You’re viewing a text-only version of this website that uses less data. View the main version of the website including all images and videos.
ਨਵਜੋਤ ਸਿੱਧੂ ਤੇ ਰਾਘਵ ਚੱਢਾ ਵਿਚਾਲੇ ਖੇਤੀ ਕਾਨੂੰਨਾਂ ਬਾਰੇ ਬਹਿਸ ਇੰਝ ਨਿੱਜੀ ਹਮਲਿਆਂ ਵਿੱਚ ਬਦਲੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਵਿਚਾਲੇ ਸੋਸ਼ਲ ਮੀਡੀਆ 'ਤੇ ਸ਼ਬਦੀ ਜੰਗ ਵੇਖਣ ਨੂੰ ਮਿਲੀ ਹੈ।
ਦੋਵਾਂ ਆਗੂਆਂ ਨੇ ਇੱਕ-ਦੂਜੇ ਦੇ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਇੱਕ ਅਦਾਕਾਰਾ ਨਾਲ ਕੀਤੀ ਹੈ। ਇਹ ਤੁਲਨਾ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ, "ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਖ਼ਿਲਾਫ਼ ਲਗਾਤਾਰ ਬੋਲਣ ਕਾਰਨ ਹਾਈ ਕਮਾਨ ਵੱਲੋਂ ਝਾੜ ਪਈ ਹੈ।"
"ਇਸ ਲਈ ਅੱਜ ਬਦਲਾਅ ਲਈ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਏ ਹਨ। ਕੱਲ ਤੱਕ ਇੰਤਜ਼ਾਰ ਕਰੋ, ਕਿਉਂਕਿ ਉਹ ਕੈਪਟਨ ਖ਼ਿਲਾਫ਼ ਜ਼ੋਰਦਾਰ ਤਰੀਕੇ ਨਾਲ ਆਪਣਾ ਭਾਸ਼ਣ ਫਿਰ ਸ਼ੁਰੂ ਕਰਨਗੇ।"
ਨਵਜੋਤ ਸਿੰਘ ਸਿੱਧੂ ਨੇ ਦਿੱਲੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਨੋਟੀਫਾਈ ਕਰਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਪੁੱਛੇ ਸਨ ਜਿਸ ਦੇ ਜਵਾਬ ਵਿੱਚ ਰਾਘਵ ਚੱਢਾ ਨੇ ਪ੍ਰਤੀਕਿਰਿਆ ਦਿੱਤੀ ਹੈ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਕਈ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ’ਤੇ ਬੀਤੇ ਕਈ ਮਹੀਨੇ ਤੋਂ ਧਰਨੇ ’ਤੇ ਬੈਠੀਆਂ ਹਨ। ਕਿਸਾਨ ਜਥੇਬੰਦੀਆਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਜਦਕਿ ਕੇਂਦਰ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੈ
ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਇੱਕ-ਦੂਜੇ ’ਤੇ ਸ਼ਬਦੀ ਵਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ-
ਨਵਜੋਤ ਸਿੱਧੂ ਦਾ ਕੇਜਰੀਵਾਲ ’ਤੇ ਨਿਸ਼ਾਨਾ
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਸੰਬੋਧਿਤ ਕੀਤਾ ਸੀ।
ਉਨ੍ਹਾਂ ਨੇ ਲਿਖਿਆ, "ਜਿੱਥੇ ਐੱਮਐੱਸਪੀ ਦਾ ਐਲਾਨ ਹੁੰਦਾ ਹੈ, ਉੱਥੇ ਵੀ ਕਿਸਾਨਾਂ ਦਾ ਸੋਸ਼ਣ ਹੁੰਦਾ ਹੈ ਅਤੇ ਫ਼ਸਲਾਂ ਦੇ ਮੁੱਲ ਵੀ ਘਟਦੇ ਹਨ।"
"ਅਰਵਿੰਦ ਕੇਜਰੀਵਾਲ ਜੀ, ਤੁਸੀਂ ਨਿੱਜੀ ਮੰਡੀ ਵਾਲੇ ਕਾਲੇ ਕੇਂਦਰੀ ਕਾਨੂੰਨਾਂ ਨੂੰ ਸੂਚਿਤ ਕੀਤਾ ਹੈ, ਉਹ ਵਾਪਸ ਲੈ ਲਿਆ ਹੈ ਜਾਂ ਬਹਾਨਾ ਅਜੇ ਵੀ ਚੱਲ ਰਿਹਾ ਹੈ।"
ਰਾਘਵ ਚੱਢਾ ਨੇ ਇਸੇ ਟਵੀਟ ਨੂੰ ਰੀਟਿਵੀਟ ਕਰਦਿਆਂ ਆਪਣੀ ਪ੍ਰਤੀਕਿਰਿਆ ਦਿੱਤੀ ਸੀ।
ਰਾਘਵ ਚੱਢਾ ਨੇ ਨਵਜੋਤ ਸਿੱਧੂ ਵੱਲੋਂ ਬੀਤੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ’ਤੇ ਹੋਏ ਸ਼ਬਦੀ ਹਮਲਿਆਂ ਨੂੰ ਅਧਾਰ ਬਣਾ ਕੇ ਇੱਕ ਅਦਾਕਾਰਾ ਨਾਲ ਤੁਲਨਾ ਕਰਦਿਆਂ ਹੋਇਆਂ ਟਿੱਪਣੀ ਕੀਤੀ ਸੀ।
ਸਿੱਧੂ ਨੇ ਜਵਾਬੀ ਹਮਲਾ ਇਸ ਦੀ ਪ੍ਰਤੀਕਿਰਿਆ ਵਿੱਚ ਕੀਤਾ ਅਤੇ ਕਿਹਾ, "ਕਹਿੰਦੇ ਹਨ ਇਨਸਾਨ ਦੇ ਵੰਸ਼ਜ਼ ਬਾਂਦਰ ਹਨ, ਤੁਹਾਡੇ ਮਨ ਨੂੰ ਦੇਖ ਕੇ ਵਿਸ਼ਵਾਸ਼ ਹੋ ਗਿਆ ਹੈ ਕਿ ਤੁਸੀਂ ਅਜੇ ਵੀ ਉਸ ਪ੍ਰਕਿਰਿਆ ਵਿੱਚ ਹੋ।"
"ਤੁਸੀਂ ਅਜੇ ਵੀ ਆਪਣੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਨੋਟੀਫਾਈ ਕਰਨ ਬਾਰੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।"
ਦਿੱਲੀ ਵਿੱਚ ਕੇਜਰੀਵਾਲ ਸਰਕਾਰ ਤਿੰਨਾਂ ਵਿੱਚੋਂ ਇੱਕ ਕਾਨੂੰਨ ਕੀਤਾ ਲਾਗੂ
ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਵਿੱਚੋਂ ਇੱਕ ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਕਾਨੂੰਨ 2020 ਨੂੰ ਨੋਟੀਫਾਇਡ ਕੀਤਾ ਸੀ।
ਜਿਸ ਬਾਰੇ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਆਪਣੀ ਫ਼ਸਲ ਕਿਤੇ ਵੀ ਵੇਚ ਸਕਦੇ ਹਨ। ਇਸ ਮੁੱਦੇ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੇ ਕਈ ਇਲਜ਼ਾਮ ਵੀ ਲੱਗੇ।
ਉਨ੍ਹਾਂ ਨੇ ਕਿਹਾ ਸੀ ਕਿ ਕਈ ਸਾਲ ਪਹਿਲਾਂ ਦਿੱਲੀ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਵਿਕਰੀ ਨੂੰ ਪਹਿਲਾਂ ਹੀ ਡੀ-ਰੇਗੁਲੇਟ ਕਰ ਦਿੱਤਾ ਗਿਆ ਸੀ, ਹੁਣ ਇਹ ਅਨਾਜ ਲਈ ਵੀ ਲਾਗੂ ਹੈ।
ਕੇਜਰੀਵਾਲ ਨੇ ਵਿਧਾਨ ਸਭਾ ਪਾੜੀ ਖੇਤੀ ਕਾਨੂੰਨ ਬਿੱਲਾਂ ਦੀ ਕਾਪੀ
ਪਿਛਲੇ ਸਾਲ ਦਸੰਬਰ ਵਿੱਚ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੀ ਕਾਪੀ ਪਾੜ ਦਿੱਤੀ ਸੀ।
ਉਨ੍ਹਾਂ ਕਾਪੀ ਪਾੜਦਿਆਂ ਕਿਹਾ ਸੀ, "ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਰਾਜ ਸਭਾ 'ਚ 3 ਕਾਨੂੰਨ ਬਿਨਾਂ ਵੋਟਿੰਗ ਦੇ ਪਾਸ ਕਰ ਦਿੱਤੇ ਗਏ। ਮੈਂ ਇੱਥੇ 3 ਖੇਤੀ ਕਾਨੂੰਨ ਪਾੜਦਾ ਹਾਂ ਅਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਅੰਗਰੇਜ਼ਾਂ ਨਾਲੋਂ ਵੱਧ ਬੁਰੇ ਨਾ ਬਣਨ।"
ਉਨ੍ਹਾਂ ਨੇ ਕਿਹਾ, "ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਆਪਣੀ ਆਵਾਜ਼ ਉਨ੍ਹਾਂ ਤੱਕ ਪਹੁੰਚਾਉਣ ਲਈ ਹੋਰ ਕਿੰਨੀ ਕੁਰਬਾਨੀ ਦੇਣੀ ਹੋਵੇਗੀ।"
ਇਹ ਵੀ ਪੜ੍ਹੋ: