ਪੰਜਾਬ ਕੈਬਨਿਟ ਦਾ ਵਿਸਥਾਰ: ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਨੂੰ ਬਣਾਇਆ ਕੈਬਨਿਟ ਮੰਤਰੀ, ਇਹ ਆਗੂ ਬਣੇ ਮੰਤਰੀ

ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਨਵੇਂ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਸਭ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਬ੍ਰਹਮ ਮੋਹਿੰਦਰਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

ਇਸ ਤੋਂ ਇਲਾਵਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਵਿੰਦਰ ਸਿੰਘ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਰਜ਼ੀਆ ਸੁਲਤਾਨਾ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਕੁਝ ਵਿਧਾਇਕਾਂ ਵੱਲੋਂ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਇਸ ਵਿਰੋਧ ਦੀ ਅਗਵਾਈ ਸੁਖਪਾਲ ਸਿੰਘ ਖਹਿਰਾ ਕਰ ਰਹੇ ਸਨ।

ਇਹ ਵੀ ਪੜ੍ਹੋ:

ਪੰਜਾਬ ਕੈਬਨਿਟ ਦੇ ਨਵੇਂ ਚਿਹਰੇ

ਅਮਲੋਹ ਤੋਂ ਵਿਧਾਇਕ ਰਣਦੀਪ ਸਿੰਘ ਨਾਭਾ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਪਹਿਲੀ ਵਾਰ ਕੈਬਨਿਟ ਵਿੱਚ ਸ਼ਾਮਿਲ ਹੋਏ ਹਨ।

ਅੰਮ੍ਰਿਤਸਰ (ਪੱਛਮ) ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਵੀ ਪਹਿਲੀ ਵਾਰ ਕੈਬਨਿਟ ਵਿੱਚ ਥਾਂ ਮਿਲੀ ਹੈ। ਨਵਜੋਤ ਸਿੱਧੂ ਧੜੇ ਦੇ ਮੁੱਖ ਚਿਹਰੇ ਵਜੋਂ ਮੰਨੇ ਜਾਂਦੇ ਪਰਗਟ ਸਿੰਘ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ।

ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਪੰਜਾਬ ਕੈਬਨਿਟ ਵਿੱਚ ਥਾਂ ਮਿਲੀ ਹੈ। ਬੇਅੰਤ ਸਿੰਘ ਦੇ ਪੋਤੇ ਤੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਵੀ ਪਹਿਲੀ ਵਾਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਕਿਹੜੇ ਆਗੂਆਂ ਦੀ ਕੈਬਨਿਟ ਤੋਂ ਹੋਈ ਛੁੱਟੀ

ਕੁਝ ਸੀਨੀਅਰ ਕਾਂਗਰਸੀ ਆਗੂਆਂ ਦੀ ਕੈਬਨਿਟ ਤੋਂ ਛੁੱਟੀ ਵੀ ਕੀਤੀ ਗਈ ਹੈ। ਇਨ੍ਹਾਂ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਸ਼ਾਮਿਲ ਹਨ।

ਇੱਕ ਵਾਰ ਨਜ਼ਰ ਪਾ ਲੈਂਦੇ ਹਾਂ ਕਿ ਕਿਹੜੇ ਮੰਤਰੀ ਸ਼ਾਮਿਲ ਹੋਏ, ਕਿਹੜੇ ਬਾਹਰ ਗਏ ਤੇ ਕਿਹੜੇ ਕੈਬਨਿਟ ਵਿੱਚ ਕਾਇਮ ਰਹੇ।

ਕੈਬਨਿਟ ਦੇ ਨਵੇਂ ਮੰਤਰੀ

  • ਪਰਗਟ ਸਿੰਘ
  • ਰਾਜ ਕੁਮਾਰ ਵੇਰਕਾ
  • ਗੁਰਕੀਰਤ ਸਿੰਘ ਕੋਟਲੀ
  • ਸੰਗਤ ਸਿੰਘ ਗਿਲਜ਼ੀਆਂ
  • ਅਮਰਿੰਦਰ ਸਿੰਘ ਰਾਜਾ ਵੜਿੰਗ
  • ਰਣਦੀਪ ਸਿੰਘ ਨਾਭਾ
  • ਰਾਣਾ ਗੁਰਜੀਤ ਸਿੰਘ

ਕੈਬਨਿਟ ਵਿੱਚ ਕਾਇਮ ਰਹਿਣ ਵਾਲੇ ਮੰਤਰੀ

  • ਵਿਜੇ ਇੰਦਰ ਸਿੰਗਲਾ
  • ਮਨਪ੍ਰੀਤ ਸਿੰਘ ਬਾਦਲ
  • ਬ੍ਰਹਮ ਮੋਹਿੰਦਰਾ
  • ਸੁਖਬਿੰਦਰ ਸਿੰਘ ਸਰਕਾਰੀਆ
  • ਤ੍ਰਿਪਤ ਰਜਿੰਦਰ ਸਿੰਘ ਬਾਜਵਾ
  • ਅਰੁਣਾ ਚੌਧਰੀ
  • ਰਜ਼ੀਆ ਸੁਲਤਾਨਾ
  • ਭਰਤ ਭੂਸ਼ਣ ਆਸ਼ੂ

ਕੈਬਨਿਟ ਤੋਂ ਇਨ੍ਹਾਂ ਦੀ ਹੋਈ ਛੁੱਟੀ

  • ਰਾਣਾ ਗੁਰਮੀਤ ਸਿੰਘ ਸੋਢੀ
  • ਸਾਧੂ ਸਿੰਘ ਧਰਮਸੋਤ
  • ਬਲਬੀਰ ਸਿੰਘ ਸਿੱਧੂ
  • ਗੁਰਪ੍ਰੀਤ ਸਿੰਘ ਕਾਂਗੜ
  • ਸੁੰਦਰ ਸ਼ਾਮ ਅਰੋੜਾ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨਰਾਜ਼ ਆਗੂਆਂ ਨੂੰ ਕਿਵੇਂ ਮਨਾਇਆ ਜਾਵੇਗਾ?

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਕਾਫੀ ਸੰਤੁਲਿਤ ਹੈ।

ਉਨ੍ਹਾਂ ਕਿਹਾ, "ਨਵੀਂ ਕੈਬਨਿਟ ਵਿੱਚ ਜਿੱਥੇ ਨੌਜਵਾਨਾਂ ਨੂੰ ਮੌਕਾ ਮਿਲਿਆ ਹੈ ਉੱਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਥਾਂ ਮਿਲੀ ਹੈ ਜੋ ਕਾਂਗਰਸ ਦੀਆਂ ਰਵਾਇਤਾਂ ਨਾਲ ਜੁੜੇ ਹੋਏ ਹਨ। ਇਸ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ।"

ਕੈਬਨਿਟ ਤੋਂ ਜਿਨ੍ਹਾਂ ਮੰਤਰੀਆਂ ਦੀ ਛੁੱਟੀ ਹੋਈ ਉਨ੍ਹਾਂ ਬਾਰੇ ਹਰੀਸ਼ ਰਾਵਤ ਨੇ ਕਿਹਾ, "ਜਿਨ੍ਹਾਂ ਮੰਤਰੀਆਂ ਨੂੰ ਕੈਬਨਿਟ ਵਿੱਚ ਥਾਂ ਨਹੀਂ ਮਿਲੀ ਹੈ, ਉਨ੍ਹਾਂ ਨੂੰ ਪਾਰਟੀ ਵਿੱਚ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।"

ਬਲਬੀਰ ਸਿੱਧੂ ਵੱਲੋਂ ਕੀਤੀ ਕੈਬਨਿਟ ਤੋਂ ਬਾਹਰ ਕੱਢੇ ਜਾਣ 'ਤੇ ਪ੍ਰੈੱਸ ਵਿੱਚ ਨਰਾਜ਼ਗੀ ਜਾਹਿਰ ਕਰਨ ਬਾਰੇ ਰਾਵਤ ਨੇ ਕਿਹਾ, "ਉਨ੍ਹਾਂ ਨੇ ਆਪਣੇ ਵਿਚਾਰ ਦੱਸੇ, ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚਲਾਂਗੇ।"

ਵਿਸਥਾਰ ਤੋਂ ਪਹਿਲਾਂ ਵਿਵਾਦ

ਹਾਲਾਂਕਿ ਚੰਨੀ ਲਈ ਇਹ ਵਜਾਰਤੀ ਵਿਸਥਾਰ ਸੌਖਾ ਨਹੀਂ ਮੰਨਿਆ ਜਾ ਰਿਹਾ ਸੀ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਪੰਜਾਬ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਆਪਣੇ ਦਸਤਖ਼ਤਾਂ ਹੇਠ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਆਪਣੀ ਕੈਬਨਿਟ ਵਿੱਚੋਂ ਰਾਣਾ ਗੁਰਜੀਤ ਸਿੰਘ ਨੂੰ ਬਾਹਰ ਰੱਖਣ ਦੀ ਅਪੀਲ ਕੀਤੀ ਸੀ।

ਪੱਤਰ ਵਿੱਚ ਕਿਹਾ ਗਿਆ ਸੀ ਕਿ ਰਾਣਾ ਗੁਰਜੀਤ ਇੱਕ ਦਾਗੀ ਸਿਆਸਤਦਾਨ ਹਨ ਅਤੇ ਉਨ੍ਹਾਂ ਦੀ ਥਾਂ ਦੁਆਬੇ ਦੇ ਕਿਸੇ ਸਾਫ਼ ਅਕਸ ਵਾਲੇ ਆਗੂ ਨੂੰ ਨੁਮਾਇੰਦਗੀ ਦੇ ਕੇ ਕੈਬਿਨਟ ਦੀ ਇਹ ਸੀਟ ਭਰਨੀ ਚਾਹੀਦੀ ਹੈ।

