾਰ ਦੇ ਸ਼ਾਂਤੀ ਅਤੇ ਆਮ ਹਾਲਾਤਾਂ ਦੇ ਝੂਠੇ ਦਾਅਵਿਆਂ ਦਾ ਢੰਡੋਰਾ ਪਿੱਟ ਦਿੱਤਾ ਹੈ।

ਤਸਵੀਰ ਸਰੋਤ, Ani
ਦੋ ਦਹਾਕਿਆਂ ਵਿੱਚ ਪਹਿਲੀ ਵਾਰ ਘੱਟ ਗਿਣਤੀਆਂ ਨੂੰ ਨਿਸ਼ਾਨੇ'ਤੇ
ਐਮ ਐਲ ਬਿੰਦਰੂ ਅਤੇ ਸੁਪਿੰਦਰ ਕੌਰ ਦਾ ਕਤਲ ਪਿਛਲੇ 21 ਸਾਲਾਂ 'ਚ ਕਿਸੇ ਕਸ਼ਮੀਰੀ ਪੰਡਿਤ ਅਤੇ ਸਿੱਖ ਵਸਨੀਕ ਨੂੰਨਿਸ਼ਾਨਾ ਬਣਾ ਕੇ ਕੀਤਾ ਗਿਆ ਪਹਿਲਾ ਹਮਲਾ ਹੈ।
ਮਾਰਚ 2000 'ਚ ਕੁਝ ਅਣਪਛਾਤੇ ਹਮਲਾਵਰਾਂ ਨੇ ਅਨੰਤਨਾਗ ਜ਼ਿਲ੍ਹੇ ਦੇ ਇੱਕ ਦੂਰ ਦਰਾਡੇ ਦੇ ਪਿੰਡ ਚਿੱਠੀਸਿੰਘ ਪੋਰਾ ਵਿਖੇ 35 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਤੇ ਸਾਲ 2003 'ਚ ਪੁਲਵਾਮਾ ਦੇ ਦੂਰ ਦਰਾਡੇ ਦੇ ਪਿੰਡ ਨਾਦੀਮਾਰਗ ਵਿਖੇ 20 ਤੋਂ ਵੱਧ ਕਸ਼ਮੀਰੀ ਪੰਡਿਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਕਸ਼ਮੀਰ ਦੇ ਪੁਲਿਸ ਮੁਖੀ ਵਿਜੇ ਕੁਮਾਰ ਨੇ ਕਸ਼ਮੀਰ 'ਚ ਚੱਲ ਰਹੇ ਫਿਰਕੂ ਤਣਾਅ ਨਾਲ ਸੰਬੰਧਤ ਧਾਰਨਾਵਾਂ ਨੂੰ ਖਾਰਜ ਕੀਤਾ ਹੈ।
ਉਨ੍ਹਾਂ ਨੇ ਇਸ ਅਧਾਰ 'ਤੇ ਦਲੀਲ ਰੱਖੀ ਕਿ 2021 'ਚ ਅੱਤਵਾਦੀਆਂ ਵੱਲੋਂ ਮਾਰੇ ਗਏ 28 ਨਾਗਰਿਕਾਂ 'ਚ ਜ਼ਿਆਦਾਤਰ ਮੁਸਲਮਾਨ ਸਨ।
ਉਨ੍ਹਾਂ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ " 2021 'ਚ ਦਹਿਸ਼ਤਗਰਦਾਂ ਵੱਲੋਂ ਕੁੱਲ 28 ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ, ਜਿਸ 'ਚੋਂ 5 ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰਿਆਂ ਨਾਲ ਸੰਬੰਧ ਰੱਖਦੇ ਸਨ ਅਤੇ 2 ਗੈਰ ਸਥਾਨਕ ਮਜ਼ਦੂਰ ਸਨ।"
ਇਹ ਵੀ ਪੜ੍ਹੋ:
ਜੰਮੂ -ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਇਹ ਵੀ ਕਿਹਾ ਕਿ ਇੰਨ੍ਹਾਂ ਹੱਤਿਆਵਾਂ ਦਾ ਮਕਸਦ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦਾ ਸੀ ।
ਪਰ ਬਿੰਦਰੂ ਦੇ ਕਤਲ ਨੇ ਉਨ੍ਹਾਂ ਕਸ਼ਮੀਰੀ ਪੰਡਿਤਾਂ ਦੇ ਮਨਾਂ 'ਚ ਡਰ ਪੈਦਾ ਕਰ ਦਿੱਤਾ ਹੈ, ਜਿੰਨ੍ਹਾਂ ਨੇ ਕਦੇ ਵੀ ਪਰਵਾਸ ਨਹੀਂ ਕੀਤਾ ਸੀ ਅਤੇ ਜੋ ਪਿਛਲੇ ਦਹਾਕੇ ਦੌਰਾਨ ਵਾਪਸ ਇੱਥੇ ਆ ਕੇ ਵਸੇ ਹਨ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਫੜਨ ਲਈ ਵਿਆਪਕ ਪੱਧਰ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਸੈਂਕੜੇ ਹੀ ਸਾਬਕਾ ਦਹਿਸ਼ਤਗਰਦਾਂ ਅਤੇ ਜ਼ਮਾਨਤ 'ਤੇ ਰਿਹਾਅ ਹੋਏ ਪ੍ਰਦਰਸ਼ਨਕਾਰੀਆਂ ਤੋਂ ਪੁੱਛ-ਗਿੱਛ ਕਰਨ ਲਈ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਘੱਟ ਗਿਣਤੀ ਅਜਿਹੇ ਹਾਲਤ ਵਿੱਚ ਕਿਵੇਂ ਰਹਿਣਗੇ?

53 ਸਾਲਾ ਸੰਜੇ ਟਿੱਕੂ ਇੱਕ ਅਜਿਹੀ ਸੰਸਥਾ ਦੇ ਮੁਖੀ ਹਨ, ਜੋ ਕਿ 5 ਹਜ਼ਾਰ ਤੋਂ ਵੱਧ ਗੈਰ ਪਰਵਾਸੀ ਪੰਡਿਤਾਂ ਦੀ ਅਗਵਾਈ ਕਰਦੀ ਹੈ।
ਸੰਜੇ ਟਿੱਕੂ ਨੇ ਬੀਬੀਸੀ ਨੂੰ ਦੱਸਿਆ, "ਹਾਂ, ਇਹ ਸਥਿਤੀ 1990ਵਿਆਂ ਦੇ ਹਾਲਾਤਾਂ ਨਾਲ ਮੇਲ ਖਾਂਦੀ ਹੈ, ਕਿਉਂਕਿ ਮੈਂ ਉਹੀ ਡਰ ਮਹਿਸੂਸ ਕਰ ਰਿਹਾਂ ਹਾਂ ਜੋ ਮੈਂ ਉਸ ਸਮੇਂ ਕੀਤਾ ਸੀ।
"ਇੰਨ੍ਹਾਂ ਦਿਨਾਂ ਦੌਰਾਨ ਬਹੁਤ ਸਾਰੇ ਪੰਡਿਤ ਪਰਿਵਾਰ ਪਰਵਾਸ ਕਰ ਗਏ ਹਨ ਅਤੇ ਕਈ ਪਰਵਾਸ ਕਰਨ ਦੀ ਯੋਜਨਾ ਬਣਾ ਰਹੇ ਹਨ। ਮੈਨੂੰ ਪੰਡਿਤ ਪਰਿਵਾਰਾਂ ਤੋਂ ਤਣਾਅਪੂਰਨ ਫੋਨ ਆ ਰਹੇ ਹਨ।"
