ਚੰਨੀ ਸਰਕਾਰ ਨੂੰ ਕੀ ਕਰਨਾ ਪੈ ਸਕਦਾ ਹੈ ਫਲੋਰ ਟੈਸਟ ਦਾ ਸਾਹਮਣਾ, ਕੈਪਟਨ ਦਾ ਸੁਣੋ ਜਵਾਬ

ਚੰਡੀਗੜ੍ਹ ਏਅਰ ਪੋਰਟ ਉੱਤੇ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਿੱਧੂ ਪੰਜਾਬ ਲਈ ਠੀਕ ਨਹੀਂ ਹੈ, ਉਹ ਜਿੱਥੋਂ ਵੀ ਲੜ੍ਹੇਗਾ, ਮੈਂ ਉਸਨੂੰ ਜਿੱਤਣ ਨਹੀਂ ਦੇਵਾਂਗਾ।''

ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੈਸ਼ਨਲ ਸਕਿਊਰਿਟੀ ਗਾਰਡ ਅਜੀਤ ਡੋਵਾਲ ਨਾਲ ਮੁਲਾਕਾਤ ਕਰਕੇ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਪਰਤ ਆਏ ਹਨ।

ਕੈਪਟਨ ਨੇ ਕਿਹਾ ਕਿ ਉਹ ਡੋਵਾਲ ਨੂੰ ਪੰਜਾਬ ਦੀ ਸੁਰੱਖਿਆ ਬਾਰੇ ਵਿਚ ਮਿਲੇ ਸਨ ,ਕਿਉਂਕਿ ਉਹ ਸਾਢੇ ਚਾਰ ਸਾਲ ਪੰਜਾਬ ਨੂੰ ਬਤੌਰ ਮੁੱਖ ਮੰਤਰੀ ਦੇਖਦੇ ਆ ਰਹੇ ਸਨ।

ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿਚ ਨਹੀਂ ਜਾਣਗੇ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿਚ ਵੀ ਨਹੀਂ ਰਹਿਣਗੇ।

ਕੈਪਟਨ ਕਾਂਗਰਸ ਛੱਡਣ ਸਮੇਂ ਕਿੰਨੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਾਲ ਲੈਕੇ ਜਾਣਗੇ, ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਪੱਤਰਕਾਰ ਨੂੰ ਕਿਹਾ ਮੈਂ ਤੁਹਾਨੂੰ ਕਿਉਂ ਦੱਸਾਂ।

ਪੰਜਾਬ ਵਿਧਾਨ ਸਭਾ ਵਿਚ ਫਲੋਰ ਟੈਸਟ ਦੀ ਹਾਲਤ ਪੈਦਾ ਹੋਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਇਹ ਦੇਖਣਾ ਸਪੀਕਰ ਦਾ ਕੰਮ ਹੈ, ਕਿ ਜੇ ਕਿਸੇ ਪਾਰਟੀ ਕੋਲ ਸਦਨ ਵਿਚ ਬਹੁਮਤ ਨਾ ਰਹੇ ਤਾਂ ਫਲੋਰ ਟੈਸਟ ਕਰਵਾਉਣ ਹੈ ਜਾਂ ਨਹੀਂ।

ਕੈਪਟਨ ਨੇ ਕਿਹਾ, ''ਮੈਂ ਫਲੋਰ ਟੈਸਟ ਬਾਰੇ ਕੁਝ ਨਹੀਂ ਕਹਿ ਸਕਦਾ।''

ਚੰਨੀ ਸਰਕਾਰ ਦਾ ਫਲੋਰ ਟੈਸਟ ਹੋਵੇਗਾ ਜਾਂ ਨਹੀਂ, ਕਾਂਗਰਸ ਛੱਡ ਰਹੇ ਕੈਪਟਨ ਦਾ ਸੁਣੋ ਜਵਾਬ -ਵੀਡੀਓ

ਆਪਣੇ ਅਗਲੇ ਕਦਮ ਬਾਰੇ ਕੈਪਟਨ ਨੇ ਕਿਹਾ ਕਿ ਉਹ ਮੌਕਾ ਆਉਣ ਉੱਤੇ ਦੱਸਣਗੇ , ਉਨ੍ਹਾਂ ਕਿਹਾ ਕਿ ਮੇਰੇ ਨਾਲ ਕਿੰਨੇ ਵਿਧਾਇਕ ਤੇ ਮੰਤਰੀ ਕਾਂਗਰਸ ਵਿਚੋਂ ਜਾਣਗੇ , ਇਸ ਬਾਰੇ ਉਹ ਨਹੀਂ ਦੱਸਣਗੇ।

ਕੁਛ ਤੋਂ ਮਜ਼ਬੂਰੀਆਂ ਰਹੀ ਹੋਂਗੀ

ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਸਿੱਧੂ ਦੇ ਇਤਰਾਜ਼ ਉੱਤੇ ਉਨ੍ਹਾਂ ਕਿਹਾ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ, ਸਿੱਧੂ ਇਸ ਵਿਚ ਦਖ਼ਲ ਨਹੀਂ ਦੇ ਸਕਦਾ।

ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ, ਪਰ ਕਾਂਗਰਸ ਵਿੱਚ ਨਹੀਂ ਰਹਿਣਗੇ।

ਨਿਊਜ਼ ਚੈਨਲ ਏਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ , "ਅਜੇ ਤੱਕ ਮੈਂ ਕਾਂਗਰਸ ਵਿੱਚ ਹਾਂ, ਪਰ ਕਾਂਗਰਸ ਵਿੱਚ ਨਹੀਂ ਰਹਾਂਗਾ। ਮੈਂ ਭਾਜਪਾ ਵਿੱਚ ਨਹੀਂ ਜਾ ਰਿਹਾ ਹਾਂ।"

ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਥੱਲੇ ਜਾ ਰਹੀ ਹੈ ਤੇ ਸਿੱਧੂ ਵਰਗੇ ਇਨਸਾਨ ਨੂੰ ਪਾਰਟੀ ਨੇ ਗੰਭੀਰ ਕੰਮ ਦੇ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਦੇ ਬਿਆਨ ਉੱਤੇ ਸੁਨੀਲ ਜਾਖੜ ਨੇ ਕਾਵਿਕ ਵਿਅੰਗ ਕੀਤਾ ਹੈ।

ਜਾਖ਼ੜ ਨੇ ਅਸਲ ਵਿਚ ਸ਼ਾਇਰ ਬਸ਼ੀਰ ਬਦਰ ਦੇ ਇੱਕ ਸ਼ੇਅਰ ਨੂੰ ਟਵੀਟ ਕਰਦਿਆਂ ਲਿਖਿਆ ਹੈ, 'ਕੁਛ ਤੋਂ ਮਜ਼ਬੂਰੀਆਂ ਰਹੀ ਹੋਂਗੀ ਯੂ ਹੀ ਕੋਈ ਬੇਵਫ਼ਾ ਨਹੀਂ ਹੋਤਾ'

ਪੰਜਾਬ ਕਾਂਗਰਸ ਸੰਕਟ : ਅਹਿਮ ਤਰੀਕਾਂ

18, ਜੁਲਾਈ 2021: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ

17 ਸਤੰਬਰ 2021: ਹਰੀਸ਼ ਰਾਵਤ ਨੇ ਦੇਰ ਸ਼ਾਮ ਟਵੀਟ ਕਰਕੇ ਵਿਧਾਇਕ ਦਲ ਦੀ ਬੈਠਕ ਸੱਦਣ ਦੀ ਜਾਣਕਾਰੀ ਦਿੱਤੀ

18 ਸਤੰਬਰ 2021: ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ

20 ਸਤੰਬਰ 2021: ਚਰਨਜੀਤ ਸਿੰਘ ਚੰਨੀ ਨੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ

28 ਸਤੰਬਰ 2021: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ

29 ਸਤੰਬਰ 2021 : ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ

29 ਸਤੰਬਰ 202 : ਜੀ 23 ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਸੋਨੀਆ ਗਾਂਧੀ ਨੂੰ CWC ਦੀ ਬੈਠਣ ਸੱਦਣ ਲਈ ਕਿਹਾ

30 ਸਤੰਬਰ 2021: ਕੈਪਟਨ ਅਮਰਿੰਦਰ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ

30 ਸਤੰਬਰ 2021: ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਮੁੱਖ ਮੰਤਰੀ ਚੰਨੀ ਤੇ ਹਰੀਸ਼ ਚੌਧਰੀ ਦੀ ਬੈਠਕ

ਇੱਕ ਫੋਨ ਉੱਤੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਂ 52 ਸਾਲ ਤੋਂ ਸਿਆਸਤ ਵਿੱਚ ਹਾਂ, ਪਰ ਉਨ੍ਹਾਂ ਨੇ ਮੇਰੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ। ਸਾਢੇ 10 ਵਜੇ ਕਾਂਗਰਸ ਮੁਖੀ ਨੇ ਮੈਨੂੰ ਕਿਹਾ ਕਿ ਤੁਸੀਂ ਅਸਤੀਫਾ ਦੇ ਦਿਓ। ਮੈਂ ਕੋਈ ਸਵਾਲ ਨਹੀਂ ਪੁੱਛਿਆ। ਚਾਰ ਵਜੇ ਮੈਂ ਰਾਜਪਾਲ ਕੋਲ ਗਿਆ ਤੇ ਅਸਤੀਫਾ ਦੇ ਦਿੱਤਾ।"

"ਜੇ 50 ਸਾਲ ਬਾਅਦ ਵੀ ਤੁਸੀਂ ਮੇਰੇ 'ਤੇ ਸ਼ੱਕ ਕਰੋਗੇ ਤੇ ਕੋਈ ਭਰੋਸਾ ਨਹੀਂ ਹੈ, ਤਾਂ ਪਾਰਟੀ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ।"

18 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ।

ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਸਮੇਂ ਤੋਂ ਚਲਦਾ ਆ ਰਿਹਾ ਕਲੇਸ਼ ਵੱਧਦਾ ਹੀ ਜਾ ਰਿਹਾ ਹੈ।

ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਂ ਕਾਂਗਰਸ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਹੋਣਾ ਚਾਹੀਦਾ। ਮੈਂ ਅਜੇ ਤੱਕ ਕਾਂਗਰਸ ਨੂੰ ਅਸਤੀਫਾ ਨਹੀਂ ਦਿੱਤਾ ਹੈ, ਪਰ ਜਿੱਥੇ ਭਰੋਸੇ ਦੀ ਕਮੀ ਹੈ, ਉੱਥੇ ਕੋਈ ਕਿਵੇਂ ਕੰਮ ਕਰ ਸਕਦਾ ਹੈ।"

ਸਿੱਧੂ ਦੇ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਂ ਇਹ ਕਈ ਵਾਰ ਕਿਹਾ ਹੈ ਕਿ ਉਹ ਸਥਿਰ ਵਿਅਕਤੀ ਨਹੀਂ ਹੈ। ਉਹ ਟੀਮ ਪਲੇਅਰ ਨਹੀਂ ਹੈ ਉਹ ਇੱਕਲਾ ਚੱਲਣ ਵਾਲਾ ਹੈ। ਉਹ ਕਾਂਗਰਸ ਮੁੱਖੀ ਦੇ ਰੂਪ ਵਿੱਚ ਕਾਂਗਰਸ ਨੂੰ ਕਿਵੇਂ ਸਾਂਭੇਗਾ ਉਹਦੇ ਲਈ ਤੁਹਾਨੂੰ ਟੀਮ ਪਲੇਅਰ ਬਨਣਾ ਪਏਗਾ ਜੋ ਸਿੱਧੂ ਨਹੀਂ ਹੈ।"

ਇਹ ਵੀ ਪੜ੍ਹੋ :

ਜੀ-23 ਨੇ ਵੀ ਦਿਖਾਇਆ ਸ਼ੀਸ਼ਾ

ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈਕਮਾਂਡ ਨੇ ਇਹ ਕੰਮ ਸੌਂਪਿਆਂ ਹੋਇਆ ਹੈ। ਪਰ ਕਈ ਆਗੂ ਅਜਿਹੇ ਹਨ ਜਿਹੜੇ ਸਿੱਧੂ ਨੂੰ ਨਾ ਮਨਾਉਣ ਦੀ ਸਲਾਹ ਦੇ ਰਹੇ ਹਨ।

ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਕੇਂਦਰ ਵਿਚ ਗੁਲਾਮ ਨਬੀ ਅਜ਼ਾਦ ਦੀ ਅਗਵਾਈ ਵਾਲੇ ਜੀ-23 ਦੇ ਆਗੂਆਂ ਨੇ ਗਾਂਧੀ ਪਰਿਵਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਗੁਲਾਮ ਨਬੀ ਅਜ਼ਾਦ ਨੇ ਸੋਨੀਆਂ ਗਾਂਧੀ ਨੂੰ ਪੱਤਰ ਲਿਖ ਕੇ ਕਾਂਗਰਸ ਵਰਕਿੰਗ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਲਈ ਕਿਹਾ ਹੈ।

ਦੂਜੇ ਪਾਸੇ ਕਪਿਲ ਸਿੱਬਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਸਵਾਲ ਕੀਤਾ ਕਿ ਪਾਰਟੀ ਵਿਚ ਕੋਈ ਪ੍ਰਧਾਨ ਨਹੀਂ ਹੈ ਤਾਂ ਫ਼ੈਸਲੇ ਕੌਣ ਲੈ ਰਿਹਾ ਹੈ।

ਕਪਿਲ ਸਿੱਬਲ ਨੇ ਕਿਹਾ ਸੀ ਕਿ ਉਹ ਪਾਰਟੀ ਵਿਚ ਸੰਵਾਦ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਕਿਉਂ ਕਿ ਲੋਕ ਲਗਾਤਾਰ ਪਾਰਟੀ ਛੱਡ ਕੇ ਜਾ ਰਹੇ ਹਨ।

ਜਿਸ ਕਾਰਨ ਪਾਰਟੀ ਕਮਜ਼ੋਰ ਹੋ ਰਹੀ ਹੈ, ਉਨ੍ਹਾਂ ਕਿਹਾ ਸੀ ਕਿ ਜੇਕਰ ਕਾਂਗਰਸ ਨਹੀਂ ਬਚੇਗੀ ਤਾਂ ਦੇਸ ਨਹੀਂ ਬਚੇਗਾ।

ਭਾਵੇਂ ਕਿ ਕਪਿਲ ਸਿੱਬਲ ਨੇ ਪਾਰਟੀ ਨਾਲ ਬਗਾਵਤ ਵਾਲੀ ਕੋਈ ਸੁਰ ਨਹੀਂ ਅਲਾਪੀ ਪਰ ਸ਼ਾਮ ਨੂੰ ਯੂਥ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦੇ ਘਰ ਅੱਗੇ ਮੁਜ਼ਾਹਰਾ ਤੱਕ ਕਰ ਦਿੱਤਾ।

ਉੱਧਰ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਅਤੇ ਅਜੇ ਮਾਕਨ ਨੇ ਪਾਰਟੀ ਵਿਚ ਸੰਵਾਦ ਸ਼ੁਰੂ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਦੀਆਂ ਤਾਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜੋੜ ਦਿੱਤੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)