ਪੱਤਰ ਵਿੱਚ ਕਿਹਾ ਗਿਆ ਕਿ ਦੁਆਬੇ ਦੇ ਆਮ ਲੋਕਾਂ ਵਿੱਚ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਤੋਂ ਭਾਰੀ ਨਿਰਾਸ਼ਾ ਹੈ।

ਰਾਣਾ ਗੁਰਜੀਤ ਕੈਪਟਨ ਦੀ ਕੈਬਨਿਟ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਰਾਣਾ ਗੁਰਜੀਤ ਨੂੰ 2018 ਵਿੱਚ ਹੀ ਕੈਬਨਿਟ ਤੋਂ ਹਟਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੁੰ ਮੁੜ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ।

ਇਸ ਚਿੱਠੀ ਉੱਪਰ ਮੋਹਿੰਦਰ ਸਿੰਘ ਕੇਪੀ (ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ), ਨਵਤੇਜ ਸਿੰਘ ਚੀਮਾ (ਵਿਧਾਇਕ ਸੁਲਤਾਨਪੁਰ), ਬਲਵਿੰਦਰ ਸਿੰਘ ਧਾਲੀਵਾਲ (ਵਿਆਧਿਕ ਫਗਵਾੜਾ),ਬਾਵਾ ਹੈਨਰੀ (ਵਿਧਾਇਕ ਜਲੰਧਰ ਉੱਤਰੀ), ਰਾਜ ਕੁਮਾਰ (ਵਿਧਾਇਕ ਚੱਬੇਵਾਲ), ਪਵਨ ਆਦੀਆ (ਵਿਧਾਇਕ ਸ਼ਾਮ ਚੁਰਾਸੀ) ਅਤੇ ਸੁਖਪਾਲ ਸਿੰਘ ਖਹਿਰਾ (ਵਿਧਾਇਕ ਭੁੱਲਥ) ਦੇ ਦਸਤਖ਼ਤ ਹਨ।

ਸੁਖਪਾਲ ਖਹਿਰਾ ਨੇ ਚੁੱਕੇ ਸਵਾਲ

ਸੁਖਪਾਲ ਖਹਿਰਾ ਨੇ ਕਿਹਾ ਕਿ ਕੈਬਨਿਟ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਿਲ ਕਰਕੇ ਪੰਜਾਬ ਸਰਕਾਰ ਵੱਡੀ ਗਲਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਗੇ ਮੁੱਦਾ ਚੁੱਕਣਗੇ।

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਉਨ੍ਹਾਂ ਨੂੰ ਕੈਬਨਿਟ ’ਚੋਂ ਬਾਹਰ ਕੱਢਣ ਦੀਆਂ ਖ਼ਬਰਾਂ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, “ਮੈਨੂੰ ਤਾਂ ਨਹੀਂ ਪਤਾ ਕਿ ਮੈਨੂੰ ਕਿਉਂ ਕੱਢਿਆ ਜਾ ਰਿਹਾ ਹੈ। ਸਾਨੂੰ ਦੱਸ ਦਿੰਦੇ ਕਿ ਸਾਨੂੰ ਕੈਬਨਿਟ ਤੋਂ ਹਟਾਉਣਾ ਹੈ, ਅਸੀਂ ਖੁਦ ਹੀ ਅਹੁਦਾ ਛੱਡ ਦਿੰਦੇ। ਇਸ ਤਰ੍ਹਾਂ ਸਾਨੂੰ ਜਲੀਲ ਨਹੀਂ ਕਰਨਾ ਚਾਹੀਦਾ ਸੀ।”

ਬਲਬੀਰ ਸਿੱਧੂ ਨਾਲ ਇਸ ਮੌਕੇ ਵਿਧਾਇਕ ਗੁਰਪ੍ਰੀਤ ਕਾਂਗੜ ਵੀ ਮੌਜੂਦ ਸਨ।

ਕਿਸ ਨੇ ਕੀ ਕਿਹਾ

ਰਾਜ ਕੁਮਾਰ ਵੇਰਕਾ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਸਮਾਂ ਕਾਫੀ ਘੱਟ ਹੈ। ਸਾਨੂੰ ਸਹੁੰ ਚੁੱਕਦਿਆਂ ਹੀ ਆਪਣਾ ਕੰਮ ਸ਼ੁਰੂ ਕਰਨਾ ਹੋਵੇਗਾ।

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਲਿਸਟ ਆ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਕੋਈ ਅਹੁਦਾ ਨਹੀਂ ਬਲਕਿ ਜ਼ਿੰਮਵਾਰੀ ਹੈ। ਉਨ੍ਹਾਂ ਕਿਹਾ, “ਕੁਝ ਲੋਕ ਅਹੁਦਾ ਮਿਲਦਿਆਂ ਹੀ ਆਪਣੀ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ ਪਰ ਮੈਂ ਅਜਿਹਾ ਨਹੀਂ ਹਾਂ।”

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)