" ਅਧਿਕਾਰੀਆਂ ਨੇ ਮੈਨੂੰ ਸ੍ਰੀਨਗਰ ਸਥਿਤ ਮੇਰੇ ਘਰ ਤੋਂ ਲਿਆ ਕੇ ਮੈਨੂੰ ਇੱਕ ਹੋਟਲ 'ਚ ਠਹਿਰਾਇਆ ਹੈ। ਅਸੀਂ ਅਜਿਹੀ ਭਿਆਨਕ ਸਥਿਤੀ 'ਚ ਕਿਵੇਂ ਰਹਿ ਸਕਦੇ ਹਾਂ।"
ਅਧਿਕਾਰੀਆਂ ਨੇ ਬਿੰਦਰੂ ਦੇ ਘਰ ਸੁਰੱਖਿਆ ਮੁਲਾਜ਼ਮ ਤੈਨਾਤ ਕਰ ਦਿੱਤੇ ਹਨ ਅਤੇ ਕੁਝ ਪੰਡਿਤ ਆਗੂਆਂ ਨੂੰ ਵੀ ਇੱਧਰ-ਉੱਧਰ ਕਰ ਦਿੱਤਾ ਹੈ, ਪਰ ਅਸੁਰੱਖਿਆ ਦੀ ਭਾਵਨਾ ਸਮੁੱਚੇ ਪੰਡਿਤ ਅਤੇ ਸਿੱਖ ਭਾਈਚਾਰੇ 'ਚ ਫੈਲੀ ਹੋਈ ਹੈ।
ਇੱਥੋਂ ਤੱਕ ਕਿ ਪੱਕੇ ਅਪਾਰਟਮੈਂਟ ਜਿੱਥੇ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਨੌਕਰੀ ਦੇ ਪੈਕੇਜ ਅਧੀਨ ਵਾਪਸ ਪਰਤੇ ਪੰਡਿਤ ਪਰਿਵਾਰ ਰਹਿੰਦੇ ਸਨ, ਉਹ ਵੀ ਖਾਲੀ ਪਏ ਹਨ।
ਅਜਿਹੇ ਹੀ ਇੱਕ ਕੈਂਪ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੈ ਜਿੱਥੇ ਤਕਰੀਬਨ 300 ਫਲੈਟਾਂ 'ਚ ਘੱਟ ਤੋਂ ਘੱਟ 1000 ਪੰਡਿਤ ਰਹਿੰਦੇ ਹਨ।
ਕੈਂਪ ਦੇ ਇੱਕ ਵਸਨੀਕ ਨੇ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ, "ਕੁਝ ਪਰਿਵਾਰ ਇੱਥੋਂ ਚਲੇ ਗਏ ਹਨ। ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ। ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਸਰਕਾਰੀ ਅਧਿਕਾਰੀ ਇੱਥੇ ਆਉਂਦੇ ਹਨ ਅਤੇ ਸਾਨੂੰ ਮਦਦ ਦਾ ਭਰੋਸਾ ਵੀ ਦਿੰਦੇ ਹਨ।"
"ਪਰ ਸਕੂਲੀ ਅਧਿਆਪਕਾਂ ਦੇ ਕਤਲ ਨੇ ਹੁਣ ਸਾਡੇ ਮਨਾਂ 'ਚ ਡਰ ਬੈਠਾ ਦਿੱਤਾ ਹੈ ਕਿ ਅਸੀਂ ਆਪਣੀ ਕੰਮ ਵਾਲੀ ਥਾਂ 'ਤੇ ਵੀ ਸੁਰੱਖਿਅਤ ਨਹੀਂ ਹਾਂ। ਕੀ ਉਹ ਸਾਰੇ ਸਕੂਲਾਂ ਅਤੇ ਦਫ਼ਤਰਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ?"
