ਸੋਨੂੰ ਸੂਦ ਨੇ ਦੱਸਿਆ ਕਿ ਮਦਦ ਲਈ ਫੰਡ ਕਿੱਥੋਂ ਆਉਂਦਾ ਹੈ

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

''ਜੇ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਸੁਧਾਰਣ ਵਿੱਚ 2-3 ਮਹੀਨੇ ਚੰਗੀ ਤਰ੍ਹਾਂ ਲਗਾ ਲੈਣ ਤਾਂ ਬਹੁਤ ਫ਼ਰਕ ਪੈ ਜਾਵੇਗਾ।''

ਇਹ ਸ਼ਬਦ ਕਈ ਜ਼ਰੂਰਤਮੰਦਾਂ ਲਈ ਸਹਾਰਾ ਬਣੇ ਮੋਗਾ ਦੇ ਮੂਲ ਨਿਵਾਸੀ ਅਤੇ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਹਨ।

ਭਗਤ ਸਿੰਘ ਅਤੇ ਸੁਸ਼ਮਾ ਸਵਰਾਜ ਸੋਨੂੰ ਸੂਦ ਦੇ ਪਸੰਦੀਦਾ ਪੰਜਾਬੀਆਂ ਵਿੱਚੋਂ ਹਨ।

ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਮੋਗਾ ਸ਼ਹਿਰ ਨਾਲ ਸਾਂਝ ਤੋਂ ਲੈ ਕੇ ਪੰਜਾਬ ਲਈ ਫ਼ਿਕਰ ਅਤੇ ਕੋਰੋਨਾ ਲੌਕਡਾਊਨ ਦੌਰਾਨ ਮਦਦ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਕੀਤੀ।

ਸੋਨੂੰ ਸੂਦ ਨਾਲ ਇਹ ਇੰਟਰਵਿਊ ਤੁਸੀਂ ਇੱਥੇ ਦੇਖ ਸਕਦੇ ਹੋ...

''ਜੇ ਸਰਕਾਰਾਂ 2-3 ਮਹੀਨੇ ਵੀ ਧਿਆਨ ਦੇਣ ਤਾਂ ਬਹੁਤ ਕੁਝ ਸੁਧਰ ਸਕਦੈ''

ਜਦੋਂ ਤੋਂ ਸੋਨੂੰ ਸੂਦ ਕੋਰੋਨਾ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਐਕਟਿਵ ਹੋਏ ਹਨ, ਉਦੋਂ ਤੋਂ ਹੀ ਸਰਕਾਰਾਂ ਬਾਬਤ ਆਮ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕਿ 'ਜੋ ਕੰਮ ਸਰਕਾਰਾਂ ਨਾ ਕਰ ਸਕੀਆਂ ਉਹ ਸੋਨੂੰ ਸੂਦ ਨੇ ਕਰ ਦਿਖਾਇਆ।'

ਇਸ ਬਾਰੇ ਸੋਨੂੰ ਸੂਦ ਕਹਿੰਦੇ ਹਨ, ''ਜੇ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਸੁਧਾਰਣ ਵਿੱਚ 2-3 ਮਹੀਨੇ ਚੰਗੀ ਤਰ੍ਹਾਂ ਲਗਾ ਲੈਣ ਤਾਂ ਬਹੁਤ ਫ਼ਰਕ ਪੈ ਜਾਵੇਗਾ।''

ਇਹ ਵੀ ਪੜ੍ਹੋ:

''ਆਪਣਾ ਦੇਸ਼ ਉਨਾਂ ਵਿਕਸਿਤ ਨਹੀਂ ਹੋ ਪਾਉਂਦਾ ਕਿਉਂਕਿ ਲੋਕੀ ਸੋਚਦੇ ਹਨ ਕਿ ਕੋਈ ਨੇਤਾ, ਵਿਧਾਇਕ, ਐੱਮਪੀ ਜਾਂ ਮੰਤਰੀ ਆ ਕੇ ਸਾਡੇ ਸ਼ਹਿਰ ਨੂੰ ਸੁਧਾਰੇ ਪਰ ਮੈਨੂੰ ਲਗਦਾ ਹੈ ਕਿ ਜੇ ਤੁਸੀਂ ਇੱਕਠੇ ਵੀ ਜੁੜੋ ਤਾਂ ਵੀ ਤੁਸੀਂ ਬਹੁਤ ਵੱਡੀ ਚੀਜ਼ ਕਰ ਸਕਦੇ ਹੋ।''

