ਕਾਂਗਰਸ ਹਾਈ ਕਮਾਨ ਦਾ ਹੁਕਮ, ‘ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਸ਼ਨੀਵਾਰ ਸ਼ਾਮ ਨੂੰ ਹੋਵੇਗੀ’

ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਸ਼ਨੀਵਾਰ ਸ਼ਾਮ ਨੂੰ ਸੱਦੀ ਗਈ ਹੈ। ਇਸ ਦੀ ਜਾਣਕਾਰੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤੀ ਹੈ।

ਰਾਵਤ ਨੇ ਟਵਿੱਟਰ 'ਤੇ ਜਾਰੀ ਬਿਆਨ ਵਿੱਚ ਕਿਹਾ, "ਆਲ ਇੰਡੀਆ ਕਾਂਗਰਸ ਕਮੇਟੀ ਨੂੰ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੀ ਫੌਰਨ ਮੀਟਿੰਗ ਸੱਦਣ ਲਈ ਕਿਹਾ ਗਿਆ ਸੀ।"

"ਉਸੇ ਤਹਿਤ ਹੁਣ 18 ਸਤੰਬਰ ਨੂੰ ਸ਼ਾਮੀਂ 5 ਵਜੇ ਇਹ ਮੀਟਿੰਗ ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਸੱਦੀ ਗਈ ਹੈ। ਸਾਰਿਆਂ ਵਿਧਾਇਕਾਂ ਨੂੰ ਬੇਨਤੀ ਹੈ ਕਿ ਮੀਟਿੰਗ ਲਈ ਪਹੁੰਚਣ।"

ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਦੇ ਕਈ ਵਿਧਾਇਕਾਂ ਵੱਲੋਂ ਲਿਖੀ ਚਿੱਠੀ ਦਾ ਨੋਟਿਸ ਲੈਂਦਿਆਂ ਚੰਡੀਗੜ੍ਹ ਵਿਖੇ ਬੈਠਕ ਬੁਲਾਈ ਹੈ।

ਪੰਜਾਬ ਕਾਂਗਰਸ ਵਿੱਚ ਉਠ ਰਹੀਆਂ ਬਾਗੀ ਸੁਰਾਂ ਦਾ ਚੋਣਾਂ ਤੋਂ ਪਹਿਲਾਂ ਨੋਟਿਸ ਲੈਂਦੇ ਹੋਏ ਪਹਿਲੀ ਵਾਰ ਕਾਂਗਰਸ ਹਾਈਕਮਾਨ ਨੇ ਵਿਧਾਇਕ ਦਲ ਦੀ ਬੈਠਕ ਸੱਦਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ:

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦੇਰ ਰਾਤ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਕੁਝ ਸਮਾਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਇਸ ਬੈਠਕ ਦੀ ਪੁਸ਼ਟੀ ਕੀਤੀ ਹੈ।

ਨਵਜੋਤ ਸਿੰਘ ਸਿੱਧੂ ਨੇ ਵਿਧਾਇਕਾਂ ਨੂੰ ਇਸ ਬੈਠਕ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ।

ਕੈਪਟਨ ਅਮਰਿੰਦਰ ਲਈ ਮੀਟਿੰਗ ਤੋਂ ਕੀ ਸੰਕੇਤ

ਪੰਜਾਬ ਕਾਂਗਰਸ ਵਿੱਚ ਪਿਛਲੇ ਇੱਕ ਸਾਲ ਤੋਂ ਅਗਵਾਈ ਦਾ ਕਲੇਸ਼ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਆਹਮੋ-ਸਾਹਮਣੇ ਹਨ।

ਪੰਜਾਬ ਕਾਂਗਰਸ ਦੀ ਪਿਛਲੇ ਸਮੇਂ ਤੋਂ ਚੱਲ ਰਹੇ ਸਿਆਸੀ ਖਿੱਚੋਤਾਣ ਵਿੱਚ ਇਹ ਬੈਠਕ ਅਹਿਮ ਹੋ ਸਕਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਵੀ ਹਨ ਅਤੇ ਉਨ੍ਹਾਂ ਵੱਲੋਂ ਇਸ ਬੈਠਕ ਬਾਰੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇਸ ਬੈਠਕ ਦੀ ਅਗਵਾਈ ਕਰਨ ਬਾਰੇ ਆਖਿਆ ਗਿਆ ਹੈ।ਇਸ ਬਾਰੇ ਹਰੀਸ਼ ਰਾਵਤ ਨੇ ਵੀ ਟਵੀਟ ਕੀਤਾ ਹੈ

ਕੁਝ ਮਹੀਨੇ ਪਹਿਲਾਂ ਅਮਰਿੰਦਰ ਦੇ ਨੇੜੇ ਮੰਨੇ ਜਾਂਦੇ ਕੁਝ ਮੰਤਰੀਆਂ ਦੀ ਬਗਾਵਤ ਤੋਂ ਬਾਅਦ ਏਆਈਸੀਸੀ ਨੇ ਦਖਲ ਦੇ ਕੇ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਸੀ।

ਮਾਹਿਰਾਂ ਦਾ ਮੰਨਣਾ ਹੈ ਕਿ ਸ਼ਨੀਵਾਰ ਦਾ ਦਿਨ ਇਹ ਤੈਅ ਕਰੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਬਹੁਤੇ ਵਿਧਾਇਕਾਂ ਨੂੰ ਕਬੂਲ ਹੈ ਜਾਂ ਨਹੀਂ।

ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਪਣਾ ਵਿਰੋਧ ਜਤਾਇਆ ਹੈ ਅਤੇ ਪਿਛਲੇ ਦਿਨੀਂ ਹਰੀਸ਼ ਰਾਵਤ ਨਾਲ ਦੇਹਰਾਦੂਨ ਵਿਖੇ ਬੈਠਕ ਵੀ ਕੀਤੀ ਸੀ। ਕਾਂਗਰਸ ਹਾਈ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 18 ਸੂਤਰੀ ਏਜੰਡਾ ਵੀ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)