You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ; ਪਰਗਟ ਬੋਲੇ, ‘ਮਸਲੇ ਛੋਟੇ ਹਨ, ਸੁਲਝਾ ਲਏ ਜਾਣਗੇ’
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਸ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਕਾਫੀ ਗਹਿਮਾਗਹਿਮੀ ਰਹੀ।
ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਟਵੀਟ ਰਾਹੀਂ ਸਾਂਝਾ ਕੀਤਾ ਹੈ।
ਨਵਜੋਤ ਸਿੱਧੂ ਨੇ ਆਪਣੀ ਚਿੱਠੀ ਵਿੱਚ ਕਿਹਾ, “ਕਿਸੇ ਵਿਅਕਤੀ ਦੇ ਕਿਰਦਾਰ ਡਿੱਗਣ ਦੀ ਸ਼ੁਰੂਆਤ ਸਮਝੌਤਾ ਕਰਨ ਤੋਂ ਹੁੰਦੀ ਹੈ। ਮੈਂ ਪੰਜਾਬ ਦੇ ਭਵਿੱਖ ਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਹਾਂ।”
“ਇਸ ਲਈ ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਮੈਂ ਕਾਂਗਰਸ ਦੀ ਸੇਵਾ ਕਰਦਾ ਰਹਾਂਗਾ।”
ਮਸਲੇ ਸੁਲਝਾ ਲਏ ਜਾਣਗੇ - ਪਰਗਟ ਸਿੰਘ
ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ, “ਦੋ ਛੋਟੇ ਜਿਹੇ ਮਸਲੇ ਹਨ ਜਿਨ੍ਹਾਂ ਨੂੰ ਸੁਲਝਾ ਲਿਆ ਜਾਵੇਗਾ। ਕੋਈ ਵੱਡੀ ਗੱਲ ਨਹੀਂ ਹੈ। ਅਜਿਹੇ ਮਸਲੇ ਹੋ ਜਾਂਦੇ ਹਨ।”
ਇਸ ਮੌਕੇ ਪਰਗਟ ਸਿੰਘ ਨੇ ਆਪਣੇ ਅਸਤੀਫੇ ਦੀਆਂ ਖ਼ਬਰਾਂ ਨੂੰ ਵੀ ਬੇਬੁਨਿਆਦ ਦੱਸਿਆ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, “ਕੁਝ ਗਲਤਫਹਿਮੀ ਹੋ ਗਈ ਹੈ ਜਿਸ ਕਾਰਨ ਮੁੱਦੇ ਖੜ੍ਹੇ ਹੋ ਗਏ ਹਨ। ਪੂਰੀ ਉਮੀਦ ਹੈ ਕਿ ਉਹ ਸੁਲਝਾ ਲਏ ਜਾਣਗੇ।”
ਕਾਂਗਰਸ ਲੀਡਰਸ਼ਿਪ ਦਾ ਭਰੋਸਾ ਟੁੱਟਿਆ ਹੈ - ਸੁਨੀਲ ਜਾਖੜ
ਕਾਂਗਰਸੀ ਆਗੂ ਸੁਨੀਲ ਜਾਖੜ ਨੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਕਿਹਾ, "ਇਹ ਕੇਵਲ ਕ੍ਰਿਕਟ ਨਹੀਂ ਹੈ। ਇਸ ਪੂਰੇ ਮਸਲੇ ਵਿੱਚ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ 'ਤੇ ਕਾਂਗਰਸ ਲੀਡਰਸ਼ਿਪ ਨੇ ਭਰੋਸਾ ਜਤਾਇਆ ਸੀ, ਉਸ 'ਤੇ ਢਾਹ ਲੱਗੀ ਹੈ।"
"ਕਿਸੇ ਵੀ ਤਰੀਕੇ ਦੀ ਭਾਰੀ ਹਮਾਇਤ ਇਸ ਭਰੋਸੇ ਦੇ ਟੁੱਟਣ ਨੂੰ ਸਹੀ ਨਹੀਂ ਠਹਿਰਾ ਸਕਦੀ ਹੈ।"
ਕੈਪਟਨ ਅਮਰਿੰਦਰ ਦਾ ਸਿੱਧੂ ’ਤੇ ਤਾਜ਼ਾ ਵਾਰ
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਕਿ ਕੈਪਟਨ ਦਾ ਕਹਿਣਾ ਹੈ, "ਨਵਜੋਤ ਸਿੰਘ ਸਿੱਧੂ ਦਾ ਦੋ ਮਹੀਨੇ ਦੇ ਅੰਦਰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਦਾ ਮਤਲਬ ਹੈ ਕਿ ਉਹ ਕਾਂਗਰਸ ਛੱਡਣ ਲਈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਦਾਨ ਤਿਆਰ ਕਰ ਰਹੇ ਹਨ।"
ਯੋਗਿੰਦਰ ਸਿੰਘ ਢੀਂਗੜਾ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਹਿਮਾਇਤ ਵਿੱਚ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
ਰਜ਼ੀਆ ਸੁਲਤਾਨਾ ਨੇ ਨਵਜੋਤ ਸਿੰਘ ਸਿੱਧੂ ਦੀ ਹਿਮਾਇਤ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਕਿਹਾ, "ਇਸ ਗੱਲ ਦਾ ਤਾਂ ਪਤਾ ਸੀ ਕਿ ਕੁਝ ਗੜਬੜ ਹੋਣ ਵਾਲੀ ਹੈ ਅਤੇ ਹੋਈ ਹੈ। ਨਵਜੋਤ ਸਿੰਘ ਸਿੱਧੂ ਅਸੂਲਾਂ ਵਾਲੇ ਵਿਅਕਤੀ ਹਨ। ਉਨ੍ਹਾਂ ਨੂੰ ਕੋਈ ਲਾਲਚ ਨਹੀਂ ਹੈ। ਉਹ ਪੰਜਾਬ ਅਤੇ ਪੰਜਾਬੀਅਤ ਲਈ ਲੜ ਰਹੇ ਹਨ।"
ਰਜ਼ੀਆ ਸੁਲਤਾਨਾ ਮਲੇਰਕੋਟਲਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਹਾਲ ਹੀ ਵਿੱਚ ਹੋਏ ਪੰਜਾਬ ਕੈਬਨਿਟ ਦੇ ਵਿਸਥਾਰ ਵਿੱਚ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਚਰਨਜੀਤ ਸਿੰਘ ਚੰਨੀ ਨੇ ਸਿੱਧੂ ਬਾਰੇ ਕੀ ਕਿਹਾ
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਅਸੀਂ ਸਿੱਧੂ ਸਾਹਿਬ ਨਾਲ ਬੈਠ ਕੇ ਗੱਲ ਕਰਾਂਗੇ। ਉਹ ਚੰਗੇ ਲੀਡਰ ਹਨ। ਅਜੇ ਮੈਨੂੰ ਨਹੀਂ ਪਤਾ ਨਹੀਂ ਉਨ੍ਹਾਂ ਨੇ ਕਿਉਂ ਅਸਤੀਫਾ ਦਿੱਤਾ।"
"ਨਵਜੋਤ ਸਿੰਘ ਸਿੱਧੂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਮੇਰੀ ਅਜੇ ਉਨ੍ਹਾਂ ਨਾਲ ਗੱਲ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਉੱਤੇ ਮੈਨੂੰ ਪੂਰਾ ਭਰੋਸਾ ਹੈ।"
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਜਾ ਕੇ ਅਮਿਤ ਸ਼ਾਹ ਨਾਲ ਮਿਲਣ ਦੀਆਂ ਕਿਆਸਰਾਈਆਂ ਬਾਰੇ ਚਰਨਜੀਤ ਸਿੰਘ ਚੰਨੀ ਬੋਲੇ, "ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਰਹੇ ਹਨ, ਉਹ ਪੰਜਾਬ ਦੇ ਹੱਕ ਦੀ ਗੱਲ ਕਰਨਗੇ।"
ਕੈਪਟਨ ਨੇ ਨਵਜੋਤ ਸਿੰਘ ਸਿੱਧੂ ਬਾਰੇ ਕੀ ਕਿਹਾ
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ’ਤੇ ਬੋਲਦਿਆਂ ਕਿਹਾ ਹੈ, “ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਇੱਕ ਸਥਿਰ ਵਿਅਕਤੀ ਨਹੀਂ ਹੈ ਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਸਹੀ ਨਹੀਂ ਹੈ।”
ਦਿੱਲੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ, "ਮੈਂ ਕਿਹਾ ਸੀ ਇਹ ਵਿਅਕਤੀ ਸਥਿਰ ਨਹੀਂ ਹੈ। ਉਸ ਨੇ ਖੁਦ ਹੀ ਦਿਖਾ ਦਿੱਤਾ। ਮੇਰੇ ਅਸਤੀਫ਼ੇ ਦਾ ਸਿੱਧੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਕਿਸੇ ਵੀ ਸਿਆਸਤਦਾਨ ਨੂੰ ਮਿਲਣ ਦੀ ਗੱਲ ਨਕਾਰੀ।
ਉਨ੍ਹਾਂ ਕਿਹਾ, "ਮੈਂ ਇੱਥੇ ਘਰ ਜਾਵਾਂਗਾ, ਸਮਾਨ ਇਕੱਠਾ ਕਰਾਂਗਾ ਤੇ ਪੰਜਾਬ ਜਾਵਾਂਗਾ। ਕਿਸੇ ਸਿਆਸਤਦਾਨ ਨੂੰ ਨਹੀਂ ਮਿਲ ਰਿਹਾ। ਕਪੂਰਥਲਾ ਹਾਊਸ ਨੂੰ ਖਾਲੀ ਕਰਨ ਆਇਆ ਹਾਂ।"
ਨਵਜੋਤ ਸਿੰਘ ਸਿੱਧੂ ਨੂੰ 18 ਜੁਲਾਈ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਵਿਚਾਲੇ ਕਾਫੀ ਖਿੱਚੋਤਾਣ ਚੱਲ ਰਹੀ ਸੀ।
ਕੈਪਟਨ ਅਮਰਿੰਦਰ ਨੇ 18 ਸਿਤੰਬਰ ਤੋਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਮਗਰੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਐਲਾਨ ਹੋਣ ਬਾਰੇ ਵੀ ਕਾਫੀ ਡਰਾਮਾ ਹੋਇਆ ਸੀ।
ਕਦੇ ਸੁਨੀਲ ਜਾਖੜ ਦਾ ਨਾਂ ਚਰਚਾ ਵਿੱਚ ਆਇਆ ਤੇ ਕਦੇ ਸੁਖਜਿੰਦਰ ਰੰਧਾਵਾ ਦਾ ਨਾਂ ਮੀਡੀਆ ਵਿੱਚ ਆਇਆ। ਆਖਿਰ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ।
'ਸਿੱਧੂ ਪਹਿਲਾਂ ਕੈਪਟਨ 'ਤੇ ਡਿੱਗਿਆ ਤੇ ਹੁਣ ਆਪਣੀ ਹੀ ਪਾਰਟੀ 'ਤੇ'
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਦੋ-ਤਿੰਨ ਮਹੀਨੇ ਪਹਿਲਾਂ ਮੈਂ ਇੱਕ ਬਿਆਨ ਦਿੱਤਾ ਸੀ ਕਿ ਸਿੱਧੂ ਮਿਸਗਾਇਡੇਡ ਮਿਜ਼ਾਇਲ ਹੈ, ਇਸ ਦਾ ਪਤਾ ਨਹੀਂ ਕਿਸ 'ਤੇ ਡਿੱਗੇਗਾ ਤੇ ਕਿਸ ਨੂੰ ਮਾਰੇਗਾ।
ਉਨ੍ਹਾਂ ਅੱਗੇ ਕਿਹਾ, "ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਸਭ ਤੋਂ ਪਹਿਲਾਂ ਕੈਪਟਨ 'ਤੇ ਡਿੱਗਿਆ ਤੇ ਕੈਪਟਨ ਨੂੰ ਮਾਰਿਆ। ਹੁਣ ਆਪਣੀ ਹੀ ਪਾਰਟੀ ਜਿਸ ਨੇ ਇਸ ਨੂੰ ਪ੍ਰਧਾਨ ਬਣਾਇਆ ਸੀ, ਉਸ ਉੱਤੇ ਡਿੱਗਿਆ ਹੈ। ਹੁਣ ਉਸ ਦਾ ਸਫ਼ਾਇਆ ਕਰ ਰਿਹਾ ਹੈ।"
"ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ, ਉਸ ਵਿੱਚ ਹੰਕਾਰ ਹੈ, 'ਮੈਂ' ਹੈ। ਪੰਜਾਬ ਨੂੰ ਬਚਾਉਣਾ ਹੈ ਤਾਂ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਨੂੰ ਛੱਡ ਕੇ ਮੁੰਬਈ ਚਲੇ ਜਾਓ।"
'ਸਿੱਧੂ ਬਾਰੇ ਫੈਸਲਾ ਕਾਂਗਰਸ ਮੁਖੀ ਕਰਨਗੇ'
ਕਾਂਗਰਸ ਆਗੂ ਅਸ਼ਵਿਨੀ ਕੁਮਾਰ ਨੇ ਨਵਜੋਤ ਸਿੰਘ ਸਿੱਧੂ ਦੇ ਪੀਪੀਸੀਸੀ ਦੇ ਪ੍ਰਧਾਨ ਵਜੋਂ ਅਸਤੀਫੇ ਬਾਰੇ ਕਿਹਾ, "ਇਹ ਬਹੁਤ ਮੰਦਭਾਗਾ ਹੈ ਪਰ ਮੈਂ ਉਸ 'ਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਨਹੀਂ ਪੜ੍ਹਿਆ ਕਿ ਉਨ੍ਹਾਂ ਨੇ ਕੀ ਲਿਖਿਆ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਪੀਪੀਸੀਸੀ ਮੁਖੀ ਬਣਾਇਆ ਗਿਆ ਸੀ।"
"ਸਿੱਧੂ ਨੇ ਜੋ ਕਹਿਣਾ ਸੀ ਕਿਹਾ ਦਿੱਤਾ ਹੁਣ ਇਸ ਦਾ ਫੈਸਲਾ ਕਾਂਗਰਸ ਮੁਖੀ ਕਰਨਗੇ ਅਤੇ ਬਹੁਤ ਜਲਦੀ ਕਰਨਗੇ। ਚੋਣਾਂ ਸਿਰ 'ਤੇ ਹਨ, ਮੈਨੂੰ ਉਮੀਦ ਹੈ ਕਿ ਕਾਂਗਰਸ ਲੀਡਰਸ਼ਿਪ ਇਸ ਮਸਲੇ ਨੂੰ ਜਲਦੀ ਹੱਲ ਕਰੇਗੀ ਤਾਂ ਕਿ ਅਸੀਂ ਇੱਕਜੁੱਟ ਹੋ ਕੇ ਚੋਣਾਂ ਲੜੀਏ।"
ਆਮ ਆਦਮੀ ਪਾਰਟੀ ਨੇ ਕੀ ਕਿਹਾ
ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਹਾ, "ਪਿਛਲੇ 15 ਦਿਨਾਂ ਦੇ ਵਿੱਚ-ਵਿੱਚ ਜਿਵੇਂ ਕਾਂਗਰਸ ਨੇ ਕੈਪਟਨ ਨੂੰ ਹਟਾਇਆ ਗਿਆ ਉਹ ਬਹੁਤ ਮਾੜਾ ਸੀ।"
"ਫਿਰ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਹਰ ਦੋ ਘੰਟੇ ਬਾਅਦ ਨਵੇਂ ਨਾਮ ਸਾਹਮਣੇ ਆ ਰਹੇ ਸੀ। ਉਦੋਂ ਹੀ ਕਾਂਗਰਸ ਵਿੱਚ ਨਿਘਾਰ ਦੇਖਿਆ। ਅੱਜ ਜੋ ਹੋ ਰਿਹਾ ਇੰਡੀਅਨਲ ਨੈਸ਼ਨਲ ਕਾਂਰਗਸ ਦਾ ਨਾਮ ਇੰਡੀਅਨਲ ਨੈਸ਼ਨਲ ਸਰਕਸ ਰੱਖ ਦੇਣਾ ਚਾਹੀਦਾ ਹੈ।"
ਖੇਤੀ ਕਾਨੂੰਨਾਂ ਅਤੇ ਕਿਸਾਨਾਂ ਬਾਰੇ ਬੋਲੇ ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਸਾਡਾ ਕਿਸਾਨ ਅੰਨਦਾਤਾ ਹੈ, ਜੋ ਹਰ ਕਿਸੇ ਨੂੰ ਦੇਣ ਵਾਲਾ ਹੈ, ਉਸ ਨੂੰ ਭਿਖਾਰੀ ਬਣਾਉਣ ਵਾਲਾ ਸਿਸਟਮ ਕੇਂਦਰ ਸਰਕਾਰ ਲੈ ਕੇ ਆਈ ਹੈ।
ਸਾਡੀ ਕੇਂਦਰ ਨੂੰ ਅਪੀਲ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰੋ, ਅਸੀਂ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਛੱਡਾਂਗੇ।"
"ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ 'ਤੇ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਕੇਂਦਰ ਨੇ ਵੱਡੇ-ਵੱਡੇ ਸਨਅਤਕਾਰਾਂ ਦੇ ਲੱਖਾਂ ਕਰੋੜਾਂ ਰੁਪਏ ਮਾਫ਼ ਕੀਤੇ ਹਨ।"
ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਜਿੰਨੇ ਕਿਸਾਨ ਧਰਨੇ ਦੌਰਾਨ ਮਾਰੇ ਗਏ ਹਨ, ਉਨ੍ਹਾਂ ਲਈ ਨੌਕਰੀਆਂ ਦਾ ਪ੍ਰਬੰਧ ਕਰ ਦਿੱਤਾ ਹੈ। ਇੱਕ ਕਿਸਾਨ ਦੇ ਮੈਂਬਰ ਨੂੰ ਕੱਲ੍ਹ ਨੌਕਰੀ ਦੇ ਕੇ ਆਇਆ ਹਾਂ।"
"ਤੁਸੀਂ ਦੇਖਦੇ ਤਾਂ ਉਸ ਦੀ ਹਾਲਤ ਦੇਖ ਕੇ ਰੋ ਪੈਂਦੇ। ਉਸ ਕੋਲ ਰਹਿਣ ਲਈ ਘਰ ਵੀ ਨਹੀਂ। ਉਸ ਦਾ ਵਿਆਹ ਵੀ ਨਹੀਂ ਹੋ ਸਕਿਆ ਕਿਉਂਕਿ ਉਸ ਕੋਲ ਜ਼ਮੀਨ ਨਹੀਂ। ਜਿਸ ਦੇ ਸਿਰ 'ਤੇ ਛੱਤ ਨਹੀਂ ਉਸ ਦੀ ਰੋਜੀ ਰੋਟੀ ਵੀ ਖੋਹ ਰਹੇ ਹਾਂ।"
"ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ ਪਰ ਕੇਂਦਰ ਸਰਕਾਰ ਉਸ ਤੋਂ ਪਹਿਲਾਂ ਕਾਨੂੰਨ ਰੱਦ ਕਰੇ। ਜੇ ਤਿੰਨੋਂ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਮੈਂ ਖੁਦ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਲੋਕ ਲੈ ਕੇ ਦਿੱਲੀ ਜਾਵਾਂਗਾ। ਰਾਹ ਵਿੱਚ ਖੇਤਾਂ ਵਿੱਚ ਸੋਵਾਂਗਾ ਤੇ ਪੀਐੱਮ ਸਾਹਿਬ ਦੇ ਦਰਵਾਜੇ 'ਤੇ ਬੈਠਾਂਗਾ।"
"ਪੰਜਾਬ ਬਾਰਡਰ ਸਟੇਟ ਹੈ, ਸਾਨੂੰ ਜੰਮੂ-ਕਸ਼ਮੀਰ ਨਾ ਬਣਾਇਆ ਜਾਵੇ। ਅਸੀਂ ਦੇਸ ਭਗਤ ਲੋਕ ਹਾਂ, ਇੱਥੇ ਘੱਟ-ਗਿਣਤੀ ਵਧੇਰੇ ਰਹਿੰਦੇ ਹਨ। ਸਾਨੂੰ ਮਾੜੀ ਨਜ਼ਰ ਨਾਲ ਨਾ ਦੇਖਿਆ ਜਾਵੇ।"
ਇਹ ਵੀ ਪੜ੍ਹੋ-