ਦੇਸ਼ ਵਿੱਚ ਸਿਸਟਮ ਅਤੇ ਢਾਂਚੇ ਦੀ ਗੱਲ ਕਰਦੇ ਹੋਏ ਸੋਨੂੰ ਸੂਦ ਕਹਿੰਦੇ ਹਨ ਕਿ ਇੱਥੇ ਹਰ ਕੰਮ ਵਿੱਚ ਸਮਾਂ ਲਗਦਾ ਹੈ।

ਉਹ ਕਹਿੰਦੇ ਹਨ, ''ਕੋਈ ਬੰਦਾ ਆਪਣਾ ਸਰਕਾਰੀ ਕੰਮ ਕਰਾਉਂਦਾ ਹੈ ਤਾਂ ਉਸ ਦੀ ਜ਼ਿੰਦਗੀ ਧੱਕੇ ਖਾਂਦੇ-ਖਾਂਦੇ ਨਿਕਲ ਜਾਂਦੀ ਹੈ। ਬਾਹਰ ਦੇ ਮੁਲਕਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਸਿਸਟਮ ਵਿੱਚ ਫ਼ਰਕ ਹੈ।''

''ਢਾਂਚੇ ਦੀ ਗੱਲ ਕਰੀਏ ਤਾਂ ਸ੍ਰੀਲੰਕਾ ਵਰਗੇ ਛੋਟੇ ਦੇਸ਼ ਦੀਆਂ ਸੜਕਾਂ ਦੇਖ ਲਓ, ਸਫ਼ਾਈ ਦੇਖ ਲਓ। ਭਾਰਤ 'ਚ ਆਬਾਦੀ ਕਰਕੇ ਸਮੱਸਿਆਵਾਂ ਹਨ ਪਰ ਇੱਥੇ ਲੋਕੀ ਜ਼ਿੰਮੇਵਾਰੀ ਘੱਟ ਲੈਂਦੇ ਹਨ।''

ਮਦਦ ਕਰਨ ਪਿੱਛੇ ਪੈਸਾ ਕਿੱਥੋਂ ਆਉਂਦਾ ਹੈ?

ਮਾਰਚ ਮਹੀਨੇ ਤੋਂ ਜ਼ਰੂਰਤਮੰਦਾ ਦੀ ਸਹਾਇਤਾ ਲਈ ਅੱਗੇ ਆਏ ਸੋਨੂੰ ਸੂਦ ਇਸ ਸਭ ਲਈ ਵਿੱਤੀ ਪੱਖ ਬਾਰੇ ਵੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਪਹਿਲਾਂ ਤਾਂ ਆਪ ਹੀ ਸ਼ੁਰੂਆਤ ਕੀਤੀ ਸੀ।

ਸੋਨੂੰ ਸੂਦ ਕਹਿੰਦੇ ਹਨ, ''ਕੋਈ ਖਾਣਾ ਖੁਆ ਰਿਹਾ ਸੀ, ਕੋਈ ਮਾਸਕ ਵੰਡ ਰਿਹਾ ਸੀ, ਤੁਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿ ਸਾਡੇ ਨਾਲ ਜੁੜੋ। ਖ਼ੁਦ ਹੀ ਅਸੀਂ ਅੱਗੇ ਵਧਣਾ ਸ਼ੁਰੂ ਕੀਤਾ ਤੇ ਲੋਕ ਜੁੜਦੇ ਗਏ।''

''ਕਿਸੇ ਨੇ ਕਿਹਾ, ਤੁਸੀਂ ਬੱਸਾਂ ਭੇਜ ਰਹੇ ਹੋ ਤੇ ਇੱਕ-ਅੱਧੀ ਬੱਸ ਮੇਰੇ ਵੱਲੋਂ ਵੀ ਸਪੌਂਸਰ ਕਰਵਾ ਦਿਓ।''

ਸੋਨੂੰ ਮੁਤਾਬਕ ਇਸ ਤਰ੍ਹਾਂ ਲੋਕਾਂ ਵੱਲੋਂ ਮਦਦ ਲਈ ਅੱਗੇ ਹੱਥ ਵਧਦਾ ਗਿਆ ਅਤੇ ਕਾਫ਼ਲਾ ਬਣਦਾ ਗਿਆ।

ਇਸ ਤੋਂ ਇਲਾਵਾ ਕਮਰਸ਼ੀਅਲ ਐਡਜ਼ ਲਈ ਵੀ ਕੰਪਨੀਆਂ ਨਾਲ ਸੋਨੂੰ ਮੁਤਾਬਕ ਉਹ ਮਦਦ ਲਈ ਕਰਾਰ ਕਰਦੇ ਹਨ।

ਸੋਨੂੰ ਕਹਿੰਦੇ ਹਨ, ''ਮੇਰੀ ਐਡਜ਼ ਵਾਲਿਆਂ ਨਾਲ ਡੀਲ ਹੀ ਇਹ ਹੁੰਦੀ ਹੈ ਕਿ ਦੱਸੋ ਕੀ ਮਦਦ ਕਰੋਗੇ? LED ਲਾਈਟਾਂ ਵਾਲਾ ਆਉਂਦਾ ਹੈ ਤਾਂ ਪੁੱਛਦੇ ਹਾਂ 20 ਪਿੰਡਾਂ 'ਚ ਲਾਈਟਾਂ ਲਾਉਣ ਦਾ ਵਾਅਦਾ ਕਰ ਮੈਂ ਤੇਰੇ ਨਾਲ ਐਡ ਕਰਦਾ ਹਾਂ।''

''ਕੋਈ ਕੰਸਟ੍ਰਕਸ਼ਨ ਵਾਲਾ ਆਉਂਦਾ ਹੈ ਤਾਂ ਘਰ ਬਣਾਉਣ ਦੇ ਪਿੱਛੇ ਲੱਗ ਜਾਂਦੇ ਹਾਂ ਤੇ ਮੇਰਾ ਇਹ ਆਈਡੀਆ ਹੈ ਕਿ ਇਹ ਜਿਹੜਾ ਲੋਕਾਂ ਲਈ ਕੰਮ ਕਰਨ ਦਾ ਸਿਲਸਿਲਾ ਹੈ ਉਹੀ ਕਰਨਾ ਹੈ।''

ਪੰਜਾਬ ਲਈ ਫ਼ਿਕਰਮੰਦ ਸੋਨੂੰ ਸੂਦ

ਪੰਜਾਬ ਲਈ ਆਪਣੀ ਚਿੰਤਾ ਜ਼ਾਹਰ ਕਰਦਿਆਂ ਸੋਨੂੰ ਸੂਦ ਪੜ੍ਹਾਈ ਅਤੇ ਸਿਹਤ ਦੇ ਖ਼ੇਤਰਾਂ ਨੂੰ ਲੈ ਕੇ ਗੱਲ ਕਰਦੇ ਹਨ।

ਉਹ ਆਖਦੇ ਹਨ, '''ਪਿੰਡਾਂ ਵਿੱਚ ਪੜ੍ਹਾਈ ਦੀ ਪਹੁੰਚ ਉੱਤੇ ਕੰਮ ਕਰਨਾ ਬਾਕੀ ਹੈ, ਮੈਡੀਕਲ ਦੀਆਂ ਸਹੂਲਤਾਂ ਚੰਗੀਆਂ ਨਹੀਂ ਹਨ ਤੇ ਮੈਂ ਲੋਕਾਂ ਨੂੰ ਹਸਪਤਾਲਾਂ ਵਿੱਚ ਰੁਲਦੇ ਦੇਖਿਆ ਹੈ।''

''ਕਾਰੋਬਾਰੀ ਮੌਕਿਆਂ ਅਤੇ ਰੁਜ਼ਗਾਰ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ ਤੇ ਜੇ ਇਹ ਸਭ ਕੰਮ ਹੋ ਜਾਣ ਤਾਂ ਅਸੀਂ ਨਵਾਂ ਪੰਜਾਬ ਦੇਖ ਸਕਦੇ ਹਾਂ।''

ਸਿਆਸਤ 'ਚ ਆਉਣ ਬਾਰੇ ਗੱਲ ਚੱਲੀ ਤਾਂ ਕੀ ਪ੍ਰਤਿਕਿਰਿਆ ਸੀ?

ਕਈ ਤਬਕਿਆਂ ਦੀ ਮਦਦ ਕਰਨ ਤੋਂ ਬਾਅਦ ਇਹ ਵੀ ਕਿਹਾ ਜਾਣ ਲਗਿਆ ਕਿ ਸੋਨੂੰ ਇਹ ਸਭ ਇਸ ਲਈ ਕਰ ਰਿਹਾ ਹੈ ਕਿਉਂਕਿ ਉਹ ਸਿਆਸਤ ਵਿੱਚ ਆਉਣਾ ਚਾਹੁੰਦਾ ਹੈ।

ਇਸ ਬਾਰੇ ਵੀ ਸੋਨੂੰ ਨੇ ਆਪਣੀ ਗੱਲ ਰੱਖੀ ਅਤੇ ਕਿਹਾ, ''ਜੇ ਮੈਂ ਇਸ ਬਾਰੇ ਸੋਚਦਾ ਤਾਂ ਕੰਮ ਕਰਨ ਤੋਂ ਰੁੱਕ ਜਾਂਦਾ।''

''ਮੇਰਾ ਇੱਕੋ ਮਕਸਦ ਸੀ ਕਿ ਲੋਕਾਂ ਦੀ ਮਦਦ ਕਰਨੀ ਹੈ, ਕਿਸੇ ਵੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੋਵੇ...ਕੋਈ ਵੀ ਧਰਮ, ਜਾਤੀ, ਸੂਬਾ, ਜ਼ਿਲ੍ਹਾ ਕਿਤੇ ਵੀ ਹੋਵੇ ਮੈਂ ਸਭ ਤੱਕ ਪਹੁੰਚ ਜਾਣਾ ਹੈ ਤੇ ਉਹੀ ਕੋਸ਼ਿਸ਼ ਕਰ ਰਿਹਾ ਸੀ।''

''ਰੱਬ ਦਰਵਾਜ਼ੇ ਖੋਲ੍ਹ ਰਿਹਾ ਸੀ ਤੇ ਮੈਂ ਇਸ ਬਾਰੇ ਨਹੀਂ ਸੋਚ ਰਿਹਾ ਸੀ ਕਿ ਕੌਣ ਕੀ ਬੋਲ ਰਿਹਾ ਹੈ।''

''ਜੇ ਮੈਸੇਜ ਜਾਂ ਟਵੀਟ ਨਾ ਦੇਖਿਆ ਹੁੰਦਾ ਤਾਂ ਸ਼ਾਇਦ ਨੁਕਸਾਨ ਹੋ ਜਾਂਦਾ''

ਸੋਨੂੰ ਸੂਦ ਬਹੁਤੇ ਲੋਕਾਂ ਦੀ ਮਦਦ ਅਜੇ ਵੀ ਸੋਸ਼ਲ ਮੀਡੀਆ ਰਾਹੀਂ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਸਰਗਰਮੀ ਨੂੰ ਲੈ ਕੇ ਸੋਨੂੰ ਆਖਦੇ ਹਨ ਕਿ ਲੋਕਾਂ ਦੀ ਉਮੀਦ ਤੁਹਾਡੇ ਨਾਲ ਜੁੜੀ ਹੁੰਦੀ ਹੈ ਇਸ ਲਈ ਇਹ ਜ਼ਰੂਰੀ ਹੈ।

ਸੋਨੂੰ ਕਹਿੰਦੇ ਹਨ, ''ਕਿਤੇ ਕੋਈ ਬਿਮਾਰ ਹੈ, ਕੋਈ ਪੜ੍ਹਾਈ ਲਈ ਸੰਪਰਕ ਸਾਧ ਰਿਹਾ ਹੈ, ਕਿਸੇ ਨੇ ਕਿਤੇ ਪਹੁੰਚਣਾ ਹੈ...ਹਰ ਕਿਸੇ ਦੀਆਂ ਆਪਣੀਆਂ ਸਮੱਸਿਆਵਾਂ ਹਨ। ਜੇ ਤੁਸੀਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਾ ਦੇ ਕੇ ਆਪਣੀ ਜ਼ਿੰਦਗੀ ਵਿੱਚ ਮਸਰੂਫ਼ ਹੋ ਜਾਓਗੇ ਤਾਂ ਕਿਤੇ ਨਾ ਕਿਤੇ ਉਨ੍ਹਾਂ ਦਾ ਕੰਮ ਰਹਿ ਜਾਵੇਗਾ।''

''ਮੈਂ ਇਹ ਸੋਚਦਾ ਹਾਂ ਕਿ ਜੇ ਅਸੀਂ ਕਿਸੇ ਦਾ ਮੈਸੇਜ ਜਾਂ ਟਵੀਟ ਨਾ ਦੇਖਿਆ ਹੁੰਦਾ ਤਾਂ ਸ਼ਾਇਦ ਨੁਕਸਾਨ ਵੀ ਹੋ ਜਾਂਦਾ ਇਸ ਲਈ ਇੱਕ ਜਨੂੰਨ ਰਹਿੰਦਾ ਹੈ।''

ਲਗਾਤਾਰ ਆਪਣੀ ਮਸਰੂਫ਼ੀਅਤ ਅਤੇ ਦਿਨ ਭਰ ਦੇ ਪਲਾਨ ਤੋਂ ਬਾਅਦ ਨੀਂਦ ਬਾਰੇ ਗੱਲ ਕਰਦਿਆਂ ਸੋਨੂੰ ਸੂਦ ਕਹਿੰਦੇ ਹਨ, ''ਜੇ ਪਿਛਲੇ 5 ਮਹੀਨੇ ਦੀ ਗੱਲ ਕਰੋ ਤਾਂ ਔਸਤਨ 3-4 ਘੰਟੇ ਤੋਂ ਵੱਧ ਨਹੀਂ ਸੌਂ ਸਕਿਆ ਹਾਂ। ਜਦੋਂ ਪਰਵਾਸੀਆਂ ਨੂੰ ਭੇਜ ਰਹੇ ਸੀ ਉਦੋਂ ਤਾਂ ਸੌਣ ਦਾ ਮੌਕਾ ਬਿਲਕੁਲ ਨਹੀਂ ਮਿਲਦਾ ਸੀ।''

''ਰੋਜ਼ ਇੱਕ ਚੈਲੇਂਜ ਸੀ ਪਰ ਤੁਹਾਨੂੰ ਨੀਂਦ ਆ ਹੀ ਨਹੀਂ ਸਕਦੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੋਕ ਇੰਤਜ਼ਾਰ ਕਰ ਰਹੇ ਹਨ ਤੁਹਾਡੀ ਕਾਲ ਦਾ, ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋਵੇ।''

ਮੋਗਾ ਨਾਲ ਸਾਂਝ ਤੇ ਸਕੂਟਰ ਨੂੰ ਟੇਢਾ ਕਰਨ ਦਾ ਸੁਆਦ

ਜ਼ਰੂਰਤਮੰਦਾ ਲਈ ਕੋਸ਼ਿਸ਼ਾਂ ਪਿੱਛੇ ਸੋਨੂੰ ਸੂਦ ਮੁਤਾਬਕ ਇਸ ਸਭ ਦਾ ਮੁੱਖ ਦਫ਼ਤਰ ਮੋਗਾ ਹੀ ਹੈ।

ਸੋਨੂੰ ਕਹਿੰਦੇ ਹਨ, ''ਮੋਗਾ ਸ਼ਹਿਰ ਤੋਂ ਹੀ ਸਾਰੀ ਐਨਰਜੀ ਮਿਲਦੀ ਹੈ ਅਤੇ ਤੁਹਾਨੂੰ ਲਗਦਾ ਹੈ ਕਿ ਜ਼ਿੰਦਗੀ 'ਚ ਇਹ ਸਾਰੇ ਕੰਮ ਕਰਨੇ ਹਨ। ਹਰ ਦੋ-ਢਾਈ ਮਹੀਨੇ ਵਿੱਚ ਮੋਗੇ ਚੱਕਰ ਲਗਾਉਂਦਾ ਰਹਿੰਦਾ ਸੀ ਪਰ ਹੁਣ ਕੋਰੋਨਾ ਦੇ ਕਾਰਨ ਨਹੀਂ ਜਾ ਸਕਿਆ। ਸ਼ਹਿਰ ਨਾਲ ਜੁੜਿਆ ਰਹਿੰਦਾ ਹਾਂ ਅਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਘਰ ਨੂੰ ਦੇਖ ਕੇ ਚੇਤੇ ਕਰਦਾ ਰਹਿੰਦਾ ਹਾਂ।''

ਸਕੂਟਰ ਬਾਰੇ ਕਿੱਸੇ ਦੀ ਗੱਲ ਕਰਦਿਆਂ ਸੋਨੂੰ ਕਹਿੰਦੇ ਹਨ, ''ਜੋ ਅਹਿਸਾਸ ਮੈਨੂੰ ਮੋਗੇ ਦੀਆਂ ਗਲੀਆਂ ਵਿੱਚ ਘੁੰਮ ਕੇ ਆਉਂਦਾ ਹੈ ਉਹ ਤੁਸੀਂ ਸ਼ਬਦਾਂ ਵਿੱਚ ਨਹੀਂ ਦੱਸ ਸਕਦੇ।''

''ਸਕੂਟਰ ਦੀਆਂ ਬ੍ਰੇਕਾਂ ਮਾਰਨੀਆਂ ਤੇ ਅੱਗੇ ਰਿਕਸ਼ੇ ਵਾਲੇ ਨੇ ਗਲਤ ਮੋੜ ਲੈ ਲੈਣਾ, ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੈ। 'ਤੁਹਾਡੇ ਕੋਲ ਦੁਨੀਆਂ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਹੋਣ ਪਰ ਜਦੋਂ ਤੁਹਾਨੂੰ ਸਕੂਟਰ ਟੇਢਾ ਕਰਕੇ ਸ਼ੁਰੂ ਕਰਨਾ ਪੈਂਦਾ ਉਸ ਦੀ ਗੱਲ ਹੀ ਵੱਖਰੀ ਹੈ।''

ਮਾਪਿਆਂ ਦੀ ਘਾਟ ਮਹਿਸੂਸ ਕਰਦਾ ਸੋਨੂੰ

ਸੋਨੂੰ ਸੂਦ ਅਕਸਰ ਇਹ ਗੱਲ ਆਖ਼ਦੇ ਹਨ ਕਿ ਲੋਕਾਂ ਦੀ ਮਦਦ ਕਰਨ ਪਿੱਛੇ ਪ੍ਰੇਰਣਾ ਉਨ੍ਹਾਂ ਦੇ ਮਾਪੇ ਰਹੇ ਹਨ।

ਮਾਂ ਪ੍ਰੋਫ਼ੈਸਰ ਸਰੋਜ ਸੂਦ ਅਤੇ ਪਿਤਾ ਸ਼ਕਤੀ ਸਾਗਰ ਸੂਦ ਭਾਵੇਂ ਦੁਨੀਆ ਵਿੱਚ ਨਹੀਂ ਹਨ ਪਰ ਸੋਨੂੰ ਨੂੰ ਉਨ੍ਹਾਂ ਦੀ ਘਾਟ ਅੱਜ ਵੀ ਮਹਿਸੂਸ ਹੁੰਦੀ ਹੈ।

ਸੋਨੂੰ ਕਹਿੰਦੇ ਹਨ, ''ਜ਼ਿੰਦਗੀ ਤੇ ਸਫ਼ਲਤਾ ਉਨ੍ਹਾਂ ਤੋਂ ਬਿਨਾਂ ਅਧੂਰੀ ਹੈ ਤੇ ਜਦੋਂ ਮੰਮੀ ਪੜ੍ਹਾਉਂਦੇ ਸੀ ਤਾਂ ਕਹਿੰਦੇ ਸੀ ਕਿ ਦੇਖੀ ਤੂੰ ਇੱਕ ਦਿਨ ਉਹ ਹਾਸਿਲ ਕਰੇਂਗਾ ਜੋ ਕੋਈ ਨਹੀਂ ਕਰ ਸਕਦਾ।''

''ਮੈਨੂੰ ਤਾਂ ਲਗਦਾ ਸੀ ਸ਼ਾਇਦ ਐਕਟਿੰਗ ਕਰ ਲਈ ਜਾਂ ਫ਼ਿਲਮ ਹਿੱਟ ਹੋ ਗਈ ਉਹ ਹੀ ਬਹੁਤ ਕੁਝ ਹੈ ਪਰ ਸ਼ਾਇਦ ਮਾਂ ਨੇ ਇਹ ਰੋਲ ਵੀ ਦੇਖਣਾ ਸੀ।''

''ਮੈਨੂੰ ਲਗਦਾ ਹੈ ਉਹੀ ਬੈਠੇ ਕਿਤੇ ਕਰਵਾ ਰਹੇ ਹਨ ਤੇ ਸ਼ਾਇਦ ਰੱਬ ਨੂੰ ਕਿਹਾ ਹੋਣਾ ਹੈ ਕਿ ਪੁੱਤਰ ਨੂੰ ਮੌਕਾ ਦਿਓ ਕੁਝ ਕਰਨ ਦਾ।''

''ਅੱਜ ਜਦੋਂ ਮਾਂ-ਬਾਪ ਨਹੀਂ ਹਨ ਤਾਂ ਜੋ ਵੀ ਤੁਸੀਂ ਹਾਸਿਲ ਕਰ ਲਓ ਜ਼ਿੰਦਗੀ ਵਿੱਚ, ਉਨ੍ਹਾਂ ਦੀ ਘਾਟ ਕਦੇ ਨਹੀਂ ਜਾ ਸਕਦੀ।''

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)