You’re viewing a text-only version of this website that uses less data. View the main version of the website including all images and videos.
ਜਲਾਲਾਬਾਦ ਮੋਟਰਸਾਇਕਲ ਧਮਾਕਾ: ਹਾਈ ਅਲਰਟ ਮਗਰੋਂ ਹੋਏ ਧਮਾਕੇ ਨੇ ਜਾਂਚ ਏਜੰਸੀਆਂ ਦੇ ਕੰਨ ਖੜ੍ਹੇ ਕੀਤੇ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਵਿੱਚ 'ਹਾਈ ਅਲਰਟ' ਦੇ ਆਦੇਸ਼ ਜਾਰੀ ਹੋਣ ਤੋਂ ਤੁਰੰਤ ਬਾਅਦ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਕਸਬਾ ਜਲਾਲਾਬਾਦ ਵਿਖੇ ਹੋਏ ਮੋਟਰਸਾਇਕਲ ਧਮਾਕੇ ਮਗਰੋਂ ਪੁਲਿਸ ਤੇ ਖੁਫ਼ੀਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ।
ਪੰਜਾਬ ਪੁਲਿਸ ਵੱਲੋਂ ਟਿਫ਼ਨ ਬੰਬ ਮਾਮਲੇ ਵਿੱਚ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਰ 'ਹਾਈ ਅਲਰਟ' ਦੇ ਆਦੇਸ਼ ਦਿੱਤੇ ਸਨ।
ਪੁਲਿਸ ਮੁਤਾਬਕ 15 ਸਤੰਬਰ ਨੂੰ ਦੇਰ ਸ਼ਾਮ 8 ਵਜੇ ਦੇ ਕਰੀਬ ਕਸਬਾ ਜਲਾਲਾਬਾਦ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਇੱਕ ਮੋਟਰਸਾਇਕਲ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਸੀ।
ਮ੍ਰਿਤਕ ਬਲਵਿੰਦਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਨਹਿੰਗਾ ਵਾਲਾ ਝੁੱਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪੰਜਾਬ ਦੇ ਇਸ ਸਰਹੱਦੀ ਖਿੱਤੇ ਵਿੱਚ ਹੋਏ ਇਸ ਮੋਟਰਸਾਇਕਲ ਧਮਾਕੇ ਸਬੰਧੀ ਭਾਵੇਂ ਹਾਲੇ ਤੱਕ ਕਿਸੇ ਧਮਾਕਾਖੇਜ਼ ਸਮਗਰੀ ਮਿਲਣ ਦੀ ਗੱਲ ਸਾਹਮਣੇ ਨਹੀਂ ਆਈ ਹੈ, ਪਰ ਸੂਬੇ ਅਤੇ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਹਨ।
ਇਹ ਵੀ ਪੜ੍ਹੋ-
ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਜਤਿੰਦਰ ਸਿੰਘ ਔਲਖ ਨੇ ਘਟਨਾ ਵਾਲੇ ਸਥਾਨ ਦਾ ਦੌਰਾ ਕਰਕੇ ਹਰ ਪਹਿਲੂ ਦੀ ਜਾਣਕਾਰੀ ਹਾਸਲ ਕੀਤੀ।
ਆੲਜੀ ਨੇ ਦੱਸਿਆ ਕਿ ਜਲਾਲਾਬਾਦ ਧਮਾਕੇ ਦੀ ਜਾਂਚ ਲਈ ਮਾਹਰਾਂ ਦੀਆਂ 2 ਟੀਮਾਂ ਆਪੋ-ਆਪਣੇ ਤਰੀਕਿਆਂ ਨਾਲ ਜਾਂਚ ਵਿਚ ਜੁਟੀਆਂ ਹੋਈਆਂ ਹਨ।
"ਪਹਿਲੀ ਟੀਮ ਵਿੱਚ ਫਿਰੋਜ਼ਪੁਰ ਦੇ ਅਧਿਕਾਰੀ ਸ਼ਾਮਿਲ ਹਨ ਜਦਕਿ ਦੂਜੀ ਜਾਂਚ ਟੀਮ ਵਿੱਚ ਚੰਡੀਗੜ੍ਹ ਦੇ ਆਲ੍ਹਾ ਪੁਲਿਸ ਅਧਿਕਾਰੀ ਸ਼ਾਮਲ ਹਨ। ਘਟਨਾ ਵਾਲੀ ਜਗ੍ਹਾ ਤੋਂ ਨਮੂਨੇ ਹਾਸਲ ਕੀਤੇ ਜਾ ਚੁੱਕੇ ਹਨ ਤੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।''
ਪੁਲਿਸ ਅਧਿਕਾਰੀ ਨੇ ਮੋਟਰਸਾਇਕਲ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਧਮਾਕੇ ਪਿੱਛੇ ਅਸਲ ਕਾਰਨ ਕੀ ਸਨ, ਇਸ ਦੀ ਪੁਸ਼ਟੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹੋਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਹਾਈ ਅਲਰਟ' ਆਦੇਸ਼ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਪੰਜਾਬ ਭਰ ਵਿੱਚ ਚੌਕਸੀ ਵਧਾਉਣ ਲਈ ਮਸ਼ਕਾਂ ਤੇਜ਼ ਕਰ ਦਿੱਤੀਆਂ ਹਨ।
ਪੰਜਾਬ ਪੁਲਿਸ ਨੇ ਟਿਫਨ ਬੰਬ ਰਾਹੀਂ ਇੱਕ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 15 ਸਤੰਬਰ ਨੂੰ ਜਿਵੇਂ ਹੀ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਖੁਫ਼ੀਆ ਏਜੰਸੀਆਂ ਵੱਲੋਂ ਇਹ ਖਦਸ਼ਾ ਜਤਾਇਆ ਗਿਆ ਸੀ ਕਿ ਸਰਹੱਦ ਪਾਰੋਂ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਦੀ ਸਾਜਸ਼ ਕੀਤੀ ਜਾ ਸਕਦੀ ਹੈ।
ਧਮਾਕੇ ਮਗਰੋਂ
ਡੀਜੀਪੀ ਦਿਨਕਰ ਗੁਪਤਾ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਟਿਫਨ ਬੰਬ ਦੀ ਕੜੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਭੀੜ-ਭੱੜਾਕੇ ਵਾਲੀਆਂ ਜਨਤਕ ਥਾਵਾਂ, ਸਕੂਲਾਂ ਆਦਿ ਨੇੜੇ ਚੌਕਸੀ ਵਧਾਈ ਜਾ ਰਹੀ ਹੈ।
ਜਲਾਲਾਬਾਦ ਵਿੱਚ ਮੋਟਰਸਾਇਕਲ ਧਮਾਕੇ ਮਗਰੋਂ ਪੈਦਾ ਹੋਈ ਸਥਿਤੀ ਮਗਰੋਂ ਕੇਂਦਰੀ ਖੁਫ਼ੀਆ ਏਜੰਸੀਆਂ ਵੀ ਇਸ ਧਮਾਕੇ ਦਾ ਖੁਰਾ-ਖੋਜ ਲੱਭਣ ਲਈ 'ਪੱਬਾਂ ਭਾਰ' ਹੋ ਗਈਆਂ ਹਨ।
ਇਹ ਵੀ ਪੜ੍ਹੋ:-
ਕਾਰਨ ਸਾਫ਼ ਹੈ, ਕਿ ਪਿਛਲੇ 40 ਦਿਨਾਂ ਦੌਰਾਨ ਪੰਜਾਬ ਪੁਲਿਸ ਨੇ ਅਹਿਮ ਜਾਣਕਾਰੀਆਂ ਦੇ ਅਧਾਰ 'ਤੇ 4 ਗਰੋਹਾਂ ਨੂੰ ਬੇਨਕਾਬ ਕਰਕੇ ਖ਼ਤਰਨਾਕ ਹਥਿਆਰ ਬਰਾਮਦ ਕੀਤੇ ਹਨ।
ਵੀਰਵਾਰ ਦੀ ਸ਼ਾਮ ਨੂੰ ਪੰਜਾਬ ਪੁਲਿਸ ਨੇ ਜਲਾਲਾਬਾਦ ਧਮਾਕੇ ਸਬੰਧੀ ਕੁਝ ਜਣਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ ਪਰ ਮੁੱਢਲੀ ਪੁੱਛ-ਗਿੱਛ ਤੋਂ ਬਾਅਦ ਉਨਾਂ ਨੂੰ ਛੱਡ ਦਿੱਤਾ ਗਿਆ।
ਡੀਜੀਪੀ ਪੰਜਾਬ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਤਾਰ ਸਰਹੱਦ ਪਾਰ ਬੈਠੇ ਕੁੱਝ ਅੱਤਵਾਦੀ ਬਿਰਤੀ ਵਾਲੇ ਲੋਕਾਂ ਨਾਲ ਜੁੜੇ ਹੋਏ ਹਨ, ਜਿਨਾਂ ਵਿੱਚ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਰੋਡੇ ਨਾਲ ਸਬੰਧਤ ਲਖਬੀਰ ਸਿੰਘ ਰੋਡੇ ਸ਼ਾਮਲ ਹੈ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਗੁਰਮੁਖ ਸਿੰਘ ਰੋਡੇ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਪੁਲਿਸ ਮੁਤਾਬਿਕ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਖਾਸ ਕਰਕੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਪੁਲਿਸ ਪ੍ਰਸਾਸ਼ਨ ਹਰ ਪਹਿਲੂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ।
ਪੁਲਿਸ ਅਨੁਸਾਰ ਇਨਾਂ ਖਿੱਤਿਆਂ ਵਿੱਚ ਉਸ ਵੇਲੇ ਤੋਂ ਵਧੇਰੇ ਚੌਕਸ ਹੈ, ਜਦੋਂ 7 ਸਤੰਬਰ ਨੂੰ ਫਿਰੋਜ਼ਪੁਰ ਪੁਲਿਸ ਨੇ ਦਰਵੇਸ ਸਿੰਘ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਲਖਬੀਰ ਸਿੰਘ ਰੋਡੇ ਨਾਲ ਕਥਿਤ ਤੌਰ 'ਤੇ ਤਾਲਮੇਲ ਰੱਖ ਰਿਹਾ ਸੀ ਤੇ ਉਸ ਨੇ ਡਰੋਨ ਰਾਹੀਂ ਟਿਫਨ ਬੰਬ, ਨਸ਼ਿਆਂ ਤੇ ਆਰਡੀਐਕਸ ਦੀ ਖੇਪ ਹਾਸਲ ਕੀਤੀ ਸੀ।
ਜਲਾਲਾਬਾਦ ਦੀ ਘਟਨਾ ਸਬੰਧੀ ਪੁਲਿਸ ਨੇ ਇੱਕ ਮੰਨੀ-ਪਰਵੰਨੀ ਆਟੋਮੋਬਾਇਲ ਕੰਪਨੀ ਦੇ ਮਕੈਨਿਕ ਤੋਂ ਵੀ ਧਮਾਕੇ ਦੀ ਜ਼ਦ ਵਿੰਚ ਆਏ ਮੋਟਰਸਾਇਕਲ ਦੀ ਜਾਂਚ ਕਰਵਾਈ ਹੈ ਪਰ ਧਮਾਕੇ ਦੀ ਤਹਿ ਤੱਕ ਪੁਲਿਸ ਦੇ ਹੱਥ ਹਾਲੇ ਤੱਕ ਨਹੀਂ ਪੁੱਜੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਮਕੈਨਿਕ ਨੇ ਪੁਲਿਸ ਦੀ ਜਾਂਚ ਟੀਮ ਨੂੰ ਦੱਸਿਆ ਕਿ ਮੋਟਰਸਾਇਕਲ ਦੇ ਤੇਲ ਟੈਂਕ ਅਤੇ ਵਾਇਰਿੰਗ ਦੀ ਮੁਢਲੀ ਜਾਂਚ ਦੌਰਾਨ ਕੋਈ ਅਜਿਹਾ ਤਕਨੀਕੀ ਨੁਕਸ ਸਾਹਮਣੇ ਨਹੀਂ ਆਇਆ ਹੈ, ਜਿਸ ਨਾਲ ਕੋਈ ਭਿਆਨਕ ਧਮਾਕਾ ਹੋ ਸਕੇ।
ਆਈਜੀ ਜਤਿੰਦਰ ਸਿੰਘ ਔਲਖ ਤੇ ਹੋਰਨਾਂ ਆਲਾ ਅਧਿਕਾਰੀਆਂ ਦੀ ਅਗਵਾਈ ਵਾਲੀਆਂ ਟੀਮਾਂ ਨੇ ਘਟਨਾ ਵਾਲੀ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੋਟਰਸਾਇਕਲ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਮਮੇਰੀ ਭੈਣ ਜੋਤੀ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਘਟਨਾ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਫ਼ੋਨ ਕਰਕੇ ਦੱਸਿਆ ਸੀ ਕਿ ਉਹ ਜਲਾਲਾਬਾਦ ਆਇਆ ਹੋਇਆ ਹੈ।
ਇਹ ਵੀ ਪੜ੍ਹੋ: