You’re viewing a text-only version of this website that uses less data. View the main version of the website including all images and videos.
ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਵਿਚਾਲੇ 2 ਘੰਟੇ ਚੱਲੀ ਬੈਠਕ ਦਾ ਕੀ ਨਿਕਲਿਆ ਨਤੀਜਾ
ਪੰਜਾਬ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਚ ਮੱਚੀ ਤਰਥੱਲੀ ਨੂੰ ਸਾਂਤ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਵੀਰਵਾਰ ਨੂੰ ਬਾਅਦ ਦੁਪਹਿਰ ਕਰੀਬ 2 ਘੰਟੇ ਬੈਠਕ ਹੋਈ।
ਬੈਠਕ ਤੋਂ ਪਹਿਲਾਂ ਸਾਰੇ ਮੰਤਰੀ ਅਤੇ ਕਾਂਗਰਸ ਆਗੂ ਕਹਿ ਰਹੇ ਸਨ ਕਿ ਮਸਲਾ ਹੱਲ ਹੋ ਜਾਵੇਗਾ।
ਪਰ ਜਦੋਂ ਬੈਠਕ ਖ਼ਤਮ ਹੋਈ ਤਾਂ ਚਰਨਜੀਤ ਸਿੰਘ ਚੰਨੀ ਇਕੱਲੇ ਹੀ ਪੰਜਾਬ ਭਵਨ ਵਿਚੋਂ ਉੱਠ ਕੇ ਚਲੇ ਗਏ।
ਬੈਠਕ ਤੋਂ ਬਾਅਦ ਕੁਝ ਸਮਾਂ ਨਵਜੋਤ ਸਿੱਧੂ , ਪ੍ਰਗਟ ਸਿੰਘ , ਲਾਲ ਸਿੰਘ ਅਤੇ ਕਈ ਹੋਰ ਆਗੂਆਂ ਨਾਲ ਬੈਠੇ ਰਹੇ ਅਤੇ ਫਿਰ ਉਹ ਵੀ ਚੁੱਪਚਾਪ ਚਲੇ ਗਏ।
ਕਿਹਾ ਜਾ ਰਿਹਾ ਸੀ ਕਿ ਅੱਜ ਦੀ ਬੈਠਕ ਬਾਰੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਮੀਡੀਆ ਨੂੰ ਅਧਿਕਾਰਤ ਤੌਰ ਉੱਤੇ ਜਾਣਕਾਰੀ ਦੇਣਗੇ।
ਪਰ ਕਿਸੇ ਨੇ ਵੀ ਬੈਠਕ ਵਿਚ ਕੀ ਕੁਝ ਹੋਇਆ ਇਸ ਦੀ ਜਾਣਕਾਰੀ ਨਾ ਦਿੱਤੀ ਅਤੇ ਇਕੱਲੇ -ਇਕੱਲੇ ਮੀਡੀਆ ਤੋਂ ਬਚਦੇ ਹੋਏ ਚਲੇ ਗਏ।
ਭਾਵੇਂ ਕਿ ਕੁਝ ਸੂਤਰ ਇਹ ਦਾਅਵਾ ਕਰ ਰਹੇ ਹਨ ਕਿ ਸਿੱਧੂ ਪ੍ਰਧਾਨ ਦੇ ਅਹੁਦੇ ਉੱਤੇ ਬਣੇ ਰਹਿਣਗੇ ਅਤੇ ਸਰਕਾਰ ਤੇ ਪਾਰਟੀ ਵਿਚਾਲੇ ਤਾਲਮੇਲ ਬਿਠਾਉਣ ਲਈ ਇੱਕ ਤਾਲਮੇਲ ਕਮੇਟੀ ਦਾ ਗਠਨ ਹੋਵੇਗਾ।
ਇਸ ਕਮੇਟੀ ਵਿਚ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਦੋਵੇਂ ਮੈਂਬਰ ਹੋਣਗੇ, ਇਸ ਵਿਚ ਹਾਈਕਮਾਂਡ ਦਾ ਵੀ ਨੁੰਮਾਇਦਾ ਹੋਵਗਾ ਅਤੇ ਇਸ ਕਮੇਟੀ ਦੀ ਹਰ ਹਫ਼ਤੇ ਬੈਠਕ ਹੋਵੇਗੀ।
ਪਰ ਇਸ ਦਾਅਵੇ ਦੀ ਬੀਬੀਸੀ ਕੋਲ ਪੁਸ਼ਟੀ ਨਹੀਂ ਹੋ ਸਕੀ ਅਤੇ ਅਧਿਕਾਰਤ ਤੌਰ ਉੱਤੇ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਇਸ ਲਈ ਬੈਠਕ ਨੂੰ ਅਧਿਕਾਰਤ ਤੌਰ ਉੱਤੇ ਅਜੇ ਬੇਨਤੀਜਾ ਹੀ ਕਿਹਾ ਜਾ ਸਕਦਾ ਹੈ।
ਚੰਨੀ ਸਰਕਾਰ ਤੋਂ 2 ਹਫ਼ਤੇ 'ਚ ਹੀ ਹੋਏ ਨਰਾਜ਼
ਕੁਝ ਦਿਨ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਵਾ ਕੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨਾਲ ਵੀ ਸਿੱਧ ਦੋ ਹਫ਼ਤੇ ਨਹੀਂ ਕੱਟ ਸਕੇ।
ਇਸ ਲਈ ਉਨ੍ਹਾਂ ਦੇ ਅਸਤੀਫ਼ੇ ਨੂੰ ਭਾਵੇਂ ਹਾਈਕਮਾਂਡ ਨੇ ਸਵਿਕਾਰ ਨਹੀਂ ਕੀਤਾ ਹੈ, ਪਰ ਹਾਈਕਮਾਂਡ ਵਲੋਂ ਮਨਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਮੁਨੀਸ਼ ਤਿੜਾੜੀ ਵਰਗੇ ਕਈ ਆਗੂ ਸਿੱਧੂ ਵਲੋਂ ਖੜੇ੍ ਕੀਤੇ ਹਾਲਾਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਘਟਾਉਣ ਵਾਲਾ ਮੰਨ ਰਹੇ ਹਨ।
ਸਿੱਧੂ ਦਾ ਅਸਤੀਫ਼ਾ ਵਾਪਸ ਕਰਵਾਉਣ ਲਈ ਕਈ ਮੰਤਰੀਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ੁਦ ਸਿੱਧੂ ਨਾਲ ਚੰਡੀਗੜ੍ਹ ਵਿਚ ਬੈਠਕ ਕਰ ਰਹੇ ਹਨ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਟੀਵੀ ਚੈਨਲ ਐੱਨਡੀਟੀਵੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਉਹ ਹੁਣ ਕਾਂਗਰਸ ਵਿਚ ਨਹੀਂ ਰਹਿਣਗੇ।
ਇਹ ਵੀ ਪੜ੍ਹੋ-
ਚੰਨੀ ਨੂੰ ਮਿਲਣ ਆਈਆਂ ਨਰਸਾਂ ਨਾਲ ਧੱਕਾਮੁੱਕੀ
ਇਸ ਮੌਕੇ ਉੱਤੇ ਹਾਜ਼ਰ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਇੱਕ ਸਟਾਫ਼ ਨਰਸ ਨੇ ਕਿਹਾ ਕਿ ਉਹ ਦੋ ਸਾਲ ਤੋਂ ਨੌਕਰੀ ਕਰ ਰਹੇ ਸੀ।
ਉਨ੍ਹਾਂ ਕੋਵਿਡ ਵਿਚ ਅੱਗੇ ਹੋਕੇ ਕੰਮ ਕੀਤਾ ਪਰ ਉਨ੍ਹਾਂ ਨੂੰ ਹੁਣ ਨੌਕਰੀ ਤੋਂ ਫਾਰਗ ਕਰ ਦਿੱਤਾ।
ਇਨ੍ਹਾਂ ਦਾ ਕਹਿਣਾ ਸੀ ਉਨ੍ਹਾਂ ਕੋਈ ਨਾਅਰੇਬਾਜ਼ੀ ਬਗੈਰਾ ਵੀ ਨਹੀਂ ਕੀਤੀ, ਉਹ ਸਿਰਫ਼ ਮੁੱਖ ਮੰਤਰੀ ਤੋਂ ਮਿਲਣ ਲ਼ਈ 5 ਮਿੰਟ ਦਾ ਸਮਾਂ ਮੰਗ ਰਹੀਆਂ ਸਨ।
ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਅਤੇ ਹਿਰਾਸਤ ਵਿਚ ਲੈ ਲਿਆ। ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਦੀਆਂ ਕਈ ਸਟਾਫ਼ ਨਰਸਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਹ ਨਰਸਾਂ ਪੰਜਾਬ ਭਵਨ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣਾ ਚਾਹੁੰਦੀਆਂ ਸਨ।
ਸੁਨੀਲ ਜਾਖੜ ਨੇ ਕਿਹਾ ਬੱਸ ਹੁਣ ਬਹੁਤ ਹੋ ਗਿਆ
ਕਾਂਗਰਸੀ ਆਗੂ ਸੁਨੀਲ ਜਾਖੜ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਹੈ ਕਿ ਬੱਸ ਹੁਣ ਬਹੁਤ ਹੋ ਗਿਆ, ਮੁੱਖ ਮੰਤਰੀ ਦੀ ਸੱਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ 'ਤੇ ਰੋਕ ਲੱਗਣੀ ਚਾਹੀਦੀ ਹੈ।
"ਏਜੀ ਅਤੇ ਡੀਜੀਪੀ ਦੀ ਚੋਣ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਦੀ ਆੜ ਵਿੱਚ ਅਸਲ 'ਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ/ਯੋਗਤਾ' ਤੇ ਸਵਾਲ ਚੁੱਕੇ ਜਾ ਰਹੇ ਹਨ।"
ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਚੰਨੀ ਦੇ ਗੱਲਬਾਤ ਦੇ ਸੱਦੇ ਦਾ ਇਹ ਦਿੱਤਾ ਜਵਾਬ
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅੱਜ 3 ਵਜੇ ਪੰਜਾਬ ਦੇ ਮੁੱਖ ਮੰਤਰੀ ਚਰਮਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨਗੇ।
ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਹ ਸਿੱਧੂ ਦੇ ਨਾਲ ਗੱਲਬਾਤ ਕਰਨਗੇ।
ਸਿੱਧੂ ਨੇ ਇੱਕ ਟਵੀਟ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਤੇ ਉਹ 3 ਵਜੇ ਕਾਂਗਰਸ ਭਵਨ ਪਹੁੰਚ ਜਾਣਗੇ।
ਪੰਜਾਬ ਕਾਂਗਰਸ ਸੰਕਟ : ਅਹਿਮ ਤਰੀਕਾਂ
• 18, ਜੁਲਾਈ 2021: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ
• 17 ਸਤੰਬਰ 2021: ਹਰੀਸ਼ ਰਾਵਤ ਨੇ ਦੇਰ ਸ਼ਾਮ ਟਵੀਟ ਕਰਕੇ ਵਿਧਾਇਕ ਦਲ ਦੀ ਬੈਠਕ ਸੱਦਣ ਦੀ ਜਾਣਕਾਰੀ ਦਿੱਤੀ
• 18 ਸਤੰਬਰ 2021: ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
• 20 ਸਤੰਬਰ 2021: ਚਰਨਜੀਤ ਸਿੰਘ ਚੰਨੀ ਨੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ
• 28 ਸਤੰਬਰ 2021: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
• 29 ਸਤੰਬਰ 2021 : ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ
• 29 ਸਤੰਬਰ 202 : ਜੀ 23 ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਸੋਨੀਆ ਗਾਂਧੀ ਨੂੰ CWC ਦੀ ਬੈਠਣ ਸੱਦਣ ਲਈ ਕਿਹਾ
• 30 ਸਤੰਬਰ 2021: ਕੈਪਟਨ ਅਮਰਿੰਦਰ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ
• 30 ਸਤੰਬਰ 2021: ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਮੁੱਖ ਮੰਤਰੀ ਚੰਨੀ ਤੇ ਹਰੀਸ਼ ਚੌਧਰੀ ਦੀ ਬੈਠਕ
ਕੇਜਰੀਵਾਲ ਦੀਆਂ ਪੰਜਾਬਵਾਸੀਆਂ ਲਈ ਸਿਹਤ ਸੁਵਿਧਾਵਾਂ ਲਈ 6 ਗਾਰੰਟੀਆਂ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਗਾਮੀ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਉਹ ਕੀ-ਕੀ ਕਰਨਗੇ ਇਸ ਬਾਰੇ ਗਾਰੰਟੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਕਰਕੇ 5 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਬਣਾਈ ਸੀ ਪਰ ਆਪਸ ਵਿੱਚ ਇੰਨੀ ਜ਼ਬਰਦਸਤ ਲੜਾਈ ਚੱਲ ਰਹੀ ਹੀ ਕਿ ਸਰਕਾਰ ਗਾਇਬ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਕੋਲ ਮੁਸ਼ਕਲ ਲੈ ਕੇ ਜਾਈਏ, ਅਸੀਂ ਦਿੱਲੀ ਵਿੱਚ ਕੰਮ ਕੀਤਾ।"
"ਅਸੀਂ ਵਪਾਰੀਆਂ ਨਾਲ ਮਿਲ ਕੇ ਖਾਕਾ ਤਿਆਰ ਕੀਤਾ। ਪੰਜਾਬ ਵਿੱਚ ਇੰਨਾ ਬੁਰਾ ਹਾਲ ਹੈ ਬਿਮਾਰ ਹੋ ਜਾਓ ਤਾਂ ਸਰਕਾਰੀ ਹਸਪਤਾਲ ਵਿੱਚ ਇਲਾਜ ਨਹੀਂ ਮਿਲੇਗਾ ਤੇ ਮਜਬੂਰੀ ਵਿੱਚ ਨਿੱਜੀ ਹਸਪਤਾਲ ਜਾਣਾ ਪਏਗਾ।"
"ਨਿੱਜੀ ਹਸਪਤਾਲਾਂ ਵਿੱਚ ਲੁੱਟ ਬਣੀ ਹੋਈ ਹੈ, ਸਰਕਾਰੀ ਵਿੱਚ ਨਾ ਡਾਕਟਰ, ਨਾ ਨਰਸ, ਨਾ ਮਸ਼ੀਨਾਂ ਕੰਮ ਕਰਦੀਆਂ ਹਨ, ਦਵਾਈਆਂ ਦੀ ਖਿੜਕੀ ਖੁਲ੍ਹਦੀ ਨਹੀਂ।"
"ਦਿੱਲੀ ਵਿੱਚ ਵੀ ਪਹਿਲਾਂ ਇਹੀ ਹਾਲ ਸੀ , ਅਸੀਂ ਇਸ ਦੀ ਦਸ਼ਾ ਬਦਲੀ ਹੈ ਅਤੇ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਸੁਧਾਰਾਂਗੇ।"
ਕੇਜਰੀਵਾਲ ਨੇ ਇਸ ਦੌਰਾਨ ਸਿਹਤ ਸਹੂਲਤਾਂ ਨੂੰ ਲੈ ਪੰਜਾਬਵਾਸੀਆਂ ਨੂੰ 6 ਗਰੰਟੀਆਂ ਦਿੱਤੀਆਂ
- ਪੰਜਾਬ ਦੇ ਹਰੇਕ ਬੰਦੇ ਮੁਫ਼ਤ ਅਤੇ ਚੰਗਾ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਕਿਉਂਕਿ ਲੋਕਾਂ ਨੂੰ ਲਗਦਾ ਹੈ ਕਿ ਮੁਫ਼ਤ ਇਲਾਜ ਚੰਗਾ ਨਹੀਂ ਹੁੰਦਾ ਅਸੀਂ ਲਈ ਅਸੀਂ ਚੰਗਾ ਕਿਹਾ ਹੈ।
- ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਮਿਲਣਗੀਆਂ ਅਤੇ ਇਸ ਨੂੰ ਅਸੀਂ ਯਕੀਨੀ ਬਣਾਵਾਂਗੇ ਅਤੇ ਇਸ ਤੋਂ ਇਲਾਵਾ ਸਾਰੀਆਂ ਮਸ਼ੀਨਾਂ ਵੀ ਚਾਲੂ ਕਰਵਾਈਆਂ ਜਾਣਗੀਆਂ।
- ਪੰਜਾਬ ਦੇ ਹਰੇਕ ਵਿਅਕਤੀ ਨੂੰ ਇੱਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਦਾ ਸਾਰਾ ਡਾਟਾ ਸੁਰੱਖਿਅਤ ਹਵੇਗਾ।
- ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ 'ਤੇ ਪੰਜਾਬ ਵਿੱਚ 16 ਹਜ਼ਾਰ ਪਿੰਡ ਕਲੀਨਿਕ ਅਤੇ ਵਾਰਡ ਕਲੀਨਿਕ ਖੋਲ੍ਹਿਆ ਜਾਵੇਗਾ।
- ਜਿੰਨੇ ਵੀ ਪੰਜਾਬ ਵਿੱਚ ਵੱਡੇ-ਵੱਡੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ ਅਤੇ ਚੰਗਾ ਤੇ ਸ਼ਾਨਦਾਰ ਬਣਾਇਆ ਜਾਵੇਗਾ। ਵੱਡੇ ਪੱਧਰ 'ਤੇ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ।
- ਜੇਕਰ ਕਿਸੇ ਦਾ ਰੋਡ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਦਾ ਸਾਰਾ ਖਰਚ ਸਰਕਾਰ ਚੁੱਕੇਗੀ।
ਇਸ ਤੋਂ ਇਲਾਵਾ ਇੱਕ ਹੋਰ ਗਾਰੰਟੀ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਪ੍ਰੈੱਸ ਕਲੱਬ ਬਣਾਏ ਜਾਣਗੇ।
ਕੇਜਰੀਵਾਲ ਨੂੰ ਜਦੋਂ ਪੁੱਛਿਆ ਗਿਆ ਇਸ ਸਭ ਪੈਸਾ ਕੀਤਾ ਕਿੱਥੋਂ ਆਵੇਗਾ ਤਾਂ ਉਨ੍ਹਾਂ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਪੈਸਾ ਬਹੁਤ ਹੈ ਬੱਸ ਨੀਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਦਲਿਤ ਨੂੰ ਸਰਬਉੱਚ ਅਹੁਦਾ ਦੇਣਾ ਕਈਆਂ ਨੂੰ ਰਾਸ ਨਹੀਂ ਆ ਰਿਹਾ
ਕਾਂਗਰਸ ਦੇ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ ਕਿ ਵਿੱਚ ਬੈਠੇ ਅਹੁਦੇਦਾਰਾਂ ਦੇ ਅਹੰਕਾਰ ਨੂੰ ਠੇਸ ਪਹੁੰਚੀ ਹੈ ਕਿਉਂਕਿ ਇੱਕ ਦਲਿਤ ਮੁੱਖ ਮੰਤਰੀ ਬਣਾ ਦਿੱਤਾ ਤਾਂ ਉਹ ਪੁੱਛਦੇ ਹਨ ਕਿ ਕਾਂਗਰਸ ਦੇ ਫ਼ੈਸਲੇ ਕੌਣ ਲੈ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਦਲਿਤ ਨੂੰ ਸਰਬਉੱਚ ਅਹੁਦਾ ਦੇਣਾ ਉਨ੍ਹਾਂ ਨੂੰ ਰਾਸ ਨਹੀਂ ਆ ਰਿਹਾ ਹੈ। ਦਲਿਤ ਵਿਰੋਧੀ ਸਿਆਸਤ ਦਾ ਕੇਂਦਰ ਹੋਰ ਕਿਤੇ ਨਹੀਂ ਬਲਕਿ ਅਮਿਤ ਸ਼ਾਹ ਜੀ ਦਾ ਨਿਵਾਸ ਬਣਿਆ ਹੋਇਆ ਹੈ।"
ਉਨ੍ਹਾਂ ਨੇ ਕਿਹਾ, "ਅਮਿਤ ਸ਼ਾਹ ਅਤੇ ਮੋਦੀ ਜੀ ਪੰਜਾਬ ਨਾਲ ਬਦਲੇ ਦੀ ਅੱਗ ਵਿੱਚ ਸੜ ਰਹੇ ਹਨ। ਉਹ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੇ ਹਨ ਕਿਉਂਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨਾਲ ਆਪਣੇ ਪੂੰਜੀਪਤੀ ਸਾਥੀਆਂ ਦਾ ਹਿੱਤ ਪੂਰਨ ਵਿੱਚ ਹੁਣ ਤੱਕ ਅਸਫ਼ਲ ਰਹੇ ਹਨ।"
"ਭਾਜਪਾ ਦੀ ਕਿਸਾਨ ਵਿਰੋਧੀ ਸਾਜਿਸ਼ ਸਫ਼ਲ ਨਹੀਂ ਹੋਵੇਗੀ।"
ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ, ਜਿਸ ਤੋਂ ਬਾਅਦ ਇੱਕ ਪਾਸੇ ਸਿੱਧੂ ਨੂੰ ਮਨਾਉਣ ਲਈ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਸਿੱਧੂ ਦੇ ਘਰ ਪਹੁੰਚ ਕੀਤੀ ਅਤੇ ਕਈਆਂ ਨੇ ਸਿੱਧੂ ਦੇ ਹੱਕ ਵਿੱਚ ਅਸਤੀਫ਼ੇ ਦਿੱਤੇ।
ਪੰਜਾਬ ਕਾਂਗਰਸ ਵਿਚ ਚੱਲ ਰਹੇ ਸਿਆਸੀ ਸੰਕਟ ਦੀ ਅਗਲੀ ਕੜੀ ਤਹਿਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨੇ ਸਿਆਸੀ ਅਖਾੜਾ ਹੋਰ ਭਖਾ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਹਾਈਕਮਾਂਡ ਨੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ।
ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਉਹ 2022 ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ।
ਪੰਜਾਬ ਕਾਂਗਰਸ ਸੰਕਟ : ਹੁਣ ਤੱਕ ਕੀ-ਕੀ ਹੋਇਆ
- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ
- ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਨਵੀਂ ਸਰਕਾਰ ਵਿੱਚ ਦਾਗੀ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਨਿਯੁਕਤੀ ਤੋਂ ਗੁੱਸੇ ਹਨ
- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਸਿੱਧੂ ਸਥਿਰ'' ਆਦਮੀ ਨਹੀਂ ਹੈ
- ਕਾਂਗਰਸ ਹਾਈਕਮਾਂਡ ਨੇ ਅਸਤੀਫ਼ਾ ਸਵਿਕਾਰ ਤਾਂ ਨਹੀਂ ਕੀਤਾ ਹੈ, ਸੂਬਾ ਲੀਡਰਸ਼ਿਪ ਨੂੰ ਮਸਲਾ ਆਪਣੇ ਪੱਧਰ ਉੱਤੇ ਨਿਬੇੜਨ ਲਈ ਕਿਹਾ ਹੈ
- ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਸਿੱਧੂ ਨਾਲ ਬੈਠਕੇ ਹੱਲ ਕੱਢ ਲਵਾਂਗੇ
- ਚਰਨਜੀਤ ਚੰਨੀ ਨੇ ਕਿਹਾ ਪਾਰਟੀ ਸੁਪਰੀਮ ਹੈ ਅਤੇ ਮੇਰੀ ਕੋਈ ਈਗੋ ਸਮੱਸਿਆ ਨਹੀਂ ਹੈ
- ਕਈ ਮੰਤਰੀ ਅਤੇ ਕਾਂਗਰਸ ਆਗੂ ਸਿੱਧੂ ਨੂੰ ਮਨਾਉਣ ਲੱਗੇ ਹੋਏ ਹਨ
- ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਅਮਰਿੰਦਰ ਰਾਜਾ ਵੜਿੰਗ ਦੀ ਦੋ ਮੈਂਬਰੀ ਕਮੇਟੀ ਵੀ ਮਸਲੇ ਦੇ ਹੱਲ ਲਈ ਗਠਿਤ ਕੀਤੀ ਗਈ ਹੈ
- ਕਪਿਲ ਸਿੱਬਲ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੱਤੀ ਕਿ ਉਹ ਪਾਰਟੀ ਛੱਡਣ ਦੀ ਬਜਾਇ ਗੱਲ ਕਰਨ
ਇਹ ਵੀ ਪੜ੍ਹੋ: