ਮੋਦੀ ਦੇ ਤਿੰਨ ਸ਼ਬਦ 'ਸਭ ਠੀਕ ਹੈ' ਦੀ ਹਕੀਕਤ ਦੱਸ ਰਹੇ ਹਨ ਕਸ਼ਮੀਰੀ

ਤਸਵੀਰ ਸਰੋਤ, Getty Images
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਇੰਟਰਨੈੱਟ ਅਤੇ ਮੋਬਾਈਲ ਫੋਨ ਸੇਵਾਵਾਂ ਤੋਂ ਦੂਰ ਭਾਰਤ ਸ਼ਾਸਿਤ ਕਸ਼ਮੀਰ ਵਾਦੀ ਦੇ ਲੋਕਾਂ ਨੂੰ ਤਾਂ ਹੁਣ 27 ਸਤੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਦੁਕਾਨਦਾਰ ਹੋਵੇ ਜਾਂ ਫਿਰ ਸਥਾਨਕ ਪੱਤਰਕਾਰ, ਹੋਟਲ 'ਚ ਕੰਮ ਕਰਨ ਵਾਲਾ ਕੋਈ ਮੁਲਾਜ਼ਮ ਹੋਵੇ ਜਾਂ ਫਿਰ ਦੂਰ-ਦੂਰਾਡੇ ਦੇ ਖੇਤਰ 'ਚ ਰਹਿਣ ਵਾਲਾ ਨਾਗਰਿਕ-ਕੋਈ ਵੀ ਇੰਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਤਾਂ ਇੱਕ ਹੀ ਜਵਾਬ ਮਿਲ ਰਿਹਾ ਹੈ, ਵੇਖਦੇ ਹਾਂ ਕਿ 27 ਸਤੰਬਰ ਨੂੰ ਕੀ ਹੁੰਦਾ ਹੈ।
ਦਰਅਸਲ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ, ਯੂਐਨਜੀਏ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਭਾਸ਼ਣ ਦੇਣਗੇ।
ਕਿਆਸਰਾਈਆਂ ਅਤੇ ਅਫ਼ਵਾਹਾਂ ਦੇ ਦੌਰ 'ਚ ਕਸ਼ਮੀਰ 'ਚ ਇੱਕ ਵਰਗ ਨੂੰ ਲਗਦਾ ਹੈ ਕਿ ਸ਼ਾਇਦ ਭਾਰਤ 27 ਸਤੰਬਰ ਤੋਂ ਬਾਅਦ ਧਾਰਾ 370 ਨੂੰ ਮੁੜ ਬਹਾਲ ਕਰ ਸਕਦਾ ਹੈ।
ਕੁਝ ਨੂੰ ਤਾਂ ਪਾਕਿਸਤਾਨ ਵੱਲੋਂ ਹਮਲੇ ਦਾ ਡਰ ਵੀ ਸਤਾ ਰਿਹਾ ਹੈ। ਕੁਝ ਦੀ ਸੋਚ ਨੇ ਸਾਰੀਆਂ ਸਰਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 27 ਸਤੰਬਰ ਤੋਂ ਬਾਅਦ ਕਸ਼ਮੀਰ 'ਆਜ਼ਾਦ' ਹੋ ਜਾਵੇਗਾ।
ਇਹ ਵੀ ਪੜ੍ਹੋ:
ਇੰਨ੍ਹਾਂ ਸਾਰੀਆਂ ਅਫ਼ਵਾਹਾਂ ਦਾ ਆਧਾਰ ਕੀ ਹੈ, ਇਸ ਬਾਰੇ ਕੁਝ ਵੀ ਕਹਿਣਾ ਅਜੇ ਨਾਮੁਮਕਿਨ ਹੈ ਕਿਉਂਕਿ ਸਾਡੀ ਅਜੇ ਤੱਕ ਕਿਸੇ ਵੀ ਸਬੰਧਿਤ ਅਧਿਕਾਰੀ ਨਾਲ ਇਸ ਸਬੰਧੀ ਗ਼ੁਫ਼ਤਗੂ ਨਹੀਂ ਹੋ ਸਕੀ ਹੈ।
ਦੱਸਣਯੋਗ ਹੈ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ ਹਾਸਲ ਵਿਸ਼ੇਸ਼ ਰੁਤਬੇ ਨੂੰ ਕਾਇਮ ਕਰਨ ਵਾਲੀ ਧਾਰਾ 370 ਨੂੰ ਮਨਸੂਖ ਕਰ ਦਿੱਤਾ ਗਿਆ ਸੀ।
ਰਾਜ ਦੇ ਪੁਨਰਗਠਨ ਦਾ ਐਲਾਨ ਕੀਤਾ ਗਿਆ ਅਤੇ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਪੂਰੀ ਤਰ੍ਹਾਂ ਨਾਲ ਮੁਅੱਤਲ ਕਰ ਦਿੱਤੀਆਂ ਗਈਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾਂ ਤੋਂ ਬਚਿਆ ਜਾ ਸਕੇ।

ਤਸਵੀਰ ਸਰੋਤ, Getty Images
ਇਸ ਗੱਲ ਨੂੰ 50 ਤੋਂ ਉਪਰ ਦਿਨ ਹੋ ਚੁੱਕੇ ਹਨ, ਪਰ ਫਿਰ ਵੀ ਵਾਦੀ ਦੇ ਲੋਕਾਂ 'ਚ ਇਸ ਸਬੰਧੀ ਗੁੱਸਾ ਅਤੇ ਰੋਸ ਭਰਿਆ ਹੋਇਆ ਹੈ। ਵਾਦੀ 'ਚ 'ਸਭ ਕੁਝ ਠੀਕ ਹੈ' ਦੱਸਣ ਵਾਲੀ ਭਾਰਤੀ ਮੀਡੀਆ ਨੂੰ ਉੱਥੋਂ ਦੇ ਲੋਕ ਝੂਠਾ ਦੱਸ ਰਹੇ ਹਨ, ਜਿਸ 'ਚ ਸੱਚ ਨੂੰ ਬਿਆਨ ਕਰਨ ਦੀ ਹਿੰਮਤ ਨਹੀਂ ਹੈ।
ਕਸ਼ਮੀਰ ਹੋਟਲ ਐਸੋਸੀਏਸ਼ਨ ਦੇ ਮੁਖੀ ਮੁਸ਼ਤਾਕ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਵਾਦੀ ਦੀ ਅਰਥਵਿਵਸਥਾ ਲਈ ਪ੍ਰਮੁੱਖ ਆਧਾਰ ਮੰਨੇ ਜਾਂਦੇ ਸੈਲਾਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਦੇ ਮੱਦੇਨਜ਼ਰ ਇੱਥੋਂ ਵਾਪਸ ਚਲੇ ਜਾਣ।
ਇੱਕ ਦੁਕਾਨਦਾਰ ਨੇ ਮੈਨੂੰ ਦੱਸਿਆ, "ਲੋਕ ਸ਼ਾਂਤ ਹਨ। ਕੁਝ ਵੀ ਨਹੀਂ ਹੋ ਰਿਹਾ ਹੈ ਅਤੇ ਇਹ ਹੀ ਵਿਸ਼ੇਸ਼ ਚਿੰਤਾ ਦੀ ਗੱਲ ਹੈ।"
ਕਸ਼ਮੀਰ 'ਚ 5 ਅਗਸਤ ਤੋਂ ਬਾਅਦ ਕੀ ਸਥਿਤੀ ਰਹੀ ਇਸ ਬਾਰੇ ਵਿਸਥਾਰ 'ਚ ਜਾਣਨ ਲਈ ਹੀ ਮੈਂ ਸ੍ਰੀਨਗਰ ਦੇ ਇਲਾਵਾ ਉੱਤਰੀ ਅਤੇ ਦੱਖਣੀ ਕਸ਼ਮੀਰ 'ਚ ਦੂਰ ਦੁਰਾਡੇ ਦੇ ਪਿੰਡਾਂ ਦੇ ਦੌਰੇ 'ਤੇ ਨਿਕਲਿਆ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਸ਼ਮੀਰ 'ਤੇ ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਜਾਰੀ ਹੜਤਾਲ ਕਾਰਨ ਸਿੱਖਿਆ, ਵਪਾਰ, ਨਿਆਂ ਵਿਵਸਥਾ, ਛੋਟੇ ਉਦਯੋਗ, ਖੁਰਾਕੀ ਵਸਤਾਂ ਦੀਆਂ ਕੀਮਤਾਂ, ਆਵਾਜਾਈ ਦੇ ਸਾਧਨ, ਐਕਸਪੋਰਟ ਡਿਊਟੀ ਤੋਂ ਇਲਾਵਾ ਆਮ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਹਰ ਖੇਤਰ 'ਤੇ ਇਸ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।
ਦੁਕਾਨਾਂ ਬੰਦ ਹਨ, ਜਿਸ ਕਰਕੇ ਵਪਾਰ ਠੱਪ ਹੋ ਗਿਆ ਹੈ। ਸੈਲਾਨੀਆਂ ਦੇ ਵਾਪਸ ਜਾਣ ਕਾਰਨ ਹਜ਼ਾਰਾਂ ਹੋਟਲ ਖਾਲੀ ਪਏ ਹਨ। ਸ਼ਿਕਾਰੇ ਅਤੇ ਹਾਊਸਬੋਟ ਸੈਲਾਨੀਆਂ ਦੀ ਰਾਹ ਤੱਕ ਰਹੇ ਹਨ।
ਡਲ ਝੀਲ ਅਤੇ ਸੜਕਾਂ ਸੁੰਨੀਆਂ ਪਈਆਂ ਹਨ। ਸੈਲਾਨੀਆਂ ਅਤੇ ਯਾਤਰੀਆਂ ਦੀ ਥਾਂ 'ਤੇ ਸੁੱਰਖਿਆ ਮੁਲਾਜ਼ਮ ਸੜਕਾਂ 'ਤੇ ਗਸ਼ਤ ਕਰਦੇ ਵਿਖਾਈ ਦੇ ਰਹੇ ਹਨ।
ਸੰਪਰਕ ਸਹੂਲਤਾਂ ਮੁਅੱਤਲ ਹੋਣ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ, ਸਾਥੀਆਂ ਅਤੇ ਕੰਮਕਾਜ਼ੀ ਮੁਲਾਜ਼ਮਾਂ ਨਾਲ ਸੰਪਰਕ ਕਾਇਮ ਨਹੀਂ ਕਰ ਪਾ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਆਗੂਆਂ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਪਾਰਟੀ ਦੇ ਕਈ ਆਗੂ ਅਤੇ ਕਾਰਕੁੰਨ ਅੰਡਰਗਰਾਂਉਂਡ ਹੋ ਗਏ ਹਨ ਜਾਂ ਫਿਰ ਡਰ ਦੇ ਕਾਰਨ ਜੰਮੂ ਸਮੇਤ ਦੂਜੇ ਹਿੱਸਿਆਂ 'ਚ ਚਲੇ ਗਏ ਹਨ।
ਆਪਣੇ ਇਸ ਸਫ਼ਰ 'ਤੇ ਇਕ ਵਿਅਕਤੀ ਨਾਲ ਹੋਈ ਗੱਲਬਾਤ ਵਿੱਚ ਉਸਨੇ ਦੱਸਿਆ, "ਪ੍ਰਸ਼ਾਸਨ ਅਤੇ ਪ੍ਰਭਾਵਿਤ ਲੋਕਾਂ ਦਰਮਿਆਨ ਸੰਪਰਕ ਦੀ ਘਾਟ ਹੈ, ਗੱਲਬਾਤ ਵੀ ਨਹੀਂ ਹੋ ਪਾ ਰਹੀ ਹੈ ਜਿਸ ਕਰਕੇ ਅੱਗੇ ਦੇ ਰਸਤੇ ਬਾਰੇ ਕੁੱਝ ਵੀ ਨਹੀਂ ਸਮਝ ਆ ਰਿਹਾ ਹੈ।"
ਉਦਯੋਗ ਠੱਪ
ਕਸ਼ਮੀਰ ਚੈਂਬਰ ਆਫ਼ ਕਾਮਰਸ ਅਤੇ ਉਦਯੋਗ ਦੇ ਇਕ ਅੰਕੜੇ ਅਨੁਸਾਰ ਕਸ਼ਮੀਰ ਦੇ ਅਰਥਚਾਰੇ ਨੂੰ 5 ਅਗਸਤ ਤੋਂ ਲੈ ਕੇ ਹੁਣ ਤੱਕ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ।
ਵਾਦੀ 'ਚ ਆਪਣੇ ਪਰ ਫੈਲਾ ਰਹੀਆਂ ਵੀਆਂ ਆਈਟੀ ਕੰਪਨੀਆਂ ਦੇ ਮਾਲਕਾਂ ਵੱਲੋਂ ਗੁਰੂਗ੍ਰਾਮ ਜਾਂ ਫਿਰ ਚੰਡੀਗੜ੍ਹ 'ਚ ਕਿਰਾਏ 'ਤੇ ਜਗ੍ਹਾ ਲੈ ਕੇ ਆਪਣੇ ਉਦਯੋਗਾਂ ਨੂੰ ਉੱਥੇ ਤਬਦੀਲ ਕੀਤਾ ਜਾ ਰਿਹਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਸਿਰਫ ਕਾਲੀਨ ਉਦਯੋਗ 'ਚ ਹੀ 50-60 ਹਜ਼ਾਰ ਨੌਕਰੀਆਂ ਜਾ ਚੁੱਕੀਆਂ ਹਨ।

ਚੈਂਬਰ ਦੇ ਮੁਖੀ ਅਤੇ ਕਾਲੀਨ ਉਦਯੋਗ ਨਾਲ ਸੰਬੰਧਿਤ ਸ਼ੇਖ਼ ਆਸਿਕ ਨੇ ਕਿਹਾ, "ਜੁਲਾਈ, ਅਗਸਤ ਅਤੇ ਸਤੰਬਰ ਅਜਿਹੇ ਮਹੀਨੇ ਹੁੰਦੇ ਹਨ ਜਦੋਂ ਸਾਨੂੰ ਐਕਸਪੋਰਟ ਦੇ ਆਰਡਰ ਮਿਲਦੇ ਹਨ ਤਾਂ ਕਿ ਅਸੀਂ ਕ੍ਰਿਸਮਿਸ ਜਾਂ ਨਵੇਂ ਸਾਲ ਤੋਂ ਪਹਿਲਾਂ ਇੰਨ੍ਹਾਂ ਦੀ ਸਪਲਾਈ ਸੰਭਵ ਕਰ ਸਕੀਏ। ਪਰ ਬੰਦ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਦੇ ਚੱਲਦਿਆਂ ਅਸੀਂ ਇੰਪੋਰਟਰਾਂ ਅਤੇ ਕਾਰੀਗਰਾਂ ਨਾਲ ਸੰਪਰਕ ਹੀ ਕਾਇਮ ਨਹੀਂ ਪਾ ਰਹੇ।"
ਕਸ਼ਮੀਰ ਦੀ ਅਰਥ ਵਿਵਸਥਾ ਸੈਰ-ਸਪਾਟਾ, ਬਾਗਬਾਨੀ ਅਤੇ ਛੋਟੇ ਉਦਯੋਗਾਂ 'ਤੇ ਟਿਕੀ ਹੋਈ ਹੈ।
ਇਸ ਪੂਰੀ ਕਹਾਣੀ ਦੀ ਸ਼ੁਰੂਆਤ 3 ਅਗਸਤ ਦੀ ਦੁਪਹਿਰ ਨੂੰ ਹੋਈ।
ਸ੍ਰੀਨਗਰ ਦੇ ਰੈਡਿਸਨ ਹੋਟਲ ਦੇ ਮਾਲਕ ਮੁਸ਼ਤਾਕ ਹੋਟਲ 'ਚ ਹੀ ਮੌਜੂਦ ਸਨ ਜਦੋਂ ਜੰਮੂ-ਕਸ਼ਮੀਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਸੁਰੱਖਿਆ ਐਡਵਾਇਜ਼ਰੀ ਉਨ੍ਹਾਂ ਨੂੰ ਮਿਲੀ।
ਇਸ 'ਚ ਅਮਰਨਾਥ ਯਾਤਰਾ 'ਤੇ ਕੱਟੜਵਾਦੀ ਹਮਲਿਆਂ ਦੇ ਖ਼ਤਰੇ ਦੀ ਗੱਲ ਕਹੀ ਗਈ ਸੀ ਅਤੇ ਨਾਲ ਹੀ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਸਲਾਹ ਦਿੱਤੀ ਗਈ ਕਿ ਸੀ ਕਿ ਉਹ ਵਾਦੀ ਨੂੰ ਫੌਰੀ ਤੌਰ 'ਤੇ ਛੱਡ ਦੇਣ।
90 ਕਮਰਿਆਂ ਅਤੇ 125 ਲੋਕਾਂ ਦੇ ਸਟਾਫ਼ ਵਾਲੇ ਇਸ ਰੈਡੀਸਨ ਹੋਟਲ 'ਚ ਉਸ ਦਿਨ 70% ਬੁਕਿੰਗ ਹੋ ਰੱਖੀ ਸੀ। ਇਹ ਸਮਾਂ ਕਮਾਈ ਕਰਨ ਦਾ ਹੀ ਸੀ।ਦੱਸਣਯੋਗ ਹੈ ਕਿ 2016 ਦੇ ਬੁਰਹਾਨ ਵਾਨੀ ਮਾਮਲੇ ਤੋਂ ਬਾਅਦ ਹਿੰਸਾ ਅਤੇ ਬੰਦ, ਬਾਲਾਕੋਟ ਹਮਲਾ, ਪੁਲਵਾਮਾ ਹਮਲੇ ਤੋਂ ਬਾਅਦ ਵਾਦੀ 'ਚ ਸੈਲਾਨੀਆਂ ਦੀ ਤਾਦਾਦ ਬਹੁਤ ਘੱਟ ਗਈ ਸੀ ਪਰ ਇਸ ਸਾਲ ਇਸ ਗਿਣਤੀ 'ਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਸੀ। ਮੁਸ਼ਤਾਕ ਦੇ ਸੋਨਮਰਗ, ਗੁਲਮਰਗ ਅਤੇ ਪਹਿਲਗਾਮ 'ਚ ਵੀ ਹੋਟਲ ਹਨ।

ਜਦੋਂ ਮੈਂ ਉਨ੍ਹਾ ਨੂੰ ਮਿਲਿਆਂ ਤਾਂ ਖਾਲੀ ਪਏ ਹੋਟਲ ਦੀ ਰਿਸੇਪਸ਼ਨ 'ਤੇ ਕੁੱਝ ਹੀ ਲੋਕ ਸਨ । ਮੁਸ਼ਤਾਕ ਮੁਤਾਬਿਕ 3 ਅਗਸਤ ਨੂੰ ਹਾਸਲ ਹੋਈ ਅਡਵਾਇਜ਼ਰੀ ਨੂੰ ਅਮਲ 'ਚ ਲਿਆਉਣ ਲਈ ਪੁਲਿਸ ਮੁਲਾਜ਼ਮ, ਪ੍ਰਸ਼ਾਸਕੀ ਅਧਿਕਾਰੀ ਹੋਟਲ ਅੰਦਰ ਆ ਗਏ ਸਨ।
ਅਜਿਹੇ ਨਾਜ਼ੁਕ ਹਾਲਾਤਾਂ ਦੀ ਮਾਰ ਝੱਲ ਰਹੇ ਮੁਸ਼ਤਾਕ ਨੇ ਦੱਸਿਆ ਕਿ ਹੋਟਲ ਖਾਲੀ ਕਰਨ ਦੀ ਗੱਲ ਸੁਣ ਕੇ ਮਹਿਮਾਨ ਵੀ ਨਾਰਾਜ਼ ਅਤੇ ਗੁੱਸੇ 'ਚ ਸਨ। ਅਸੀਂ ਉਨ੍ਹਾਂ ਨੂੰ ਜਲਦੀ ਜਾਣ ਦੀ ਗੁਜ਼ਾਰਿਸ਼ ਵੀ ਕੀਤੀ। ਅਗਲੇ ਦਿਨ ਸ਼ਨੀਵਾਰ ਤੱਕ ਹੋਟਲ ਲਗਭਗ ਪੂਰੀ ਤਰ੍ਹਾਂ ਨਾਲ ਖਾਲੀ ਵੀ ਹੋ ਗਿਆ ਸੀ।
ਸਥਾਨਕ ਲੋਕਾਂ ਅਨੁਸਾਰ ਕਈ ਸੈਲਾਨੀ ਅਤੇ ਯਾਤਰੀ ਕਾਫ਼ੀ ਡਰੇ ਹੋਏ ਸਨ। ਬੱਸ ਅੱਡੇ, ਹਵਾਈ ਅੱਡੇ ਹਰ ਜਗ੍ਹਾ ਭੀੜ੍ਹ ਦਾ ਆਲਮ ਸੀ ਅਤੇ ਹਰ ਕੋਈ ਪ੍ਰੇਸ਼ਾਨ ਵਿਖਾਈ ਦੇ ਰਿਹਾ ਸੀ।
ਇਕ ਅੰਕੜੇ ਮੁਤਾਬਿਕ ਇਸ ਅਡਵਾਇਜ਼ਰੀ ਦੇ ਲਾਗੂ ਹੋਣ ਤੋਂ ਬਾਅਦ ਬਿਹਾਰ ਜਾਂ ਦੂਜੇ ਰਾਜਾਂ ਤੋਂ ਕਸ਼ਮੀਰ 'ਚ ਕੰਮ ਕਰਨ ਵਾਲੇ 3-4 ਲੱਖ ਲੋਕਾਂ ਨੂੰ ਵੀ ਆਪਣੇ ਕੰਮਕਾਰ ਛੱਡ ਕੇ ਵਾਪਸ ਪਰਤਣਾ ਪਿਆ, ਜਿਸ ਕਾਰਨ ਬਿਊਟੀ ਪਾਰਲਰ, ਹੇਅਰ ਕਟਿੰਗ, ਕਾਰਪੇਂਟਰੀ, ਪੇਂਟਿੰਗ, ਬਿਜਲੀ ਦਾ ਕੰਮ ਕਰਨ ਵਾਲੇ ਅਤੇ ਪੈਕਿੰਗ ਵਰਗੇ ਛੋਟੇ-ਛੋਟੇ ਕੰਮਾਂ ਲਈ ਵਾਦੀ 'ਚ ਕਾਮਿਆਂ ਦੀ ਘਾਟ ਹੋ ਗਈ।

ਇੱਕ ਸਰਕਾਰੀ ਅਧਿਕਾਰੀ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਵਾਦੀ 'ਚੋਂ ਬਾਹਰ ਭੇਜਣਾ, ਉਨ੍ਹਾਂ ਲਈ ਟਿਕਟ ਦਾ ਬੰਦੋਬਸਤ ਕਰਨਾ ਇਕ ਬਹੁਤ ਹੀ ਮੁਸ਼ਕਲ ਕੰਮ ਸੀ। ਇਕ ਹਫ਼ਤੇ ਤੱਕ ਉਹ ਅਤੇ ਉਨ੍ਹਾਂ ਦੀ ਟੀਮ ਲਗਾਤਾਰ 24 ਘੰਟੇ ਤੱਕ ਡਿਊਟੀ 'ਤੇ ਰਹੀ। ਇੱਥੋਂ ਤੱਕ ਕਿ ਪਹਾੜੀ ਖੇਤਰ 'ਚ ਪਹੁੰਚੇ ਸੈਲਾਨੀਆਂ ਨੂੰ ਫੌਜ ਦੀ ਮਦਦ ਨਾਲ ਹੇਠਾਂ ਲਿਆਂਦਾ ਗਿਆ।
ਬਾਰਾਮੁਲਾ ਦੇ ਬੰਦ ਪਏ ਬਾਜ਼ਾਰ 'ਚ ਇਕ ਅੱਧੇ ਸ਼ਟਰ ਨਾਲ ਖੁੱਲੀ ਨਾਈ ਦੀ ਦੁਕਾਨ 'ਤੇ ਬੈਠੇ ਇਕ ਗਾਹਕ ਨੇ ਮੈਨੂੰ ਸਵਾਲ ਕੀਤਾ , "ਮੈਂ ਵੀ ਤਾਂ ਇੱਥੋਂ ਦਾ ਨਾਗਰਿਕ ਹਾਂ। ਜਿਸ ਤਰ੍ਹਾਂ ਸਰਕਾਰ ਨੇ ਅਮਰਨਾਥ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਇੱਥੋਂ ਜਲਦ ਤੋਂ ਜਲਦ ਚਲੇ ਜਾਣ ਦੀ ਹਿਦਾਇਤ ਦਿੱਤੀ, ਕੀ ਅਸੀਂ ਉਨ੍ਹਾ ਦੇ ਨਾਗਰਿਕ ਨਹੀਂ ਹਾਂ? ਕੀ ਸਾਡੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ?"
ਮੁਸ਼ਤਾਕ ਮੁਤਾਬਿਕ 5 ਅਗਸਤ ਤੋਂ ਹੁਣ ਤੱਕ ਕਸ਼ਮੀਰ ਵਾਦੀ ਦੇ ਲਗਭਗ 3 ਹਜ਼ਾਰ ਹੋਟਲਾਂ ਨੂੰ 2-3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਵਾਦੀ 'ਚ ਕੁੱਝ ਰਸੂਖਦਾਰ ਅਤੇ ਅਧਿਕਾਰੀ ਪੱਧਰ ਦੇ ਲੋਕਾਂ ਦੇ ਮੋਬਾਇਲ ਫੋਨ ਚਾਲੂ ਹਨ ਅਤੇ ਮੁਸ਼ਤਾਕ ਵੀ ਉਨ੍ਹਾਂ 'ਚੋਂ ਇੱਕ ਹੈ।
ਇਹ ਵੀ ਪੜ੍ਹੋ:
ਕਰੀਬ 35 ਸਾਲ ਤੋਂ ਹੋਟਲ ਸਨਅਤ 'ਚ ਸਰਗਰਮ ਮੁਸ਼ਤਾਕ ਨੇ ਕਿਹਾ, "ਕਈ ਲੋਕਾਂ ਨੇ ਤਾਂ ਕਰਜਾ ਚੁੱਕਿਆ ਹੈ। ਉਨ੍ਹਾਂ ਦਾ ਖਰਚਾ ਜਾਰੀ ਹੈ ਪਰ ਆਮਦਨ ਠੱਪ।ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।"
ਸ੍ਰੀਨਗਰ 'ਚ ਡਲ ਝੀਲ , ਨਿਗੀਨ ਝੀਲ, ਝੇਲਮ ਝੀਲ ਅਤੇ ਚਿਨਾਰ ਬਾਗ਼ ਝੀਲ 'ਚ ਲਗਭਗ 950 ਹਾਊਸਬੋਟ ਹਨ। ਕਿੱਥੇ ਇੰਨ੍ਹਾਂ 'ਚ ਸੈਲਾਨੀਆਂ ਦੀਆਂ ਰੌਣਕਾਂ ਹੁੰਦੀਆਂ ਸਨ ਅਤੇ ਅੱਜ ਇਹ ਸੁਨਸਾਨ ਪਈਆਂ ਹਨ। ਜਿਸ ਨਾਲ ਕਿ ਤਕਰੀਬਨ 1 ਲੱਖ ਲੋਕਾਂ ਦੀ ਰੋਜ਼ੀ ਰੋਟੀ ਪ੍ਰਭਾਵਿਤ ਹੋਈ ਹੈ। ਅਗਸਤ ਤੋਂ ਹੁਣ ਤੱਕ ਇਸ ਉਦਯੋਗ ਨੂੰ 200 ਕਰੋੜ ਰੁਪਏ ਦਾ ਘਾਟਾ ਹੋ ਗਿਆ ਹੈ।

ਸ੍ਰੀਨਗਰ ਦੇ ਨਿਸ਼ਾਤ ਇਲਾਕੇ 'ਚ ਰਹਿੰਦੇ ਹਾਊਸਬੋਟ ਆਨਰਜ਼ ਐਸੋਸੀਏਸ਼ਨ ਦੇ ਹਾਮਿਦ ਵਾਂਗਨੂ ਕਹਿੰਦੇ ਹਨ, "ਹਾਊਸਬੋਟ ਚਲਾਉਣ ਵਾਲੇ ਪਰਿਵਾਰਾਂ ਲਈ ਇਹ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਇਕ ਮਾਤਰ ਸਾਧਨ ਹੈ, ਜਿਸ 'ਤੇ ਅੱਜ ਸੰਕਟ ਬਣਿਆ ਹੋਇਆ ਹੈ ਅਤੇ ਕਈ ਘਰ ਭੁੱਖਮਰੀ ਦਾ ਸ਼ਿਕਾਰ ਵੀ ਹੋ ਰਹੇ ਹਨ।"
ਹੜਤਾਲ ਅਤੇ ਵਪਾਰ
ਕਈ ਲੋਕਾਂ ਨੇ ਜ਼ੋਰ ਦੇ ਕੇ ਮੈਨੂੰ ਕਿਹਾ, "ਜੇਕਰ ਇਹ ਹੜਤਾਲ ਮਹੀਨਿਆਂ ਬੱਧੀ ਵੀ ਜਾਰੀ ਰਹੀ ਤਾਂ ਵੀ ਵਿਰੋਧ ਤਾਂ ਇਸੇ ਤਰ੍ਹਾਂ ਜਾਰੀ ਰਹੇਗਾ। ਕਸ਼ਮੀਰ ਦੀ ਆਵਾਮ ਨੂੰ ਇਸ ਦੀ ਆਦਤ ਹੋ ਗਈ ਹੈ। ਹਰ ਮੁਸ਼ਕਲ 'ਚ ਉਹ ਇਕ ਦੂਜੇ ਦੇ ਨਾਲ ਖੜ੍ਹੇ ਹੁੰਦੇ ਹਨ। ਕੁੱਝ ਲੋਕਾਂ ਦਾ ਤਾਂ ਕਹਿਣਾ ਸੀ ਕਿ ਕਮਾਈ ਕੀਤੇ ਬਿਨ੍ਹਾਂ ਉਹ ਆਪਣਾ ਜੀਵਨ ਕਿਵੇਂ ਅੱਗੇ ਤੋਰਨਗੇ।"
ਸ਼ੋਪੀਆਂ 'ਚੋਂ ਦੁਨੀਆ ਭਰ ਦੀਆਂ ਮੰਡੀਆਂ 'ਚ ਸੇਬ ਪਹੁੰਚਾਏ ਜਾਂਦੇ ਹਨ ਪਰ ਇਹ ਹੁਣ ਦਰਖ਼ਤਾਂ 'ਤੇ ਹੀ ਲਟਕ ਰਹੇ ਹਨ, ਕਿਉਂਕਿ ਇੰਨ੍ਹਾਂ ਨੂੰ ਤੋੜਨ ਵਾਲਾ ਕੋਈ ਹੈ ਹੀ ਨਹੀਂ। ਜੇਕਰ ਕੁੱਝ ਕਿਸਾਨ ਸੇਬ ਲੈ ਕੇ ਮੰਡੀ ਤੱਕ ਪਹੁੰਚ ਕਰ ਵੀ ਰਹੇ ਹਨ ਤਾਂ ਉਨ੍ਹਾਂ 'ਚ ਵੀ ਡਰ ਹੈ ਕਿ ਕੱਟੜਪੰਥੀ ਜਾਂ ਹੜਤਾਲ ਸਮਰਥਕ ਉਨ੍ਹਾਂ 'ਤੇ ਹਮਲਾ ਨਾ ਕਰ ਦੇਣ। ਉਹ ਕਰਨ ਤਾਂ ਕੀ ਕਰਨ?

ਸ਼ੋਪੀਆਂ ਦੇ ਇਕ ਸੇਬ ਵਪਾਰੀ ਨੇ ਦੱਸਿਆ, "ਪਿਛਲੇ ਸਾਲ ਸ਼ੋਪੀਆਂ ਮੰਡੀ ਦਾ ਕੁੱਲ ਕਾਰੋਬਾਰ 1400 ਕਰੋੜ ਰੁਪਏ ਦਾ ਸੀ ਅਤੇ ਵਾਦੀ 'ਚ ਸੇਬ ਦਾ ਸਲਾਨਾ ਵਪਾਰ 3 ਹਜ਼ਾਰ ਕਰੋੜ ਰੁ. ਦਾ ਹੁੰਦਾ ਹੈ। ਪਰ ਜੇਕਰ 10 ਅਕਤੂਬਰ ਤੱਕ ਇੰਨ੍ਹਾਂ ਸੇਬਾਂ ਨੂੰ ਨਾ ਤੋੜਿਆ ਗਿਆ ਤਾਂ ਸਾਰੀ ਫਸਲ ਖ਼ਰਾਬ ਹੋ ਜਾਵੇਗੀ ਅਤੇ ਸਾਰੀ ਮਿਹਨਤ ਮਿੱਟੀ 'ਚ ਮਿਲ ਜਾਵੇਗੀ।
ਅਨੰਤਨਾਗ ਦੀ ਬਟੇਂਗੂ ਸੇਬ ਮੰਡੀ 'ਚ ਕਾਫੀ ਤਾਦਾਦ 'ਚ ਸੇਬ ਪੇਟੀਆਂ ਪਈਆਂ ਵਿਖੀਆਂ ਜਿੰਨ੍ਹਾਂ ਨੂੰ ਕੇਂਦਰੀ ਏਜੰਸੀ ਨੈਫੇਡ ਦੇ ਅਧਿਕਾਰੀ ਸੂਬੇ ਦੇ ਬਾਗਬਾਨੀ ਵਿਭਾਗ ਦੇ ਜ਼ਰੀਏ ਕਿਸਾਨਾਂ ਤੋਂ ਸਰਕਾਰੀ ਮੁੱਲ 'ਤੇ ਖ੍ਰੀਦ ਰਹੇ ਸਨ।
ਸਿੱਖਿਆ ਪ੍ਰਣਾਲੀ 'ਤੇ ਇਸ ਦਾ ਪ੍ਰਭਾਵ
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਇਕ ਪਿੰਡ ਦੇ ਸਰਕਾਰੀ ਸਕੂਲ ਦੇ ਬਾਹਰ ਮੈਨੂੰ ਕੁੱਝ ਬੱਚੇ ਖੇਡਦੇ ਵਿਖਾਈ ਦਿੱਤੇ। ਸਕੂਲ ਬੰਦ ਸੀ। ਮੈਂ ਸੱਤਵੀ ਜਮਾਤ ਦੇ ਇਕ ਵਿਦਿਆਰਥੀ ਨਾਲ ਗੱਲ ਕਰ ਰਿਹਾ ਸੀ ਕਿ ਉਸ ਸਮੇਂ ਨੇੜਿਓਂ ਦੀ ਲੰਘੇ ਇਕ ਕਾਰ ਸਵਾਰ ਨੇ ਕਿਹਾ ਇਹ ਤਾਂ ਬਹੁਤ ਖੁਸ਼ ਹਨ ਕਿ ਅੱਜ ਛੁੱਟੀ ਹੈ। ਇੰਨ੍ਹਾਂ ਨੂੰ ਨਹੀਂ ਪਤਾ ਕਿ ਇੰਨ੍ਹਾਂ ਦੇ ਭਵਿੱਖ ਦਾ ਕੀ ਬਣੇਗਾ। ਹਿੰਦੁਸਤਾਨ ਤਾਂ ਇਹੀ ਚਾਹੁੰਦਾ ਹੈ ਕਿ ਇੱਥੋਂ ਦੇ ਬੱਚੇ ਨਾ ਪੜ੍ਹਣ।"

ਤਸਵੀਰ ਸਰੋਤ, Getty Images
ਸਰਕਾਰ ਨੇ ਕਈ ਵਾਰ ਪ੍ਰੈਸ ਸੰਮੇਲਨਾਂ 'ਚ ਪ੍ਰਾਇਮਰੀ ਅਤੇ ਹਾਈ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਤਾਂ ਕੀਤਾ ਪਰ ਸੁਰੱਖਿਆ ਸਬੰਧੀ ਚਿੰਤਾਵਾਂ ਕਾਰਨ ਬੱਚੇ ਸਕੂਲ ਤੱਕ ਨਹੀਂ ਪਹੁੰਚ ਪਾਏ।
ਮਾਪਿਆਂ ਲਈ ਵੀ ਵੱਡੀ ਚੁਣੌਤੀ ਹੈ ਕਿ ਬੱਚਿਆਂ ਨੂੰ ਕਿੰਝ ਮਸ਼ਰੂਫ਼ ਰੱਖਿਆ ਜਾਵੇ। ਵੱਖ-ਵੱਖ ਇਮਤਿਹਾਨਾਂ ਦਾ ਸਮਾਂ ਸਿਰ 'ਤੇ ਹੈ ਅਤੇ ਸਿੱਖਿਆ ਦੇ ਅਦਾਰੇ ਬੰਦ ਹਨ।
ਅਜਿਹੇ ਹੀ ਇਕ ਸਕੂਲ 'ਚ ਮੈਂ ਪਹੁੰਚਿਆ ਤਾਂ ਮੈਂ ਵੇਖਿਆ ਕਿ ਸਕੂਲ ਬੰਦ ਸੀ ਪਰ ਬੱਚੇ ਅਤੇ ਉਨ੍ਹਾਂ ਦੇ ਮਾਪੇ ਆ ਜਾ ਰਹੇ ਸਨ। ਜਦੋਂ ਮੈਂ ਸਕੂਲ ਅੰਦਰ ਗਿਆ ਤਾਂ ਇਕ ਕਮਰੇ 'ਚ ਫੋਟੋ ਕਾਪੀ ਕਰਨ ਵਾਲੀ ਮਸ਼ੀਨ ਦੇ ਚੱਲਣ ਦੀ ਆਵਾਜ਼ ਮੇਰੇ ਕੰਨ੍ਹਾਂ 'ਚ ਪਈ। ਇਥੇ ਬੱਚਿਆਂ ਲਈ ਹਰ ਵਿਸ਼ੇ ਨਾਲ ਸੰਬੰਧਿਤ ਅਸਾਇਨਮੈਂਟਾਂ ਦੇ ਸੈੱਟ ਤਿਆਰ ਹੋ ਰਹੇ ਸਨ ਤਾਂ ਕਿ ਉਹ ਘਰ ਬੈਠ ਕੇ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ।
ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਵੱਲੋਂ ਅਧਿਆਏ ਨਾਲ ਸੰਬੰਧਿਤ ਵੀਡਿਓ ਕਲਿੱਪਾਂ ਵੀ ਤਿਆਰ ਕੀਤੀਆਂ ਗਈਆਂ ਸਨ।
ਸਕੂਲ ਦੇ ਇਕ ਅਧਿਕਾਰੀ ਅਨੁਸਾਰ ਉਹ ਹੁਣ ਤੱਕ ਇਕ ਟਰੱਕ ਤੋਂ ਵੀ ਵੱਧ ਪੰਨ੍ਹਿਆਂ ਦੀ ਵਰਤੋਂ ਕਰ ਚੁੱਕੇ ਹਨ। ਪਰ ਘਰ ਅਤੇ ਸਕੂਲ ਦੀ ਪੜ੍ਹਾਈ ਵਿਚਲੀ ਖਾਈ ਨੂੰ ਪੂਰਨਾ ਕੋਈ ਆਸਾਨ ਕੰਮ ਨਹੀਂ ਹੈ।
ਸੱਤਵੀਂ ਜਮਾਤ ਦੀ ਇੱਕ ਵਿਦਿਆਰਥਣ ਦੇ ਪਿਤਾ ਨੇ ਕਿਹਾ, "ਅਜਿਹਾ ਲੱਗ ਰਿਹਾ ਹੈ ਕਿ ਅਸੀਂ 60 ਦੇ ਦਹਾਕੇ 'ਚ ਹਾਂ। ਮੈਂ ਪੜ੍ਹਿਆ ਲਿਖਿਆ ਹਾਂ ਇਸ ਲਈ ਆਪਣੀ ਬੇਟੀ ਦੀ ਪੜ੍ਹਾਈ 'ਚ ਮਦਦ ਕਰ ਸਕਦਾ ਹਾਂ, ਪਰ ਉਨ੍ਹਾਂ ਦਾ ਕੀ ਜਿੰਨ੍ਹਾਂ ਮਾਪਿਆਂ ਨੂੰ ਕੁਝ ਨਹੀਂ ਆਉਂਦਾ। ਇੱਥੇ ਤਾਂ ਲੋਕਤੰਤਰ ਸਿਰਫ ਤਾਂ ਸਿਰਫ ਕਾਗ਼ਜ਼ਾਂ 'ਚ ਹੀ ਰਹਿ ਗਿਆ ਹੈ।"
ਕੰਪੀਟੀਸ਼ਨ ਦੇ ਇਮਤਿਹਾਨਾਂ ਦੇ ਫਾਰਮ ਭਰਨ ਵਾਲੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੀ ਘੱਟ ਨਹੀਂ ਹਨ।
ਸ੍ਰੀਨਗਰ ਦੇ ਕੇਂਦਰ 'ਚ ਟੂਰਿਸਟ ਰਿਸੇਪਸ਼ਨ ਸੈਂਟਰ ਦੇ ਇੱਕ ਵੱਡੇ ਜਿਹੇ ਹਾਲ 'ਚ ਫਾਰਮ ਭਰਨ ਲਈ ਪੰਜ ਕੰਪਿਊਟਰ ਰੱਖੇ ਗਏ ਸਨ। ਪੂਰੇ ਸ਼ਹਿਰ ਦੇ ਵਿਦਿਆਰਥੀਆਂ ਲਈ ਇੰਟਰਨੈੱਟ ਸਹੂਲਤ ਵਾਲੇ ਇਹ ਪੰਜ ਕੰਪਿਊਟਰ ਹੀ ਉਪਲੱਬਧ ਹਨ। ਇਸ ਦੇ ਨਾਲ ਹੀ ਓਟੀਪੀ ਅਤੇ ਆਨਲਾਈਨ ਭੁਗਤਾਨ ਲਈ ਮੋਬਾਇਲ ਫੋਨ ਅਤੇ ਕ੍ਰੇਡਿਟ ਕਾਰਡ ਰੱਖਿਆ ਗਿਆ ਸੀ, ਮਦਦ ਲਈ ਇਕ ਵਿਅਕਤੀ ਨਿਯੁਕਤ ਕੀਤਾ ਗਿਆ ਸੀ।
ਹਾਲ 'ਚ ਬੈਠੀ 23 ਸਾਲਾ ਸਇਦਾ ਦਾ ਕਹਿਣਾ ਹੈ, "ਜਦੋਂ ਵੀ ਕਿਤਾਬ ਖੋਲ੍ਹਦੀ ਹਾਂ ਤਾਂ ਦਿਮਾਗ 'ਚ ਆਉਂਦਾ ਹੈ ਕਿ ਖ਼ਬਰਾਂ ਸੁਣਾ ਤਾਂ ਕਿ ਸੂਰਤੇਹਾਲ ਦਾ ਪਤਾ ਲੱਗ ਸਕੇ। ਹੁਣ ਸਾਡਾ ਮੁਕਾਬਲਾ ਦਿੱਲੀ, ਬੰਗਲੁਰੂ ਦੇ ਵਿਦਿਆਰਥੀਆਂ ਨਾਲ ਹੈ, ਉਹ ਸਾਡੇ ਤੋਂ ਅੱਗੇ ਨਿਕਲ ਜਾਣਗੇ।"

ਤਸਵੀਰ ਸਰੋਤ, Getty Images
ਸਾਇਦਾ ਅਤੇ ਮੇਰੀ ਗੱਲਬਾਤ ਨੂੰ ਉੱਥੇ ਹੀ ਸੋਫੇ 'ਤੇ ਬੈਠੇ ਕੁੱਝ ਟ੍ਰੈਵਲ ਏਜੰਟ ਸੁਣ ਰਹੇ ਸਨ। ਜਿਵੇਂ ਹੀ ਸਾਡੀ ਗੱਲਬਾਤ ਖ਼ਤਮ ਹੋਈ ਤਾਂ ਜਾਵੇਦ ਨਾਂਅ ਦੇ ਇਕ ਵਿਅਕਤੀ ਨੇ ਮੇਰੇ ਨਜ਼ਦੀਕ ਆ ਕੇ ਕਿਹਾ, "ਵਾਦੀ 'ਚ ਤਕਰੀਬਨ 5 ਹਜ਼ਾਰ ਟ੍ਰੈਵਲ ਏਜੰਟ ਹਨ। ਜਿੰਨ੍ਹਾਂ ਦੀ ਉਮਰ 35-38 ਸਾਲ ਦੀ ਹੈ। ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿਓ। ਅਸੀਂ ਨੌਜਵਾਨ ਹਾਂ, ਬੇਰੁਜ਼ਗਾਰ ਹਾਂ। ਸਾਨੂੰ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ, ਸਾਨੂੰ ਤਾਂ ਬਸ ਦੋ ਵਕਤ ਦੀ ਰੋਟੀ ਲਈ ਰੁਜ਼ਗਾਰ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਆਨਲਾਈਨ ਬੁਕਿੰਗ ਜਾ ਕਿਸੇ ਹੋਰ ਸਹੁਲਤ ਲਈ ਸਿਰਫ ਪੰਜ ਕੰਪਿਊਟਰ ਹਨ ਪਰ ਖੁਦਾ ਨਾ ਖਾਸਤਾ ਜੇਕਰ ਕੋਈ ਮੈਡੀਕਲ ਐਮਰਜੈਂਸੀ ਹੋ ਜਾਵੇ ਤਾਂ ਕੀ ਕੀਤਾ ਜਾਵੇਗਾ?"
ਅਦਾਲਤਾਂ ਦੀ ਸਥਿਤੀ
ਸ੍ਰੀਨਗਰ ਦੀ ਬਾਰ ਐਸੋਸੀਏਸ਼ਨ ਦੇ ਮੁਖੀ ਮਿਆਂ ਅਬਦੁੱਲ ਕਿਯਾਮ ਅਤੇ ਸਾਬਕਾ ਮੁਖੀ ਨਜ਼ੀਰ ਅਹਿਮਦ ਰੋਂਗਾ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ 'ਤੇ ਪਬਲਿਕ ਸੇਫਟੀ ਐਕਟ ਲਗਾਏ ਜਾਣ ਕਰਕੇ ਲਗਭਗ ਡੇਢ ਹਜ਼ਾਰ ਵਕੀਲਾਂ ਦਾ ਕੰਮਕਾਜ਼ ਠੱਪ ਪਿਆ ਹੈ।
ਆਵਾਜਾਈ ਸਾਧਨ ਨਾ ਮਿਲਣ ਕਰਕੇ ਲੋਕ ਅਦਾਲਤਾਂ ਤੱਕ ਨਹੀਂ ਪਹੁੰਚ ਪਾ ਰਹੇ ਹਨ ਜਾਂ ਫਿਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹ ਅਦਾਲਤ ਤੱਕ ਪਹੁੰਚ ਰਹੇ ਹਨ।
ਇੱਥੋਂ ਦੇ ਇਕ ਵਕੀਲ ਅਨੁਸਾਰ ਮਾਮਲਿਆਂ 'ਚ ਲੋਕ ਖੁਦ ਜੱਜ ਅੱਗੇ ਪੇਸ਼ ਹੋ ਰਹੇ ਹਨ ਅਤੇ ਬਿਨ੍ਹਾਂ ਕਿਸੇ ਸੁਣਵਾਈ ਦੇ ਹੀ ਅਗਲੀ ਤਾਰੀਖ ਮੁਕੱਰਰ ਕਰ ਦਿੱਤੀ ਜਾਂਦੀ ਹੈ।

ਜਿੰਨ੍ਹਾਂ ਮਾਮਲਿਆਂ 'ਚ ਪੀਐਸਏ ਲਗਦਾ ਹੈ, ਉਨ੍ਹਾਂ ਨੂੰ ਪਹਿਲਾਂ ਪਟੀਸ਼ਨ ਦਾਇਰ ਕਰਨੀ ਪੈਂਦੀ ਹੈ ਅਤੇ ਬਾਅਦ 'ਚ ਸਰਕਾਰ ਨੂੰ ਨੋਟਿਸ ਦਿੱਤਾ ਜਾਂਦਾ ਹੈ ਅਤੇ ਜਵਾਬ ਆਉਣ ਤੋਂ ਬਾਅਦ ਅਦਾਲਤ 'ਚ ਬਹਿਸ ਸ਼ੁਰੂ ਹੁੰਦੀ ਹੈ। ਪੀਐਸਏ ਮਾਮਲਿਆਂ ਨੂੰ ਵੇਖ ਰਹੇ ਇਕ ਵਕੀਲ ਮੁਤਾਬਿਕ ਅਜਿਹੇ ਦਰਜਨਾਂ ਹੀ ਮਾਮਲਿਆਂ ਦੀ ਪਟੀਸ਼ਨਾਂ 'ਤੇ ਕੋਈ ਨੋਟਿਸ ਨਹੀਂ ਭੇਜਿਆ ਗਿਆ ਹੈ। ਜਿਸ ਦਾ ਅਰਥ ਹੈ ਕਿ ਪਟੀਸ਼ਨਕਰਤਾ ਲਈ ਅੱਗੇ ਦਾ ਰਸਤਾ ਸੁਖਾਲਾ ਨਹੀਂ ਹੈ।
ਮਨੁੱਖੀ ਅਧਿਕਾਰ ਕਾਰਕੁੰਨਾਂ ਵੱਲੋਂ ਕਸ਼ਮੀਰ 'ਚ ਪੀਐਸਏ ਦੀ ਕਥਿਤ ਦੁਰ ਵਰਤੋਂ 'ਤੇ ਕਈ ਵਾਰ ਆਵਾਜ਼ ਬੁਲੰਦ ਕੀਤੀ ਗਈ ਹੈ। ਇਸ ਕਾਨੂੰਨ ਤਹਿਤ ਪੁਲਿਸ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਟਰਾਇਲ ਜਾਂ ਅਧਿਕਾਰਤ ਕਾਰਨ ਤੋਂ ਬਿਨ੍ਹਾਂ ਜੇਲ੍ਹ 'ਚ ਰੱਖ ਸਕਦੀ ਹੈ ਅਤੇ ਉਸ ਨੂੰ ਅਗਲੇ 24 ਘੰਟਿਆਂ 'ਚ ਮਜਿਸਟ੍ਰੇਟ ਅੱਗੇ ਪੇਸ਼ ਕਰਨ ਦੀ ਵੀ ਲੋੜ ਨਹੀਂ ਹੁੰਦੀ ਹੈ।

ਤਸਵੀਰ ਸਰੋਤ, Getty Images
ਹਾਈਕੋਰਟ 'ਚ ਹੀ ਬਾਰਮੁਲਾ ਤੋਂ ਆਏ ਅਲਤਾਫ਼ ਲੋਨ ਬੈਠੇ ਸਨ। ਉਨ੍ਹਾਂ ਦੇ ਭਰਾ ਸ਼ਬੀਰ ਅਹਿਮਦ ਲੋਨ ਜੋ ਕਿ ਸਰਪੰਚ ਸਨ ਅਤੇ ਨਾਲ ਹੀ ਨੇਸ਼ਨਲ ਕਾਨਫਰੰਸ ਦੇ ਕਾਰਕੁੰਨ ਉਨ੍ਹਾਂ ਨੂੰ ਵੀ ਪੁਲਿਸ ਉਨ੍ਹਾ ਦੀ ਸਰਕਾਰੀ ਰਿਹਾਇਸ਼ ਤੋਂ ਲੈ ਗਈ ਸੀ ਅਤੇ ਅਗਲੇ ਦਿਨ ਜਦੋਂ ਪਰਿਵਾਰਿਕ ਮੈਂਬਰ ਪੁਲਿਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਬੀਰ 'ਤੇ ਪੀਐਸਏ ਲੱਗਿਆ ਹੋਇਆ ਹੈ।
ਅਲਤਾਫ਼ ਨੇ ਵੀ ਪੀਐਸਏ ਹਟਾਉਣ ਲਈ ਪਟੀਸ਼ਨ ਅਦਾਲਤ 'ਚ ਦਿੱਤੀ ਹੋਈ ਹੈ, ਪਰ ਉਨ੍ਹਾਂ ਨੂੰ ਵਕੀਲ ਨਹੀਂ ਮਿਲ ਰਿਹਾ ਸੀ।
ਅਲਤਾਫ਼ ਦਾ ਕਹਿਣਾ ਹੈ, "ਸ਼ਬੀਰ ਸ੍ਰੀਨਗਰ ਦੀ ਕੇਂਦਰੀ ਜੇਲ੍ਹ 'ਚ ਹੈ। ਉੱਥੇ ਮਿਲਣ ਦੀ ਕੋਈ ਸਹੂਲਤ ਨਹੀਂ ਹੈ। ਘਰ 'ਚ ਮੇਰੇ ਭਰਾ ਦੀ ਪਤਨੀ, ਦੋ ਬੱਚੇ ਹਨ ਅਤੇ ਮੈਂ ਹੀ ਉਨ੍ਹਾਂ ਦਾ ਵੀ ਖਰਚ ਚੁੱਕ ਰਿਹਾ ਹਾਂ।"
ਸੰਸਦੀ ਚੋਣਾਂ 'ਚ ਸਾਡੇ ਪਰਿਵਾਰ ਨੇ ਵੀ ਵੋਟ ਪਾਈ ਸੀ। ਉਸ ਦੇ ਬਦਲ 'ਚ ਸਾਨੂੰ ਕੀ ਮਿਲਿਆ? ਜਦੋਂ ਸ਼ਬੀਰ ਨੂੰ ਜੇਲ੍ਹ ਹੋਈ ਤਾਂ ਸੰਸਦੀ ਚੋਣਾਂ ਦੇ ਵਿਰੋਧ 'ਚ ਖੜ੍ਹੇ ਲੋਕਾਂ ਨੇ ਸਾਡਾ ਬਹੁਤ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਹਿੰਦੁਸਤਾਨ ਦੇ ਪੱਖ 'ਚ ਖੜ੍ਹਾ ਸੀ, ਇਸ ਨਾਲ ਤਾਂ ਅਜਿਹਾ ਹੋਣਾ ਹੀ ਚਾਹੀਦਾ ਹੈ। ਅਸੀਂ ਭਾਰਤ ਦੀ ਹਿਮਾਇਤ ਕੀਤੀ ਅਤੇ ਸਾਡੇ ਹੀ ਛਿੱਤਰ ਪਏ, ਇਹ ਕਿੱਥੋਂ ਦਾ ਇਨਸਾਫ਼ ਹੈ।"

ਹਾਈਕੋਰਟ ਨਜ਼ਦੀਕ ਲੋਅਰ ਕੋਰਟ ਪੂਰੀ ਤਰ੍ਹਾਂ ਨਾਲ ਸੁਨਸਾਨ ਪਿਆ ਸੀ। ਇਕ ਸੀਨੀਅਰ ਵਕੀਲ ਰਫ਼ੀਕ ਨੇ ਦੱਸਿਆ ਕਿ ਬੰਦ ਦੇ ਸੱਦੇ ਕਾਰਨ ਆਵਾਜਾਈ ਵੀ ਠੱਪ ਹੈ ਅਤੇ ਅਦਾਲਤਾਂ ਜਾਂ ਕਿਸੇ ਵੀ ਹੋਰ ਥਾਂ 'ਤੇ ਪਹੁੰਚਣਾ ਮੁਸ਼ਕਲ ਹੈ। ਉਨ੍ਹਾਂ ਅੱਗੇ ਕਿਹਾ ਕਿ ਵਕੀਲ ਅਤੇ ਕਲਾਂਇਟ ਆਪਸ 'ਚ ਸੰਪਰਕ ਨਹੀਂ ਕਰ ਪਾ ਰਹੇ ਹਨ।
ਪੀਐਸਏ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਿਸੇ ਵੀ ਲੜਾਈ ਝਗੜੇ ਜਾਂ ਛੋਟੇ-ਮੋਟੇ ਮਾਮਲੇ 'ਚ ਸਟੈਂਪ, ਕਾਗਜ਼ ਦੀ ਲੋੜ ਪੈਂਦੀ ਸੀ ਅਤੇ ਜ਼ਮਾਨਤ ਐਪਲੀਕੇਸ਼ਨ ਸਾਦੇ ਕਾਗਜ਼ 'ਤੇ ਲਿੱਖ ਦਿੱਤੀ ਜਾਂਦੀ ਸੀ, ਪਰ ਹੁਣ ਪੀਐਸਸੀ ਲਈ ਪਟੀਸ਼ਨ ਬਣਾਉਣ ਲਈ ਸਾਡੇ ਕੋਲ ਸਟੈਨੋਗ੍ਰਾਫ਼ਰ ਨਹੀਂ ਹਨ ਅਤੇ ਨਾ ਹੀ ਇੰਟਰਨੈੱਟ ਸਹੂਲਤ ਹੈ।"
ਰਫ਼ੀਕ ਬਜਾਜ ਮੁਤਾਬਿਕ ਕਈ ਲੋਕਾਂ ਨੂੰ ਧਾਰਾ 107 ਤਹਿਤ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਕਿਸੇ ਨੂੰ ਸ਼ਾਂਤੀ ਲਈ ਖ਼ਤਰਾ ਮੰਨਿਆ ਜਾਵੇ ਤਾਂ ਉਸ ਨੂੰ ਹਿਰਾਸਤ 'ਚ ਲੈ ਲਿਆ ਜਾਵੇ।
ਇੰਟਰਨੈੱਟ, ਮੋਬਾਈਲ ਸੇਵਾ ਅਤੇ ਕੱਟੜਪੰਥੀ
ਸਰਕਾਰ ਦਾ ਕਹਿਣਾ ਹੈ ਕਿ ਇੰਟਰਨੈੱਟ ਅਤੇ ਮੋਬਾਈਲ ਸੇਵਾ ਬੰਦ ਕਰਨ ਦਾ ਮਕਸਦ ਲੋਕਾਂ ਦੀ ਜਾਨ ਬਚਾਉਣਾ ਹੈ, ਕਿਉਂਕਿ ਇਸ ਨਾਲ ਕੱਟੜਪੰਥੀਆਂ ਦੇ ਹੈਂਡਲਰ ਆਪਸ 'ਚ ਸੰਪਰਕ 'ਚ ਨਹੀਂ ਆਉਂਦੇ।
ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਇਕ ਜਾਣਕਾਰ ਨੇ ਦੱਸਿਆ ਕਿ ਮੋਬਾਇਲ ਸੇਵਾ ਬੰਦ ਹੋਣ ਨਾਲ ਤਾਂ ਕੱਟੜਪੰਥੀਆਂ ਨੂੰ ਖੁਸ਼ੀ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਕੋਈ ਟ੍ਰੈਕ ਨਹੀਂ ਕਰ ਪਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਸਬੰਧੀ ਖ਼ੁਫੀਆ ਜਾਣਕਾਰੀ ਪੁਲਿਸ ਤੱਕ ਫੌਰੀ ਤੌਰ 'ਤੇ ਪਹੁੰਚ ਪਾ ਰਹੀ ਹੈ। ਹੁਣ ਤਾਂ ਮੋਬਾਇਲ ਟਾਵਰਾਂ ਨੂੰ ਉਡਾਉਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸ੍ਰੀਨਗਰ 'ਚ ਆਵਾਜਾਈ ਕੁੱਝ ਆਮ ਹੋਈ ਹੈ। ਸਵੇਰ-ਸ਼ਾਮ ਕੁੱਝ ਦੁਕਾਨਾਂ ਵੀ ਖੁਲ੍ਹ ਰਹੀਆਂ ਹਨ। ਕਈ ਥਾਵਾਂ 'ਤੇ ਤਾਂ ਬੰਦ ਦੁਕਾਨਾਂ ਦੇ ਬਾਹਰ ਹੀ ਦੁਕਾਨਦਾਰ ਗਾਹਕਾਂ ਦਾ ਇੰਤਜ਼ਾਰ ਕਰਦੇ ਹਨ ਅਤੇ ਗਾਹਕ ਦੇ ਆਉਣ 'ਤੇ ਅੱਧਾ ਸ਼ਟਰ ਉਪਰ ਕਰ ਅੰਦਰੋ ਸਾਮਾਨ ਲਿਆ ਦਿੰਦੇ ਹਨ।
ਕਸ਼ਮੀਰ 'ਚ ਕਈ ਲੋਕ ਸਰਕਾਰੀ ਫ਼ੈਸਲੇ ਦਾ ਵਿਰੋਧ ਅਤੇ ਹੜਤਾਲ ਦਾ ਸਮਰਥਨ ਕਰਦੇ ਹਨ। ਕੁੱਝ ਲੋਕ ਜੋ ਹੜਤਾਲ ਦੇ ਸਮਰਥਕ ਤਾਂ ਨਹੀਂ ਪਰ ਫਿਰ ਵੀ ਦੁਕਾਨਾਂ ਬੰਦ ਰੱਖ ਰਹੇ ਹਨ, ਉਸ ਪਿੱਛੇ ਕਾਰਨ ਹੈ ਕਿ ਉਹ ਆਪਣੇ ਆਪ ਨੂੰ ਸਮਾਜ ਤੋਂ ਵੱਖ ਨਹੀਂ ਕਰਨਾ ਚਾਹੁੰਦੇ। ਹੜਤਾਲ ਸਮਰਥਕਾਂ ਅਤੇ ਕੱਟੜਪੰਥੀਆਂ ਦੇ ਹਮਲਿਆਂ ਦੇ ਖੌਫ਼ ਕਾਰਨ ਵੀ ਲੋਕ ਸਹਿਮੇ ਹੋਏ ਹਨ।
ਬੀਬੀਸੀ ਦੇ ਸ੍ਰੀਨਗਰ ਚ' ਸਹਿਯੋਗੀ ਮਾਜਿਦ ਜਹਾਂਗੀਰ ਅਨੁਸਾਰ ਕੱਟੜਪੰਥੀਆਂ ਵੱਲੋਂ ਛਾਪੇ ਗਏ ਪੋਸਟਰਾਂ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਦੁਕਾਨਾਂ, ਟਰਾਂਸਪੋਰਟ, ਪੈਟਰੋਲ ਪੰਪ ਅਤੇ ਆਪੋ-ਆਪਣੇ ਧੰਦੇ ਬੰਦ ਰੱਖਣ।
ਦੱਖਣੀ ਕਸ਼ਮੀਰ 'ਚ ਅੱਗ ਦੀ ਭੇਟ ਕੀਤੀ ਗਈ ਇਕ ਦੁਕਾਨ ਕੋਲ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਰੇਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਸੜਕ ਖਾਲੀ ਸੀ। ਇਸ ਘਟਨਾ ਤੋਂ ਬਾਅਦ ਸਹਿਮੇ ਲੋਕਾਂ ਨੇ ਕਈ ਦਿਨਾਂ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਸਨ। ਬੀਮਾ ਨਾ ਹੋਣ ਕਾਰਨ ਦੁਕਾਨਦਾਰ ਨੂੰ ਲਗਭਗ ਚਾਰ ਲੱਖ ਦਾ ਨੁਕਸਾਨ ਹੋਇਆ।

ਦੋਵਾਂ ਪਾਸੇ ਵੱਡੇ-ਵੱਡੇ ਦਰਖ਼ਤਾਂ ਵਿਚਾਲੇ ਬਣੀ ਇੱਕ ਕੱਚੀ ਸੜਕ ਤੋਂ ਹੁੰਦੇ ਹੋਏ ਅਸੀਂ ਇਕ ਹੋਰ ਪਿੰਡ 'ਚ ਪਹੁੰਚੇ, ਜਿੱਥੇ ਇੱਕ ਹੀ ਦੁਕਾਨ ਨੂੰ ਦੋ ਵਾਰ ਜਲਾਇਆ ਗਿਆ ਸੀ। ਸਿਰਫ ਮੈਡੀਕਲ ਸਟੋਰ ਹੀ ਖੁੱਲ੍ਹਾ ਸੀ। ਇੱਕ ਸਥਾਨਕ ਵਾਸੀ ਨੇ ਸਾਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਪਿੰਡ 'ਚ ਕੱਟੜਪੰਥੀ ਮੌਜੂਦ ਹਨ, ਇਸ ਲਈ ਅਸੀਂ ਉੱਥੋਂ ਨਿਕਲ ਜਾਈਏ।
ਦੱਖਣੀ ਕਸ਼ਮੀਰ 'ਚ ਇਕ ਵਿਅਕਤੀ ਅਨੁਸਾਰ, "ਕਿੱਥੇ ਅਸੀਂ ਜਨਮਤ ਸੰਗ੍ਰਹਿ ਬਾਰੇ ਸੋਚ ਰਹੇ ਸਾਂ ਪਰ ਸਰਕਾਰ ਨੇ ਤਾਂ ਧਾਰਾ 370 ਮਨਸੂਖ ਕਰਕੇ ਸਾਨੂੰ ਜ਼ੀਰੋ ਹੀ ਕਰ ਦਿੱਤਾ।"
ਇਕ ਹੋਰ ਵਿਅਕਤੀ ਨੇ ਕਿਹਾ, "ਅਸੀਂ ਆਪਣੇ ਆਪ ਨੂੰ ਭਾਰਤੀ ਮੰਨਦੇ ਸੀ। ਸਭ ਕੁੱਝ ਲੀਹ 'ਤੇ ਹੀ ਸੀ ਪਰ ਹਕੂਮਤ ਨੇ ਸਾਡੇ ਨਾਲ ਅਜਿਹਾ ਕਿਉਂ ਕੀਤਾ?"
ਕੇਂਦਰੀ ਸ੍ਰੀਨਗਰ 'ਚ ਇੱਕ ਪੁਲਿਸ ਮੁਲਾਜ਼ਮ ਨੇ ਸਾਨੂੰ ਫੋਟੋ ਖਿਚਣ ਤੋਂ ਰੋਕਿਆ ਅਤੇ ਕਿਹਾ ਕਿ ਸਾਡੇ ਦਿਲ ਜ਼ਖਮੀ ਹਨ ਪਰ ਫਿਰ ਅਸੀਂ ਵਰਦੀ ਪਾ ਕੇ ਗ਼ਦਾਰੀ ਨਹੀਂ ਕਰਾਂਗੇ।
ਇੱਕ ਤਬਕੇ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਸਥਿਤੀ 'ਚ ਆਜ਼ਾਦੀ ਦੀ ਮੰਗ ਹੋਰ ਤੇਜ਼ ਹੋਵੇਗੀ ਅਤੇ ਪੜ੍ਹਿਆ ਲਿਖਿਆ ਵਰਗ ਭਾਰਤ ਤੋਂ ਦੂਰ ਹੋ ਜਾਵੇਗਾ।
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਸਮਰਥਨ 'ਚ ਵੀ ਕੁੱਝ ਲੋਕ ਹਨ ਪਰ ਵਿਰੋਧ ਦੀ ਆਵਾਜ਼ ਇੰਨ੍ਹੀ ਬੁਲੰਦ ਹੈ ਕਿ ਹੋਰ ਕੋਈ ਵੀ ਆਵਾਜ਼ ਉਸ ਅੱਗੇ ਮੱਠੀ ਪੈ ਰਹੀ ਹੈ।
ਲਾਈਨ ਆਫ਼ ਕੰਟਰੋਲ 'ਤੇ ਹੋ ਰਹੀ ਗੋਲੀਬਾਰੀ ਤੋਂ ਲੋਕ ਪ੍ਰੇਸ਼ਾਨ
ਲਾਈਨ ਆਫ਼ ਕੰਟਰੋਲ 'ਤੇ ਲਗਾਤਾਰ ਹੋ ਰਹੀ ਗੋਲੀਬਾਰੀ ਦੇ ਚੱਲਦਿਆਂ ਸਥਾਨਕ ਲੋਕ ਬਹੁਤ ਪ੍ਰੇਸ਼ਾਨ ਹਨ। ਐਲਓਸੀ ਨਾਲ ਲੱਗਦਾ ਉੜੀ ਉਨ੍ਹਾਂ ਖੇਤਰਾਂ 'ਚੋਂ ਇਕ ਹੈ ਜਿੱਥੇ ਹਮੇਸ਼ਾਂ ਹੀ ਸਭ ਤੋਂ ਵੱਧ ਵੋਟ ਪਏ ਹਨ। ਇੱਥੋਂ ਦੇ ਸਿਆਸੀ ਅਤੇ ਸਮਾਜਿਕ ਮਾਮਲੇ ਵਾਦੀ ਦੇ ਦੂਜੇ ਹਿੱਸਿਆਂ ਤੋਂ ਵੱਖ ਰਹੇ ਹਨ। ਪਰ ਧਾਰਾ 370 ਦੇ ਰੱਦ ਹੋਣ ਤੋਂ ਬਾਅਦ ਇੱਥੇ ਵੀ ਹੜਤਾਲ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।

ਪਹਾੜੀ ਰਸਤੇ ਰਾਹੀਂ ਅਸੀਂ ਉਚਾਈ 'ਤੇ ਸਥਿਤ ਮੋਥਲ ਪਿੰਡ ਪਹੁੰਚੇ, ਜਿੱਥੋਂ ਦੂਰ ਪਹਾੜਾਂ 'ਚੋਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਪਿੰਡ ਸਾਫ ਨਜ਼ਰ ਆ ਰਹੇ ਸਨ।
ਪਿੰਡਵਾਸੀਆਂ ਅਨੁਸਾਰ 5 ਅਗਸਤ ਤੋਂ ਹੀ ਭਾਰਤ-ਪਾਕ ਫੌਜ ਦਰਮਿਆਨ ਲਗਾਾਰ ਗੋਲੀਬਾਰੀ ਜਾਰੀ ਹੈ।
ਇਸ ਤੋਂ ਬਾਅਦ ਅਸੀਂ ਲਤੀਫ਼ਾ ਬੇਗ਼ਮ ਦੇ ਘਰ ਪਹੁੰਚੇ, ਜਿੰਨਾਂ 'ਤੇ ਬੀਤੀ ਰਾਤ ਮੋਰਟਾਰ ਦਾ ਇਕ ਹਿੱਸਾ ਆ ਕੇ ਡਿੱਗਿਆ ਸੀ।
ਦਰਅਸਲ ਲਤੀਫ਼ਾ ਬੇਗ਼ਮ ਆਪਣੇ 8 ਸਾਲ ਦੇ ਬੇਟੇ ਬਿਲਾਲ ਨਾਲ ਆਪਣੇ ਗੁਆਂਢ 'ਚ ਹਫ਼ੀਜ਼ਾ ਦੇ ਘਰ 'ਚ ਸੀ ਕਿ ਅਚਾਨਕ ਹੀ ਇਕ ਮੋਰਟਾਰ ਦਾ ਛੋਟਾ ਜਿਹਾ ਟੁਕੜਾ ਉਨ੍ਹਾਂ 'ਤੇ ਡਿੱਗਿਆ। ਰਾਤ ਨੂੰ ਹੀ ਦੋਵਾਂ ਮਾਂ-ਪੁੱਤ ਨੂੰ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ। ਜਿੱਥੇ ਐਕਸਰੇ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬਿਲਾਲ ਦੇ ਸਿਰ ਅਤੇ ਛਾਤੀ ਜਦਕਿ ਲਤੀਫ਼ਾ ਦੇ ਪੈਰ 'ਤੇ ਸੱਟ ਲੱਗੀ ਹੈ।
ਇਹ ਵੀ ਪੜ੍ਹੋ:
ਲਤੀਫ਼ਾ ਨੇ ਦੱਸਿਆ, "ਜਦੋਂ ਰਾਤ ਨੂੰ ਗੋਲੀਬਾਰੀ ਹੁੰਦੀ ਹੈ ਤਾਂ ਅਸੀਂ ਲੁਕ ਜਾਂਦੇ ਹਾਂ। ਅਸੀਂ ਕਿੱਥੇ ਜਾਈਏ? ਐਲਓਸੀ ਨਾਲ ਲੱਗਦੇ ਸਾਰੇ ਹੀ ਪਿੰਡਾਂ ਦੀ ਅਜਿਹੀ ਹੀ ਸਥਿਤੀ ਹੈ। ਖੌਫ਼ ਦੇ ਮੰਜ਼ਰ 'ਚ ਅਸੀਂ ਆਪਣੀਆਂ ਰਾਤਾਂ ਕੱਟ ਰਹੇ ਹਾਂ।"
ਗੁਆਂਢ 'ਚ ਹਫ਼ੀਜ਼ਾ ਦੇ ਘਰ 'ਤੇ ਡਿੱਗੇ ਮੋਰਟਾਰ ਦੇ ਹਿੱਸੇ ਨਾਲ ਬੱਚੇ ਇੰਨ੍ਹੇ ਸਹਿਮ ਗਏ ਸਨ ਕਿ ਉਨ੍ਹਾਂ ਨੇ ਅਗਲੇ ਦਿਨ ਦੀ ਦੁਪਹਿਰ ਤੱਕ ਖਾਣਾ ਹੀ ਨਾ ਖਾਧਾ।
ਨਜ਼ਦੀਕ ਦੇ ਦਰਦਕੋਟ ਪਿੰਡ ਦੇ ਫ਼ਾਰੂਕ ਅਹਿਮਦ ਦਾ ਕਹਿਣਾ ਹੈ ਕਿ ਇਕ ਪਾਸੇ ਮੋਦੀ ਤੰਗ ਕਰ ਰਹੇ ਹਨ ਅਤੇ ਦੂਜੇ ਪਾਸੇ ਇਮਰਾਨ ਖ਼ਾਨ। ਅਸੀਂ ਤਾਂ ਵਿਚਾਲੇ ਹੀ ਫਸ ਗਏ ਹਾਂ। ਜਿਉਣਾ ਮੁਸ਼ਕਲ ਹੋ ਗਿਆ ਹੈ। ਉੜੀ 'ਚ ਮਹਿੰਗਾਈ ਵੀ ਮੂੰਹ ਅੱਡੀ ਖੜ੍ਹੀ ਹੈ। ਪਿਆਜ਼ 50 ਰੁ./ ਕਿਲੋ, ਆਲੂ 40 ਰੁ./ਕਿਲੋ, 10 ਕਿਲੋ ਆਟਾ 350 ਰੁ. ਦਾ ਅਤੇ ਦਾਲਾਂ 120-150 ਰੁ./ਕਿਲੋ ਤੱਕ ਪਹੁੰਚ ਗਈਆਂ ਹਨ। 200 ਰੁ./ਦਿਨ ਕਮਾਈ ਕਰਨ ਵਾਲਾ ਮਜ਼ਦੂਰ ਕੀ ਕਾਵੇਗਾ।"
ਲਗਾਤਾਰ ਹੋ ਰਹੀ ਗੋਲੀਬਾਰੀ ਦੇ ਕਾਰਨ ਪਿੰਡਵਾਸੀ ਆਪਣੇ ਬੱਚਿਆਂ ਅਤੇ ਬੁਜ਼ਰਗ ਮਾਪਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ।
ਇੱਥੇ ਕਿਸੇ ਨੂੰ ਵੀ 27 ਸਤੰਬਰ ਦੀ ਉਡੀਕ ਨਹੀਂ ਹੈ , ਕਿਉਂਕਿ ਕਿਹੜਾ ਪਲ ਆਖਰੀ ਹੋ ਨਿਬੜੇ ਕਿਸੇ ਨੂੰ ਵੀ ਪਤਾ ਨਹੀਂ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