ਆਮ ਜੀਵਨ ਉੱਪਰ ਪਿਆ ਬੁਰਾ ਅਸਰ
ਹਾਲਾਂਕਿ ਸਿੱਖ ਆਗੂਆਂ ਨੇ ਕਸ਼ਮੀਰ 'ਚ ਰਹਿਣ ਦੇ ਆਪਣੇ ਫੈਸਲੇ ਦੀ ਮੁੜ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸਾਰੇ ਸਿੱਖ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਉਂਦੀ, ਉਦੋਂ ਤੱਕ ਕੋਈ ਵੀ ਆਪਣੀ ਡਿਊਟੀ 'ਤੇ ਨਾ ਜਾਵੇ।

ਡਰ ਅਤੇ ਅਨਿਸ਼ਚਿਤਤਾ ਦੀ ਇਸ ਮੌਜੂਦਾ ਸਥਿਤੀ ਨੇ ਕਸ਼ਮੀਰੀਆਂ ਨੂੰ ਗੰਭੀਰ ਤੌਰ 'ਤੇ ਪ੍ਰਭਾਵਤ ਕੀਤਾ ਹੈ। ਇੰਨ੍ਹਾਂ ਘਟਨਾਵਾਂ ਤੋਂ ਕੁਝ ਦਿਨ ਬਾਅਦ ਹੀ ਸ਼ਹਿਰ ਦੀਆਂ ਸੜ੍ਹਕਾਂ 'ਤੇ ਸੁਰੱਖਿਆ ਦਾ ਸਾਮਾਨ, ਵਾਹਨਾਂ, ਯਾਤਰੀਆਂ ਅਤੇ ਪੈਦਲ ਚੱਲਣ ਵਾਲਿਆਂ ਦੀ ਤਲਾਸ਼ੀ ਅਤੇ ਲਗਾਤਾਰ ਗੂੰਜ ਰਹੇ ਸਾਇਰਨਾਂ ਦੀ ਆਵਾਜ਼ ਤਣਾਅ ਨੂੰ ਹੋਰ ਵਧਾਉਂਦੀ ਹੈ।
ਸ੍ਰੀਨਗਰ ਬੇਕਰੀ ਦੇ ਕੋਲ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਕੁਝ ਲੋਕ 1990 ਵਰਗੀ ਸਥਿਤੀ ਦੀ ਵਾਪਸੀ ਬਾਰੇ ਚਿੰਤਤ ਵਿਖਾਈ ਦੇ ਰਹੇ ਸਨ।
ਮੁਹੰਮਦ ਅਸਲਮ ਜੋ ਕਿ ਪੇਸ਼ੇ ਵੱਜੋਂ ਇੱਕ ਤਰਖਾਣ ਹੈ ਅਤੇ ਉਸ ਨੇ 1991 'ਚ ਇੱਕ ਕਰਾਸ-ਫਾਇਰਿੰਗ ਦੌਰਾਨ ਆਪਣੇ ਕਜ਼ਨ ਨੂੰ ਗੁਆਇਆ ਸੀ, ਦਾ ਕਹਿਣਾ ਹੈ, "1990 'ਚ ਪੰਡਿਤਾਂ ਦਾ ਪਰਵਾਸ ਇੱਕ ਦੁਖਾਂਤ, ਤਰਾਸਦੀ ਸੀ ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਦੂਜਾ ਦੁਖਾਂਤ ਸੀ।"
"ਸਮੁੱਚੀ ਆਬਾਦੀ ਦੀ ਸੁਰੱਖਿਆ ਲਈ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਗਈ ਸੀ। ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਨ ਤੋਂ ਵੀ ਡਰਦਾ ਹਾਂ। ਅਜਿਹਾ ਮੁੜ ਨਹੀਂ ਵਾਪਰਨਾ ਚਾਹੀਦਾ ਹੈ।"
ਕੁਝ ਅਜਿਹੇ ਪੰਡਿਤ ਪਰਿਵਾਰ ਜੋ ਕਿ ਸਰਕਾਰੀ ਪੈਕੇਜ ਅਧੀਨ ਵਾਪਸ ਪਰਤੇ ਸਨ, ਉਹ ਮੁੜ ਪਰਵਾਸ ਕਰਨ ਬਾਰੇ ਸੋਚ ਰਹੇ ਹਨ ਜਦਕਿ ਬਿੰਦਰੂ ਆਪਣੇ ਪਿਤਾ ਦੀ ਵਿਰਾਸਤ ਨੂੰ ਅਗਾਂਹ ਇਸੇ ਤਰ੍ਹਾਂ ਹੀ ਤੋਰਨਾ ਚਾਹੁੰਦੇ ਹਨ।
ਬਿੰਦਰੂ ਦੀ ਧੀ ਸ਼ਾਰਧਾ ਬਿੰਦਰੂ, ਜਿਸ ਨੇ ਕਾਤਲਾਂ ਨਾਲ ਬਹਿਸ ਦੀ ਮੰਗ ਕੀਤੀ ਸੀ ਦਾ ਕਹਿਣਾ ਹੈ, " ਮੱਖਣ ਲਾਲ ਨੇ ਜੋ ਕੁੱਝ ਵੀ ਸਹਿਣ ਕੀਤਾ, ਉਹ ਇਸ ਲਈ ਕਿਉਂਕਿ ਉਹ ਇੱਥੇ ਰਹਿਣਾ ਚਾਹੁੰਦੇ ਸਨ। ਅਸੀਂ ਕਸ਼ਮੀਰ ਨਾਲ ਸੰਬੰਧਤ ਹਾਂ , ਅਸੀਂ ਕਸ਼ਮੀਰੀ ਹਾਂ ਅਤੇ ਐਮ ਐਲ ਬਿੰਦਰੂ ਦਾ ਖੂਨ ਸਾਡੀਆਂ ਰਗਾਂ 'ਚ ਦੌੜ ਰਿਹਾ ਹੈ।"

ਡਾ. ਸਿਧਾਰਥ ਦੇ ਦੋ ਬੇਟੇ ਹਨ। ਉਨ੍ਹਾਂ ਨੇ ਯਕੀਨੀ ਬਣਾਇਆ ਕਿ ਦੋਵੇਂ ਹੀ ਆਪਣੇ ਦਾਦੇ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ।
"ਮੈਂ ਉਨ੍ਹਾਂ ਨੂੰ ਅੰਤਿਮ ਸਸਕਾਰ 'ਚ ਸ਼ਾਮਲ ਕਰਨਾ ਚਾਹੁੰਦਾ ਸੀ। ਉੱਥੇ ਹਿੰਦੂਆਂ ਨਾਲੋਂ ਜ਼ਿਆਦਾ ਮੁਸਲਮਾਨ ਸਨ। ਮੈਂ ਚਾਹੁੰਦਾ ਸੀ ਕਿ ਮੇਰੇ ਪੁੱਤਰਾਂ ਨੂੰ ਉਨ੍ਹਾਂ ਦੇ ਪਿਤਾ ਦੇ ਸਮਾਜਿਕ ਰੁਤਬੇ ਬਾਰੇ ਪਤਾ ਲੱਗੇ।"
"ਘੱਟ ਗਿਣਤੀ ਨਾਗਰਿਕ ਨੂੰ ਮਾਰਨਾ ਸਿਰਫ ਕਤਲ ਹੀ ਨਹੀਂ ਹੈ ਬਲਕਿ ਇਹ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦਾ ਯਤਨ ਵੀ ਹੈ। ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਇੱਥੋਂ ਜਾਣ ਦਾ ਕੋਈ ਕਾਰਨ ਹੈ। ਇੱਥੇ ਮੇਰੇ ਆਪਣੇ ਵਸਦੇ ਹਨ, ਮੈਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਹਾਂ।"
ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦੇਣ ਆਏ ਲੋਕਾਂ 'ਚ 90% ਮੁਸਲਮਾਨ ਸਨ। ਉਨ੍ਹਾਂ ਨੂੰ ਆਪਣੇ ਪਿਤਾ ਦੀ ਦੌਲਤ ਦੱਸਦਿਆਂ ਸਿਧਾਰਥ 1990 ਦੇ ਸੰਘਰਸ਼ ਨੂੰ ਯਾਦ ਕਰਦੇ ਹਨ, ਜਦੋਂ ਤਣਾਅ ਸਿਖਰਾਂ 'ਤੇ ਸੀ, ਉਸ ਸਮੇਂ ਵੀ ਉਨ੍ਹਾਂ ਦੇ ਮੁਸਲਿਮ ਦੋਸਤ ਉਨ੍ਹਾਂ ਦੇ ਘਰ ਆਉਂਦੇ ਅਤੇ ਚਾਹ ਪੀਂਦੇ ਸਨ।
" ਉਹ ਸਾਨੂੰ ਇਹ ਯਕੀਨੀ ਬਣਾਉਣ ਲਈ ਆ ਰਹੇ ਹਨ ਕਿ ਉਹ ਸਾਡੇ ਨਾਲ ਹਨ। ਪਿਛਲੇ 25 ਸਾਲਾਂ ਤੋਂ ਮੇਰੀ ਮਾਂ ਇੱਕ ਮੁਸਲਿਮ ਆਦਮੀ ਨੂੰ ਰੱਖੜੀ ਬੰਨ੍ਹ ਰਹੀ ਹੈ। ਅਜਿਹੇ 'ਚ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲ ਇੱਥੋਂ ਜਾਣ ਦਾ ਕੋਈ ਠੋਸ ਕਾਰਨ ਹੈ?"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














