You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਯੂਟਿਊਬ ਰਾਹੀਂ ਕਿਵੇਂ ਕਮਾਏ ਲੱਖਾਂ ਰੁਪਏ - ਪ੍ਰੈਸ ਰਿਵੀਊ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਸਮਾਗਮ ਦੌਰਾਨ ਖੁਲਾਸਾ ਕੀਤਾ ਕਿ ਉਹ ਹਰ ਮਹੀਨੇ ਯੂਟਿਊਬ ਰਾਹੀਂ ਲਗਭਗ ਚਾਰ ਲੱਖ ਰੁਪਏ ਕਮਾਉਂਦੇ ਹਨ।
ਇਹ ਖੁਲਾਸਾ ਉਨ੍ਹਾਂ ਨੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਨਾਲ ਸਬੰਧਿਤ ਇੱਕ ਸਮਾਗਮ ਦੌਰਾਨ ਕੀਤਾ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੁਸਤਾਨ ਟਾਈਮਜ਼' ਦੀ ਖ਼ਬਰ ਮੁਤਾਬਕ ਨਿਤਿਨ ਗਡਕਰੀ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਉਨ੍ਹਾਂ ਦੇ ਯੂਟਿਊਬ ਚੈਨਲ ਦੇਖਣ ਵਾਲੇ ਲੋਕਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਹੁਣ ਯੂਟਿਊਬ ਉਨ੍ਹਾਂ ਨੂੰ ਹਰ ਮਹੀਨੇ ਲਗਭਗ ਚਾਰ ਲੱਖ ਰੁਪਏ ਦਿੰਦਾ ਹੈ।
ਕੇਂਦਰੀ ਮੰਤਰੀ ਦੇ ਯੂਟਿਊਬ ਚੈਨਲ ਉਪਰ ਉਨ੍ਹਾਂ ਦੇ ਭਾਸ਼ਣ, ਇੰਟਰਵਿਊ, ਸੰਸਦ ਵਿੱਚ ਸਵਾਲ ਜਵਾਬ ਅਤੇ ਮੀਡੀਆ ਨਾਲ ਗੱਲਬਾਤ ਦੇ ਅੰਸ਼ ਅਪਲੋਡ ਕੀਤੇ ਜਾਂਦੇ ਹਨ। 'ਨਿਤਿਨ ਗਡਕਰੀ' ਨਾਮ ਦੇ ਉਨ੍ਹਾਂ ਦੇ ਯੂਟਿਊਬ ਚੈਨਲ ਦੇ ਦੋ ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।
ਇਹ ਵੀ ਪੜ੍ਹੋ:
ਖ਼ਬਰ ਅਨੁਸਾਰ ਕੇਂਦਰੀ ਮੰਤਰੀ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਉਨ੍ਹਾਂ ਨੇ ਖਾਣਾ ਬਣਾਉਣਾ ਸ਼ੁਰੂ ਕੀਤਾ ਅਤੇ ਆਪਣੇ ਘਰੋਂ ਹੀ ਯੂਟਿਊਬ 'ਤੇ ਲੈਕਚਰ ਦੇਣੇ ਸ਼ੁਰੂ ਕੀਤੇ। ਉਨ੍ਹਾਂ ਨੇ 950 ਤੋਂ ਵੱਧ ਆਨਲਾਈਨ ਲੈਕਚਰ ਦਿੱਤੇ ਹਨ ਜਿਨ੍ਹਾਂ ਵਿਚ ਕੁਝ ਵਿਦੇਸ਼ੀ ਵਿਦਿਆਰਥੀਆਂ ਲਈ ਵੀ ਸਨ।
ਇਹ ਯੂਟਿਊਬ ਚੈਨਲ ਲਗਭਗ ਛੇ ਸਾਲ ਪਹਿਲਾਂ ਬਣਾਇਆ ਗਿਆ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਕਾਫ਼ੀ ਵੀਡੀਓ ਅਪਲੋਡ ਕੀਤੇ ਹਨ। ਇਸ ਸਾਲ ਜੁਲਾਈ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਬਾਰੇ ਕਈ ਰੋਚਕ ਗੱਲਾਂ ਸਾਂਝੀਆਂ ਕੀਤੀਆਂ ਸਨ।
ਕੱਚੇ ਮੁਲਾਜ਼ਮਾਂ ਬਾਰੇ ਪੰਜਾਬ ਕੈਬਿਨੇਟ ਦਾ ਫੈਸਲਾ ਟਲਿਆ
ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਇੱਕ ਅਹਿਮ ਕੈਬਨਿਟ ਬੈਠਕ ਹੋਈ ਹੈ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਵੀ ਏਜੰਡੇ ਵਿੱਚ ਸੀ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਸਿਆਸੀ ਕਾਰਨਾਂ ਕਰ ਕੇ ਇਹ ਫ਼ੈਸਲਾ ਨਹੀਂ ਲਿਆ ਜਾ ਸਕਿਆ। ਪੰਜਾਬ ਕੈਬਨਿਟ ਦੇ ਕੁਝ ਮੰਤਰੀਆਂ ਨੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਨੀਤੀ ਉਪਰ ਮੁੜ ਵਿਚਾਰ ਕਰਨ ਦਾ ਸੁਝਾਅ ਦਿੱਤਾ।
ਖ਼ਬਰ ਮੁਤਾਬਕ ਕੁਝ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਜੇਕਰ ਦਸ ਸਾਲ ਤੋਂ ਵੱਧ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਤੇ ਬਾਕੀ ਮੁਲਾਜ਼ਮਾਂ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।
ਕਈ ਮੰਤਰੀਆਂ ਨੇ ਰੈਗੂਲਰ ਕਰਨ ਦੀ ਨੀਤੀ ਵਿੱਚ ਬੋਰਡ ਅਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਵੀ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਨੂੰ ਇਸ ਨਾਲ ਆਪਣੇ ਵਿਭਾਗਾਂ ਲਈ ਮਸ਼ਵਰਾ ਕਰਨ ਲਈ ਆਖਿਆ ਹੈ।
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਤ੍ਰਿਪਤ ਬਾਜਵਾ, ਬਲਬੀਰ ਸਿੱਧੂ ਨੇ ਆਖਿਆ ਕਿ ਦਸ ਸਾਲ ਦੇ ਨਿਯਮ ਨੂੰ ਘਟਾ ਕੇ ਤਿੰਨ ਜਾਂ ਪੰਜ ਸਾਲ ਕੀਤਾ ਜਾ ਸਕਦਾ ਹੈ ਤਾਂ ਜੋ ਵੱਧ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕੇ। ਦਸ ਸਾਲ ਦੀ ਨੀਤੀ ਨਾਲ ਲਗਭਗ 37 ਹਜ਼ਾਰ ਕਰਮਚਾਰੀ ਪੱਕੇ ਹੋ ਸਕਦੇ ਹਨ।
ਭਾਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਕੈਬਿਨਟ ਵਿੱਚ ਕੋਈ ਫ਼ੈਸਲਾ ਨਹੀਂ ਹੋ ਸਕਿਆ ਪਰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਦਾ ਰਾਹ ਕੈਬਨਿਟ ਨੇ ਸਾਫ਼ ਕਰ ਦਿੱਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੈਬਨਿਟ ਦੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਆਖਿਆ ਕਿ ਘਰ ਘਰ ਨੌਕਰੀ ਸਿਰਫ਼ ਕੈਪਟਨ ਦੇ ਮੰਤਰੀਆਂ ਲਈ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਪਹਿਲਾਂ ਵੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਲਈ ਵਿਵਾਦਾਂ 'ਚ ਘਿਰੀ ਸੀ।
ਕੱਟੜਵਾਦ ਕਈ ਚੁਣੌਤੀਆਂ ਦੀ ਜੜ੍ਹ: ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਸਮਿਟ (ਐੱਸ ਸੀ ਓ) ਵਿੱਚ ਹਿੱਸਾ ਲੈਂਦਿਆਂ ਅਫ਼ਗਾਨਿਸਤਾਨ ਦੇ ਹਾਲਾਤਾਂ ਅਤੇ ਇਸ ਦਾ ਆਸਪਾਸ ਦੇ ਬਾਕੀ ਦੇਸ਼ਾਂ ਉਪਰ ਪ੍ਰਭਾਵ ਬਾਰੇ ਜ਼ਿਕਰ ਕੀਤਾ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਸ ਸੀ ਓ ਦੀ ਵਰ੍ਹੇਗੰਢ ਮੌਕੇ ਇਸ ਦੇ ਭਵਿੱਖ ਬਾਰੇ ਸੋਚਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਆਸਪਾਸ ਦੇ ਇਲਾਕਿਆਂ ਵਿੱਚ ਅਮਨ ਸ਼ਾਂਤੀ, ਸੁਰੱਖਿਆ ਅਤੇ ਇੱਕ ਦੂਜੇ ਉੱਪਰ ਬੇਭਰੋਸਗੀ ਵੱਡੇ ਮੁੱਦੇ ਹਨ।
ਇਨ੍ਹਾਂ ਸਭ ਮੁੱਦਿਆਂ ਦੀ ਜੜ੍ਹ ਵੱਧ ਰਿਹਾ ਕੱਟੜਵਾਦ ਹੈ ਅਤੇ ਅਫ਼ਗਾਨਿਸਤਾਨ ਵਿੱਚ ਤਾਜ਼ਾ ਘਟਨਾਵਾਂ ਨੇ ਕੱਟੜਵਾਦ ਦੇ ਖ਼ਤਰੇ ਨੂੰ ਹੋਰ ਚੁਣੌਤੀਪੂਰਵਕ ਬਣਾ ਦਿੱਤਾ ਹੈ। ਐੱਸ ਸੀ ਓ ਨੂੰ ਇਸ ਖ਼ਿਲਾਫ਼ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਮੌਜੂਦ ਹਨ ਜੋ ਪੂਰੇ ਖੇਤਰ ਵਿੱਚ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇ ਦੁਨੀਆ ਦੇ ਕਈ ਵੱਡੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਅਫ਼ਗ਼ਾਨਿਸਤਾਨ ਵਿੱਚ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ।
ਪ੍ਰਧਾਨਮੰਤਰੀ ਨੇ ਚਿੰਤਾ ਜ਼ਾਹਿਰ ਕੀਤੀ ਕਿ ਅਫ਼ਗ਼ਾਨਿਸਤਾਨ ਦੇ ਤਾਜ਼ਾ ਹਾਲਾਤਾਂ ਕਾਰਨ ਵਪਾਰਕ ਅਤੇ ਆਰਥਿਕ ਖੇਤਰਾਂ ਵਿੱਚ ਕਈ ਖ਼ਤਰੇ ਪੈਦਾ ਹੋ ਰਹੇ ਹਨ ਅਤੇ ਇਸ ਨਾਲ ਦੇਸ਼ ਵਿੱਚ ਨਸ਼ੇ, ਗ਼ੈਰਕਾਨੂੰਨੀ ਹਥਿਆਰ ਅਤੇ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: