You’re viewing a text-only version of this website that uses less data. View the main version of the website including all images and videos.
ਸੋਨੂੰ ਸੂਦ ਦੇ ਟਿਕਾਣਿਆਂ 'ਤੇ ਆਮਦਨ ਕਰ ਦੇ ਅਧਿਕਾਰੀਆਂ ਦੇ ਪਹੁੰਚਣ ਦੀਆਂ ਖ਼ਬਰਾਂ ਵਿਚਾਲੇ ਭਾਜਪਾ ਸਮੇਤ ਕੌਣ ਕੀ ਕਹਿ ਰਿਹਾ
ਅਦਾਕਾਰ ਅਤੇ ਕਾਰਕੁਨ ਸੋਨੂੰ ਸੂਦ ਦੇ ਟਿਕਾਣਿਆਂ 'ਤੇ ਆਮਦਨ ਕਰ ਦੇ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਨਾਮ ਟਰੈਂਡ ਵਿੱਚ ਆ ਗਿਆ ਹੈ।
ਇਸ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਆਪੋ-ਆਪਣੇ ਪ੍ਰਤੀਕਰਮ ਦਿੱਤੇ ਹਨ।
ਹਾਲਾਂਕਿ ਸੋਨੂ ਸੂਦ ਵੱਲੋਂ ਇਸ ਬਾਰੇ ਅਜੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਨਕਮ ਟੈਕਸ ਵਿਭਾਗ ਵੱਲੋਂ ਕੁਝ ਕਿਹਾ ਗਿਆ ਹੈ।
ਭਾਜਪਾ ਦੇ ਬੁਲਾਰੇ ਆਸਿਫ਼ ਭਾਮਲਾ ਨੇ ਖ਼ਬਰ ਚੈਨਲ ਐੱਨਡੀਟੀਵੀ ਕੋਲ ਹਾਲਾਂਕਿ ਇਸ ਕਾਰਵਾਈ ਪਿੱਛੇ ਕੋਈ ਸਿਆਸੀ ਇਰਾਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ,"ਇਸ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ (ਸੋਨੂੰ ਸੂਦ ਦੀ ਕੇਜਰੀਵਾਲ ਨਾਲ ਬੈਠਕ)। ਕੋਈ ਵੀ ਕਿਸੇ ਨੂੰ ਵੀ ਮਿਲ ਸਕਦਾ ਹੈ। ਇਹ ਸੂਹ 'ਤੇ ਕੀਤਾ ਗਿਆ ਹੈ।"
"ਇਹ ਜ਼ਰੂਰੀ ਨਹੀਂ ਹੈ ਕਿ ਜੋ ਵਿਅਕਤੀ ਦਾਨ ਕਰਦਾ ਹੈ ਉਹ ਕੁਝ ਗਲਤ ਕਰ ਰਿਹਾ ਹੋਵੇ...ਇਹ ਕੋਈ ਹੇਠਲੇ ਪੱਧਰ ਦੀ ਗੱਲ ਹੋਵੇਗੀ। ਆਮਦਨ ਕਰ ਇੱਕ ਸੁਤੰਤਰ ਵਿਭਾਗ ਹੈ, ਜਿਸ ਦਾ ਆਪਣਾ ਵਿਧੀ-ਵਿਧਾਨ ਹੈ। ਉਹ ਆਪਣਾ ਕੰਮ ਕਰ ਰਿਹਾ ਹੈ।"
ਇਹ ਵੀ ਪੜ੍ਹੋ:
ਖ਼ਬਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਦਾਕਾਰ ਨਾਲ ਜੁੜੀਆਂ ਮੁੰਬਈ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਥਾਵਾਂ 'ਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਪਹੁੰਚੇ ਹਨ।
ਪੀਟੀਆਈ ਮੁਤਾਬਕ "ਅਧਿਕਾਰੀ ਮੁੰਬਈ ਤੋਂ ਇਲਾਵਾ ਲਖਨਊ ਸਮੇਤ ਘੱਟੋ-ਘੱਟ ਛੇ ਥਾਵਾਂ 'ਤੇ ਕਾਰਵਾਈ ਕਰ ਰਹੇ ਹਨ।"
ਏਜੰਸੀ ਨੇ ਦੱਸਿਆ ਹੈ ਕਿ 'ਆਮਦਨ ਕਰ ਵਿਭਾਗ ਇੱਕ ਰੀਅਲ ਇਸਟੇਟ ਸੌਦੇ ਦੀ ਜਾਂਚ ਕਰ ਰਿਹਾ ਹੈ।'
ਇਸ ਸਭ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਨੇ ਜ਼ੋਰ ਫੜ ਲਿਆ ਹੈ। ਆਓ ਦੇਖਦੇ ਹਾਂ ਕੌਣ ਕੀ ਕਹਿ ਰਿਹਾ ਹੈ-
ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ ਕਿਹਾ,"ਜਿੱਤ ਸਚਾਈ ਦੀ ਹੁੰਦੀ ਹੈ।"
ਉਨ੍ਹਾਂ ਨੇ ਟਵੀਟ ਕੀਤਾ,"ਸੱਚਾਈ ਦੇ ਰਾਹ ਵਿੱਚ ਲੱਖਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੋਨੂ ਸੂਦ ਜੀ ਦੇ ਨਾਲ਼ ਭਾਰਤ ਦੇ ਉਨ੍ਹਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ ਜਿਨ੍ਹਾਂ ਨੂੰ ਮੁਸ਼ਕਲ ਦੀ ਘੜੀ ਵਿੱਚ ਸੋਨੂੰ ਜੀ ਦਾ ਸਾਥ ਮਿਲਿਆ ਸੀ।"
ਜ਼ਿਕਰਯੋਗ ਹੈ ਕਿ ਸੋਨੂ ਸੂਦ ਨੂੰ ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚਲੀ ਦਿੱਲੀ ਸਰਕਾਰ ਨੇ ਦੇਸ਼ ਦੇ ਮੈਂਟੋਰ ਪ੍ਰੋਗਰਾਮ ਦਾ ਹਿੱਸਾ ਬਣਾਇਆ ਸੀ।
ਇਹ ਪ੍ਰੋਗਰਾਮ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਮਾਰਗਦਰਸ਼ਨ ਕਰਨ ਲਈ ਚਲਾਇਆ ਗਿਆ ਹੈ।
ਤ੍ਰਿਣਮੂਲ ਕਾਂਗਰਸ
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਲਿਖਿਆ," ਸੋਨੂ ਸੂਦ 'ਤੇ ਆਮਦਨ ਕਰ ਦੇ ਛਾਪਿਆਂ ਬਾਰੇ ਕੋਈ ਹੈਰਾਨਗੀ ਨਹੀਂ ਹੈ ਕਿਉਂਕਿ ਉਹ ਹੁਣ ਅਧਿਕਾਰਿਤ ਤੌਰ 'ਤੇ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਹਨ।"
ਸੋਨੂੰ ਸੂਦ ਤੇ ਸਿਆਸਤ
ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦਾਂ ਤੱਕ ਸਮਾਨ ਪਹੁੰਚਾਉਣ ਅਤੇ ਵੱਖੋ-ਵੱਖ ਥਾਵਾਂ 'ਤੇ ਫ਼ਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਚਰਚਾ ਵਿੱਚ ਰਹੇ ਹਨ।
ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਾਮ ਅਕਸਰ ਟਰੈਂਡ ਕਰਦਾ ਰਿਹਾ ਹੈ। ਕਈ ਵਾਰ ਉਨ੍ਹਾਂ ਨੂੰ 'ਮਸੀਹਾ' ਅਤੇ ਦੂਜਿਆਂ ਲਈ 'ਪ੍ਰੇਰਣਾ ਸਰੋਤ' ਵੀ ਦੱਸਿਆ ਗਿਆ ਹੈ।
ਮਹਾਮਾਰੀ ਦੌਰਾਨ ਕਈ ਵੀਡੀਓ ਸਾਹਮਣੇ ਆਏ ਸਨ ਜਿਨ੍ਹਾਂ ਵਿੱਚ ਉਹ ਖ਼ੁਦ ਫਸੇ ਲੋਕਾਂ ਨੂੰ ਰੇਲ ਗੱਡੀ ਤੱਕ ਛੱਡਣ ਜਾ ਰਹੇ ਸਨ, ਮਜ਼ਦੂਰਾਂ ਦੀਆਂ ਭਰੀਆਂ ਬੱਸਾਂ ਨੂੰ ਰਵਾਨਾ ਕਰ ਰਹੇ ਸਨ।
ਇਹ ਰਿਪੋਰਟ ਵੀ ਆਈ ਸੀ ਕਿ ਸੋਨੂੰ ਸੂਦ ਤੋਂ ਪ੍ਰੇਰਿਤ ਹੋ ਕੇ ਆਂਧਰਾ ਪ੍ਰਦੇਸ਼ ਦੇ ਵਿਜਯਨਗਰਮ ਜ਼ਿਲ੍ਹੇ ਦੇ ਸਾਲੂਰੂ ਮੰਡਲ ਦੇ ਆਦਿਵਾਸੀ ਪਿੰਡ ਦੇ ਨੌਜਵਾਨਾਂ ਨੇ ਆਪਣੇ ਪਿੰਡ ਵਿੱਚ ਬਿਨਾਂ ਕਿਸੇ ਸਰਕਾਰ ਜਾਂ ਅਧਿਕਾਰੀ ਦੀ ਮਦਦ ਦੇ ਖ਼ੁਦ ਹੀ ਸੜਕ ਦਾ ਨਿਰਮਾਣ ਕਰਨ ਦਾ ਫ਼ੈਸਲਾ ਲਿਆ ਸੀ।
ਇਹ ਅਟਕਲਾਂ ਵੀ ਲਾਈਆਂ ਗਈਆਂ ਕਿ ਸੋਨੂੰ ਸੂਦ ਸਿਆਸਤ ਵਿੱਚ ਆ ਸਕਦੇ ਹਨ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਇਨ੍ਹਾਂ ਸਾਰੇ ਸਵਾਲਾਂ ਦਾ ਉਨ੍ਹਾਂ ਨੇ ਖ਼ੁਦ ਕਦੇ ਸਿੱਧਾ ਜਵਾਬ ਨਹੀਂ ਦਿੱਤਾ।
ਹਾਲਾਂਕਿ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਟੇਜ ਸਾਂਝੀ ਕਰ ਕੇ ਉਨ੍ਹਾਂ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: