ਓਲੰਪਿਕ ਖੇਡਾਂ ਟੋਕੀਓ 2020: ਭਲਵਾਨ ਵਿਨੇਸ਼ ਫੋਗਾਟ ਜੋ ਬਚਪਨ ਵਿੱਚ ਕਹਿੰਦੇ ਸਨ ਓਲੰਪਿਕ ਕਦੇ ਮਿਲੇ ਤਾਂ ਉਸ ਨੂੰ ਪੁਛੀਏ ਕਿ...

ਤਸਵੀਰ ਸਰੋਤ, VINESH PHOGAT@TWITTER
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਤੋਂ ਕੁਸ਼ਤੀ ਵਿੱਚ ਓਲੰਪਿਕ ਦੌਰਾਨ ਚੰਗੀ ਖੇਡ ਦੀ ਆਸ ਕੀਤੀ ਜਾ ਰਹੀ ਸੀ।
ਜੇਕਰ ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਵਿਨੇਸ਼ ਨੇ ਪਹਿਲਾਂ ਹੀ ਕੁਸ਼ਤੀ ਦੇ ਵੱਡੇ ਕੌਮਾਂਤਰੀ ਟੂਰਨਾਮੈਂਟ ਜਿੱਤ ਕੇ ਪਹਿਲੇ ਨੰਬਰ ਦੀ ਰੈਂਕਿੰਗ ਹਾਸਲ ਕਰਕੇ ਆਪਣੇ ਬੁਲੰਦ ਇਰਾਦੇ ਜ਼ਾਹਰ ਕਰ ਦਿੱਤੇ ਸਨ।
ਹਾਲਾਂਕਿ ਪਿਛਲਝਾਤ ਮਾਰੀਏ ਤਾਂ 2016 ਦੇ ਰਿਓ ਓਲੰਪਿਕ ਵਿੱਚ ਵੀ ਉਸ ਦਾ ਮੈਡਲ ਪੱਕਾ ਮੰਨਿਆ ਜਾ ਰਿਹਾ ਸੀ।
2016 ਵਿੱਚ ਓਲੰਪਿਕ ਤੋਂ ਬਾਅਦ ਦਿੱਲੀ ਹਵਾਈ ਅੱਡੇ ਉੱਤੇ ਜਿੱਥੇ ਇੱਕ ਪਾਸੇ ਢੋਲ ਨਗਾਰਿਆਂ ਨਾਲ ਦੂਜੇ ਖਿਡਾਰੀਆਂ ਦਾ ਸਵਾਗਤ ਹੋ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਵ੍ਹੀਲ ਚੇਅਰ ਉੱਤੇ ਬੈਠੇ ਵਿਨੇਸ਼ ਬਹੁਤ ਉਦਾਸ ਸੀ।
ਹੁਣ ਟੋਕਿਓ ਓਲੰਪਿਕ ਦੌਰਾਨ 2016 ਦੇ ਰਿਓ ਓਲੰਪਿਕ ਦਾ ਉਹ ਦਿਨ ਯਾਦ ਆਉਂਦਾ ਹੈ, ਜਦੋਂ ਭਲਵਾਨ ਵਿਨੇਸ਼ ਫ਼ੋਗਾਟ ਦਾ ਮੁਕਾਬਲਾ ਚੀਨ ਦੀ ਸਨ ਯਾਨ ਨਾਲ ਹੋ ਰਿਹਾ ਸੀ। ਵਿਨੇਸ਼ ਵਧੀਆ ਪ੍ਰਦਰਸ਼ਨ ਕਰ ਰਹੀ ਸੀ ਅਤੇ ਹਰ ਕਿਸੇ ਨੇ ਉਸ ਤੋਂ ਤਗਮੇ ਦੀ ਉਮੀਦ ਰੱਖੀ ਸੀ।
ਉਸੇ ਸਮੇਂ ਵਿਨੇਸ਼ ਜ਼ਖਮੀ ਹੋ ਗਈ ਸੀ। ਉਸ ਦੇ ਸੱਜੇ ਗੋਡੇ 'ਤੇ ਸੱਟ ਇੰਨ੍ਹੀ ਗੰਭੀਰ ਸੀ ਕਿ ਦਰਦ ਨਾਲ ਵਿਲਕਦੀ ਵਿਨੇਸ਼ ਨੂੰ ਸਟਰੈਚਰ ਉੱਤੇ ਪਾ ਕੇ ਲਿਜਾਣਾ ਪਿਆ ਸੀ।
ਇਹ ਵੀ ਪੜ੍ਹੋ:
ਉਸ ਸਮੇਂ ਹੀ ਸਾਕਸ਼ੀ ਮਲਿਕ ਆਪਣੇ ਕਾਂਸੀ ਦੇ ਤਗਮੇ ਲਈ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ ਅਤੇ ਉਸ ਨੇ ਇਹ ਤਗਮਾ ਜਿੱਤਿਆ ਵੀ ਸੀ।
ਜਿੱਥੇ ਹਰ ਕੋਈ ਸਾਕਸ਼ੀ ਨੂੰ ਓਲੰਪਿਕ ਤਗਮਾ ਜਿੱਤਣ ਉੱਤੇ ਵਧਾਈ ਦੇ ਰਿਹਾ ਸੀ, ਉੱਥੇ ਹੀ ਵਿਨੇਸ਼ ਦਾ ਸੁਪਨਾ ਟੁੱਟ ਕੇ ਚੂਰ-ਚੂਰ ਹੋ ਗਿਆ ਸੀ।
ਉਸ ਜ਼ਖਮੀ ਸਥਿਤੀ ਵਿੱਚ ਡਾਕਟਰਾਂ ਨੇ ਵਿਨੇਸ਼ ਨੂੰ ਕਿਹਾ ਸੀ ਕਿ ਮਾਸਪੇਸ਼ੀਆਂ ਇੰਨੀਆਂ ਮਜ਼ਬੂਤ ਹਨ ਕਿ ਜੇਕਰ ਡਾਕਟਰੀ ਸਲਾਹ ਮੰਨੀ ਤਾਂ ਪੰਜ ਮਹੀਨਿਆਂ ਦੇ ਅੰਦਰ-ਅੰਦਰ ਸਭ ਠੀਕ ਹੋ ਜਾਵੇਗਾ।
ਰੈਂਕਿੰਗ

ਤਸਵੀਰ ਸਰੋਤ, PARVEEN NEGI/THE INDIA TODAY GROUP VIA GETTY IMAGE
ਜਦੋਂ ਸਾਲ 2017 ਵਿੱਚ ਵਿਨੇਸ਼ ਨੂੰ ਅਰੁਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੀ ਤਾਂ ਉਸ ਸਮੇਂ ਵਿਨੇਸ਼ ਦੇ ਮਨ ਵਿੱਚ ਇਹੀ ਸਵਾਲ ਸੀ ਕਿ ਉਹ ਵ੍ਹੀਲ ਚੇਅਰ ਉੱਤੇ ਬੈਠ ਕੇ ਪੁਰਸਕਾਰ ਕਿਵੇਂ ਹਾਸਲ ਕਰੇਗੀ।
ਆਖ਼ਰਕਾਰ ਵਿਨੇਸ਼ ਨੇ ਮੁੜ ਆਪਣਾ ਅਭਿਆਸ ਸ਼ੁਰੂ ਕੀਤਾ ਅਤੇ ਉਸ ਸਮੇਂ ਉਸ ਨੇ ਟਵੀਟ ਕੀਤਾ ਸੀ- ਛੇ ਮਹੀਨੇ ਦੇ ਗੁੱਸੇ, ਹੰਝੂਆਂ, ਸਬਰ ਅਤੇ ਮਿਹਨਤ ਤੋਂ ਬਾਅਦ ਇੱਕ ਵਾਰ ਫਿਰ….।
ਬੀਬੀਸੀ ਨਾਲ ਗੱਲਬਾਤ ਕਰਦਿਆਂ ਵਿਨੇਸ਼ ਨੇ ਦੱਸਿਆ, "ਰਿਓ ਓਲੰਪਿਕ ਵਿੱਚ ਜ਼ਖਮੀ ਹੋਣ ਤੋਂ ਬਾਅਦ ਕਈ ਵਾਰ ਅਜਿਹਾ ਮਹਿਸੂਸ ਹੋਇਆ ਕਿ ਹੁਣ ਕਰੀਅਰ ਖ਼ਤਮ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਸਵਾਲ ਕਰਦੀ ਸੀ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ ਹੈ।"
"ਮੈਂ ਆਪਣੇ-ਆਪ ਨਾਲ ਗੱਲ ਕਰਦੀ ਸੀ ਅਤੇ ਮੈਂ ਖੁਦ ਨੂੰ ਸਮਝਾਇਆ ਕਿ ਦੂਜਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਹੈ। ਹੁਣ ਜਦੋਂ ਓਲੰਪਿਕ ਜ਼ਰੀਏ ਦੂਜਾ ਮੌਕਾ ਮਿਲ ਰਿਹਾ ਹੈ ਤਾਂ ਸੁਪਨਾ ਤਾਂ ਪੂਰਾ ਕਰਨਾ ਹੀ ਹੈ।"
ਆਪਣੇ ਟੀਚੇ ਨੂੰ ਹਾਸਲ ਕਰਨ ਦੀ ਇਸੇ ਜਿੱਦ ਨੇ ਵਿਨੇਸ਼ ਨੂੰ 2016 ਅਤੇ 2021 (ਜਿਨ੍ਹਾਂ ਨੂੰ ਰਸਮੀ ਤੌਰ ’ਤੇ 2020 ਦੇ ਓਲੰਪਿਕ ਕਿਹਾ ਜਾ ਰਿਹਾ ਹੈ) ਓਲੰਪਿਕ ਵਿੱਚ ਜਗ੍ਹਾ ਦਿਵਾਈ ਹੈ।
ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਵਿਨੇਸ਼ ਕਹਿੰਦੀ ਹੈ, "ਪਿੰਡ ਵਿੱਚ ਤਾਇਆ ਜੀ ਸਾਨੂੰ ਸਾਰੀਆਂ ਭੈਣਾਂ ਨੂੰ ਬਚਪਨ ਤੋਂ ਹੀ ਭਲਵਾਨੀ ਸਿਖਾਉਂਦੇ ਸਨ।
ਉਹ ਇੱਕ ਹੀ ਗੱਲ ਕਿਹਾ ਕਰਦੇ ਸਨ ਕਿ ਓਲੰਪਿਕ ਮੈਡਲ ਜਿੱਤਣਾ ਹੈ। ਅਸੀਂ ਬੱਚੇ ਉਨ੍ਹਾਂ ਦੀਆਂ ਇੰਨ੍ਹਾਂ ਗੱਲਾਂ ਤੋਂ ਤੰਗ ਹੋ ਜਾਂਦੇ ਸੀ ਅਤੇ ਸੋਚਦੇ ਦੇ ਸੀ ਕਿ ਆਖਰ ਇਹ ਓਲੰਪਿਕ ਕੀ ਚੀਜ਼ ਹੈ ਅਤੇ ਜੇਕਰ ਮਿਲ ਜਾਵੇ ਤਾਂ ਉਸ ਤੋਂ ਹੀ ਪੁੱਛਿਏ।"
ਅੱਜ ਵਿਨੇਸ਼ ਉਸ ਓਲੰਪਿਕ ਤਗਮੇ ਨੂੰ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਹੈ। ਉਹ ਦੁਨੀਆ ਵਿੱਚ ਨੰਬਰ ਇੱਕ 'ਤੇ ਹੈ।

ਤਸਵੀਰ ਸਰੋਤ, Getty Images
ਵਿਨੇਸ਼ ਫੋਗਾਟ ਦੀ ਮਾਂ ਲਈ ਵੀ ਸੌਖਾ ਨਹੀਂ ਰਿਹਾ ਸਫ਼ਰ
ਵਿਨੇਸ਼ ਦੇ ਤਾਇਆ ਜੀ ਮਹਾਵੀਰ ਫ਼ੋਗਾਟ ਨੇ ਉਨ੍ਹਾਂ ਦੀ ਸਿਖਲਾਈ ਅਤੇ ਕਰੀਅਰ ਦੀ ਨੀਂਹ ਰੱਖੀ ਹੈ। ਉਨ੍ਹਾਂ ਦੀ ਸਖ਼ਤ ਸਿਖਲਾਈ ਦੀਆਂ ਕਹਾਣੀਆਂ ਵੀ ਬਹੁਤ ਮਸ਼ਹੂਰ ਹਨ।
ਵਿਨੇਸ਼ ਦੀ ਇਸ ਮਿਹਨਤ ਪਿੱਛੇ ਉਸ ਦੀ ਮਾਂ ਦੀ ਘਾਲਣਾ ਵੀ ਹੈ। ਇੱਕ ਇੱਕਲੀ ਮਾਂ ਹੋਣ ਦੇ ਨਾਤੇ ਵਿਨੇਸ਼ ਨੂੰ ਪਿੰਡ ਵਿੱਚ ਰਹਿੰਦਿਆਂ ਪਾਲਣਾ ਇੱਕ ਵੱਡੀ ਚੁਣੌਤੀ ਸੀ। ਪਿੰਡ ਵਿੱਚ ਹਮੇਸ਼ਾ ਹੀ ਉਹ ਸੁਣਦੇ ਕਿ ਬਿਨ੍ਹਾਂ ਬਾਪ ਦੇ ਬੱਚੀ ਹੈ, ਇਸ ਲਈ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇੰਨ੍ਹੀ ਛੋਟੀ ਨਿੱਕਰ ਪਾ ਕੇ ਤੇਰੀ ਧੀ ਕਿਉਂ ਘੁੰਮਦੀ ਹੈ।
ਵੈਸੇ ਖੇਡ ਦੇ ਮੈਦਾਨ 'ਚ ਵਿਰੋਧੀ ਖਿਡਾਰੀ ਦੇ ਪਸੀਨੇ ਛੁਡਾਉਣ ਵਾਲੀ ਵਿਨੇਸ਼ ਲਈ ਮਸ਼ਹੂਰ ਹੈ ਕਿ ਉਹ ਹਰ ਸਮੇਂ ਹੱਸਦੀ ਹੀ ਰਹਿੰਦੀ ਹੈ।
ਹੁਣ ਤਾਂ ਇਸ ਖਿਡਾਰਨ ਕੋਲ ਹੱਸਣ ਅਤੇ ਮੁਸਕਰਾਉਣ ਦਾ ਹਰ ਕਾਰਨ ਹੈ। ਆਖਰ ਕਿੰਨ੍ਹੇ ਕੁ ਖਿਡਾਰੀਆਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਨ੍ਹਾਂ ਦੇ ਨਾਮ ਨਾਲ ਓਲੰਪਿਕ ਤਗਮਾ ਜੇਤੂ ਲਿਖਆ ਜਾਵੇ। ਵਿਨੇਸ਼ ਫ਼ੋਗਾਟ ਜੇਕਰ ਇਸ ਵਾਰ ਓਲੰਪਿਕ ਤਗਮਾ ਆਪਣੀ ਝੋਲੀ ਪਾ ਲੈਂਦੀ ਹੈ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਹੇਗਾ।
ਵੈਸੇ ਓਲੰਪਿਕ ਤੋਂ ਇਲਾਵਾ ਵਿਨੇਸ਼ ਦਾ ਇੱਕ ਹੋਰ ਸੁਪਨਾ ਹੈ। ਵਿਨੇਸ਼ ਨੂੰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਖਾਣਾ ਬਹੁਤ ਪਸੰਦ ਹੈ।
ਵਿਨੇਸ਼ ਨੈ ਮੈਨੂੰ ਦੱਸਿਆ, "ਮੈਂ ਹਰ ਸੰਭਵ ਭੋਜਨ ਦਾ ਸਵਾਦ ਚੱਖਣਾ ਚਾਹੁੰਦੀ ਹਾਂ। ਮੇਰੇ ਦੂਜੇ ਸੁਪਨਿਆਂ ਵਿੱਚੋਂ ਇੱਕ ਸੁਪਨਾ ਇਹ ਵੀ ਹੈ ਕਿ ਮੈਂ ਦੁਨੀਆ ਭਰ ਦੀ ਯਾਤਰਾ ਕਰਾਂ ਅਤੇ ਹਰ ਤਰ੍ਹਾਂ ਦੇ ਭੋਜਨ ਦਾ ਸੁਵਾਦ ਲਵਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













