ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਿਸ ਨੂੰ ਹੋ ਰਿਹਾ ਹੈ ਫਾਇਦਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ੇ ਨਾਲ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਤੋਂ ਤਰੇੜ ਪੈਂਦੀ ਨਜ਼ਰ ਆ ਰਹੀ ਹੈ।

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ੇ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਕੀ ਹਾਲਾਤ ਬਣ ਰਹੇ ਹਨ, ਇਸ ਬਾਰੇ ਅਸੀਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।

ਸਵਾਲ- ਢਾਈ ਮਹੀਨੇ ਵੀ ਨਹੀਂ ਹੋਏ ਪੀਪੀਸੀਸੀ ਪ੍ਰਧਾਨ ਬਣਿਆ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਹੈ, ਇਸ ਨੂੰ ਕਿਵੇਂ ਦੇਖਦੇ ਹੋ?

ਜਵਾਬ- ਕਈ ਸਾਲ ਪਹਿਲਾਂ ਦੀ ਗੱਲ ਹੈ ਮੈਚ ਚੱਲ ਰਿਹਾ ਸੀ, ਸਿੱਧੂ ਬੱਲੇਬਾਜ਼ੀ ਕਰ ਰਹੇ ਸੀ। ਅਚਾਨਕ ਉਹ ਸੰਜਮ ਗੁਆ ਬੈਠੇ ਅਤੇ ਚਾਰ-ਪੰਜ ਚੌਕੇ-ਛੱਕੇ ਮਾਰ ਕੇ ਆਊਟ ਹੋ ਗਏ। ਮੈਨੂੰ ਲੱਗਦਾ ਹੈ ਕਿ ਸੰਜਮ ਗੁਆਣਾ ਇਨ੍ਹਾਂ ਦੇ ਸੁਭਾਅ ਵਿੱਚ ਹੈ।

ਪਤਾ ਲੱਗਿਆ ਕਿ ਕਈ ਸੀਨੀਅਰ ਪਾਰਟੀ ਆਗੂਆਂ ਨੇ ਸਿੱਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਾਹਲੇ ਨਾ ਪਓ। ਪਰ ਅਚਾਨਕ ਅੱਜ ਟਵਿੱਟਰ 'ਤੇ ਅਸਤੀਫ਼ਾ ਆ ਗਿਆ।

ਜਦੋਂ ਇਹ ਬਦਲਾਅ ਹੋ ਰਿਹਾ ਸੀ, ਉਸ ਦਿਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੀਐੱਮ ਬਣਾਉਣ ਲੱਗੇ ਸੀ ਪਰ ਅਖੀਰ ਵਿੱਚ ਮਨਪ੍ਰੀਤ ਬਾਦਲ ਨੇ ਚੰਨੀ ਦਾ ਨਾਮ ਅੱਗੇ ਕਰ ਦਿੱਤਾ।

ਚੰਨੀ ਜਿਸ ਤਰ੍ਹਾਂ ਆਮ ਆਦਮੀ ਦੀ ਤਰ੍ਹਾਂ ਚੱਲ ਰਹੇ ਹਨ ਇੰਝ ਲੱਗ ਰਿਹਾ ਸੀ ਕਿ ਕੰਮ ਚੰਗਾ ਸ਼ੁਰੂ ਹੋ ਗਿਆ। ਪਰ ਦੋ ਨਿਯੁਕਤੀਆਂ ਨੇ ਵਿਵਾਦ ਖੜ੍ਹਾ ਕਰ ਦਿੱਤਾ। ਏਜੀ ਦਿਓਲ ਅਤੇ ਡੀਜੀਪੀ ਆਈਪੀਐੱਸ ਸਹੋਤਾ।

ਇਹ ਤਾਂ ਪਤਾ ਲੱਗੇ ਕਿ ਇਸ ਵਿਵਾਦਤ ਨਿਯੁਕਤੀ ਪਿੱਛੇ ਸਰਕਾਰ ਦੀ ਮੰਛਾ ਕੀ ਸੀ।

ਇਹ ਵੀ ਪੜ੍ਹੋ:

ਨਵਜੋਤ ਸਿੱਧੂ ਦੀ ਨਰਾਜ਼ਗੀ ਦੇ ਕਾਰਨਾਂ ਵਿੱਚੋਂ ਇੱਕ ਇਸ ਨੂੰ ਵੀ ਮੰਨਿਆ ਜਾ ਰਿਹਾ ਹੈ। ਚੰਨੀ ਜੀ ਹੁਣ ਖੁਦ ਸਪਸ਼ਟ ਕਰਨ ਨਿਯੁਕਤੀਆਂ ਬਾਰੇ।

ਮੈਨੂੰ ਨਿੱਜੀ ਤੌਰ 'ਤੇ ਲਗਦਾ ਹੈ ਕਿ ਨਵਜੋਤ ਸਿੱਧੂ ਹਾਲ ਹੀ ਵਿੱਚ ਸਭ ਤੋਂ ਮਸ਼ਹੂਰ ਆਗੂ ਹੋਏ ਹਨ ਪਰ ਹੁਣ ਉਨ੍ਹਾਂ ਨੇ ਕਾਹਲ ਵਿੱਚ ਆਪਣੀ ਹੀ ਭਰੋਸੇਯੋਗਤਾ ਗੁਆ ਦਿੱਤੀ ਹੈ।

ਸਵਾਲ- ਪੰਜਾਬ ਵਿੱਚ ਚੋਣਾਂ ਸਿਰ 'ਤੇ ਹਨ ਕਾਂਗਰਸ ਦੇ ਇਸ ਵੇਲੇ ਕੀ ਹਾਲਾਤ ਬਣਦੇ ਦੇਖਦੇ ਹੋ?

ਜਵਾਬ- ਕੈਪਟਨ ਨੇ ਸਾਢੇ ਚਾਰ ਸਾਲ ਸਰਕਾਰ ਚਲਾਈ ਨਹੀਂ ਇਸ ਲਈ ਇਹ ਸੰਕਟ ਆਇਆ। ਨਵਜੋਤ ਸਿੰਘ ਸਿੱਧੂ ਇਕੱਲੇ ਸੀ, ਉਨ੍ਹਾਂ ਦਾ ਕੋਈ ਗਰੁਪ ਨਹੀਂ ਸੀ।

ਜਦੋਂ ਪੰਜਾਬ ਕਾਂਗਰਸ ਵਿੱਚ ਸੰਕਟ ਸ਼ੁਰੂ ਹੋਇਆ ਤਾਂ ਮਾਝੇ ਵਿੱਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਧਾਇਕ ਮੋਬੀਲਾਈਜ਼ ਕਰਨੇ ਸ਼ੁਰੂ ਕੀਤੇ। ਉਨ੍ਹਾਂ ਨੇ ਕੈਪਟਨ ਖਿਲਾਫ਼ ਲਕੀਰ ਖਿੱਚੀ ਸੀ।

ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾਇਆ। ਉਦੋਂ ਤੋਂ ਸ਼ਾਇਦ ਸਿੱਧੂ ਨੂੰ ਵਹਿਮ ਹੋ ਗਿਆ ਸੀ ਕਿ ਬੰਦੇ ਮੇਰੇ ਕਾਰਨ ਇਕੱਠੇ ਹੋ ਗਏ ਹਨ।

ਪਰ ਉਹ ਇਕੱਠੇ ਉਸ ਸੰਕਟ ਨੇ ਕੀਤੇ ਸੀ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜਿਹੜੇ ਹਾਲਾਤ ਬਣੇ ਹੋਏ ਹਨ ਉਸ ਵਿੱਚ ਕਾਂਗਰਸ ਹਾਰ ਜਾਏਗੀ। ਕਾਂਗਰਸ ਦਾ ਪਹਿਲਾਂ ਹੀ ਨੁਕਸਾਨ ਹੋ ਗਿਆ ਸੀ।

ਉਹ ਨੁਕਸਾਨ ਅਜੇ ਵੀ ਖੜ੍ਹਾ ਹੈ। ਹੋਰ ਨੁਕਸਾਨ ਨਹੀਂ ਹੋਇਆ ਪਰ ਉੱਥੇ ਹੀ ਖੜ੍ਹਾ ਹੈ ਜਿੱਥੇ ਪਹਿਲਾਂ ਸੀ। ਪਰ ਇਸ ਵਿਚਾਲੇ ਸਿੱਧੂ ਨੇ ਆਪਣੀ ਭਰੋਸੇਯੋਤਾ ਗੁਆ ਦਿੱਤੀ ਹੈ।

ਸਵਾਲ- ਇਸ ਘਟਨਾਕ੍ਰਮ ਨਾਲ ਹੁਣ ਸਿਆਸੀ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ?

ਜਵਾਬ- ਕਾਂਗਰਸ ਹਾਰ ਰਹੀ ਸੀ, ਕਾਂਗਰਸ ਕੋਲ ਪਿਛਲੀ ਵਾਰ 77 ਸੀਟਾਂ ਸਨ ਪਰ ਪਿਛਲੇ ਛੇ ਮਹੀਨਿਆਂ ਵਿੱਚ ਉਹ ਕਾਫ਼ੀ ਹਾਰ ਰਹੇ ਜਾਪ ਰਹੇ ਸੀ। ਇਸ ਲਈ ਇਹ ਸਾਰਾ ਤਜੁਰਬਾ ਹੋਇਆ।

ਦੂਜੀ ਗੱਲ ਇਹ ਲੱਗ ਰਿਹਾ ਸੀ ਕਿ ਅਕਾਲੀ ਦਲ ਚੜ੍ਹਦਾ ਆ ਰਿਹਾ ਹੈ ਪਰ ਵਿੱਚ ਕਿਸਾਨ ਅੰਦੋਲਨ ਆ ਗਿਆ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਤੀਜੇ ਕਿਸਾਨ ਅੰਦੋਲਨ ਕਰੇਗਾ। ਇਹ ਨਹੀਂ ਕਿ ਪਾਰਟੀ ਬਣਾਉਣਗੇ ਪਰ ਅੰਦੋਲਨ ਦਾ ਚੋਣਾਂ ਉੱਤੇ ਅਸਰ ਜ਼ਰੂਰ ਹੋਵੇਗਾ।

ਕਾਂਗਰਸ ਕੇਂਦਰ ਵਿੱਚ ਹੈ ਇਸ ਲਈ ਇਸ ਦੀ ਪੁਜ਼ੀਸ਼ਨ ਹੋਰ ਹੈ। ਇਹ ਸਮਰਥਨ ਦਿੰਦੀ ਆ ਰਹੀ ਹੈ।

ਜਦੋਂ ਆਰਡੀਨੈਂਸ ਕਲੀਅਰ ਕੀਤੇ ਉਸ ਦਿਨ ਕੈਬਨਿਟ ਬੈਠਕ ਵਿੱਚ ਹਰਸਿਮਰਤ ਕੌਰ ਮੈਂਬਰ ਸੀ। ਕੈਬਨਿਟ ਦੀ ਜ਼ਿੰਮੇਵਾਰੀ ਸਾਂਝੀ ਹੁੰਦੀ ਹੈ। ਇਸ ਕਾਰਨ ਕਾਨੂੰਨ ਬਣਾਉਣ ਵਿੱਚ ਅਕਾਲੀ ਦਲ ਦਾ ਨੁਮਾਇੰਦਾ ਸ਼ਾਮਲ ਸੀ।

ਪੰਜਾਬ ਵਿੱਚ ਜੇ ਕਿਸੇ ਨੇ ਜੋਸ਼ ਨਾਲ ਸਭ ਤੋਂ ਪਹਿਲਾਂ ਇਨ੍ਹਾਂ ਕਾਨੂੰਨਾਂ ਨੂੰ ਡਿਫੈਂਡ (ਬਚਾਓ) ਕੀਤਾ ਹੈ ਤਾਂ ਉਹ ਹਰਸਿਮਰਤ ਕੌਰ ਬਾਦਲ ਸੀ।

ਉਸ ਤੋਂ ਠੀਕ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਸਮਰਥਨ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਹਿਮਾਇਤ ਦਿਵਾਈ ਗਈ।

ਇਹ ਅਕਾਲੀ ਦਲ ਦਾ ਇਤਿਹਾਸ ਹੈ। ਇਸ ਇਤਿਹਾਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਵਿੱਚੋਂ ਅਸਤੀਫ਼ਾ ਦਿਵਾ ਕੇ ਤੇ ਭਾਜਪਾ ਨਾਲ ਗਠਜੋੜ ਤੋੜ ਕੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਰ ਹੁਣ ਕਿਸਾਨ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ।

ਪਿੰਡਾਂ ਵਿੱਚ ਜਦੋਂ ਸੁਖਬੀਰ ਬਾਦਲ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਗਏ ਤਾਂ ਉਨ੍ਹਾਂ ਦਾ ਵਿਰੋਧ ਹੋਇਆ ਅਤੇ ਫਿਰ ਉਹ ਹੋਰ ਪਿੰਡਾਂ ਵਿੱਚ ਨਹੀਂ ਗਏ।

ਅਕਾਲੀ ਦਲ ਦੀ ਇਹ ਜ਼ੀਮੀਨੀ ਹਕੀਕਤ ਇਹ ਹੈ ਪਰ ਚੋਣਾਂ 'ਤੇ ਕੀ ਅਸਰ ਪਏਗਾ ਇਹ ਅਜੇ ਨਹੀਂ ਕਹਿ ਸਕਦੇ।

ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਰ ਭੂਮਿਕਾ ਹੈ ਤੇ ਪੰਜਾਬ ਵਿੱਚ ਹੋਰ।

ਆਮ ਆਦਮੀ ਪਾਰਟੀ ਦਾ ਕੋਈ ਚਿਹਰਾ ਨਹੀਂ, ਇਨ੍ਹਾਂ ਦੀ ਆਰਗਨਾਈਜ਼ੇਸ਼ਨ ਹਾਲੇ ਤੱਕ ਬਣ ਹੀ ਨਹੀਂ ਸਕੀ।

ਸਵਾਲ- ਚਰਨਜੀਤ ਚੰਨੀ ਐੱਸਸੀ ਭਾਈਚਾਰੇ ਤੋਂ ਮੁੱਖ ਮੰਤਰੀ ਬਣੇ। ਜਦੋਂ ਇਹ ਫੈਸਲਾ ਲਿਆ ਉਦੋਂ ਕਿਹਾ ਗਿਆ ਕਿ ਕਾਂਗਰਸ ਨੇ ਬੜੀ ਵੱਡੀ ਪਹਿਲ ਕੀਤੀ ਹੈ। ਕੀ ਹੁਣ ਉਸ ਪਹਿਲ ਨੂੰ ਕੋਈ ਢਾਹ ਲੱਗੀ ਹੈ?

ਜਵਾਬ- ਜੇ ਚੰਨੀ ਪਹਿਲੀ ਪਸੰਦ ਹੁੰਦੇ ਤਾਂ ਇਹ ਯੋਜਨਾ ਦਾ ਹਿੱਸਾ ਹੁੰਦਾ ਪਰ ਉਹ ਤਾਂ ਆਖਿਰੀ ਵੇਲੇ ਆਏ ਸੀ। ਜਦੋਂ ਉਹ ਮੁੱਖ ਮੰਤਰੀ ਬਣ ਗਏ ਤਾਂ ਇਸ ਨਾਲ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਭਾਜਪਾ ਜੋ ਦਲਿਤ ਵੋਟਰ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਫੇਲ੍ਹ ਹੋ ਗਈ।

ਇੱਕ ਇਹ ਰਾਇ ਹੈ ਕਿ ਪੰਜਾਬ ਵਿੱਚ 32 ਫੀਸਦ ਦਲਿਤ ਹਨ ਪਰ ਉਸ ਵਿੱਚੋਂ 20 ਫੀਸਦ ਸਿੱਖ ਅਤੇ 12 ਫੀਸਦ ਹਿੰਦੂ ਹਨ। ਇਹ ਏਕਾਧਿਕਾਰ ਨਹੀਂ ਹੈ। ਜੇ ਇਸ ਵਰਗ ਦਾ ਏਕਾਧਿਕਾਰ ਹੁੰਦਾ ਤਾਂ ਬੀਐੱਸਪੀ ਪੰਜਾਬ ਵਿੱਚ ਨਾ ਬੇਸ ਬਣਾ ਲੈਂਦੀ। ਕਾਂਸ਼ੀਰਾਮ ਪੰਜਾਬ ਦੇ ਹੀ ਰਹਿਣ ਵਾਲੇ ਸਨ।

ਬਸਪਾ ਪੰਜਾਬ ਵਿੱਚ ਪੈਰ ਨਹੀਂ ਜਮਾ ਸਕੀ, ਯੂਪੀ ਵਿੱਚ ਇਹ ਪਾਰਟੀ ਜਾ ਕੇ ਖੜ੍ਹੀ ਹੋ ਗਈ। ਪੰਜਾਬ ਵਿੱਚ ਇਨ੍ਹਾਂ ਦੀ ਆਬਾਦੀ ਬਾਕੀ ਹੋਰਨਾਂ ਸੂਬਿਆਂ ਮੁਕਾਬਲੇ ਸਭ ਤੋਂ ਵੱਧ ਹੈ।

ਇਹ ਏਕਾਧਿਕਾਰ ਨਾ ਹੋਣ ਕਾਰਨ ਡਾਇਨਾਮਿਕਸ ਵੱਖਰੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)