ਸੋਨੂੰ ਸੂਦ: ਜ਼ਰੂਰਤਮੰਦਾਂ ਦਾ 'ਰੱਬ' ਤੇ ਮੋਗੇ ਦਾ ਮੁੰਡਾ ਬੌਲੀਵੁੱਡ ਦਾ ਚਹੇਤਾ ਕਿਵੇਂ ਬਣਿਆ?

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਅਦਾਕਾਰ ਸੋਨੂੰ ਸੂਦ ਲਗਾਤਾਰ ਕਈ ਤਬਕਿਆਂ ਦੀ ਮਦਦ ਕਰਨ ਕਰਕੇ ਸੁਰਖ਼ੀਆਂ ਵਿੱਚ ਹੈ।

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਸੋਨੂ ਸਦੂ ਨੇ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਪਹਿਲਾਂ ਬੱਸਾਂ ਤੇ ਰੇਲਗੱਡੀਆਂ ਦਾ ਪ੍ਰਬੰਧ ਤੇ ਫ਼ਿਰ ਹਵਾਈ ਜਹਾਜ਼ ਦੇ ਸਫ਼ਰ ਦਾ ਇੰਤਜ਼ਾਮ ਕੀਤਾ।

ਸੋਸ਼ਲ ਮੀਡੀਆ ਉੱਤੇ ਸੋਨੂ ਸੂਦ ਦੀਆਂ ਵੀਡੀਓਜ਼ ਵਾਇਰਲ ਹੋਣ ਲੱਗੀਆਂ।

ਸੋਨੂੰ ਸੂਦ: ਪਰਿਵਾਰ ਤੇ ਉਨ੍ਹਾਂ ਦਾ ਸਾਥ

ਸੋਨੂੰ ਸੂਦ ਦੇ ਪਿਤਾ ਸ਼ਕਤੀ ਸਾਗਰ ਸੂਦ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਸਨ।

ਉਨ੍ਹਾਂ ਦੀ ਮਾਤਾ ਜੀ ਪ੍ਰੋਫ਼ੈਸਰ ਸਰੋਜ ਸੂਦ ਮੋਗਾ ਦੇ ਹੀ ਡੀਐੱਮ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸਨ।

ਇਹ ਵੀ ਪੜ੍ਹੋ:

ਸੋਨੂੰ ਦੀ ਵੱਡੀ ਭੈਣ ਮੋਨਿਕਾ ਸ਼ਰਮਾ ਅਮਰੀਕਾ ਵਿੱਚ ਹਨ ਤੇ ਛੋਟੀ ਭੈਣ ਮਾਲਵਿਕਾ ਸੱਚਰ ਮੋਗਾ ਵਿੱਚ ਰਹਿੰਦੇ ਹਨ।

ਸੋਨੂੰ ਸੂਦ ਮੁੰਬਈ ਵਿੱਚ ਪਤਨੀ ਸੋਨਾਲੀ ਅਤੇ ਬੱਚਿਆਂ ਇਸ਼ਾਂਤ ਤੇ ਅਯਾਨ ਨਾਲ ਰਹਿੰਦੇ ਹਨ।

ਸੋਨੂੰ ਮੁਤਾਬਕ ਸਾਰਾ ਪਰਿਵਾਰ ਮਜ਼ਦੂਰਾਂ ਦੀ ਮਦਦ ਲਈ ਉਨ੍ਹਾਂ ਦਾ ਸਾਥ ਦਿੰਦਾ ਹੈ। ਲਿਸਟ ਬਣਾਉਣ ਤੋਂ ਲੈ ਕੇ ਹੋਰ ਕੰਮਾਂ ਵਿੱਚ ਉਨ੍ਹਾਂ ਦਾ ਹੱਥ ਵੰਢਾਉਂਦੇ ਹਨ।

ਸੋਨੂੰ ਕਹਿੰਦੇ ਹਨ ਕਿ ਘਰਦਿਆਂ ਤੋਂ ਬਗੈਰ ਲੋਕਾਂ ਨੂੰ ਘਰੇ ਨਹੀਂ ਪਹੁੰਚਾਇਆ ਜਾ ਸਕਦਾ।

'ਸਿਆਸਤ' ਅਤੇ ਸੋਨੂੰ ਸੂਦ

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਕਈ ਕਾਮਿਆਂ ਲਈ ਸੋਨੂੰ ਸੂਦ ਵੱਲ਼ੋਂ ਮਦਦ ਸ਼ੁਰੂ ਹੋਈ ਤਾਂ ਸਿਆਸਤ ਵਿੱਚ ਪੈਰ ਰੱਖਣ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ।

ਕਈਆਂ ਨੇ ਕਿਹਾ ਕਿ ਉਹ ਸਿਆਸਤ ਵਿੱਚ ਆਉਣ ਲਈ ਇਹ ਸਭ ਕੁਝ ਕਰ ਰਹੇ ਹਨ।

ਬੀਬੀਸੀ ਨਾਲ ਜੂਨ ਮਹੀਨੇ ਹੋਈ ਗੱਲ਼ਬਾਤ ਦੌਰਾਨ ਸੋਨੂੰ ਨੇ ਸਿਆਸਤ ਵਿੱਚ ਆਉਣ ਬਾਰੇ ਕਿਹਾ ਸੀ, ''ਜਿਹੜਾ ਕੰਮ ਮੈਨੂੰ ਆਉਂਦਾ ਨਹੀਂ, ਪਤਾ ਨਹੀਂ ਮੈਂ ਉਸ 'ਚ ਬਾਖ਼ੂਬੀ ਕੰਮ ਕਰ ਸਕਦਾ ਹਾਂ ਜਾਂ ਨਹੀਂ...ਇਸ ਲਈ ਮੈਨੂੰ ਐਕਟਿੰਗ ਆਉਂਦੀ ਹੈ ਤੇ ਇਹੀ ਹਮੇਸ਼ਾ ਕਰਦਾ ਰਹਾਂਗਾ।''

''ਸਿਆਸਤ ਵਿੱਚ ਮੈਨੂੰ ਅਜੇ ਕੋਈ ਦਿਲਚਸਪੀ ਨਹੀਂ ਹੈ ਅਤੇ ਜੋ ਕੰਮ ਮੈਂ ਐਕਟਰ ਬਣ ਕੇ ਕਰ ਸਕਦਾ ਹਾਂ ਉਹ ਬਾਅਦ 'ਚ ਵੀ ਕਰ ਸਕਦਾ ਹਾਂ''

''ਮੈਨੂੰ ਲਗਦਾ ਹੈ ਕਿ ਬਤੌਰ ਅਦਾਕਾਰ ਅਜੇ ਬਹੁਤ ਕੁਝ ਹਾਸਿਲ ਕਰਨਾ ਬਾਕੀ ਹੈ ਅਤੇ ਉਹੀ ਮੈਂ ਕਰ ਰਿਹਾ ਹਾਂ''

ਕਿਸੇ ਸਿਆਸੀ ਪਾਰਟੀ ਤੋਂ ਰਾਜਨੀਤੀ ਵਿੱਚ ਆਉਣ ਬਾਰੇ ਆਏ ਸੱਦੇ ਬਾਰੇ ਸੋਨੂੰ ਸੂਦ ਕਹਿੰਦੇ ਹਨ, ''ਪਹਿਲਾਂ ਵੀ ਕਈ ਦਫ਼ਾ ਸੱਦੇ ਆਏ ਹਨ ਤੇ ਸਭ ਨੂੰ ਪਤਾ ਹੈ ਕਿ ਮੈਨੂੰ ਦਿਲਚਸਪੀ ਨਹੀਂ ਹੈ, ਇਸ ਲਈ ਮੈਂ ਜਾਂਦਾ ਨਹੀਂ।''

ਉਧਰ ਸੋਨੂੰ ਦੀ ਭੈਣ ਮਾਲਵਿਕਾ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕਿਹਾ ਸੋਨੂੰ ਦਾ ਰਾਜਨੀਤੀ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ।

ਮਦਦ ਕਰਨ ਪਿੱਛੇ ਪ੍ਰੇਰਣਾ ਕਿੱਥੋਂ ਆਈ

ਮਾਲਵਿਕਾ ਨੇ ਦੱਸਿਆ ਕਿ ਸੋਨੂੰ ਨੇ ਮਦਦ ਕਰਨ ਦੀ ਸ਼ੁਰੂਆਤ ਲਗਭਗ 45 ਹਜ਼ਾਰ ਲੋਕਾਂ ਤੱਕ ਖਾਣਾ ਪਹੁੰਚਾਉਣ ਤੋਂ ਕੀਤੀ ਸੀ।

ਮਾਲਵਿਕਾ ਮੁਤਾਬਕ ਲੋਕਾਂ ਦੀ ਮਦਦ ਕਰਨ ਪਿੱਛੇ ਪ੍ਰੇਰਣਾ ਸੋਨੂੰ ਵਿੱਚ ਬਚਪਨ ਤੋਂ ਹੀ ਰਹੀ ਅਤੇ ਇਸ ਪਿੱਛੇ ਵੱਡਾ ਪ੍ਰੇਰਣਾ ਸਰੋਤ ਮਾਪੇ ਹੀ ਰਹੇ।

ਮਾਂ ਬੱਚਿਆਂ ਦੀਆਂ ਮੁਫ਼ਤ ਕਿਤਾਬਾਂ ਆਦਿ ਵਿੱਚ ਮਦਦ ਕਰਦੇ ਅਤੇ ਪਿਤਾ ਲੰਗਰ ਲਗਾਉਂਦੇ ਸੀ।

ਮਾਲਵਿਕਾ ਮੁਤਾਬਕ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਦੀ ਛਾਪ ਤੁਹਾਡੇ ਉੱਤੇ ਅਸਰ ਕਰਦੀ ਹੈ।

ਤਮਿਲ ਤੇ ਹਿੰਦੀ ਫ਼ਿਲਮਾਂ ਦਾ ਚਿਹਰਾ

ਮੋਗਾ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੋਨੂੰ ਨਾਗਪੁਰ ਪਹੁੰਚੇ।

ਨਾਗਪੁਰ ਵਿੱਚ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਲਈ ਸੋਨੂੰ ਨੇ ਯਸ਼ਵੰਤਰਾਓ ਚਵ੍ਹਾਨ ਕਾਲਜ ਆਫ਼ ਇੰਜੀਨਿਅਰਿੰਗ ਵਿੱਚ ਦਾਖ਼ਲਾ ਲਿਆ।

ਇਸ ਤੋਂ ਬਾਅਦ ਬਤੌਰ ਅਦਾਕਾਰ ਉਨ੍ਹਾਂ ਤਮਿਲ ਫ਼ਿਲਮ ਇੰਡਸਟਰੀ ਤੋਂ ਆਪਣਾ ਆਗਾਜ਼ ਕੀਤਾ। 1999 ਵਿੱਚ ਉਨ੍ਹਾਂ ਤਮਿਲ ਫ਼ਿਲਮ ਕਲਾਜ਼ਾਗਰ ਤੋਂ ਕੀਤੀ।

ਤਮਿਲ ਤੇ ਤੇਲੁਗੂ ਫ਼ਿਲਮਾਂ ਤੋਂ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਸੋਨੂੰ ਦੀ ਪਹਿਲੀ ਹਿੰਦੀ ਫ਼ਿਲਮ 2002 ਵਿੱਚ ਆਈ, ਜਿਸ ਦਾ ਨਾਮ ਸੀ ਸ਼ਹੀਦ-ਏ-ਆਜ਼ਮ। ਇਸ ਫ਼ਿਲਮ ਵਿੱਚ ਸੋਨੂੰ ਲੀਡ ਰੋਲ 'ਚ ਨਜ਼ਰ ਆਏ ਤੇ ਉਨ੍ਹਾਂ ਭਗਤ ਸਿੰਘ ਦਾ ਕਿਰਦਾਰ ਅਦਾ ਕੀਤਾ।

ਇਸ ਤੋਂ ਬਾਅਦ ਹਿੰਦੀ ਸਿਨੇਮਾ ਵੱਲ ਉਨ੍ਹਾਂ ਦਾ ਰੁਝਾਨ ਵੱਧਦਾ ਗਿਆ।

2010 ਤੱਕ ਯੂਵਾ, ਮਿਸ਼ਨ ਮੁੰਬਈ, ਆਸ਼ਿਕ ਬਣਾਇਆ ਆਪਣੇ, ਸਿੰਘ ਇਜ਼ ਕਿੰਗ, ਜੋਧਾ ਅਕਬਰ ਅਤੇ ਦਬੰਗ ਵਰਗੀਆਂ ਕਰੀਬ ਦਰਜਨ ਫ਼ਿਲਮਾਂ ਨਾਲ ਉਨ੍ਹਾਂ ਦੀ ਪਛਾਣ ਬਾਲੀਵੁੱਡ ਵਿੱਚ ਹੋਰ ਗੂੜੀ ਹੁੰਦੀ ਗਈ।

ਇਸ ਤੋਂ ਬਾਅਦ 2011 ਤੋਂ ਲੈ ਕੇ ਹੁਣ ਤੱਕ ਉਹ ਹਿੰਦੀ ਸਣੇ ਤਮਿਲ, ਤੇਲੁਗੂ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕੀਤੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)