ਕਸ਼ਮੀਰ 'ਚ ਪੰਡਿਤਾਂ ਅਤੇ ਸਿੱਖਾਂ ਦੇ ਹੋ ਰਹੇ ਕਤਲਾਂ ਮਗਰੋਂ ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ, ਕਈ ਪਰਿਵਾਰ ਕਰ ਰਹੇ ਹਨ ਪਰਵਾਸ

68 ਸਾਲਾ ਕਸ਼ਮੀਰੀ ਪੰਡਿਤ ਮਾਖਨ ਲਾਲ ਬਿੰਦਰੂ ਦਾ ਮੰਗਲਵਾਰ ਨੂੰ ਸ਼੍ਰੀਨਗਰ ਵਿੱਚ ਕਤਲ ਕਰ ਦਿੱਤਾ ਗਿਆ
ਤਸਵੀਰ ਕੈਪਸ਼ਨ, 68 ਸਾਲਾ ਕਸ਼ਮੀਰੀ ਪੰਡਿਤ ਮਾਖਨ ਲਾਲ ਬਿੰਦਰੂ ਦਾ ਮੰਗਲਵਾਰ ਨੂੰ ਸ਼੍ਰੀਨਗਰ ਵਿੱਚ ਕਤਲ ਕਰ ਦਿੱਤਾ ਗਿਆ
    • ਲੇਖਕ, ਰਿਆਜ਼ ਮਸਰੂਰ
    • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ

ਕਸ਼ਮੀਰ ਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਸ਼ਾਇਦ ਇਸ ਸਮੇਂ 2000ਵਿਆਂ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਭਿਆਨਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਜਦੋਂ ਦੋ ਵੱਖ ਵੱਖ ਘਟਨਾਵਾਂ ਵਿੱਚ ਦੋਵਾਂ ਭਾਈਚਾਰਿਆਂ ਦੇ ਘੱਟੋ-ਘੱਟ 50 ਜਣਿਆਂ ਦਾ ਕਤਲਿਆਮ ਕਰ ਦਿੱਤਾ ਗਿਆ ਸੀ।

ਡਰ ਹੈ ਕਿ ਸੱਤ ਨਾਗਰਿਕਾਂ, ਜਿਨ੍ਹਾਂ ਵਿੱਚ ਚਾਰ ਗੈਰ-ਮੁਸਲਿਮ ਵੀ ਹਨ, ਦੇ ਮਾਰੇ ਜਾਣ ਤੋਂ ਬਾਅਦ ਇੱਥੇ 1990 ਦੇ ਦਹਾਕੇ ਵਰਗੇ ਹਾਲਾਤ ਮੁੜ ਪੈਦਾ ਹੋ ਸਕਦੇ ਹਨ।

ਉਸ ਦੌਰਾਨ ਹਜ਼ਾਰਾਂ ਕਸ਼ਮੀਰੀ ਬੋਲਣ ਵਾਲੇ ਹਿੰਦੂ, ਜਿਨ੍ਹਾਂ ਨੂੰ ਇੱਥੇ ਪੰਡਿਤ ਕਿਹਾ ਜਾਂਦਾ ਸੀ, ਇੱਥੋਂ ਜਾ ਕੇ ਗੁਆਂਢੀ ਸੂਬਿਆਂ ਵਿੱਚ ਵਸ ਗਏ ਸਨ।

ਉਸ ਦੌਰਾਨ ਜਦੋਂ ਘਾਟੀ ਵਿੱਚ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਹੋ ਰਹੀ ਸੀ ਤਾਂ ਵੀ ਕੋਈ 800 ਪੰਡਿਤ ਪਰਿਵਾਰ ਘਾਟੀ ਵਿੱਚ ਰਹਿ ਗਏ ਸਨ ਅਤੇ ਛੱਡ ਕੇ ਨਹੀਂ ਗਏ ਸਨ।

53 ਸਾਲਾ ਸੰਜੇ ਟਿੱਕੂ ਸਾਲਾਂ ਤੋਂ ਵਾਦੀ 'ਚ ਵਸੇ ਅਜਿਹੇ ਕਸ਼ਮੀਰੀ ਪੰਡਿਤਾਂ ਦੀ ਅਗਵਾਈ ਕਰ ਰਹੇ ਹਨ, ਜੋ ਕਿ ਵਾਦੀ ਛੱਡ ਕੇ ਦੂਜੀ ਕਿਸੇ ਥਾਂ 'ਤੇ ਨਹੀਂ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ, "ਹਾਂ, ਇਹ ਸਥਿਤੀ 1990 ਦੇ ਦਹਾਕੇ ਵਰਗੀ ਹੀ ਜਾਪਦੀ ਹੈ, ਕਿਉਂਕਿ ਅੱਜ ਮੈਂ ਉਹੀ ਡਰ ਮਹਿਸੂਸ ਕਰ ਰਿਹਾ ਹਾਂ, ਜੋ ਕਿ ਮੈਂ ਉਸ ਦੌਰ 'ਚ ਕੀਤਾ ਸੀ। ਹਾਲ ਹੀ ਦੇ ਸਮੇਂ 'ਚ ਕਈ ਪਰਿਵਾਰ ਵਾਦੀ ਛੱਡ ਕੇ ਜਾ ਚੁੱਕੇ ਹਨ ਅਤੇ ਬਹੁਤ ਸਾਰੇ ਪਰਿਵਾਰ ਪਰਵਾਸ ਦੀ ਯੋਜਨਾ ਬਣਾ ਰਹੇ ਹਨ।"

ਸੰਜੇ ਟਿੱਕੂ
ਤਸਵੀਰ ਕੈਪਸ਼ਨ, 53 ਸਲਾ ਸੰਜੇ ਟਿੱਕੂ ਸਾਲਾਂ ਤੋਂ ਵਾਦੀ 'ਚ ਵਸੇ ਕਸ਼ਮੀਰੀ ਪੰਡਿਤਾਂ ਦੀ ਅਗਵਾਈ ਕਰ ਰਹੇ ਹਨ

"ਬਹੁਤ ਸਾਰੇ ਪਰਿਵਾਰ ਸਹਿਮੇ ਹੋਏ ਹਨ ਅਤੇ ਉਹ ਮੈਨੂੰ ਫੋਨ ਕਰਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੈਨੂੰ ਮੇਰੇ ਘਰ ਤੋਂ ਕੱਢ ਕੇ ਕਿਸੇ ਹੋਟਲ 'ਚ ਰੱਖਿਆ ਹੈ। ਪਰ ਇਸ ਤਰ੍ਹਾਂ ਦੇ ਡਰ ਮਾਹੌਲ 'ਚ ਅਸੀਂ ਕਿਵੇਂ ਰਹਿ ਸਕਦੇ ਹਾਂ।"

ਸਾਲ 2003 'ਚ ਪੁਲਵਾਮਾ ਦੇ ਦੂਰ ਦਰਾਡੇ ਦੇ ਨੰਦੀਮਾਰਗ ਪਿੰਡ 'ਚ 20 ਤੋਂ ਵੱਧ ਕਸ਼ਮੀਰੀ ਪੰਡਿਤਾਂ ਦੇ ਕਤਲ ਨੂੰ ਯਾਦ ਕਰਦਿਆਂ ਸੰਜੇ ਟਿੱਕੂ ਦਾ ਕਹਿਣਾ ਹੈ ਕਿ ਸਰਕਾਰ ਅਸੰਵੇਦਨਸ਼ੀਲ ਹੋ ਗਈ ਹੈ।

ਉਹ ਅੱਗੇ ਕਹਿੰਦੇ ਹਨ, "ਮੈਂ ਸਾਲਾਂ ਤੋਂ ਚੇਤਾਵਨੀ ਦਿੰਦਾ ਆ ਰਿਹਾ ਹਾਂ, ਪਰ ਐਮਐਲ ਬਿੰਦਰੂ ਦੇ ਮਾਰੇ ਜਾਣ ਤੱਕ ਉਨ੍ਹਾਂ ਲੋਕਾਂ (ਸਰਕਾਰ) ਦੀ ਨੀਂਦ ਨਹੀਂ ਖੁੱਲ੍ਹੀ ।"

ਨੰਦੀਮਾਰਗ ਕਤਲੇਆਮ ਦੀ ਯਾਦ

ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਸ਼੍ਰੀਨਗਰ ਦੇ ਮੰਨੇ ਪ੍ਰਮੰਨੇ ਕੈਮਿਸਟ ਐਮਐਲ ਬਿੰਦਰੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸੇ ਦਿਨ ਹੀ ਹਥਿਆਰਬੰਦ ਹਮਲਾਵਰਾਂ ਨੇ ਵੱਖ-ਵੱਖ ਘਟਨਾਵਾਂ 'ਚ ਬਿਹਾਰ ਦੇ ਵਸਨੀਕ ਇੱਕ ਹਿੰਦੂ ਵਪਾਰੀ ਅਤੇ ਇੱਕ ਕਸ਼ਮੀਰੀ ਮੁਸਲਮਾਨ ਕੈਬ ਡਰਾਈਵਰ ਦਾ ਕਤਲ ਕਰ ਦਿੱਤਾ ਸੀ।

ਮਾਖਨ ਲਾਲ ਬਿੰਦੂ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਚਾਹੁਣ ਵਾਲੇ ਲੋਕ ਇਕੱਠਾ ਹੋਏ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਮਾਖਨ ਲਾਲ ਬਿੰਦਰੂ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਚਾਹੁਣ ਵਾਲੇ ਲੋਕ ਇਕੱਠਾ ਹੋਏ

ਇਸ ਤੋਂ ਪਹਿਲਾਂ ਹਮਲਾਵਰਾਂ ਨੇ ਸ਼੍ਰੀਨਗਰ ਦੇ ਦੱਖਣੀ ਖੇਤਰ 'ਚ ਦੋ ਕਸ਼ਮੀਰੀ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬਿੰਦਰੂ ਦੇ ਕਤਲ ਨੇ ਕਸ਼ਮੀਰੀ ਪੰਡਿਤਾਂ ਨੂੰ ਨੰਦੀਮਾਰਗ ਕਤਲੇਆਮ ਦੀ ਯਾਦ ਦਵਾ ਦਿੱਤੀ ਹੈ।

ਸਿੱਖ ਭਾਈਚਾਰੇ ਦੇ ਲੋਕ ਯਾਦ ਕਰਦੇ ਹਨ ਕਿ ਮਾਰਚ 2001 'ਚ ਅਨੰਤਨਾਗ ਦੇ ਚਿਤੀਸਿੰਘ ਪੁਰਾ ਵਿਖੇ 30 ਸਿੱਖ ਪਿੰਡ ਵਾਸੀਆਂ ਨੂੰ ਖੜ੍ਹਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ।

ਸ੍ਰੀਨਗਰ ਦੇ ਇੱਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਸਕੱਤਰੇਤ ਭਵਨ ਦੇ ਸਾਹਮਣੇ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ।

'ਸਾਨੂੰ ਇਨਸਾਫ਼ ਚਾਹੀਦਾ ਹੈ'

46 ਸਾਲਾ ਸੁਪਿੰਦਰ ਕੌਰ ਅਤੇ ਉਨ੍ਹਾਂ ਦੇ ਇੱਕ ਸਹਿਯੋਗੀ ਦੀਪਕ ਦਾ ਵੀਰਵਾਰ ਨੂੰ ਸ਼੍ਰੀਨਗਰ ਦੇ ਇੱਕ ਸਕੂਲ ਦੇ ਵਿਹੜੇ 'ਚ ਕਤਲ ਕਰ ਦਿੱਤਾ ਗਿਆ।

ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਕੱਟੜਪੰਥੀ ਨੇ ਸਾਡੀ ਧੀ ਦੀ ਜਾਨ ਲਈ ਹੈ। ਸਾਨੂੰ ਕੌਣ ਇਨਸਾਫ ਦੇਵੇਗਾ? ਸਾਨੂੰ ਤਾਂ ਇਨਸਾਫ਼ ਚਾਹੀਦਾ ਹੈ ਅਤੇ ਜਿੰਨ੍ਹਾਂ ਲੋਕਾਂ ਨੇ ਇੰਨ੍ਹਾਂ ਮਾਸੂਮਾਂ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਵੀ ਗੋਲੀ ਮਾਰੀ ਜਾਣੀ ਚਾਹੀਦੀ ਹੈ।"

ਸਿੱਖ ਆਗੂ ਜਗਮੋਹਨ ਸਿੰਘ ਰੈਨਾ ਨੇ ਸਾਰੇ ਸਿੱਖ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਰਕਾਰ ਘੱਟ ਗਿਣਤੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਉਂਦੀ ਹੈ, ਉਦੋਂ ਤੱਕ ਕੰਮ ਦਾ ਬਾਇਕਾਟ ਕੀਤਾ ਜਾਵੇ।

ਵੀਡੀਓ ਕੈਪਸ਼ਨ, ਜੰਮੂ-ਕਸ਼ਮੀਰ: ਸੁਪਿੰਦਰ ਕੌਰ ਤੇ ਦੀਪਕ ਦੀ ਅੰਤਿਮ ਯਾਤਰਾ, ਗਮ ਤੇ ਗੁੱਸਾ

ਰੈਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਸਾਡੇ ਲੋਕ ਆਪਣੇ ਕੰਮ ਕਾਜਾਂ 'ਤੇ ਕਿਵੇਂ ਨਿਕਲ ਸਕਦੇ ਹਨ? ਸੁਪਿੰਦਰ ਅਤੇ ਉਨ੍ਹਾਂ ਦਾ ਸਹਿਯੋਗੀ ਜਿਸ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਂਦੇ ਸਨ, ਉੱਥੇ ਹੀ ਉਨ੍ਹਾਂ ਦਾ ਕਤਲ ਹੋਇਆ ਹੈ।"

ਸਿੱਖ ਆਗੂ ਜਗਮੋਹਨ ਸਿੰਘ ਰੈਨਾ ਨੇ ਸਾਰੇ ਸਿੱਖ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਰਕਾਰ ਘੱਟ ਗਿਣਤੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਉਂਦੀ ਹੈ, ਉਦੋਂ ਤੱਕ ਕੰਮ ਦਾ ਬਾਇਕਾਟ ਕੀਤਾ ਜਾਵੇ।

ਕੇਂਦਰ 'ਚ ਸੱਤਾ 'ਚ ਆਉਣ ਵਾਲੀਆਂ ਕਾਂਗਰਸ ਅਤੇ ਭਾਜਪਾ ਦੋਵਾਂ ਹੀ ਸਰਕਾਰਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਕੰਮ ਕਰਨਗੀਆਂ, ਪਰ ਕਸ਼ਮੀਰ 'ਚ ਅਮਨ ਸ਼ਾਂਤੀ ਦੀ ਬਹਾਲੀ ਇੱਕ ਭੁਲੇਖਾ ਹੀ ਰਿਹਾ ਹੈ।

ਸਿੱਖ ਆਗੂ ਜਗਮੋਹਨ ਸਿੰਘ
ਤਸਵੀਰ ਕੈਪਸ਼ਨ, ਸਿੱਖ ਆਗੂ ਜਗਮੋਹਨ ਸਿੰਘ ਨੇ ਸਿੱਖ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਰਕਾਰ ਸੁਰੱਖਿਆ ਦਾ ਬੰਦੋਬਸਤ ਨਹੀਂ ਕਰਦੀ ਕੰਮ ਦਾ ਬਾਇਕਾਟ ਕੀਤਾ ਜਾਵੇ

ਕਸ਼ਮੀਰੀ ਪੰਡਿਤਾਂ ਦੀ ਵਾਪਸੀ

ਕਸ਼ਮੀਰੀ ਪੰਡਿਤਾਂ ਨੂੰ ਵਾਦੀ 'ਚ ਮੁੜ ਵਾਪਸੀ ਲਈ ਭਾਰਤ ਸਰਕਾਰ ਨੇ ਸਾਲ 2009 'ਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ। ਇਸ 'ਚ ਉਨ੍ਹਾਂ ਲਈ ਸੁਰੱਖਿਅਤ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

ਉਸ ਤੋਂ ਬਾਅਦ ਲਗਭਗ 5 ਹਜ਼ਾਰ ਕਸ਼ਮੀਰੀ ਪੰਡਿਤ ਵਾਪਸ ਪਰਤੇ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਵਧੇਰੇਤਰ ਲੋਕਾਂ ਨੂੰ ਸਿੱਖਿਆ ਵਿਭਾਗ 'ਚ ਕੰਮ ਮਿਲਿਆ।

ਸੰਜੇ ਟਿੱਕੂ ਦੱਸਦੇ ਹਨ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ 'ਚੋਂ ਵਧੇਰੇਤਰ ਜਾ ਚੁੱਕੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਦੋ ਹਜ਼ਾਰ ਲੋਕ ਪਹਿਲਾਂ ਹੀ ਵਾਦੀ ਛੱਡ ਚੁੱਕੇ ਹਨ।"

ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਇੱਕ ਅਜਿਹੇ ਹੀ ਕੈਂਪ 'ਚ 300 ਫਲੈਟ ਹਨ, ਜਿੱਥੇ ਘੱਟ ਤੋਂ ਘੱਟ 1000 ਕਸ਼ਮੀਰੀ ਪੰਡਿਤ ਰਹਿੰਦੇ ਹਨ।

ਇਸ ਕੈਂਪ ਦੇ ਇੱਕ ਵਸਨੀਕ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ। ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਰਕਾਰੀ ਅਧਿਕਾਰੀ ਇੱਥੇ ਆਉਂਦੇ ਹਨ ਅਤੇ ਸਾਨੂੰ ਸਮਰਥਨ, ਮਦਦ ਦਾ ਭਰੋਸਾ ਦਿੰਦੇ ਹਨ।"

"ਪਰ ਹੁਣ ਸਕੂਲ 'ਚ ਅਧਿਆਪਕਾਂ ਦੇ ਕਤਲ ਤੋਂ ਬਾਅਦ ਇਹ ਡਰ ਕੈਂਪ ਤੋਂ ਕੰਮ ਕਰਨ ਵਾਲੀ ਥਾਂ 'ਤੇ ਤਬਦੀਲ ਹੋ ਗਿਆ ਹੈ। ਕੀ ਉਹ ਸਾਰੇ ਸਕੂਲਾਂ ਅਤੇ ਦਫ਼ਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹਨ?"

ਵੀਡੀਓ ਕੈਪਸ਼ਨ, ਕਸ਼ਮੀਰ: ਪ੍ਰਿੰਸੀਪਲ ਸੁਪਿੰਦਰ ਕੌਰ ਦੇ ਕਤਲ ’ਤੇ ਕੌਣ ਕੀ ਬੋਲਿਆ

ਤਣਾਅਪੂਰਨ ਮਾਹੌਲ

14 ਫਰਵਰੀ, 2019 ਨੂੰ ਭਾਰਤੀ ਸੁਰੱਖਿਆ ਬਲਾਂ 'ਤੇ ਇੱਕ ਬੰਬ ਹਮਲਾ ਹੋਇਆ ਸੀ, ਜਿਸ 'ਚ 40 ਜਵਾਨਾਂ ਦੀ ਮੌਤ ਹੋ ਗਏ ਸੀ।

ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧ 'ਚ ਖਟਾਸ ਵੱਧਣ ਲੱਗੀ। ਇਸ ਘਟਨਾ ਨੂੰ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਖੇਤਰ 'ਚ ਹਵਾਈ ਹਮਲਿਆਂ ਨੂੰ ਅੰਜਾਮ ਦਿੱਤਾ।

ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਨੇ ਭਾਰਤ ਦੇ ਇੱਕ ਜੈੱਟ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੇ ਪਾਇਲਟ ਨੂੰ ਹਿਰਾਸਤ 'ਚ ਲੈ ਲਿਆ ਸੀ। ਹਾਲਾਂਕਿ ਪਾਕਿਸਤਾਨ ਨੇ ਬਾਅਦ 'ਚ ਉਸ ਭਾਰਤੀ ਪਾਇਲਟ ਨੂੰ ਵਾਪਸ ਕਰ ਦਿੱਤਾ ਸੀ।

ਇਸ ਸਾਲ ਫਰਵਰੀ ਮਹੀਨੇ ਤੱਕ 700 ਮੀਲ ਲੰਮੀ ਕੰਟਰੋਲ ਰੇਖਾ 'ਤੇ ਸਥਿਤੀ ਗੜਬੜੀ ਅਤੇ ਅਸ਼ਾਂਤੀ ਵਾਲੀ ਸੀ।

ਐਲਓਸੀ 'ਤੇ ਇਸ ਸਮੇਂ ਦੌਰਾਨ ਰਿਕਾਰਡ ਗਿਣਤੀ 'ਚ ਝੜਪਾਂ ਦਰਜ ਕੀਤੀਆਂ ਗਈਆਂ ਹਨ। ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਫਰਵਰੀ ਮਹੀਨੇ ਇਹ ਫੈਸਲਾ ਕੀਤਾ ਸੀ ਕਿ ਉਹ 2003 ਜੰਗਬੰਦੀ ਨੂੰ ਲਾਗੂ ਕਰਨਗੇ।

ਭਾਰਤੀ ਫੌਜ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਫਰਵਰੀ ਮਹੀਨੇ ਤੋਂ ਬਾਅਦ ਤੋਂ ਸਰਹੱਦ 'ਤੇ ਹਾਲਾਤ ਆਮ ਹਨ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਹੁਣ ਬੀਤੇ ਸਮੇਂ ਦੀ ਗੱਲ ਹੋ ਗਈਆਂ ਹਨ।

ਪਰ ਬੀਤੇ ਕੁਝ ਸਮੇਂ ਤੋਂ ਜਿਸ ਢੰਗ ਨਾਲ ਆਮ ਨਾਗਰਿਕਾਂ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਸ ਕਾਰਨ ਹਰ ਪਾਸੇ ਅਸੁਰੱਖਿਆ ਦੀ ਭਾਵਨਾ ਵੱਧ ਗਈ ਹੈ, ਖਾਸ ਕਰਕੇ ਸਿੱਖ ਅਤੇ ਕਸ਼ਮੀਰੀ ਪੰਡਿਤ ਵਧੇਰੇ ਡਰੇ ਹੋਏ ਹਨ।

ਜੰਮੂ-ਕਸ਼ਮੀਰ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਵਿੱਚੋਂ ਭਾਰਤ ਸਰਕਾਰ ਨੇ 5 ਅਗਸਤ 2019 ਨੂੰ ਧਾਰਾ 370 ਹਟਾ ਦਿੱਤੀ ਸੀ

ਧਾਰਾ 370 ਨੂੰ ਹਟਾਉਣ ਨਾਲ ਹਿੰਸਾ 'ਚ ਵਾਧਾ ਹੋਇਆ ਹੈ?

ਕਸ਼ਮੀਰੀ ਪੰਡਿਤਾਂ ਦੇ ਕੁਝ ਆਗੂ ਸਰਕਾਰ ਦੀ ਬਿਨ੍ਹਾਂ ਸੋਚੇ ਸਮਝੇ ਬਣਾਈਆਂ ਗਈਆਂ ਨੀਤੀਆਂ ਨੂੰ ਸਥਿਤੀ ਖਰਾਬ ਕਰਨ ਲਈ ਪ੍ਰਮੁੱਖ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦੇ ਹਨ। ਧਾਰਾ 370 ਨੂੰ ਖ਼ਤਮ ਕੀਤੇ ਜਾਣਾ ਵੀ ਇਨ੍ਹਾਂ ਵਿੱਚੋਂ ਇੱਕ ਹੈ।

ਕਸ਼ਮੀਰੀ ਪੰਡਿਤਾਂ ਦੇ ਸੰਗਠਨ 'ਰੀਕੰਸੀਲੀਏਸ਼ਨ, ਰਿਟਰਨ ਐਂਡ ਰੀਹੈਬਿਲੀਟੇਸ਼ਨ ਆਫ਼ ਪੰਡਿਤਸ' ਦੇ ਪ੍ਰਧਾਨ ਸਤੀਸ਼ ਮਹਿਲਦਾਰ ਜੰਮੂ-ਕਸ਼ਮੀਰ ਦੀ ਖੁਦਮੁਖਤਿਆਰੀ ਖ਼ਤਮ ਕੀਤੇ ਜਾਣ 'ਤੇ ਜਸ਼ਨ ਮਨਾਉਣ ਵਾਲੇ ਲੋਕਾਂ ਨੂੰ ਚੁਣੌਤੀ ਦਿੰਦੇ ਹੋਏ ਕਹਿੰਦੇ ਹਨ ਕਿ "ਉਹ ਸਾਹਮਣੇ ਆ ਕੇ ਸਾਨੂੰ ਦੱਸਣ ਕਿ ਲੋਕਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ"?

ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰ ਛੱਡ ਕੇ ਗਏ ਲੋਕਾਂ ਦੀ ਜਾਇਦਾਦ ਨਾਲ ਜੁੜੀਆਂ ਸ਼ਿਕਾਇਤਾਂ ਦਰਜ ਕਰਨ ਲਈ ਬਣਾਏ ਗਏ ਪੋਰਟਲ ਦੇ ਕਾਰਨ ਵੀ ਕਸ਼ਮੀਰੀ ਪੰਡਿਤਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦਾ ਸੰਬੰਧ ਵਿਗੜਿਆ ਹੈ।

ਉਨ੍ਹਾਂ ਨੇ ਦਿੱਲੀ ਤੋਂ ਫੋਨ 'ਤੇ ਬੀਬੀਸੀ ਨੂੰ ਦੱਸਿਆ, "ਲੋਕਾਂ ਦੀਆਂ ਸੰਪਤੀਆਂ ਨਾਲ ਛੇੜਛਾੜ ਅਤੇ ਜ਼ਬਰਦਸਤੀ ਖਰੀਦਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਹ ਪੋਰਟਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਦਾ ਸੀ। ਬਹੁਤ ਸਾਰੇ ਕਸ਼ਮੀਰੀ ਪੰਡਿਤਾਂ ਨੇ ਆਪਣੀਆਂ ਜਾਇਦਾਦਾਂ ਕਾਨੂੰਨੀ ਤੌਰ 'ਤੇ ਵੇਚੀਆਂ ਹਨ।"

ਵੀਡੀਓ ਕੈਪਸ਼ਨ, ਧਾਰਾ 370 ਹਟਾਏ ਜਾਣ ਨਾਲ ਭਾਰਤ ਸ਼ਾਸਿਤ ਕਸ਼ਮੀਰ 'ਚ ਕੀ-ਕੀ ਆਵੇਗਾ ਬਦਲਾਅ (ਵੀਡੀਓ ਅਗਸਤ 2019 ਦਾ ਹੈ)

"ਅਜਿਹੀਆਂ ਵਿਕਰੀਆਂ ਨੂੰ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਮਨਜ਼ੂਰੀ ਦਿੱਤੀ ਹੈ।"

"ਪਰ ਜਦੋਂ ਕਿਸੇ ਜਾਇਦਾਦ ਦਾ ਸਹੀ ਖਰੀਦਦਾਰ ਇੱਕ ਦਿਨ ਆਪਣੇ ਦਰਵਾਜ਼ੇ 'ਤੇ ਕਿਸੇ ਪੁਲਿਸਵਾਲੇ ਨੂੰ ਖੜ੍ਹਾ ਵੇਖਦਾ ਹੈ ਜਾਂ ਫਿਰ ਕਿਸੇ ਜਾਇਦਾਦ ਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਜਾਂਦਾ ਹੈ, ਉਹ ਵੀ ਸਿਰਫ ਇਸ ਲਈ ਕਿ ਦਿੱਲੀ ਬੈਠੇ ਕਿਸੇ ਬੰਦੇ ਨੇ ਪੋਰਟਲ 'ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ। ਸਾਨੂੰ ਸੁਰੱਖਿਆ ਗਾਰਡਾਂ ਤੋਂ ਵਧੇਰੇ ਸਮਾਜਿਕ ਸੁਰੱਖਿਆ ਦੀ ਜ਼ਰੂਰਤ ਹੈ। ਅਜਿਹੀਆਂ ਘਟਨਾਵਾਂ ਦੇ ਕਾਰਨ ਵਾਦੀ 'ਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦੀਆਂ ਸੰਭਾਵਨਾਵਾਂ ਹੋਰ ਕਮਜ਼ੋਰ ਹੋ ਰਹੀਆਂ ਹਨ।"

ਵੱਖਵਾਦੀ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੂੰ ਲਗਾਤਾਰ ਨਜ਼ਰਬੰਦ ਰੱਖਣ ਦੇ ਫੈਸਲੇ 'ਤੇ ਸਤੀਸ਼ ਮਹਿਲਦਾਰ ਅਫ਼ਸੋਸ ਜ਼ਾਹਰ ਕਰਦੇ ਹੋਏ ਕਹਿੰਦੇ ਹਨ, "ਜੇਕਰ ਕੁਝ ਹੁੰਦਾ ਹੈ ਤਾਂ ਸਮਾਜ ਨੂੰ ਇੱਕਜੁਟ ਹੋਣਾ ਪੈਂਦਾ ਹੈ, ਪਰ ਹੁਣ ਇਹ ਕੌਣ ਕਰੇਗਾ।"

"ਮੀਰਵਇਜ਼ ਉਮਰ ਫ਼ਾਰੂਕ ਨੂੰ ਸਾਲਾਂ ਤੋਂ ਉਨ੍ਹਾਂ ਦੇ ਘਰ 'ਚ ਹੀ ਨਜ਼ਰਬੰਦ ਰੱਖਿਆ ਜਾਣਾ ਬਹੁਤ ਵੱਡੀ ਗਲਤੀ ਹੈ। ਉਹ ਘੱਟ ਤੋਂ ਘੱਟ ਇਸ ਤਰ੍ਹਾਂ ਨਾਲ ਪਾਗਲਪਨ 'ਚ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੇ ਖਿਲਾਫ ਲੋਕਾਂ ਨੂੰ ਇੱਕਜੁਟ ਕਰ ਸਕਦੇ ਸਨ।"

ਕਈ ਸਿੱਖ ਆਗੂ 5 ਅਗਸਤ 2019 ਤੋਂ ਬਾਅਦ ਕਸ਼ਮੀਰ 'ਚ ਲਗਾਈਆਂ ਗਈਆਂ ਪਾਬੰਦੀਆਂ ਅਤੇ ਉਨ੍ਹਾਂ ਨੂੰ ਅਮਲ 'ਚ ਲਿਆਉਣ ਦੇ ਢੰਗ ਨੂੰ ਵੀ ਆਮ ਲੋਕਾਂ 'ਚ ਅਸੰਤੁਸ਼ਟੀ ਦਾ ਕਾਰਨ ਮੰਨਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਹ ਉਸੇ ਦੀ ਹੀ ਪ੍ਰਤੀਕਿਰਿਆ ਹੈ।

ਕਸ਼ਮੀਰ

ਤਸਵੀਰ ਸਰੋਤ, Ani

ਪੁਲਿਸ ਦਾ ਕੀ ਕਹਿਣਾ ਹੈ?

ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਹਾਲ 'ਚ ਹੋਏ ਕਤਲਾਂ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਮੁਸਲਮਾਨਾਂ ਅਤੇ ਗ਼ੈਰ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਵਿਰੁੱਧ ਭੜਕਾਉਣ ਦੀ ਸਾਜਿਸ਼ ਹੈ।

ਵੀਰਵਾਰ ਨੂੰ ਦੋ ਅਧਿਆਪਕਾਂ ਦੇ ਹੋਏ ਕਤਲ ਤੋਂ ਬਾਅਦ ਉਨ੍ਹਾਂ ਕਿਹਾ ਕਿ "ਇਹ ਕਸ਼ਮੀਰੀ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।"

ਪਰ ਕਸ਼ਮੀਰ ਦੇ ਪੁਲਿਸ ਮੁਖੀ ਵਿਜੇ ਕੁਮਾਰ ਇੰਨ੍ਹਾਂ ਘਟਨਾਵਾਂ ਨੂੰ ਫਿਰਕੂ ਰੰਗਤ ਦੇਣ ਦੀਆਂ ਕਸ਼ਿਸ਼ਾਂ ਨੂੰ ਖਾਰਜ ਕਰਦੇ ਵਿਖਾਈ ਦਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਲ 2021 'ਚ ਕੱਟੜਪੰਥੀਆਂ ਵੱਲੋਂ ਮਾਰੇ ਗਏ 28 ਲੋਕਾਂ 'ਚ ਜ਼ਿਆਦਾਤਰ ਮੁਸਲਮਾਨ ਹੀ ਸਨ।

ਵੀਰਵਾਰ ਰਾਤ ਨੂੰ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਸਾਲ 2021 'ਚ ਅੱਤਵਾਦੀਆਂ ਨੇ ਹੁਣ ਤੱਕ 28 ਲੋਕਾਂ ਦਾ ਕਤਲ ਕੀਤਾ ਹੈ। ਜਿੰਨ੍ਹਾਂ 'ਚ ਪੰਜ ਲੋਕ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਸਨ, ਜਦਕਿ ਦੋ ਬਾਹਰੋਂ ਆਏ ਮਜ਼ਦੂਰ ਸਨ।"

ਕਸ਼ਮੀਰ

ਤਸਵੀਰ ਸਰੋਤ, UBAID MUKHTAR/BBC

ਸਮਾਜ ਅਤੇ ਸਿਸਟਮ ਦੀ ਨਾਕਾਮੀ

ਕਸ਼ਮੀਰੀ ਪੰਡਿਤ ਆਗੂਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਦੋ ਅਸਫਲਤਾਵਾਂ ਦੇ ਨਤੀਜੇ ਭੁਗਤਨੇ ਪੈ ਰਹੇ ਹਨ।

ਸੰਜੇ ਟਿੱਕੂ ਦਾ ਕਹਿਣਾ ਹੈ, "ਇਹ ਸਿਸਟਮ ਹੀ ਅਸੰਵੇਦਨਸ਼ੀਲ ਹੈ। ਸਾਲ 2006 ਤੱਕ ਕੈਂਪ ਅਤੇ ਘੱਟ ਗਿਣਤੀ ਆਬਦੀ ਵਾਲੇ ਇਲਾਕਿਆਂ 'ਚ ਸੁਰੱਖਿਆ ਗਾਰਡ ਤੈਨਾਤ ਰਹਿੰਦੇ ਸਨ।"

"ਅਜਿਹਾ ਕਈ ਵਾਰ ਹੋਇਆ ਜਦੋਂ ਕੱਟੜਪੰਥੀਆਂ ਨੇ ਇੰਨ੍ਹਾਂ ਸੁਰੱਖਿਆ ਗਾਰਡਾਂ ਦੇ ਹਥਿਆਰ ਖੋਹ ਲਏ ਅਤੇ ਫਿਰ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ।"

"ਮੈਂ ਇਸ ਸਾਲ ਜੂਨ ਅਤੇ ਜੁਲਾਈ ਮਹੀਨੇ ਸੁਰੱਖਿਆ ਦੀ ਮੰਗ ਕਰਦਿਆਂ ਰਾਜਪਾਲ ਨੂੰ ਇਸ ਸਬੰਧੀ ਕਈ ਪੱਤਰ ਲਿਖੇ। ਪਰ ਉਨ੍ਹਾਂ ਨੇ ਹਾਲ ਦੀਆਂ ਘਟਨਾਵਾਂ ਤੋਂ ਬਾਅਦ ਮੇਰੀ ਚਿੱਠੀ ਦਾ ਜਵਾਬ ਦਿੱਤਾ ਹੈ।"

ਸੰਜੇ ਟਿੱਕੂ ਨੂੰ ਇਸ ਗਲ ਦਾ ਵੀ ਗਿਲਾ ਹੈ ਕਿ ਕਸ਼ਮੀਰ ਦੇ ਬਹੁ-ਗਿਣਤੀ ਸਮਾਜ ਨੇ ਇੰਨ੍ਹਾਂ ਘਟਨਾਵਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਧਾਰਾ 370 ਹਟਾਏ ਜਾਣ 'ਤੇ ਕੀ ਕਹਿ ਰਹੇ ਹਨ ਕਸ਼ਮੀਰੀ ਪੰਡਿਤ? (ਵੀਡੀਓ ਅਗਸਤ 2019 ਦਾ ਹੈ)

ਉਹ ਕਹਿੰਦੇ ਹਨ, "ਬਹੁ-ਗਿਣਤੀ ਸਮਾਜ ਨੂੰ ਕਿਸੇ ਵੀ ਢੰਗ ਨਾਲ ਆਪਣਾ ਵਿਰੋਧ ਜ਼ਾਹਰ ਕਰਨਾ ਚਾਹੀਦਾ ਸੀ। ਸੋਸ਼ਲ ਮੀਡੀਆ 'ਤੇ ਇੰਨ੍ਹਾਂ ਹੱਤਿਆਵਾਂ ਪ੍ਰਤੀ ਹਮਦਰਦੀ ਅਤੇ ਦਿਲਾਸੇ ਦੀ ਭਾਵਾਨਾ ਜ਼ਰੂਰ ਹੈ ਪਰ ਕਸ਼ਮੀਰ 'ਚ ਜਨਜੀਵਨ ਆਮ ਵਾਂਗਰ ਹੀ ਚੱਲ ਰਿਹਾ ਹੈ।"

"ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਜੇਕਰ ਇਹ ਘਟਨਾਵਾਂ ਕਸ਼ਮੀਰ 'ਚ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਸਾਜਿਸ਼ ਹਨ ਤਾਂ ਬਹੁ-ਗਿਣਤੀ ਭਾਈਚਾਰੇ ਦੀ ਚੁੱਪੀ ਇਸ ਨੂੰ ਹੋਰ ਖ਼ਤਰਨਾਕ ਬਣਾ ਰਹੀ ਹੈ।"

ਇਸ ਦੌਰਾਨ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਨੇ ਸ਼ੁੱਕਰਵਾਰ ਨੂੰ ਪੀੜ੍ਹਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਹੈ।

ਮੀਰਵਾਇਜ਼ ਉਮਰ ਫ਼ਾਰੂਕ ਦੀ ਅਗਵਾਈ ਵਾਲੇ ਹੁਰੀਅਤ ਧੜੇ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ "ਕਸ਼ਮੀਰ ਦੇ ਲੋਕ ਇਸ ਗੱਲ 'ਤੇ ਭਰੋਸਾ ਰੱਖਦੇ ਹਨ ਕਿ ਸੰਘਰਸ਼ 'ਚ ਜਾਣ ਵਾਲੀ ਹਰ ਜ਼ਿੰਦਗੀ ਦੀ ਬਰਾਬਰ ਕੀਮਤ ਹੁੰਦੀ ਹੈ। ਕਿਸੇ ਵੀ ਪੀੜ੍ਹਤ ਨੂੰ ਮਜ਼ਹਬ ਦੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ ਹੈ। ਹਰ ਇੱਕ ਵਿਅਕਤੀ ਸਮਾਜ 'ਚ ਬਰਾਬਰ ਮਹੱਤਵ ਰੱਖਦਾ ਹੈ।"

ਇਸ ਬਿਆਨ 'ਚ ਭਾਰਤ 'ਤੇ ਸਰਕਾਰੀ ਨੀਤੀ ਵੱਜੋਂ ਫੌਜੀਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।

"ਜਦੋਂ ਸਰਕਾਰਾਂ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਫੌਜ ਦੀ ਵਰਤੋਂ ਆਮ ਲੋਕਾਂ ਨਾਲ ਨਜਿੱਠਣ ਅਤੇ ਕਸ਼ਮੀਰ 'ਚ ਜਾਰੀ ਸੰਘਰਸ਼ ਨੂੰ ਵਧੇਰੇ ਸਮੇਂ ਤੱਕ ਖਿੱਚਣ ਦੀ ਨੀਤੀ ਵੱਜੋਂ ਕਰਦੀਆਂ ਹਨ ਤਾਂ ਇਸ ਦੇ ਨਤੀਜਾ ਖੂਨਖਰਾਬਾ ਅਤੇ ਨੁਕਾਸਨ ਦੇ ਰੂਪ 'ਚ ਹੋਵੇਗਾ।"

ਕਸ਼ਮੀਰ

ਤਸਵੀਰ ਸਰੋਤ, Ani

ਕਿਹੜੇ ਸੁਰੱਖਿਆ ਉਪਾਅ ਕੀਤੇ ਗਏ ਹਨ ?

ਪ੍ਰਸ਼ਾਸਨ ਨੇ ਘੱਟ ਗਿਣਤੀ ਵਧੇਰੇ ਆਬਾਦੀ ਵਾਲੇ ਖੇਤਰਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣਾ ਸ਼ੂਰੂ ਕਰ ਦਿੱਤਾ ਹੈ। ਇਸ 'ਚ ਆਮ ਲੋਕਾਂ ਦੀ ਸੁਰੱਖਿਆ ਤੋਂ ਇਲਾਵਾ ਬਾਹਰੋਂ ਆਏ ਹਿੰਦੂ ਵਪਾਰੀਆਂ ਦੀ ਸੁਰੱਖਿਆ ਦਾ ਵੀ ਮੁੱਦਾ ਸ਼ਾਮਲ ਹੈ।

ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਕਸ਼ਮੀਰੀ ਪੰਡਿਤਾਂ ਅਤੇ ਬਾਹਰੋਂ ਆਏ ਹਿੰਦੂਆਂ ਦੇ ਵਪਾਰਕ ਅਦਾਰਿਆਂ 'ਤੇ ਸੁਰੱਖਿਆ ਦੇ ਲਿਹਾਜ ਨਾਲ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਇਸ ਦੌਰਾਨ ਪ੍ਰਸ਼ਾਸਨ ਸਾਬਕਾ ਕੱਟੜਪੰਥੀਆਂ ਅਤੇ ਪੱਥਰਬਾਜ਼ੀ ਦੇ ਮਾਮਲਿਆਂ ਦੇ ਦੋਸ਼ੀਆਂ 'ਤੇ ਮੁੜ ਸਖ਼ਤੀ ਨਾਲ ਜਾਂਚ ਕਰ ਰਿਹਾ ਹੈ। ਪੁਲਿਸ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇੰਨ੍ਹਾਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਵੀਰਵਾਰ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਦੋ ਅਧਿਆਪਕਾਂ ਦੇ ਕਤਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਲੋਕ ਜੰਮੂ-ਕਸ਼ਮੀਰ ਦੀ ਸ਼ਾਂਤੀ ਭੰਗ ਕਰਨ 'ਚ ਸਫਲ ਨਹੀਂ ਹੋ ਪਾਉਣਗੇ।

ਮਨੋਜ ਸਿਨਹਾ ਨੇ ਟਵਿੱਟਰ 'ਤੇ ਲਿਖਿਆ ਹੈ, "ਮੈਂ ਅੱਤਵਾਦੀ ਹਮਲਿਆਂ 'ਚ ਸ਼ਹੀਦ ਹੋਏ ਨਾਗਰਿਕਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਪੂਰੇ ਦੇਸ਼ ਦੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਮੇਰੇ ਦਿਲ 'ਚ ਬਹੁਤ ਦਰਦ ਅਤੇ ਗੁੱਸਾ ਹੈ।''

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਪੀੜ੍ਹਤ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਭਰੋਸਾ ਦਿੰਦਾ ਹਾਂ ਕਿ ਤੁਹਾਡੇ ਇੱਕ-ਇੱਕ ਹੰਝੂ ਦਾ ਹਿਸਾਬ ਲਿਆ ਜਾਵੇਗਾ। 130 ਕਰੋੜ ਦੇਸ਼ਵਾਸੀ ਸਾਰੇ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਅਸੀਂ ਸੁਰੱਖਿਆ ਏਜੰਸੀਆਂ ਨੂੰ ਪੂਰੀ ਆਜ਼ਾਦੀ ਦਿੱਤੀ ਹੈ। ਮਨੁੱਖਤਾ ਦੇ ਦੁਸ਼ਮਣ ਇੰਨ੍ਹਾਂ ਦਹਿਸ਼ਤਗਰਦਾਂ ਨੂੰ ਜਲਦੀ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ।"

"ਮੈਂ ਅੱਤਵਾਦ ਦੇ ਸਮਰਥਕਾਂ, ਸਰਪ੍ਰਸਤਾਂ ਨੂੰ ਵੀ ਇਹ ਕਹਿਣਾ ਚੱਹੁੰਦਾ ਹਾਂ ਕਿ ਜੰਮੂ-ਕਸ਼ਮੀਰ 'ਚ ਸ਼ਾਂਤੀ, ਅਮਨ, ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਦੀ ਯਾਤਰਾ ਨੂੰ ਅਸਥਿਰ ਕਰਨ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਕਦੇ ਵੀ ਸਫਲ ਨਹੀਂ ਹੋਣਗੀਆਂ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)