You’re viewing a text-only version of this website that uses less data. View the main version of the website including all images and videos.
ਲੌਕਡਾਊਨ: ਸੋਨੂੰ ਸੂਦ ਦਾ ਪੋਰਟਲ ਕਿਸ ਤਰ੍ਹਾਂ ਦਾ ਹੈ ਜਿਸ ਰਾਹੀਂ ਬੇਰੁਜ਼ਗਾਰ ਮਜ਼ਦੂਰਾਂ ਨੂੰ ਮਿਲ ਸਕਦਾ ਹੈ ਕੰਮ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਦਾ ਜਿੰਮਾ ਚੁੱਕਿਆ ਹੈ।
ਸੋਨੂੰ ਸੂਦ ਨੇ ਇੱਕ ਵੈਬਸਾਈਟ ਲਾਂਚ ਕੀਤੀ ਹੈ ਅਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।
ਅਦਾਕਾਰ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਇੱਕ ਨਵੀਂ ਪਹਿਲ ਬਾਰੇ ਜਾਣਕਾਰੀ ਦਿੱਤੀ।
ਸੋਨੂੰ ਸੂਦ ਨੇ ਟਵਿੱਟਰ ਰਾਹੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ, "ਬਹੁਤ ਸਾਰੇ ਲੋਕ ਆਪਣੇ ਪਿੰਡਾਂ ਤੱਕ ਪਹੁੰਚ ਤਾਂ ਗਏ, ਪਰ ਉਹਨਾਂ ਨੂੰ ਕੰਮ ਦੀ ਲੋੜ ਹੈ। ਭਾਵੇਂ ਤੁਹਾਡੇ ਸ਼ਹਿਰ ਵਿੱਚ ਜਾਂ ਕਿਸੇ ਹੋਰ ਸ਼ਹਿਰ ਵਿੱਚ।"
"ਅੱਜ ਹਰ ਇੱਕ ਇਨਸਾਨ ਨੌਕਰੀ ਦੀ ਤਲਾਸ਼ ਕਰ ਰਿਹਾ ਹੈ। ਇਸੇ ਲਈ ਅਸੀਂ ਬਣਾਇਆ ਪ੍ਰਵਾਸੀ ਰੋਜ਼ਗਾਰ, ਜੋ ਤੁਹਾਨੂੰ ਤੁਹਾਡੇ ਸੁਫ਼ਨਿਆਂ ਦੇ ਨੇੜੇ ਲੈ ਜਾਏਗਾ ਅਤੇ ਤੁਹਾਨੂੰ ਉਹ ਨੌਕਰੀ ਦਵਾਏਗਾ ਜਿਸ ਦੀ ਤੁਹਾਨੂੰ ਸਾਲਾਂ ਤੋਂ ਭਾਲ ਸੀ।"
"ਇਹ ਮਹਾਮਾਰੀ ਸਾਨੂੰ ਝੁਕਾ ਨਹੀਂ ਸਕਦੀ। ਤੁਹਾਡੀ ਸਫ਼ਲਤਾ ਲਈ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼। ਹੁਣ ਅਸੀਂ ਕਰਾਂਗੇ ਤੁਹਾਡੀ ਮਦਦ ਸਹੀ ਨੌਕਰੀ ਦਿਵਾਉਣ ਵਿੱਚ। ਕਾਲ ਕਰੋ ਜਾਂ ਰਜਿਸਟਰ ਕਰੋ ਸਾਡੀ ਵੈਬਸਾਈਟ 'ਤੇ, ਪ੍ਰਵਾਸੀ ਰੋਜ਼ਗਾਰ, ਤੁਹਾਡੇ ਸਫ਼ਰ ਦਾ ਹਮਸਫ਼ਰ। ਹੁਣ ਇੰਡੀਆ ਬਣੇਗਾ ਕਾਮਯਾਬ, ਜੈ ਹਿੰਦ।"
ਇਹ ਵੀ ਪੜ੍ਹੋ-
ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ
ਸੋਨੂੰ ਸੂਦ ਦੀ ਇਸ ਪੋਸਟ ਤੋਂ ਬਾਅਦ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ। ਬਹੁਤ ਸਾਰੇ ਲੋਕ ਆਪਣੀ ਜਾਂ ਕਿਸੇ ਹੋਰ ਦੀ ਮਦਦ ਕਰਨ ਲਈ ਸੋਨੂੰ ਸੂਦ ਨੂੰ ਕਹਿ ਰਹੇ ਹਨ।
ਅੰਕਿਤ ਸ਼ੁਕਲਾ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਡੀਆਂ ਇਹਨਾਂ ਸਾਰੀਆਂ ਕੋਸ਼ਿਸ਼ਾਂ ਲਈ ਬਹੁਤ ਬਹੁਤ ਧੰਨਵਾਦ। ਇਹ ਸਾਰੇ ਕੰਮ ਸਰਕਾਰ ਦਾ ਫਰਜ਼ ਹਨ ਪਰ ਤੁਸੀਂ ਦੂਜਿਆਂ ਦਾ ਇੰਤਜਾਰ ਕੀਤੇ ਬਿਨ੍ਹਾਂ ਖੁਦ ਇਹ ਪਹਿਲ ਕੀਤੀ। ਤੁਹਾਨੂੰ ਸਲਾਮ ਹੈ, ਮੇਰੇ ਤੋਂ ਕਿਸੇ ਮਦਦ ਦੀ ਲੋੜ ਹੋਵੇ ਤਾਂ ਦੱਸਣਾ।"
ਦੁਰਗੇਸ਼ ਗੁਪਤਾ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ," ਇਹ ਹਨ ਮੇਰੇ ਦੇਸ਼ ਦੇ ਅਸਲੀ ਨਾਇਕ (ਸੋਨੂੰ ਸੂਦ) ਜਿਨ੍ਹਾਂ ਨੇ ਗਰੀਬ ਮਜ਼ਦੂਰਾਂ ਦੀ ਮਜਬੂਰੀ ਨੂੰ ਸਮਝਿਆ ਅਤੇ ਆਪਣੇ ਪੈਸੇ ਨਾਲ ਗਰੀਬ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੇਜਣ ਲਈ ਬੱਸ ਦਾ ਇੰਤਜਾਮ ਕੀਤਾ ਅਤੇ ਮਜ਼ਦੂਰਾਂ ਨੂੰ ਵਿਦਾ ਕਰਨ ਲਈ ਉਹ ਖੁਦ ਉੱਥੇ ਆਏ ਅਤੇ ਮਜ਼ਦੂਰਾਂ ਨੂੰ ਬੱਸ ਵਿੱਚ ਬਿਠਾ ਕੇ ਵਿਦਾ ਕੀਤਾ।"
ਕਲਪਨਾ ਪਾਨੀਆ ਨੇ ਲਿਖਿਆ, "ਤੁਹਾਡੇ ਲਈ ਮੇਰੇ ਅੰਦਰ ਸਤਿਕਾਰ ਅਤੇ ਤਾਰੀਫ਼ ਹਰ ਦਿਨ ਵਧ ਰਿਹਾ ਹੈ। ਤੁਸੀਂ ਮਨੁੱਖਤਾ ਦੇ ਅਸਲੀ ਨਾਇਕ ਹੋ। ਰੱਬ ਤੁਹਾਨੂੰ ਚੰਗੀ ਸਿਹਤ, ਖੁਸ਼ੀ, ਤਰੱਕੀ ਅਤੇ ਲੰਬੀ ਜ਼ਿੰਦਗੀ ਨਾਲ ਨਵਾਜੇ। ਇਸ ਨੇਕ ਕੰਮ ਲਈ ਅਸੀਂ ਕਿਵੇਂ ਯੋਗਦਾਨ ਪਾ ਸਕਦੇ ਹਾਂ ? ਇਹ ਸਮੁੰਦਰ ਵਿੱਚ ਬੂੰਦ ਦੇ ਬਰਾਬਰ ਹੋਏਗਾ ਪਰ ਫਿਰ ਵੀ ਆਪਣੇ ਹਿੱਸੇ ਦਾ ਕੰਮ ਕਰਨਾ ਚਾਹੁੰਦੀ ਹਾਂ।"
ਸੋਨੂੰ ਸੂਦ ਦੀ ਇਸ ਪਹਿਲ ਨਾਲ ਅਰਬਨ ਕੰਪਨੀ, ਐਮੇਜਾਨ, ਮੈਕਸ ਹਸਪਤਾਲ, ਵੈਲਸਪੱਨ ਇੰਡੀਆ ਜਿਹੀਆਂ ਕੁਝ ਕੰਪਨੀਆਂ ਵੀ ਜੁੜੀਆਂ ਹਨ, ਜੋ ਲੋੜਵੰਦਾਂ ਨੂੰ ਨੌਕਰੀਆਂ ਦੇ ਸਕਦੀਆਂ ਹਨ।
ਇਸ ਤੋਂ ਇਲਾਵਾ ਆਪਣੇ ਬੱਚੇ ਦੀ ਆਨਲਾਈਨ ਪੜ੍ਹਾਈ ਲਈ ਮੋਬਾਈਲ ਫੋਨ ਖਰੀਦਣ ਖਾਤਰ ਗਾਂ ਵੇਚ ਦੇਣ ਵਾਲੇ ਹਿਮਾਚਲ ਪ੍ਰਦੇਸ਼ ਦੇ ਇੱਕ ਪਰਿਵਾਰ ਦੀ ਕਹਾਣੀ ਪੜ੍ਹ ਕੇ ਵੀ ਸੋਨੂੰ ਸੂਦ ਨੇ ਟਵੀਟ ਕੀਤਾ ਸੀ। ਪਰਿਵਾਰ ਦਾ ਪਤਾ ਦੱਸਣ ਲਈ ਕਿਹਾ ਸੀ ਤਾਂ ਕਿ ਉਹਨਾਂ ਦੀ ਮਦਦ ਕਰ ਸਕਣ।
ਲੌਕਡਾਊਨ ਕਾਰਨ ਜਦੋਂ ਆਵਾਜਾਈ ਦੇ ਸਾਧਨ ਬੰਦ ਹੋ ਗਏ ਸੀ ਅਤੇ ਬਹੁਤ ਲੋਕਾਂ ਹੱਥੋਂ ਰੁਜ਼ਗਾਰ ਖੁੱਸ ਗਿਆ ਸੀ ਤਾਂ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਸੀ। ਕਈ ਬਾਹਰੀ ਦੇਸ਼ਾਂ ਤੋਂ ਭਾਰਤ ਪਰਤਣ ਦੇ ਚਾਹਵਾਨਾਂ ਨੂੰ ਵੀ ਭਾਰਤ ਆਉਣ ਵਿੱਚ ਮਦਦ ਕਰ ਚੁੱਕੇ ਹਨ।
ਲੌਕਡਾਊਨ ਵਿੱਚ ਹੋਰਾਂ ਦੀ ਮਦਦ ਲਈ ਜਿਸ ਤਰ੍ਹਾਂ ਸੋਨੂੰ ਸੂਦ ਮੈਦਾਨ ਵਿੱਚ ਨਿੱਤਰੇ, ਬਹੁਤ ਸਾਰੇ ਲੋਕ ਉਹਨਾਂ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਹਾਲਾਂਕਿ ਕਈਆਂ ਨੇ ਇਹ ਸਵਾਲ ਵੀ ਚੁੱਕੇ ਸੀ ਕਿ ਸੋਨੂੰ ਸੂਦ ਕਿਸੇ ਸਿਆਸੀ ਲਾਹੇ ਲਈ ਇਹ ਸਭ ਕਰ ਰਹੇ ਹਨ।
ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